ਬੇਸ਼ੱਕ ਵਿੱਦਿਆ ਦੇ ਖੇਤਰ 'ਚ ਅਗਾਂਹਵਧੂ ਪੁਲਾਘਾਂ ਪੁੱਟੀਆਂ ਜਾ ਰਹੀਆਂ ਹਨ ਪਰ ਹਾਲੇ ਵੀ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਵਿੱਦਿਅਕ ਢਾਂਚੇ ਵਿਚ ਜਿੱਥੇ ਬੇਲੋੜੀ ਸਿਆਸੀ ਦਖ਼ਲਅੰਦਾਜ਼ੀ ਦਾ ਗ੍ਰਹਿਣ ਲੱਗਾ ਹੋਇਆ ਹੈ ਉੱਥੇ ਹੀ ਇਸ ਦੀ ਕਾਇਆ-ਕਲਪ ਸਿਰਫ਼ ਭਾਸ਼ਣਾਂ ਵਿਚ ਹੀ ਕੀਤੀ ਜਾਂਦੀ ਹੈ। ਸਰਕਾਰ ਅਧਿਆਪਕਾਂ ਨਾਲ ਨਾਦਰਸ਼ਾਹੀ ਵਾਲਾ ਸਲੂਕ ਕਰਨ ਤੋਂ ਗੁਰੇਜ਼ ਨਹੀਂ ਕਰਦੀ। ਅਧਿਆਪਕ ਯੂਨੀਅਨਾਂ ਦੇ ਵਿਰੋਧ ਦੇ ਬਾਵਜੂਦ ਅਧਿਆਪਕਾਂ ਨੂੰ ਗ਼ੈਰ-ਵਿੱਦਿਅਕ ਕੰਮਾਂ ਵਿਚ ਲਗਾ ਕੇ ਪੜ੍ਹਾਈ ਨੂੰ ਰਗੜਾ ਲਾਇਆ ਜਾਂਦਾ ਹੈ। ਫਿਰ ਵੀ ਅਧਿਆਪਕਾਂ ਤੋਂ ਸ਼ਾਨਦਾਰ ਨਤੀਜਿਆਂ ਦੀ ਆਸ ਕੀਤੀ ਜਾਂਦੀ ਹੈ। ਉਨ੍ਹਾਂ ਦੀ ਕਾਬਲੀਅਤ ਦਾ ਪੈਮਾਨਾ ਨਤੀਜਿਆਂ ਰਾਹੀਂ ਵੇਖਿਆ ਜਾਂਦਾ ਹੈ। ਮਾੜੇ ਨਤੀਜਿਆਂ ਦੀ ਜ਼ਿੰਮੇਵਾਰੀ ਅਧਿਆਪਕਾਂ ਸਿਰ ਸੁੱਟ ਦਿੱਤੀ ਜਾਂਦੀ ਹੈ। ਠੇਕੇ 'ਤੇ ਰੱਖੇ ਅਧਿਆਪਕਾਂ ਨੂੰ ਕਈ ਸਾਲਾਂ ਤੋਂ ਰੈਗੂਲਰ ਨਹੀਂ ਕੀਤਾ ਜਾ ਰਿਹਾ। ਇਨ੍ਹਾਂ ਨਿਰਦੋਸ਼ ਟੈਟ ਪਾਸ ਅਧਿਆਪਕਾਂ ਨੂੰ ਰੈਗੂਲਰ ਅਧਿਆਪਕਾਂ ਦੀ ਤਰਜ਼ 'ਤੇ ਮੈਡੀਕਲ ਲੀਵ, ਇਨਕਰੀਮੈਂਟ, ਭੱਤੇ ਆਦਿ ਹੋਰ ਸਹੂਲਤਾਂ ਤੋਂ ਵਾਂਝੇ ਕਰ ਕੇ ਸਰਕਾਰ ਨੇ ਹੈਂਕੜਬਾਜ਼ੀ ਵਾਲਾ ਵਤੀਰਾ ਅਖ਼ਤਿਆਰ ਕੀਤਾ ਹੋਇਆ ਹੈ। ਠੇਕੇ 'ਤੇ ਰੱਖੇ ਹਰ ਵਰਗ ਦੇ ਅਧਿਆਪਕਾਂ ਨੂੰ ਦੋ ਸਾਲਾਂ ਵਿਚ ਰੈਗੂਲਰ ਕਰਨ ਦਾ ਸਰਕਾਰ ਵੱਲੋਂ ਲਿਖਤੀ ਭਰੋਸਾ ਦਿੱਤਾ ਗਿਆ ਹੈ। ਰੈਗੂਲਰ ਕਰਨ ਦੀ ਦਾਤ ਉਨ੍ਹਾਂ ਅਧਿਆਪਕਾਂ ਨੂੰ ਨਸੀਬ ਹੋਵੇਗੀ ਜਿਨ੍ਹਾਂ ਨੇ ਚਾਲੀ ਹਜ਼ਾਰ ਰੁਪਏ ਦੀ ਤਨਖਾਹ ਛੱਡ ਕੇ ਪੰਦਰਾਂ ਹਜ਼ਾਰ ਤਨਖ਼ਾਹ ਲੈਣ ਲਈ ਸਹਿਮਤੀ ਦਿੱਤੀ ਸੀ। ਉਨ੍ਹਾਂ 'ਤੇ ਅਜਿਹਾ ਕਰਨ ਲਈ ਡੀਈਓ'ਜ਼ ਰਾਹੀਂ ਦਬਾਅ ਵੀ ਪਾਇਆ ਗਿਆ। ਉਕਤ ਵਰਤਾਰੇ ਦੇ ਵਿਰੋਧ ਵਿਚ ਪੀੜਤ ਅਧਿਆਪਕ ਵਰਗ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲਾਂ ਨੂੰ ਲੱਖਾਂ ਦੀ ਫੀਸ ਦੇ ਕੇ ਰਿੱਟਾਂ ਦਾਇਰ ਕੀਤੀਆਂ ਗਈਆਂ ਹਨ। ਕੀ ਧੱਕੇਸ਼ਾਹੀ, ਬੇਇਨਸਾਫ਼ੀ ਦੇ ਸ਼ਿਕਾਰ ਅਧਿਆਪਕ ਮਾਨਸਿਕ ਪਰੇਸ਼ਾਨੀ ਵਿਚ ਪੜ੍ਹਾਈ ਦਿਲ ਲਾ ਕੇ ਕਰਾ ਸਕਦੇ ਹਨ? ਠੇਕੇ 'ਤੇ ਰੱਖੇ ਅਧਿਆਪਕਾਂ ਅਤੇ ਰੈਗੂਲਰ ਅਧਿਆਪਕਾਂ ਦੀਆਂ ਤਨਖ਼ਾਹਾਂ ਵਿਚ ਪਾੜਾ ਪਾ ਕੇ ਵਿਤਕਰੇ ਦੀ ਨੀਤੀ ਅਪਣਾ ਕੇ ਸਰਕਾਰ ਨੇ ਸੰਵਿਧਾਨ ਦੇ 'ਬਰਾਬਰ ਕੰਮ ਬਰਾਬਰ ਤਨਖਾਹ' ਦੇ ਸਿਧਾਂਤ ਨੂੰ ਠੁਕਰਾਇਆ ਹੋਇਆ ਹੈ। 'ਵਿਕਾਸ ਫੰਡ' ਦੇ ਨਾਂ 'ਤੇ ਹਰ ਮਹੀਨੇ ਦੋ ਸੌ ਰੁਪਈਏ ਵੀ ਜਬਰੀ ਕੱਟੇ ਜਾ ਰਹੇ ਹਨ। ਅਠਵੰਜਾ ਸਾਲ ਉਮਰ ਹੋਣ ਤੋਂ ਬਾਅਦ ਵੀ ਸੇਵਾਕਾਲ ਵਿਚ ਇਕ-ਇਕ ਸਾਲ ਦਾ (ਦੋ ਸਾਲ ਤਕ) ਵਾਧਾ ਕਰ ਕੇ ਬੇਰੁਜ਼ਗਾਰ ਅਧਿਆਪਕਾਂ ਨਾਲ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ। ਟੀਚਰਾਂ ਦੀਆਂ ਖ਼ਾਲੀ ਪੋਸਟਾਂ ਭਰਨ ਵਿਚ ਵੀ ਸਰਕਾਰ ਕੋਈ ਪਹਿਲਕਦਮੀ ਕਰਨੋਂ ਪਾਸਾ ਵੱਟ ਰਹੀ ਹੈ। ਬੀਐੱਡ ਦਾ ਦੋ ਸਾਲਾ ਕੋਰਸ ਵੀ ਧੱਕੇਸ਼ਾਹੀ ਵਾਲਾ ਕਦਮ ਹੈ। ਅਧਿਆਪਕਾਂ ਦੀ ਬਦਲੀ ਦੀ ਹਾਸੋਹੀਣੀ ਨੀਤੀ ਵੀ ਆਲੋਚਨਾ ਦਾ ਮੁੱਦਾ ਬਣੀ ਹੋਈ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਧਿਆਪਕਾਂ ਨਾਲ ਧੱਕੇਸ਼ਾਹੀ ਬੰਦੇ ਕਰੇ ਤੇ ਹਾਂ-ਪੱਖੀ ਨੀਤੀ ਅਪਣਾਏ।

-ਸੁੰਦਰਪਾਲ 'ਪ੍ਰੇਮੀ' ਜੈਤੋ।

ਸੰਪਰਕ : 98140-51099)

Posted By: Jagjit Singh