-ਵਿਵੇਕ ਕਾਟਜੂ


ਮਸੂਦ ਅਜ਼ਹਰ ਦੇ ਕੌਮਾਂਤਰੀ ਅੱਤਵਾਦੀ ਐਲਾਨ ਹੋਣ ਦੇ ਨਾਲ ਹੀ ਇਹ ਤੈਅ ਹੋ ਗਿਆ ਹੈ ਕਿ ਚੀਨ ਜੈਸ਼-ਏ-ਮੁਹੰਮਦ ਦੇ ਇਸ ਸਰਗਨਾ ਦੀ ਢਾਲ ਨਹੀਂ ਬਣੇਗਾ। ਚੀਨ ਕਈ ਸਾਲਾਂ ਤੋਂ ਉਸ ਨੂੰ ਬਚਾਉਂਦਾ ਆ ਰਿਹਾ ਸੀ ਪਰ ਆਖ਼ਰਕਾਰ ਉਸ ਨੇ ਆਪਣਾ ਵਤੀਰਾ ਬਦਲਿਆ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਬਾਕੀ ਮੈਂਬਰ ਦੇਸ਼ਾਂ ਦੀ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨੇ ਜਾਣ ਦੀ ਮੁਹਿੰਮ ਵਿਚ ਚੀਨ ਨੇ ਅਤੀਤ ਵਿਚ ਕਈ ਵਾਰ ਅੜਿੱਕੇ ਪਾਏ ਸਨ। ਅਜ਼ਹਰ 'ਤੇ ਬਦਲਿਆ ਰੁਖ਼ ਚੀਨ ਦੀ ਨੀਤੀ ਵਿਚ ਵੱਡਾ ਬਦਲਾਅ ਹੈ ਕਿਉਂਕਿ ਹਾਲ ਹੀ ਵਿਚ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਵੀ ਉਸ ਨੇ ਮਸੂਦ ਅਜ਼ਹਰ ਦਾ ਬਚਾਅ ਕੀਤਾ ਸੀ। ਪੁਲਵਾਮਾ ਹਮਲੇ ਤੋਂ ਬਾਅਦ ਅਮਰੀਕਾ ਦੁਆਰਾ ਲਿਆਂਦੇ ਅਤੇ ਫਰਾਂਸ ਤੇ ਬ੍ਰਿਟੇਨ ਦੀ ਹਮਾਇਤ ਵਾਲੇ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ 'ਤੇ ਚੀਨ ਨੇ ਅੜਿੱਕਾ ਪਾ ਦਿੱਤਾ ਸੀ।

ਇਸ ਪ੍ਰਸਤਾਵ ਦਾ ਮਕਸਦ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨਣਾ ਸੀ। ਮਾਰਚ ਦੇ ਅੱਧ ਵਿਚ ਉਸ ਨੇ ਅਮਰੀਕੀ ਪ੍ਰਸਤਾਵ ਵਿਚ ਤਕਨੀਕੀ ਪੇਚ ਫਸਾ ਕੇ ਇਸ ਪ੍ਰਕਿਰਿਆ ਨੂੰ ਟਾਲ ਦਿੱਤਾ। ਅਜਿਹਾ ਕਰਦੇ ਹੋਏ ਚੀਨ 2009 ਤੋਂ ਚਲੀ ਆ ਰਹੀ ਆਪਣੀ ਨੀਤੀ 'ਤੇ ਕਾਇਮ ਸੀ। ਇਹ ਸਮਝਣਾ ਹੋਵੇਗਾ ਕਿ ਚੀਨ ਨੇ ਆਪਣੇ ਦ੍ਰਿਸ਼ਟੀਕੋਣ ਨੂੰ ਆਖ਼ਰ ਕਿਉਂ ਬਦਲਿਆ ਅਤੇ ਭਾਰਤ ਅਤੇ ਮੋਦੀ ਸਰਕਾਰ ਲਈ ਇਸ ਦੇ ਕੀ ਮਾਅਨੇ ਹਨ? ਪੁਲਵਾਮਾ ਹਮਲੇ ਦੀ ਜ਼ਿੰਮੇਵਾਰੀ ਖ਼ੁਦ ਜੈਸ਼-ਏ-ਮੁਹੰਮਦ ਨੇ ਲਈ ਸੀ। ਇਹ ਭਾਰਤੀ ਸੁਰੱਖਿਆ ਬਲਾਂ 'ਤੇ ਸਭ ਤੋਂ ਵੱਡਾ ਹਮਲਾ ਸੀ ਜਿਸ ਨੇ ਪੂਰੇ ਦੇਸ਼ ਦੀ ਚੇਤਨਾ 'ਤੇ ਕਰਾਰੀ ਚੋਟ ਕੀਤੀ ਸੀ। ਸਮੁੱਚਾ ਦੇਸ਼ ਇਸ ਕਾਰਨ ਗੁੱਸੇ ਵਿਚ ਸੀ। ਸੰਨ 2016 ਵਿਚ ਉੜੀ ਹਮਲੇ ਮਗਰੋਂ ਭਾਰਤ ਦੁਆਰਾ ਕੀਤੀ ਗਈ ਸਰਜੀਕਲ ਸਟ੍ਰਾਈਕ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਸਪਸ਼ਟ ਕਰ ਦਿੱਤਾ ਸੀ ਕਿ ਪਾਕਿਸਤਾਨ ਵੱਲੋਂ ਹੋਣ ਵਾਲੇ ਅੱਤਵਾਦੀ ਹਮਲੇ ਦਾ ਭਾਰਤ ਸਿਰਫ਼ ਰਾਜਨੀਤਕ ਅਤੇ ਕੂਟਨੀਤਕ ਦਾਇਰੇ ਵਿਚ ਰਹਿ ਕੇ ਹੀ ਜਵਾਬ ਨਹੀਂ ਦੇਵੇਗਾ। ਬਾਲਾਕੋਟ ਹਮਲੇ ਦੇ ਨਾਲ ਕੌਮਾਂਤਰੀ ਜਗਤ ਨੂੰ ਵੀ ਸਪੱਸ਼ਟ ਰੂਪ ਵਿਚ ਇਹ ਸੰਕੇਤ ਦਿੱਤਾ ਗਿਆ ਕਿ ਅੱਤਵਾਦ ਵਿਰੁੱਧ ਭਾਰਤ ਦੀ ਨੀਤੀ ਬਦਲ ਗਈ ਹੈ ਅਤੇ ਹੁਣ ਉਸ ਦਾ ਰਣਨੀਤਕ ਸਬਰ ਜਵਾਬ ਦਿੰਦਾ ਜਾ ਰਿਹਾ ਹੈ।

ਬਾਲਾਕੋਟ ਹਮਲੇ ਤੋਂ ਬਾਅਦ ਸੰਯੁਕਤ ਰਾਸ਼ਟਰ ਵਿਚ ਮਸੂਦ ਅਜ਼ਹਰ ਨੂੰ ਘੇਰਨ ਦਾ ਅਮਰੀਕੀ ਪ੍ਰਸਤਾਵ ਇਸ ਦਾ ਸਬੂਤ ਸੀ ਕਿ ਭਾਰਤ ਦਾ ਗੁੱਸਾ ਜਾਇਜ਼ ਹੈ। ਗ਼ੈਰ-ਰਸਮੀ ਤੌਰ 'ਤੇ ਉਸ ਨੇ ਸਵੀਕਾਰ ਵੀ ਕੀਤਾ ਕਿ ਭਾਰਤ ਨੂੰ ਆਪਣੀ ਆਤਮ-ਰੱਖਿਆ ਦਾ ਪੂਰਾ ਅਧਿਕਾਰ ਹੈ। ਅਮਰੀਕਾ ਅਤੇ ਹੋਰ ਪੱਛਮੀ ਦੇਸ਼ ਪਾਕਿਸਤਾਨ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਸਨ ਕਿ ਉਹ ਹੁਣ ਅੱਤਵਾਦੀ ਖੇਡ ਖੇਡਣੀ ਬੰਦ ਕਰੇ ਕਿਉਂਕਿ ਭਾਰਤ ਹੁਣ ਉਸ ਵਿਰੁੱਧ ਫ਼ੌਜੀ ਕਾਰਵਾਈ ਕਰਨੋਂ ਨਹੀਂ ਝਿਜਕੇਗਾ। ਇਸ ਤੋਂ ਇਹੋ ਜ਼ਾਹਰ ਹੁੰਦਾ ਹੈ ਕਿ ਪਹਿਲਾਂ ਜਿੱਥੇ ਭਾਰਤ 'ਤੇ ਅੱਤਵਾਦੀ ਹਮਲੇ ਮਗਰੋਂ ਸਬਰ ਬਣਾਈ ਰੱਖਣ ਦਾ ਦਬਾਅ ਹੁੰਦਾ ਸੀ, ਓਥੇ ਹੀ ਹੁਣ ਉਸ 'ਤੇ ਅੱਤਵਾਦੀ ਹਮਲੇ ਰੋਕਣ ਲਈ ਦਬਾਅ ਵਧ ਗਿਆ ਹੈ। ਪਾਕਿਸਤਾਨ ਦੇ ਨਾਲ ਆਪਣੇ ਹਿੱਤਾਂ ਨੂੰ ਦੇਖਦੇ ਹੋਏ ਚੀਨ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਅਮਰੀਕਾ ਦੇ ਪ੍ਰਸਤਾਵ ਦਾ ਸਮਰਥਨ ਕਰਨ ਚਾਹਵਾਨ ਨਹੀਂ ਸੀ।

ਪੁਲਵਾਮਾ ਹਮਲੇ ਦੇ ਤੁਰੰਤ ਬਾਅਦ ਅਮਰੀਕਾ ਨੇ ਸੁਰੱਖਿਆ ਪ੍ਰੀਸ਼ਦ ਵਿਚ ਹਮਲੇ ਦੀ ਨਿੰਦਾ ਕਰਨ ਵਾਲਾ ਪ੍ਰਸਤਾਵ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ। ਉਦੋਂ ਵੀ ਚੀਨ ਨੇ ਉਸ ਵਿਚ ਅੜਿੱਕਾ ਪਾਇਆ। ਚੀਨ ਦੇ ਅੜੀਅਲ ਵਤੀਰੇ ਤੋਂ ਦੁਖੀ ਹੋ ਕੇ ਇਸ ਪ੍ਰਸਤਾਵ ਦਾ ਸਮਰਥਨ ਕਰਨ ਵਾਲੇ ਅਮਰੀਕਾ ਸਹਿਤ ਹੋਰ ਦੇਸ਼ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨਣ ਦਾ ਪ੍ਰਸਤਾਵ ਸੁਰੱਖਿਆ ਪ੍ਰੀਸ਼ਦ ਦੀ ਕਮੇਟੀ ਵਿਚ ਲੈ ਆਏ। ਇਸ ਪ੍ਰਸਤਾਵ 'ਤੇ ਚੀਨ ਹੋਰ ਜ਼ਿਆਦਾ ਪਰੇਸ਼ਾਨ ਹੋ ਗਿਆ। ਅਜਿਹਾ ਇਸ ਲਈ ਕਿਉਂਕਿ ਸੁਰੱਖਿਆ ਪ੍ਰੀਸ਼ਦ ਦੀ ਕਮੇਟੀ ਵਿਚ ਜਦ ਕਿਸੇ ਅੱਤਵਾਦੀ ਦਾ ਮਸਲਾ ਉੱਠਦਾ ਹੈ ਤਾਂ ਉਸ ਅੱਤਵਾਦੀ ਨੂੰ ਸਿਰਫ਼ ਤਕਨੀਕੀ ਆਧਾਰ 'ਤੇ ਹੀ ਨਹੀਂ ਬਚਾਇਆ ਜਾ ਸਕਦਾ। ਉਸ ਦੇਸ਼ ਨੂੰ ਜਨਤਕ ਤੌਰ 'ਤੇ ਉਸ ਅੱਤਵਾਦੀ ਦੀਆਂ ਕਰਤੂਤਾਂ ਦਾ ਵੀ ਬਚਾਅ ਕਰਨਾ ਪੈਂਦਾ ਹੈ। ਇਸ ਕਾਰਨ ਅਲੱਗ-ਥਲੱਗ ਪੈਣ ਦੇ ਨਾਲ ਹੀ ਕੌਮਾਂਤਰੀ ਸ਼ਰਮਿੰਦਗੀ ਦਾ ਜੋਖ਼ਮ ਵੀ ਵਧ ਜਾਂਦਾ ਹੈ। ਭਾਰਤ ਨੇ ਸੰਯੁਕਤ ਰਾਸ਼ਟਰ ਵਿਚ ਆਪਣੇ ਵਿਸ਼ੇਸ਼ ਦੂਤ ਸਈਅਦ ਅਕਬਰੂਦੀਨ ਦੀ ਅਗਵਾਈ ਹੇਠ ਖ਼ਾਮੋਸ਼ੀ ਨਾਲ ਸਹੀ ਕੂਟਨੀਤਕ ਪੱਤਿਆਂ ਸਦਕਾ ਆਪਣੀ ਚਾਲ ਚੱਲੀ। ਇਸ ਦੌਰਾਨ ਚੀਨ ਨੇ ਅਮਰੀਕਾ ਦੇ ਪ੍ਰਸਤਾਵ ਨੂੰ ਮਾਰਚ ਤਕ ਲਟਕਾ ਦਿੱਤਾ।

ਬਾਅਦ ਵਿਚ ਇਹ ਮਾਮਲਾ ਅਮਰੀਕਾ ਅਤੇ ਚੀਨ ਵਿਚਾਲੇ ਫਸ ਗਿਆ। ਚੀਨ ਅਜਿਹੇ ਸੰਕੇਤ ਦੇ ਰਿਹਾ ਹੈ ਕਿ ਉਹ ਦੁਨੀਆ ਦੀ ਮਹਾ-ਸ਼ਕਤੀ ਦੇ ਰੂਪ ਵਿਚ ਅਮਰੀਕਾ ਨੂੰ ਚੁਣੌਤੀ ਦੇਣਾ ਚਾਹੁੰਦਾ ਹੈ। ਓਥੇ ਹੀ ਟਰੰਪ ਇਸ ਚੁਣੌਤੀ ਦੀ ਹਵਾ ਕੱਢਣ ਦੀ ਕੋਸ਼ਿਸ਼ ਵਿਚ ਹੈ। ਅਮਰੀਕਾ ਅਤੇ ਉਸ ਦੇ ਸਮਰਥਕ ਦੇਸ਼ ਫਰਾਂਸ ਅਤੇ ਬ੍ਰਿਟੇਨ ਨੇ ਚੀਨ ਨੂੰ ਕਿਹਾ ਹੈ ਕਿ ਉਹ ਇਸ ਪ੍ਰਸਤਾਵ ਨੂੰ ਪ੍ਰੀਸ਼ਦ ਦੇ ਸਾਹਮਣੇ ਲਿਆਉਣ ਲਈ ਦ੍ਰਿੜ੍ਹ ਸੰਕਲਪ ਹਨ ਤਾਂ ਜੋ ਉਸ ਦੇ ਦੋਹਰੇ ਚਰਿੱਤਰ ਨੂੰ ਬੇਨਕਾਬ ਕੀਤਾ ਜਾ ਸਕੇ। ਬੀਤੇ ਕੁਝ ਹਫ਼ਤਿਆਂ ਤੋਂ ਚੀਨ ਇਸੇ ਦੁਚਿੱਤੀ ਨਾਲ ਜੂਝ ਰਿਹਾ ਸੀ ਕਿ ਉਹ ਅਜਿਹਾ ਪ੍ਰਭਾਵ ਦੇਣਾ ਚਾਹੁੰਦਾ ਹੈ ਕਿ ਪਾਕਿਸਤਾਨ ਦੇ ਨਾਲ ਉਸ ਦੇ ਹਿੱਤ ਇੰਨੇ ਜ਼ਿਆਦਾ ਜੁੜੇ ਹੋਏ ਹਨ ਕਿ ਉਸ ਲਈ ਉਹ ਮਸੂਦ ਅਜ਼ਹਰ ਕਾਰਨ ਆਪਣੇ ਕੌਮਾਂਤਰੀ ਅਕਸ ਨੂੰ ਵੀ ਦਾਅ 'ਤੇ ਲਾ ਸਕਦਾ ਹੈ ਜਿਸ ਦੇ ਤਾਰ ਪਾਕਿਸਤਾਨੀ ਫ਼ੌਜ ਨਾਲ ਵੀ ਜੁੜੇ ਹੋਏ ਹਨ? ਹਾਲ ਹੀ ਵਿਚ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦੂਜੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਸੰਮੇਲਨ ਵਿਚ ਹਿੱਸਾ ਲੈਣ ਲਈ ਚੀਨ ਦਾ ਦੌਰਾ ਕੀਤਾ। ਚੀਨ ਨੇ ਇਮਰਾਨ ਨੂੰ ਤਵੱਜੋ ਦਿੰਦੇ ਹੋਏ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਅਰਥਾਤ ਸੀਪੈਕ ਬਾਰੇ ਉਨ੍ਹਾਂ ਤੋਂ ਵਿਆਪਕ ਸਮਰਥਨ ਮੰਗਿਆ।

ਇਹ ਇਸ ਗੱਲ ਨੂੰ ਦਿਖਾਉਣ ਦੀ ਕੋਸ਼ਿਸ਼ ਸੀ ਕਿ ਪਾਕਿਸਤਾਨ ਦੇ ਨਾਲ ਚੀਨ ਦੇ ਹਿੱਤ ਦਿਨੋ-ਦਿਨ ਮਜ਼ਬੂਤ ਹੁੰਦੇ ਜਾ ਰਹੇ ਹਨ। ਇਸ ਨਾਲ ਮਸੂਦ ਅਜ਼ਹਰ 'ਤੇ ਚੀਨ ਦੇ ਰੁਖ਼ ਵਿਚ ਤਬਦੀਲੀ ਨਾਲ ਪਾਕਿਸਤਾਨੀ ਜਨਤਾ ਵਿਚ ਉਪਜੇ ਗੁੱਸੇ ਨੂੰ ਕੁਝ ਹੱਦ ਤਕ ਸ਼ਾਂਤ ਕਰਨ ਵਿਚ ਮਦਦ ਮਿਲੇਗੀ। ਪਾਕਿਸਤਾਨ ਵਿਚ ਤਮਾਮ ਲੋਕ ਇਹੋ ਸੋਚਦੇ ਰਹੇ ਕਿ ਪਾਕਿਸਤਾਨ ਨਾਲ ਆਪਣੇ ਰਿਸ਼ਤਿਆਂ ਨੂੰ ਦੇਖਦੇ ਮਸੂਦ ਅਜ਼ਹਰ ਦੇ ਮਾਮਲੇ ਵਿਚ ਚੀਨ ਕਦੇ ਵੀ ਪਾਕਿਸਤਾਨ ਨੂੰ ਕੌਮਾਂਤਰੀ ਪੱਧਰ 'ਤੇ ਸ਼ਰਮਸਾਰ ਨਹੀਂ ਹੋਣ ਦੇਵੇਗਾ। ਹਾਲਾਂਕਿ ਪਾਕਿਸਤਾਨੀ ਨੀਤੀ ਘਾੜੇ ਚੀਨ ਤੋਂ ਹਾਲੇ ਵੀ ਇਹੋ ਉਮੀਦ ਕਰ ਰਹੇ ਸਨ ਕਿ ਉਹ ਭਾਰਤ ਵਿਚ ਚੱਲ ਰਹੀਆਂ ਚੋਣਾਂ ਤੋਂ ਬਾਅਦ ਹੀ ਇਹ ਕਦਮ ਚੁੱਕੇ ਕਿਉਂਕਿ ਹਾਲੇ ਅਜਿਹਾ ਕਰਨ ਨਾਲ ਭਾਜਪਾ ਚੋਣਾਂ ਵਿਚ ਇਸ ਮੁੱਦੇ ਦਾ ਲਾਹਾ ਲੈ ਸਕਦੀ ਹੈ। ਅਜਿਹਾ ਲੱਗਾ ਵੀ ਕਿ ਚੀਨ ਇਸੇ ਰਾਹ 'ਤੇ ਹੈ ਪਰ ਅਮਰੀਕੀ ਦਬਾਅ ਅਤੇ ਭਾਰਤ ਵਿਚ ਮੋਦੀ ਦੀ ਵਾਪਸੀ ਦੀ ਸੰਭਾਵਨਾ ਦੇ ਮੱਦੇਨਜ਼ਰ ਉਸ ਨੂੰ ਆਪਣਾ ਰੁਖ਼ ਬਦਲਣਾ ਪਿਆ। ਚੀਨ ਦੇ ਰੁਖ਼ ਵਿਚ ਤਬਦੀਲੀ ਭਾਰਤ ਲਈ ਯਕੀਨਨ ਇਕ ਵੱਡੀ ਕੂਟਨੀਤਕ ਕਾਮਯਾਬੀ ਹੈ ਕਿਉਂਕਿ ਉਹ ਬੀਤੇ ਕਈ ਸਾਲਾਂ ਤੋਂ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਕਰਵਾਉਣ ਲਈ ਯਤਨਸ਼ੀਲ ਰਿਹਾ ਸੀ। ਭਾਵੇਂ ਹੀ ਪਾਕਿਸਤਾਨ ਅਜ਼ਹਰ ਵਿਰੁੱਧ ਕੋਈ ਕਾਰਵਾਈ ਨਾ ਕਰੇ ਜਿਵੇਂ ਕਿ ਉਸ ਨੇ ਹਾਫਿਜ਼ ਸਈਦ ਵਰਗੇ ਅੱਤਵਾਦੀ ਦੇ ਮਾਮਲੇ ਵਿਚ ਕੀਤਾ, ਫਿਰ ਵੀ ਇਸ ਅੱਤਵਾਦੀ ਸਰਗਨਾ 'ਤੇ ਪਾਬੰਦੀ ਭਾਰਤ ਲਈ ਵੱਡੀ ਸਫਲਤਾ ਹੈ।

ਮਸੂਦ ਅਜ਼ਹਰ ਦੇ ਕੌਮਾਂਤਰੀ ਅੱਤਵਾਦੀ ਐਲਾਨ ਹੋਣ ਨਾਲ ਭਾਜਪਾ ਨੂੰ ਸੁਭਾਵਿਕ ਤੌਰ 'ਤੇ ਮੁੱਦਾ ਮਿਲ ਜਾਵੇਗਾ ਜਿਸ ਦਾ ਉਹ ਚੋਣ ਮੁਹਿੰਮ ਵਿਚ ਭਰਪੂਰ ਲਾਭ ਲੈਣਾ ਚਾਹੇਗੀ। ਅਜ਼ਹਰ ਦਾ ਮਾਮਲਾ ਭਾਰਤ-ਚੀਨ ਸਬੰਧਾਂ ਲਈ ਵੀ ਇਕ ਸਬਕ ਹੈ। ਚੀਨ ਉਦੋਂ ਤਕ ਭਾਰਤ ਦੀਆਂ ਚਿੰਤਾਵਾਂ 'ਤੇ ਗ਼ੌਰ ਨਹੀਂ ਕਰਦਾ ਜਦ ਤਕ ਕਿ ਵੱਡੀਆਂ ਸ਼ਕਤੀਆਂ ਉਸ 'ਤੇ ਇਸ ਵਾਸਤੇ ਦਬਾਅ ਨਹੀਂ ਪਾਉਂਦੀਆਂ। ਸੰਨ 2008 ਵਿਚ ਪਰਮਾਣੂ ਸਪਲਾਇਰ ਦੇਸ਼ਾਂ ਦੇ ਸਮੂਹ ਵਿਚ ਵੀ ਅਜਿਹਾ ਹੀ ਹੋਇਆ ਸੀ। ਉਦੋਂ ਅਮਰੀਕੀ ਰਾਸ਼ਟਰਪਤੀ ਬੁਸ਼ ਦੁਆਰਾ ਭਾਰਤ ਨੂੰ ਦਿੱਤਾ ਜ਼ੋਰਦਾਰ ਸਮਰਥਨ ਮਗਰੋਂ ਹੀ ਚੀਨ ਦੇ ਤੇਵਰ ਢਿੱਲੇ ਪਏ ਸਨ। ਇਸ ਮਾਮਲੇ ਵਿਚ ਵੀ ਇਹੋ ਦੇਖਣ ਨੂੰ ਮਿਲਿਆ।

ਸਪੱਸ਼ਟ ਹੈ ਕਿ ਵੁਹਾਨ ਵਰਗੀ ਭਾਵਨਾ ਨਾਲੋਂ ਜ਼ਿਆਦਾ ਕੌਮਾਂਤਰੀ ਹਿੱਤਾਂ ਨਾਲ ਤਾਲਮੇਲ ਵਧੇਰੇ ਜ਼ਰੂਰੀ ਹੈ ਕਿਉਂਕਿ ਇਕ ਸੁਰੱਖਿਅਤ ਵਿਸ਼ਵ ਲਈ ਸਭ ਦੀ ਜ਼ਿੰਮੇਵਾਰੀ ਬਣਦੀ ਹੈ। ਉਹ ਭਾਵੇਂ ਅਮਰੀਕਾ ਹੋਵੇ ਜਾਂ ਚੀਨ, ਪਾਕਿਸਤਾਨ ਹੋਵੇ ਜਾਂ ਭਾਰਤ ਜਾਂ ਕੋਈ ਹੋਰ ਦੇਸ਼। ਜਦ ਤਕ ਸਭ ਦੇਸ਼ ਅੱਤਵਾਦ ਨਾਲ ਟਾਕਰੇ ਲਈ ਇਕਜੁੱਟ ਨਹੀਂ ਹੋਣਗੇ, ਅੱਤਵਾਦ ਰੂਪੀ ਨਾਗ ਇਨਸਾਨੀਅਤ ਨੂੰ ਡੰਗ ਮਾਰਦਾ ਰਹੇਗਾ।

-(ਲੇਖਕ ਵਿਦੇਸ਼ ਮੰਤਰਾਲੇ 'ਚ ਸਕੱਤਰ ਰਹੇ ਹਨ)।-response0jagran.com

Posted By: Sukhdev Singh