-ਸੁਖਮਿੰਦਰ ਸਿੰਘ ਸਹਿੰਸਰਾ

ਕਿਸੇ ਨੇ ਬਹੁਤ ਖ਼ੂਬਸੂਰਤ ਲਿਖਿਆ ਹੈ :

''ਇਕ ਘਰ ਪਲਣਾ­, ਦੂਜੇ ਘਰ ਵਸਣਾ­

ਇਹ ਖੇਡ ਹੈ ਸਭ ਤਕਦੀਰਾਂ ਦਾ।

ਅੱਜ ਹੱਥੀਂ ਆਪਣੀਂ ਤੋਰ ਰਹੇ­

ਤੈਨੂੰ ਮਾਣ ਸੀ ਜਿਨ੍ਹਾਂ ਵੀਰਾਂ ਦਾ।''

ਅੱਜ ਅਫ਼ਸੋਸ ਇਸ ਗੱਲ ਦਾ ਹੈ ਕਿ ਆਪਣਾ ਘਰ ਛੱਡ ਕੇ ਦੂਸਰੇ ਘਰ ਵਸਣ ਵਾਲੀਆਂ ਲਾਡਲੀਆਂ ਨੂੰ ਕਈ ਸਮੱਸਿਆਵਾਂ ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਇਨ੍ਹਾਂ ਵਾਸਤੇ ਦਾਜ ਹੀ ਸਭ ਤੋਂ ਵੱਡੀ ਸਮੱਸਿਆ ਸੀ ਪਰ ਹੁਣ ਦਾਜ ਨਾਲੋਂ ਵੀ ਵੱਡੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਹਨ। ਭਰੂਣ ਹੱਤਿਆ ਲਈ ਇਹ ਸਮੱਸਿਆਵਾਂ ਤੇ ਚੁਣੌਤੀਆਂ ਕਾਫੀ ਹੱਦ ਤਕ ਜ਼ਿੰਮੇਵਾਰ ਹਨ। ਲੋਕ ਇਨ੍ਹਾਂ ਸਮੱਸਿਆਵਾਂ ਤੇ ਚੁਣੌਤੀਆਂ ਤੋਂ ਡਰਦੇ ਹੀ ਗਰਭਪਾਤ ਕਰਵਾਉਣਾ ਚੰਗਾ ਸਮਝਦੇ ਹਨ। ਹੁਣ ਧੀਆਂ ਲਈ ਧੀ ਜੰਮਣਾ ਬਹੁਤ ਵੱਡਾ ਗੁਨਾਹ ਸਮਝਿਆ ਜਾਂਦਾ ਹੈ। ਧੀਆਂ ਨੂੰ ਕਈ ਤਰ੍ਹਾਂ ਦੇ ਤਾਅਨੇ-ਮਿਹਣੇ ਸੁਣਨੇ ਪੈਂਦੇ ਹਨ।

ਅੱਜਕੱਲ੍ਹ ਪੰਜਾਬ ਦੀਆਂ ਧੀਆਂ ਨੂੰ ਦਾਜ ਦੇ ਦੈਂਤ ਨਾਲੋਂ ਨਸ਼ਿਆਂ ਦਾ ਦੈਂਤ ਵਧੇਰੇ ਡੰਗ ਰਿਹਾ ਹੈ। ਜੇ ਕਿਸੇ ਦਾ ਵਿਗੜਿਆ ਪੁੱਤਰ ਨਸ਼ਾ ਲੈਣੋਂ ਨਹੀਂ ਹਟਦਾ ਤਾਂ ਉਹ ਉਸ ਦਾ ਵਿਆਹ ਕਰ ਦਿੰਦੇ ਹਨ। ਇੰਜ ਲੋਕ ਆਪਣੀ ਗ਼ਲਤ ਸੋਚ ਕਾਰਨ ਆਪਣੇ ਪੁੱਤਰ ਦੀ ਬਰਬਾਦ ਹੋ ਚੁੱਕੀ ਜ਼ਿੰਦਗੀ ਦੇ ਨਾਲ-ਨਾਲ ਬੇਗਾਨੀ ਧੀ ਦੀ ਚੰਗੀ-ਭਲੀ ਜ਼ਿੰਦਗੀ ਵੀ ਖ਼ਰਾਬ ਕਰ ਦਿੰਦੇ ਹਨ। ਜਦ ਉਸ ਨੂੰ ਪਹਿਲੀ ਰਾਤ ਪਤਾ ਲੱਗਦਾ ਹੈ ਕਿ ਉਸ ਦਾ ਪਤੀ ਨਸ਼ਾ ਕਰਦਾ ਹੈ­ ਤਾਂ ਉਸ ਦੀ ਦੁਨੀਆ ਉੱਜੜ ਜਾਂਦੀ ਹੈ। ਜਦ ਉਹ ਸਵੇਰੇ ਰੋਂਦੀ ਹੋਈ ਇਹ ਗੱਲ ਫੋਨ 'ਤੇ ਆਪਣੇ ਮਾਤਾ-ਪਿਤਾ ਨੂੰ ਦੱਸਦੀ ਹੈ ਤਾਂ ਉਹ ਵੀ ਰੋਣ ਲੱਗ ਪੈਂਦੇ ਹਨ। ਹੁਣ ਇਨ੍ਹਾਂ ਵਿਚਾਰੀਆਂ ਨੂੰ ਰੋਣ ਜਾਂ ਅਖ਼ਬਾਰਾਂ ਤੇ ਇੰਟਰਨੈੱਟ ਤੋਂ ਨਸ਼ਿਆਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਦਾ ਪਤਾ ਲੱਭਣ ਤੋਂ ਬਿਨਾਂ ਹੋਰ ਕੁਝ ਨਹੀਂ ਸੁੱਝਦਾ। ਸੱਜ ਵਿਆਹੀਆਂ ਨਸ਼ਾ ਛੁਡਾਉਣ ਵਾਲੇ ਡਾਕਟਰਾਂ ਦੇ ਕਮਰੇ ਦੇ ਬਾਹਰ ਰੋਂਦੀਆਂ ਆਪਣੇ ਪਤੀ ਨਾਲ ਉਸ ਦੀ ਵਾਰੀ ਦੀ ਉਡੀਕ ਕਰਦੀਆਂ ਦੇਖੀਆਂ ਨਹੀਂ ਜਾਂਦੀਆਂ। ਇਹ ਡਾਕਟਰਾਂ ਅੱਗੇ ਹੱਥ ਜੋੜ ਕੇ ਆਪਣੇ ਪਤੀ ਦੀ ਜ਼ਿੰਦਗੀ ਦਾ ਵਾਸਤਾ ਪਾਉਂਦੀਆਂ ਹਨ। ਡਾਕਟਰ ਵੀ ਕੀ ਕਰਨ? ਨਸ਼ੇ ਤਾਂ ਸਰੀਰ ਨੂੰ ਖਾ ਚੁੱਕੇ ਹੁੰਦੇ ਹਨ। ਡਾਕਟਰਾਂ ਦੇ ਹੱਥ-ਵੱਸ ਵੀ ਕੁਝ ਨਹੀਂ ਹੁੰਦਾ। ਇਹ ਆਪਣੀ ਗਿਣਤੀ ਨਾ ਜਿਊਂਦਿਆਂ ਵਿਚ ਅਤੇ ਨਾ ਮਰਿਆਂ ਵਿਚ ਕਰ ਸਕਦੀਆਂ ਹਨ। ਤੁਰਦੀ-ਫਿਰਦੀ ਲਾਸ਼ ਨਾਲ ਜ਼ਿੰਦਗੀ ਗੁਜ਼ਾਰਨੀ ਬੇਹੱਦ ਔਖੀ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਨਸ਼ੇੜੀ ਪੁੱਤਰ ਨਾਲ ਕਿਸੇ ਦੀ ਧੀ ਵਿਆਹ ਕੇ ਉਸ ਦੀ ਆਬਾਦ ਜ਼ਿੰਦਗੀ ਨੂੰ ਬਰਬਾਦ ਨਾ ਕਰਨ।

ਉਦੋਂ ਬੇਹੱਦ ਦੁੱਖ ਹੁੰਦਾ ਹੈ ਜਦ ਲੋਕ ਆਪਣੇ ਦਸਵੀਂ ਫੇਲ੍ਹ ਕਾਕਿਆਂ ਨੂੰ ਵਿਦੇਸ਼ ਭੇਜਣ ਲਈ ਬੇਗਾਨੀਆਂ ਧੀਆਂ ਨੂੰ ਜ਼ਰੀਆ ਬਣਾਉਂਦੇ ਹਨ। ਅਖ਼ਬਾਰਾਂ ਵਿਚਲੇ ਕੰਨਿਆ ਦੀ ਲੋੜ ਵਾਲੇ ਇਸ਼ਤਿਹਾਰਾਂ ਵਿਚ ਅੱਧੇ ਤੋਂ ਵੱਧ ਇਸ਼ਤਿਹਾਰ ਅਜਿਹੇ ਹੁੰਦੇ ਹਨ ਕਿ ਲੜਕੇ ਨੂੰ ਕੈਨੇਡਾ ਲਿਜਾਣ ਵਾਸਤੇ ਛੇ ਬੈਂਡਾਂ ਵਾਲੀ ਲੜਕੀ ਚਾਹੀਦੀ ਹੈ­, ਸਾਰਾ ਖ਼ਰਚਾ ਲੜਕੇ ਵਾਲੇ ਹੀ ਕਰਨਗੇ। ਪਹਿਲਾਂ ਤਾਂ ਇਹ ਲੋਕ ਹਰ ਗੱਲ ਮੰਨ ਲੈਣਗੇ ਪਰ ਬਾਅਦ ਵਿਚ ਬਹੁਤ ਘੱਟ ਲੋਕ ਆਪਣੇ ਵਾਅਦਿਆਂ 'ਤੇ ਖਰੇ ਉਤਰਨਗੇ। ਬਹੁਤੇ ਤਾਂ ਏਅਰਪੋਰਟ 'ਤੇ ਉਤਰਦਿਆਂ ਹੀ ਅੱਖਾਂ ਫੇਰ ਲੈਂਦੇ ਹਨ। ਕਈ ਮਜਬੂਰੀ ਖ਼ਾਤਰ ਪੱਕੇ ਵਸਨੀਕ ਬਣਨ ਤਕ ਲੜਕੀ ਦੇ ਨਾਲ ਰਹਿੰਦੇ ਹਨ। ਜਦ ਉਹ ਪੱਕੇ ਵਸਨੀਕ ਬਣ ਜਾਂਦੇ ਹਨ ਤਾਂ ਫਿਰ ਤਲਾਕ ਦੇ ਕੇ ਵੱਖ ਹੋ ਜਾਂਦੇ ਹਨ। ਇਹ ਵਿਚਾਰੀਆਂ ਸਿਰਫ਼ ਹਵਸ ਦਾ ਸ਼ਿਕਾਰ ਹੋ ਕੇ ਰਹਿ ਜਾਂਦੀਆਂ ਹਨ।

ਦੂਜੇ ਪਾਸੇ ਕਈ ਵਿਦੇਸ਼ੀ ਲਾੜੇ ਬੇਗਾਨੀਆਂ ਧੀਆਂ ਨਾਲ ਝੂਠੇ ਵਿਆਹ ਕਰਵਾਉਂਦੇ ਹਨ। ਕਈ ਵਿਦੇਸ਼ੀ ਲਾੜਿਆਂ ਨੇ ਤਾਂ ਇਹ ਧੰਦਾ ਬਣਾਇਆ ਹੋਇਆ ਹੈ। ਇਨ੍ਹਾਂ ਲਾੜਿਆਂ ਦਾ ਮਕਸਦ ਧੀਆਂ ਨੂੰ ਹਵਸ ਦਾ ਸ਼ਿਕਾਰ ਬਣਾਉਣਾ ਜਾਂ ਦਾਜ ਵਿਚ ਪੈਸਾ ਅਤੇ ਜਾਇਦਾਦ ਹਾਸਲ ਕਰਨਾ ਹੁੰਦਾ ਹੈ। ਵਿਆਹ ਤੋਂ ਬਾਅਦ ਵਿਦੇਸ਼ੀ ਲਾੜੇ ਇਨ੍ਹਾਂ ਨੂੰ ਜਲਦ ਵਿਦੇਸ਼ ਬੁਲਾਉਣ ਦਾ ਵਾਅਦਾ ਕਰ ਕੇ ਜਹਾਜ਼ ਵਿਚ ਚੜ੍ਹ ਜਾਂਦੇ ਹਨ। ਇਹ ਵਿਚਾਰੀਆਂ ਉਨ੍ਹਾਂ ਦੇ ਇੰਤਜ਼ਾਰ ਵਿਚ ਰੋਂਦੀਆਂ ਰਹਿੰਦੀਆਂ ਹਨ। ਬਾਅਦ ਵਿਚ ਪਤਾ ਲੱਗਦਾ ਹੈ ਕਿ ਲਾੜਾ ਤਾਂ ਵਿਦੇਸ਼ ਵਿਚ ਪਹਿਲਾਂ ਹੀ ਵਿਆਹਿਆ ਹੋਇਆ ਹੈ। ਉੱਥੇ ਤਾਂ ਉਸ ਦੇ ਬੱਚੇ ਵੀ ਹਨ। ਜਿਹੜੀਆਂ ਆਪਣੀ ਕੋਸ਼ਿਸ਼ ਨਾਲ ਵਿਦੇਸ਼ ਪਹੁੰਚ ਜਾਂਦੀਆਂ ਹਨ,­ ਉੱਥੇ ਉਨ੍ਹਾਂ ਨੂੰ ਇਨ੍ਹਾਂ ਲਾੜਿਆਂ ਦਾ ਕੋਈ ਥਹੁ-ਪਤਾ ਨਹੀਂ ਲੱਭਦਾ। ਇਨ੍ਹਾਂ ਲਾੜਿਆਂ ਨੇ ਆਪਣੇ ਬਾਰੇ ਗ਼ਲਤ ਜਾਣਕਾਰੀ ਦਿੱਤੀ ਹੁੰਦੀ ਹੈ। ਕਈ ਤਾਂ ਵਾਪਸ ਆ ਜਾਂਦੀਆਂ ਹਨ ਅਤੇ ਕਈ ਉੱਥੇ ਧੱਕੇ ਖਾਣ ਲਈ ਮਜਬੂਰ ਹੋ ਜਾਂਦੀਆਂ ਹਨ। ਕਈ ਲਾੜੇ ਇਨ੍ਹਾਂ ਨੂੰ ਵਿਦੇਸ਼ ਬੁਲਾ ਕੇ ਇਨ੍ਹਾਂ ਦਾ ਪਾਸਪੋਰਟ ਆਦਿ ਜ਼ਬਤ ਕਰ ਕੇ ਨੌਕਰਾਣੀਆਂ ਵਾਂਗ ਕੰਮ ਲੈਂਦੇ ਹਨ। ਪਿਛਲੇ ਸਮੇਂ ਵਿਚ ਨੈਸ਼ਨਲ ਕਮਿਸ਼ਨ ਫਾਰ ਵੁਮੈੱਨ ਕੋਲ ਭਾਰਤ 'ਚੋਂ ਜਾਅਲੀ ਵਿਆਹਾਂ ਦੀਆਂ ਸ਼ਿਕਾਇਤਾਂ ਦਰਜ ਕਰਵਾਉਣ ਵਾਲੀਆਂ ਤੀਹ ਹਜ਼ਾਰ ਧੀਆਂ 'ਚੋਂ ਪੰਦਰਾਂ ਹਜ਼ਾਰ ਪੰਜਾਬ ਦੀਆਂ ਹਨ। ਇਕ ਅੰਦਾਜ਼ੇ ਅਨੁਸਾਰ ਅਜਿਹੇ ਦਸ ਵਿਆਹਾਂ 'ਚੋਂ ਦੋ ਵਿਆਹ ਜਾਅਲੀ ਹੁੰਦੇ ਹਨ।

ਦਾਮਿਨੀ (ਨਿਰਭੈਯਾ) ਵੀ ਤਾਂ ਕਿਸੇ ਦੀ ਧੀ ਹੀ ਸੀ ਜਿਸ ਨੂੰ 21 ਦਸੰਬਰ­ 2012 ਦੀ ਰਾਤ ਨੂੰ ਦਿੱਲੀ ਵਿਖੇ ਬੱਸ ਵਿਚ ਵਹਿਸ਼ੀ ਦਰਿੰਦਿਆਂ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਉਸ ਦੀ ਜਾਨ ਲੈ ਲਈ ਸੀ। ਇਨ੍ਹਾਂ ਅਪਰਾਧੀਆਂ ਨੂੰ ਫਾਂਸੀ ਦੀ ਸਜ਼ਾ ਤਾਂ ਸੁਣਾਈ ਗਈ ਪਰ ਉਸ 'ਤੇ ਅਜੇ ਤਕ ਅਮਲ ਨਹੀਂ ਹੋਇਆ। ਨਿੱਤ ਅਜਿਹੀਆਂ ਅਨੇਕਾਂ ਘਟਨਾਵਾਂ ਵਾਪਰ ਰਹੀਆਂ ਹਨ। ਜਦੋਂ ਜਬਰ-ਜਨਾਹ ਕਰਨ ਵਾਲਿਆਂ ਨੂੰ ਫਾਂਸੀ ਦੀ ਸਜ਼ਾ 'ਤੇ ਤੇਜ਼ੀ ਨਾਲ ਅਮਲ ਹੋਣ ਲੱਗੇਗਾ ਉਦੋਂ ਹੀ ਅਜਿਹੇ ਘਿਨਾਉਣੇ ਅਪਰਾਧਾਂ ਨੂੰ ਠੱਲ੍ਹ ਪਵੇਗੀ। ਦੋ ਸਾਲ ਪਹਿਲਾਂ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਵਿਚ ਕੁਝ ਲੜਕਿਆਂ ਨੇ ਦਾਮਿਨੀ ਵਾਂਗ ਹੀ ਇਕ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਸੀ। ਫਾਸਟ ਟਰੈਕ ਅਦਾਲਤ ਨੇ ਸੱਤ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਕਿਸੇ ਦੀ ਧੀ ਨੂੰ ਮਾਨਸਿਕ ਤੌਰ 'ਤੇ ਤੰਗ-ਪਰੇਸ਼ਾਨ ਕਰਨ ਨੂੰ ਵੀ ਸਰੀਰਕ ਸ਼ੋਸ਼ਣ ਵਾਂਗ ਅਪਰਾਧ ਮੰਨਿਆ ਜਾਣਾ ਚਾਹੀਦਾ ਹੈ।

ਦੂਜੇ ਪਾਸੇ ਇਹ ਖ਼ੁਸ਼ੀ ਵਾਲੀ ਗੱਲ ਹੈ ਕਿ ਕੁਝ ਲੋਕਾਂ ਦੀ ਸੋਚ ਬਦਲ ਗਈ ਹੈ। ਉਹ ਧੀਆਂ ਤੇ ਪੁੱਤਰਾਂ ਵਿਚ ਅੰਤਰ ਨਹੀਂ ਸਮਝਦੇ। ਉਹ ਉਨ੍ਹਾਂ ਨੂੰ ਬਿਨਾਂ ਕਿਸੇ ਪੱਖਪਾਤ ਦੇ ਪੜ੍ਹਾ-ਲਿਖਾ ਰਹੇ ਹਨ। ਧੀਆਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਕੇ ਜ਼ਿਆਦਤੀਆਂ ਕਰਨ ਵਾਲਿਆਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ। ਪਹਿਲਾਂ ਸਮਾਜ ਵਿਚ ਲਿੰਗ ਅਨੁਪਾਤ ਵਿਚ ਬਹੁਤ ਫ਼ਰਕ ਹੁੰਦਾ ਸੀ। ਹੁਣ ਇਸ ਵਿਚ ਮਾਮੂਲੀ ਵਾਧਾ ਹੋਇਆ ਹੈ। ਸਿਰਫ਼ ਕੇਰਲ ਵਿਚ ਹੀ ਲੜਕੀਆਂ ਦਾ ਅਨੁਪਾਤ ਜ਼ਿਆਦਾ ਹੈ। ਉਨ੍ਹਾਂ ਦਾ ਸਭ ਤੋਂ ਘੱਟ ਅਨੁਪਾਤ ਹਰਿਆਣਾ ਵਿਚ ਹੈ। ਪੰਜਾਬ ਤੇ ਹਰਿਆਣਾ ਸੂਬਿਆਂ ਵਿਚ ਲਿੰਗ ਅਨੁਪਾਤ ਵਿਚ ਕੋਈ ਜ਼ਿਆਦਾ ਅੰਤਰ ਨਹੀਂ ਹੈ। ਔਰਤਾਂ ਖ਼ਾਸ ਤੌਰ 'ਤੇ ਧੀਆਂ-ਭੈਣਾਂ ਬਾਰੇ ਜ਼ਿਆਦਾਤਰ ਲੋਕਾਂ ਨੂੰ ਸੋਚ ਬਦਲਣ ਦੀ ਜ਼ਰੂਰਤ ਹੈ। ਮਰਦ ਪ੍ਰਧਾਨ ਸਮਾਜ ਦੀ ਸੋਚ ਬਦਲਣ 'ਤੇ ਹੀ ਧੀਆਂ ਗਰਭ ਵਿਚ ਅਤੇ ਗਰਭ ਤੋਂ ਬਾਹਰ ਸੁਰੱਖਿਅਤ ਰਹਿ ਸਕਦੀਆਂ ਹਨ। ਲੋਕਾਂ ਦੀ ਸੋਚ ਬਦਲਣ ਨਾਲ ਹੀ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਸਫਲ ਹੋ ਸਕਦੀ ਹੈ।

-ਮੋਬਾਈਲ ਨੰ. : 98766-52900

Posted By: Rajnish Kaur