''ਬਾਬਾ ਜੀ, ਕਿੱਧਰੋਂ ਤੁਰੇ ਆ ਰਹੇ ਹੋ ਏਨੀ ਠੰਢ ਵਿਚ?'' ਗੇਲੇ ਨੇ ਬਾਬੇ ਮੇਹਰੂ ਘਰ ਵਾਲੇ ਪਾਸੇ ਦੀ ਬਜਾਏ ਹੋਰ ਰਾਹ ਤੋਂ ਸੱਥ ਵਾਲੇ ਤੁਰੇ ਆਉਂਦਿਆਂ ਦੇਖ ਕੇ ਸਵਾਲ ਕੀਤਾ। ਬਾਬੇ ਨੇ ਕਿਹਾ ''ਭਾਈ ਗੇਲਿਆ ਬੈਂਕ ਜਾ ਕੇ ਆਇਆ, ਕਈ ਦਿਨ ਹੋ ਗਏ ਗੇੜੇ ਮਾਰਦਿਆਂ ਨੂੰ, ਪੈਨਸ਼ਨ ਹੀ ਨੀ ਪਾਈ ਗੌਰਮਿੰਟ ਨੇ।'' ਏਨੇ ਨੂੰ ਸ਼ਾਮ ਸਿੰਹੁ ਬੋਲਿਆ ''ਤੁਸੀਂ ਪੈਨਸ਼ਨਾਂ ਕਿੱਥੋਂ ਭਾਲਦੇ ਹੋ, ਪਤਾ ਤਾਂ ਹੈ ਕਿ ਸਰਕਾਰ ਦਾ ਤਾਂ ਖ਼ਜ਼ਾਨਾ ਖਾਲੀ ਹੋਇਆ ਪਿਐ।'' ਬਾਬਾ ਮੇਹਰੂ ਕਹਿੰਦਾ ''ਮੇਰੀ ਪੈਨਸ਼ਨ ਜੋਗੇ ਵੀ ਪੈਸੇ ਹੈ ਨੀਂ ਗੌਰਮਿੰਟ ਕੋਲ, ਜੇ ਮੇਰੀ ਪੈਨਸ਼ਨ ਲਈ ਪੈਸੇ ਨਹੀਂ ਤਾਂ ਸਰਕਾਰ ਕਿਵੇਂ ਚੱਲੀ ਜਾਂਦੀ ਹੈ, ਏਡਾ ਵੱਡਾ ਪੰਜਾਬ ਸੂਬਾ ਬਿਨਾਂ ਪੈਸਿਆਂ ਤੋਂ ਗੌਰਮਿੰਟ ਕਿਵੇਂ ਚਲਾਈ ਜਾਂਦੀ ਐ।'' ਬਾਬੇ ਨੇ ਇਕ ਵਾਰ 'ਚ ਕਈ ਸਵਾਲ ਕਰ ਦਿੱਤੇ ਤਾਂ ਏਨੇ 'ਚ ਫ਼ੌਜੀ ਮਿੰਦੇ ਨੇ ਅਕਿਹਾ ''ਬਾਬਾ ਜੀ ਸਿਰਫ਼ ਥੋਡੇ ਲਈ ਪੈਸੇ ਨ੍ਹੀਂ ਹੈਗੇ, ਉਹਨਾਂ ਵਾਸਤੇ ਤਾਂ ਹੈਗੇ ਆ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾ ਕੇ ਵੱਡੀਆਂ ਕੁਰਸੀਆਂ 'ਤੇ ਬਿਠਾਇਆ।'' ਗੇਲਾ ਕਹਿੰਦਾ ''ਬਿਲਕੁਲ ਜੀ, ਇਕ ਪਾਸੇ ਤਾਂ ਸਰਕਾਰ ਰੋਜ਼ ਕਹਿੰਦੀ ਰਹਿੰਦੀ ਹੈ ਕਿ ਸੂਬੇ ਦਾ ਖ਼ਜ਼ਾਨਾ ਮੰਦਹਾਲੀ 'ਚੋਂ ਗੁਜ਼ਰ ਰਿਹਾ ਹੈ ਤੇ ਦੂਸਰੇ ਪਾਸੇ ਨਵੀਆਂ ਗੱਡੀਆਂ, ਹੈਲੀਕਾਪਟਰਾਂ ਵਾਸਤੇ ਪੈਸੇ ਵਾਧੂ ਆਈ ਜਾਂਦੇ ਨੇ ਸਰਕਾਰ ਕੋਲ।'' ਸ਼ਾਮ ਸਿੰਹੁ ਨੇ ਕਿਹਾ ''ਮੈਨੂੰ ਇਕ ਗੱਲ ਸਮਝ ਨਹੀਂ ਆਈ ਕਿ ਖ਼ਜ਼ਾਨੇ 'ਤੇ ਬੈਠੇ ਕੌਣ ਨੇ, ਜਦੋਂ ਤੋਂ ਵੋਟਾਂ ਪੈਣ ਲੱਗੀਆਂ ਨੇ ਇਹੀ ਲੋਕ ਵਾਰੋ-ਵਾਰੀ ਰਾਜ ਕਰੀ ਜਾਂਦੇ ਨੇ, ਫਿਰ ਮਤਲਬ ਖ਼ਜ਼ਾਨਾ ਵੀ ਇਨ੍ਹਾਂ ਨੇ ਹੀ ਖ਼ਾਲੀ ਕੀਤਾ।'' ਫ਼ੌਜੀ ਮਿੰਦਾ ਕਹਿੰਦਾ ''ਬਿਲਕੁਲ ਜੀ, ਬੱਸ ਜਿਹੜਾ ਆਈ ਜਾਂਦੈ, ਆਪਣੀਆਂ ਜੇਬਾਂ ਭਰ ਕੇ ਤੁਰਦਾ ਬਣਦੈ। ਲੋਕਾਂ ਦਾ ਤਾਂ ਇਸ ਵਿਚ ਇਹ ਕਸੂਰ ਹੈ ਕਿ ਉਹ ਵੋਟਾਂ ਪਾ ਕੇ ਇਨ੍ਹਾਂ ਨੂੰ ਜਿਤਾ ਦਿੰਦੇ ਨੇ ਖ਼ਜ਼ਾਨਾ ਲੁੱਟਣ ਵਾਸਤੇ। ਅਸੀਂ ਤਾਂ ਦਿਨ ਚੜ੍ਹਦੇ ਨੂੰ ਜਿਹੜਾ ਸਾਮਾਨ ਵਰਤਣ ਲੱਗਦੇ ਹਾਂ, ਸਾਰਿਆਂ 'ਤੇ ਟੈਕਸ ਦੇ ਰੂਪ 'ਚ ਪੈਸੇ ਦੇਣ ਲੱਗ ਜਾਂਦੇ ਹਾਂ।'' ਬਾਬਾ ਮੇਹਰੂ ਕਹਿੰਦਾ ''ਫਿਰ ਐਵੇਂ ਹੀ ਹੋਇਆ ਕਿ ਅਸੀਂ ਪੈਸੇ ਦੇਈ ਜਾਂਦੇ ਆਂ ਤੇ ਇਹ ਲੋਕ ਜਿਹੜੇ ਸਰਕਾਰਾਂ ਚਲਾਉਂਦੇ ਆ ਉਹ ਹੀ ਮਾਂਜੀ ਤੁਰੇ ਜਾਂਦੇ ਨੇ।'' ਗੇਲਾ ਕਹਿੰਦਾ ''ਤਾਂ ਹੀ ਤਾਂ ਬਾਬਾ ਜੀ ਲੋਕ ਹੁਣ ਇਨ੍ਹਾਂ ਤੋਂ ਅੱਕ ਕੇ ਬਾਹਰਲੇ ਦੇਸ਼ਾਂ ਵੱਲ ਤੁਰਨ ਲੱਗ ਗਏ ਹਨ ਕਿਉਂਕਿ ਇਨ੍ਹਾਂ ਲੀਡਰਾਂ ਤੋਂ ਸਾਡੇ ਲੋਕਾਂ ਨੂੰ ਕੋਈ ਆਸ ਨਹੀਂ ਰਹਿ ਗਈ, ਜੀਹਦੇ ਕਰਕੇ ਅੱਜ ਹਰੇਕ ਬੰਦਾ ਸਾਡਾ ਮੁਲਕ ਛੱਡਣ ਨੂੰ ਫ਼ਿਰਦੈ।'' ਫ਼ੌਜੀ ਮਿੰਦਾ ਬੋਲਿਆ ''ਏਥੇ ਤਾਂ ਇਹੀ ਹਾਲ ਚੱਲੀ ਜਾਣਾ ਕਿਉਂਕਿ ਸਾਡੇ ਮੁਲਕ ਦੀ ਵਾਗਡੋਰ ਗ਼ਲਤ ਲੋਕਾਂ ਦੇ ਹੱਥਾਂ 'ਚ ਚਲੀ ਗਈ ਹੈ।'' ਏਨੇ ਨੂੰ ਸਾਰੇ ਆਪੋ-ਆਪਣੇ ਘਰਾਂ ਵੱਲ ਤੁਰ ਗਏ।

ਸੁਖਰਾਜ ਚਹਿਲ । 97810-48055

Posted By: Jagjit Singh