-ਅਮਨਪ੍ਰੀਤ ਪਰਮ ਸਹੋਤਾ

'ਜੜ੍ਹਾਂ ਦਰੱਖਤ ਦੀਆਂ ਟਾਹਣੀਆਂ ਨੂੰ ਫਲਾਂ ਨਾਲ ਭਰ ਦਿੰਦੀਆਂ ਹਨ ਪਰ ਟਾਹਣੀਆਂ ਨੂੰ ਇਹ ਨਹੀਂ ਕਹਿੰਦੀਆਂ ਕਿ ਸਾਡਾ ਸ਼ੁਕਰਾਨਾ ਕਰੋ। ਰਬਿੰਦਰਨਾਥ ਟੈਗੋਰ ਦੀਆਂ ਇਹ ਸਤਰਾਂ ਅਧਿਆਪਕ ਦੀ ਨੀਅਤ ਤੇ ਨੀਤੀ ਦੀ ਤਰਜਮਾਨੀ ਕਰਦੀਆਂ ਨਜ਼ਰ ਆਉਂਦੀਆਂ ਹਨ। ਅਧਿਆਪਕ ਆਪਣੇ ਗਿਆਨ ਦੀ ਛੈਣੀ ਨਾਲ ਬੱਚੇ ਦੀ ਸ਼ਖਸੀਅਤ ਦੀ ਸ਼ਿਲਪਕਾਰੀ ਕਰ ਕੇ ਉਸ ਨੂੰ ਅਗਾਂਹਵਧੂ ਸੋਚ ਅਤੇ ਪਾਕੀਜ਼ਗੀ ਦੀ ਬਖ਼ਸ਼ਿਸ਼ ਕਰਦਾ ਹੈ ਅਤੇ ਉਸ ਤੋਂ ਹਰ ਸ਼ੋਅਬੇ ਵਿਚ ਮੱਲਾਂ ਮਾਰਨ ਦੀ ਤਵੱਕੋ ਰੱਖਦਾ ਹੈ। ਇਕ ਸਮਰਪਿਤ ਅਧਿਆਪਕ ਚਲਦੀ-ਫਿਰਦੀ ਟਕਸਾਲ ਹੁੰਦਾ ਹੈ ਜਿਸ ਦੀ ਡਿਕਸ਼ਨਰੀ ਵਿਚ 'ਅਸੰਭਵ' ਦੇ ਨਾਲ-ਨਾਲ 'ਵਪਾਰ' ਵਰਗੇ ਸ਼ਬਦਾਂ ਦੀ ਵੀ ਕੋਈ ਜਗ੍ਹਾ ਨਹੀ ਹੁੰਦੀ। ਸਿੱਖਿਆ ਵਰਗੇ ਗੰਭੀਰ ਤੇ ਇਨਸਾਨੀ ਸੂਝ-ਬੂਝ ਨੂੰ ਨਫ਼ੀਸ ਬਣਾਉਣ ਵਾਲੇ ਮਸਲੇ ਵਿਚ ਵਾਇਰਸ ਵਾਂਗ ਦਾਖ਼ਲ ਹੋਈ ਕੁਲਹਣੀ ਵਪਾਰਕ ਸੋਚ ਨੇ ਨੈਤਿਕ ਅਤੇ ਸਮਾਜਿਕ ਗਿਰਾਵਟ ਨੂੰ ਹੱਲਾਸ਼ੇਰੀ ਦਿੱਤੀ ਹੈ।

ਕਿਸੇ ਸਮੇਂ ਸਰਕਾਰੀ ਸਕੂਲਾਂ ਅਤੇ ਸਰਕਾਰੀ ਅਧਿਆਪਕਾਂ ਦੇ ਕੰਮ ਦੀ ਤੂਤੀ ਬੋਲਦੀ ਹੁੰਦੀ ਸੀ। ਵੱਡੇ-ਵੱਡੇ ਅਹੁਦਿਆਂ 'ਤੇ ਬਿਰਾਜਮਾਨ ਤੇ ਪ੍ਰਸ਼ਾਸਨਿਕ ਅਫ਼ਸਰਾਂ ਦੇ ਬੜੇ ਮਾਣ ਨਾਲ ਦਿੱਤੇ ਬਿਆਨ ਸਾਰੇ ਸੁਣਦੇ ਰਹੇ ਹਾਂ ਕਿ ਅਸੀਂ ਸਰਕਾਰੀ ਸਕੂਲਾਂ 'ਚ ਟਾਟ 'ਤੇ ਬੈਠ ਕੇ ਪੜ੍ਹਾਈ ਕਰ ਕੇ ਹੀ ਇੱਥੇ ਪਹੁੰਚੇ ਹਾਂ। ਵਪਾਰ ਦਾ ਰੰਗ ਚੜ੍ਹਦਿਆਂ ਹੀ ਪ੍ਰਾਈਵੇਟ ਸਕੂਲਾਂ 'ਚ ਦਿੱਤੀ ਜਾਣ ਵਾਲੀ ਸਿੱਖਿਆ ਨੇ ਆਪਣੇ ਪਰ ਤੋਲਣੇ ਸ਼ੁਰੂ ਕੀਤੇ। ਸਸਤੀ ਸਿੱÎਖਿਆ ਦੇ ਸੋਮੇ ਸਰਕਾਰੀ ਸਕੂਲਾਂ ਦੀ ਨਜ਼ਰਅੰਦਾਜ਼ੀ ਨੇ ਇਨ੍ਹਾਂ ਸਕੂਲਾਂ ਦੇ ਵੱਕਾਰ ਨੂੰ ਵੱਡੀ ਢਾਅ ਲਾਈ ਹੈ। ਇਸ ਦਾ ਵਿੱਤੀ ਤੌਰ 'ਤੇ ਦੱਬੇ ਹੋਏ ਅਤੇ ਦਲਿਤ ਵਰਗ ਨੂੰ ਸਭ ਤੋਂ ਜ਼ਿਆਦਾ ਖਮਿਆਜ਼ਾ ਭੁਗਤਣਾ ਪਿਆ। ਨਾਲ ਹੀ ਇਸ ਵਰਤਾਰੇ ਨੇ ਸਿੱਖਿਆ, ਜੋ ਕਿ ਵਿਅਕਤੀ ਦੇ ਸ਼ਖ਼ਸੀ ਵਿਕਾਸ ਦੇ ਨਾਲ-ਨਾਲ ਉਸ ਨੂੰ ਜ਼ਿੰਦਗੀ ਜਿਊਣ ਲਈ ਢੁੱਕਵੀਆਂ ਹਾਲਤਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨਾ ਸਿਖਾਉਂਦੀ ਹੈ, ਦੀ ਤਾਸੀਰ ਬਦਲ ਕੇ ਰੱਖ ਦਿੱਤੀ। ਸਕੂਲ ਪੱਧਰ 'ਤੇ ਪ੍ਰਾਈਵੇਟ ਸੈਕਟਰ ਦੀ ਸਿੱਖਿਆ ਵਿਚ ਘੁਸਪੈਠ ਨੇ ਆਪੋ-ਧਾਪੀ ਦਾ ਮਾਹੌਲ ਸਿਰਜ ਕੇ ਸਿੱਖਿਆ ਪੱਧਤੀਆਂ ਨੂੰ ਅੰਦਰੋ-ਅੰਦਰ ਖੋਖਲਾ ਬਣਾÀਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਖੁੱਲ੍ਹੇ ਨੰਬਰ ਦੇਣ ਦਾ ਵਰਤਾਰਾ ਸਿਰਜ ਕੇ ਬੱਚੇ ਅਤੇ ਉਸ ਦੇ ਮਾਪਿਆਂ ਦੇ ਪੈਰ ਜ਼ਮੀਨ 'ਤੇ ਨਹੀਂ ਲੱਗਣ ਦਿੱਤੇ।

ਦਸਵੀਂ ਅਤੇ ਬਾਰ੍ਹਵੀਂ ਦੇ ਇਸ ਵਾਰ ਆਏ ਨਤੀਜੇ ਨੇ ਨਵੇਂ ਦਿਸਹੱਦੇ ਸਿਰਜੇ ਹਨ ਅਤੇ ਲੰਬੇ ਸਮੇ ਬਾਅਦ ਅਖ਼ਬਾਰਾਂ ਦੀਆਂ ਸੁਰਖੀਆਂ ਬਦਲੀਆਂ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਐਲਾਨੇ ਨਤੀਜੇ ਵਿਚ ਸਰਕਾਰੀ ਸਕੂਲਾਂ ਦਾ ਨਤੀਜਾ 88.21 ਫ਼ੀਸਦੀ, ਏਡਿਡ ਸਕੂਲਾਂ ਦਾ 70.43 ਫ਼ੀਸਦੀ, ਐਸੋਸੀਏਟਡ ਸਕੂਲਾਂ ਦਾ 79.51 ਫ਼ੀਸਦੀ ਅਤੇ ਬਾਕੀ ਮਾਨਤਾ ਪ੍ਰਾਪਤ ਅਤੇ ਆਦਰਸ਼ ਸਕੂਲਾਂ ਦਾ ਨਤੀਜਾ 86.95 ਫ਼ੀਸਦੀ ਰਿਹਾ ਹੈ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਨੁਸਾਰ ਸਰਕਾਰੀ ਸਕੂਲਾਂ ਦੇ ਨਤੀਜੇ ਵਿਚ ਪ੍ਰਾਈਵੇਟ ਸਕੂਲਾਂ ਦੇ ਮੁਕਾਬਲਤਨ 8.7 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਬਾਰ੍ਹਵੀਂ ਜਮਾਤ ਦੇ ਨਤੀਜੇ ਵਿਚ ਇਹੋ ਅੰਤਰ 5 ਫ਼ੀਸਦੀ ਰਿਹਾ ਹੈ। 10ਵੀਂ ਦੇ ਨਤੀਜੇ ਦੀ ਗੁਣਾਤਮਕਤਾ ਨੂੰ ਦਰਸਾਉਂਦੇ ਅੰਕੜੇ ਘੋਖਣ 'ਤੇ ਪਤਾ ਲੱਗਦਾ ਹੈ ਕਿ ਪੰਜਾਬ ਦੇ ਕੁੱਲ 3582 ਸਰਕਾਰੀ ਸਕੂਲਾਂ ਵਿੱਚੋਂ 2260 ਸਕੂਲ ਅਜਿਹੇ ਹਨ ਜਿਨ੍ਹਾਂ ਦਾ ਨਤੀਜਾ ਨੱਬੇ ਫ਼ੀਸਦੀ ਤੋਂ ਵੱਧ ਰਿਹਾ ਹੈ। ਸੈਸ਼ਨ 2018 ਦੌਰਾਨ 100 ਫ਼ੀਸਦੀ ਨਤੀਜਾ ਦੇਣ ਵਾਲੇ ਸਕੂਲਾਂ ਦੀ ਗਿਣਤੀ 104 ਤੋਂ ਵਧ ਕੇ 940 ਹੋਈ ਹੈ।

ਵਿਚਾਰਨ ਵਾਲੀ ਗੱਲ ਇਹ ਹੈ ਕਿ ਸਕੂਲਾਂ ਵਿਚ ਇਹੋ ਅਧਿਆਪਕ ਪਹਿਲਾਂ ਵੀ ਕੰਮ ਕਰ ਰਹੇ ਸਨ। ਉਨ੍ਹਾਂ ਹੀ ਅਧਿਆਪਕਾਂ ਦੁਆਰਾ ਦਸਵੀਂ ਜਮਾਤ ਦੇ ਨਤੀਜੇ ਵਿਚ 8.7 ਫ਼ੀਸਦੀ ਦੀ ਲੰਬੀ ਛਾਲ ਦਾ ਮਾਅਰਕਾ ਇਕ ਹੀ ਸੈਸ਼ਨ ਵਿਚ ਮਾਰ ਲਿਆ ਗਿਆ। ਇਕ ਖ਼ਾਸ ਗੱਲ ਇੱਥੇ ਧਿਆਨ ਵਿਚ ਰੱਖਣ ਦੀ ਲੋੜ ਹੈ ਕਿ ਇਹ ਨਤੀਜੇ ਨਕਲ ਰੋਕਣ ਦੇ ਸਖ਼ਤ ਯਤਨਾਂ ਤੋਂ ਬਾਅਦ ਆਏ ਹਨ। ਸਰਕਾਰੀ ਖੇਤਰ ਵਿਚ ਪ੍ਰਤਿਭਾ ਦੀ ਘਾਟ ਨਹੀਂ ਹੈ। ਅੱਜ ਦੇ ਸਮੇਂ ਵਿਚ ਬਹੁ-ਗਿਣਤੀ ਪ੍ਰੀਖਿਆਵਾਂ ਪਾਸ ਕਰ ਕੇ ਹੀ ਇਕ ਪ੍ਰਤਿਭਾਸ਼ਾਲੀ ਸ਼ਖ਼ਸੀਅਤ ਸਰਕਾਰੀ ਨੌਕਰੀ ਵਿਚ ਆਉਣ ਦਾ ਸਾਹਸ ਕਰ ਸਕਦੀ ਹੈ। ਸਰਕਾਰੀ ਸਿਸਟਮ ਨੂੰ ਨਖਿੱਧ ਕਹਿ ਕੇ ਭੰਡਣ ਨਾਲੋਂ ਸੁਚਾਰੂ ਢੰਗ ਨਾਲ ਚਲਾਉਣ ਦੀ ਲੋੜ ਹੈ। ਟੀਚਿਆਂ ਨੂੰ ਮਿੱਥਣਾ ਕਿਸੇ ਵੀ ਖੇਤਰ ਦੀ ਤਰੱਕੀ ਵਾਸਤੇ ਸਭ ਤੋਂ ਜ਼ਰੂਰੀ ਹੈ। ਇਸ ਤੋਂ ਇਲਾਵਾ ਕਿਸੇ ਵੀ ਕੰਮ ਨੂੰ ਨੇਪਰੇ ਚਾੜ੍ਹਨ ਲਈ ਉਚਿਤ ਮਾਹੌਲ, ਜ਼ਿੰਮੇਵਾਰੀ ਦਾ ਨਿਰਧਾਰਨ ਅਤੇ ਵਧੀਆ ਪ੍ਰਾਪਤੀਆਂ ਲਈ ਹੱਲਾਸ਼ੇਰੀ ਦੀ ਆਪਣੀ ਵਿਸ਼ੇਸ਼ ਅਹਿਮੀਅਤ ਹੈ।

ਦਸਵੀਂ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਸਮੇਂ ਨਤੀਜਿਆਂ ਲਈ ਮਿੱਥੇ ਟੀਚਿਆਂ ਦੀ ਪੂਰਤੀ ਲਈ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਦੀ ਟੀਮ ਅਤੇ ਜ਼ਿਲ੍ਹਾ ਸੁਧਾਰ ਟੀਮਾਂ ਵੱਲੋਂ ਸੂਖਮ ਯੋਜਨਾਬੰਦੀ ਕੀਤੀ ਗਈ। ਇਨ੍ਹਾਂ ਵਿਸ਼ਿਆਂ ਦੀ ਬੱਚਿਆਂ ਨੂੰ ਤਿਆਰੀ ਕਰਵਾਉਣ ਲਈ ਉਨ੍ਹਾਂ ਦੀ ਪੜ੍ਹਨ ਸਮਰੱਥਾ ਅਨੁਸਾਰ ਵੰਡ ਕਰ ਕੇ ਵੱਖਰੇ-ਵੱਖਰੇ ਵਰਗ ਬਣਾਏ ਗਏ ਜਿਸ ਵਿਚ ਸਤੰਬਰ ਦੀ ਘਰੇਲੂ ਪ੍ਰੀਖਿਆ ਨੂੰ ਆਧਾਰ ਮੰਨਿਆ ਗਿਆ। ਇਸ ਪ੍ਰੀਖਿਆ ਵਿਚ ਚਾਲੀ ਫ਼ੀਸਦੀ ਤੋਂ ਘੱਟ ਅੰਕ ਪ੍ਰਾਪਤ ਕਰਨ ਵਾਲੇ, ਚਾਲੀ ਤੋਂ ਅੱਸੀ ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲੇ ਅਤੇ ਅੱਸੀ ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਵੱਖਰੇ-ਵੱਖਰੇ ਵਰਗ ਬਣਾਏ ਗਏ। 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਦੀਆਂ ਟੀਮਾਂ ਦੇ ਜ਼ਿਲ੍ਹਾ ਮੈਂਟਰ ਅਤੇ ਬਲਾਕ ਮੈਂਟਰ ਨੇ ਵੱਖਰੇ ਵਰਗਾਂ ਲਈ ਢੁੱਕਵੇ ਪਾਠਕ੍ਰਮ ਦੀ ਚੋਣ ਕਰ ਕੇ ਬੜੀ ਹੀ ਸੰਜੀਦਗੀ ਨਾਲ ਮਿਹਨਤ ਕਰਵਾਈ।

ਸ਼ੈਲੇਂਦਰ ਠਾਕੁਰ ਜ਼ਿਲ੍ਹਾ ਇੰਚਾਰਜ ਸੁਧਾਰ ਟੀਮ ਅਨੁਸਾਰ ਪੂਰੇ ਪੰਜਾਬ ਵਿਚ ਪੰਜ ਵਿਸ਼ਾ ਮਾਹਿਰਾਂ ਦੀਆਂ 22 ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਵੱਲੋਂ ਬੱਚਿਆਂ ਦੇ ਪੜ੍ਹਨ ਪੱਧਰ ਵਿਚ ਖਲਲ ਪਾਉਣ ਵਾਲੀਆਂ ਸਮੱਸਿਆਵਾਂ ਨੂੰ ਮੌਕੇ 'ਤੇ ਹੀ ਹੱਲ ਕਰਨ ਦੀ ਕਾਰਜਸ਼ੈਲੀ ਚਰਚਾ ਦਾ ਵਿਸ਼ਾ ਰਹੀ ਹੈ। ਜ਼ਿਲ੍ਹਾ ਸੁਧਾਰ ਟੀਮਾਂ ਦੇ ਗਠਨ ਨੇ ਸਰਕਾਰੀ ਸਿਸਟਮ ਵਿਚ ਚੈਕਿੰਗ ਟੀਮਾਂ ਦੇ ਇੰਸਪੈਕਟਰੀ ਰਾਜ ਦੇ ਖ਼ਾਤਮੇ ਦੀ ਨੀਂਹ ਰੱਖੀ।

ਬੱਚਿਆਂ ਦੀ ਗਿਣਤੀ ਵਧਾਉਣ ਲਈ ਵਿਭਾਗ ਦੇ ਯਤਨ ਅਤੇ ਮਿਹਨਤ ਸ਼ਲਾਘਾਯੋਗ ਰਹੇ ਹੈ। ਇਕੱਲੇ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਹੀ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਸਰਕਾਰੀ ਸਕੂਲਾਂ ਵਿਚ ਦਾਖ਼ਲਾ ਲੈਣ ਵਾਲੇ ਬੱਚਿਆਂ ਦੀ ਗਿਣਤੀ 3000 ਦਾ ਅੰਕੜਾ ਪਹਿਲੇ ਮਹੀਨੇ ਹੀ ਪਾਰ ਕਰ ਗਈ। ਪ੍ਰਿੰਸੀਪਲ ਸ਼ਲਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡੇਫਤਿਹ ਸਿੰਘ (ਹੁਸ਼ਿਆਰਪੁਰ) ਨੇ ਆਪਣੇ ਬਲਬੂਤੇ ਸਰਕਾਰੀ ਸਮਾਰਟ ਸਕੂਲ ਬਣਾ ਕੇ ਬੱਚਿਆਂ ਦਾ ਦਾਖ਼ਲਾ ਪ੍ਰੀ-ਨਰਸਰੀ ਤੋਂ ਬਾਰ੍ਹਵੀਂ ਜਮਾਤ ਤਕ 434 ਤੋਂ ਵਧਾ ਕੇ 920 ਕਰ ਕੇ ਪੂਰੇ ਪੰਜਾਬ ਦੇ ਅਧਿਆਪਕਾਂ ਲਈ ਅਸੰਭਵ ਨੂੰ ਸੰਭਵ ਬਣਾ ਕੇ ਚਾਨਣ-ਮੁਨਾਰੇ ਦਾ ਕੰਮ ਕੀਤਾ ਹੈ। ਖ਼ਾਸ ਗੱਲ ਹੈ ਕਿ ਇਸ ਸਰਕਾਰੀ ਸਕੂਲ ਵਿਚ ਨਵਾਂ ਦਾਖ਼ਲਾ ਪ੍ਰੀਖਿਆ ਲੈ ਕੇ ਕੀਤਾ ਜਾ ਰਿਹਾ ਹੈ। ਦਾਖ਼ਲਾ ਮੁਹਿੰਮ ਨੂੰ ਸੰਪੂਰਨ ਰੂਪ ਵਿਚ ਨੇਪਰੇ ਚਾੜ੍ਹਨ ਲਈ ਇਸ ਪਾਸੇ ਵੀ ਸੂਖਮ ਯੋਜਨਾਬੰਦੀ ਦੀ ਲੋੜ ਹੈ। ਇਸ ਵਿਚ ਕੁਝ ਊਣਤਾਈਆਂ ਨੂੰ ਦੂਰ ਕਰ ਕੇ ਸਰਕਾਰੀ ਸਕੂਲਾਂ ਦੀ ਦਾਖ਼ਲਾ ਮੁਹਿੰਮ ਨੂੰ ਹੋਰ ਬਲ ਮਿਲੇਗਾ। ਮੌਜੂਦਾ ਮੁਹਿੰਮ ਦੌਰਾਨ ਸਕੂਲ ਮੁਖੀਆਂ, ਸੁਹਿਰਦ ਅਧਿਆਪਕਾਂ ਅਤੇ ਸੀਨੀਅਰ ਅਧਿਆਪਕ ਜੋ ਕਿ ਸਰਪਲੱਸ ਦੇ ਕੰਢੇ ਬੈਠੇ ਹਨ, ਦਾ ਯੋਗਦਾਨ ਹੀ ਮੁੱਖ ਰੂਪ ਵਿਚ ਦੇਖਣ ਨੂੰ ਮਿਲਿਆ। ਮਿਡਲ ਸਕੂਲਾਂ ਦੀ ਦਾਖ਼ਲਾ ਮੁਹਿੰਮ ਵੀ ਜ਼ੋਰ ਨਹੀ ਫੜ ਸਕੀ। ਵਿਭਾਗ ਨੂੰ ਇਸ ਪਾਸੇ ਖ਼ਾਸ ਮਾਪਦੰਡ ਨਿਰਧਾਰਤ ਕਰਨ ਦੀ ਲੋੜ ਹੈ ਤਾਂ ਕਿ ਦਾਖ਼ਲਾ ਮੁਹਿੰਮ ਸਿਰਫ਼ ਚੋਣਵੇਂ ਅਧਿਆਪਕਾਂ ਦਾ ਟੀਚਾ ਨਾ ਹੋ ਕੇ ਸਮੁੱਚੇ ਅਧਿਆਪਕਾਂ ਦੀ ਸਾਂਝੀ ਕੋਸ਼ਿਸ਼ ਨਾਲ ਨੇਪਰੇ ਚੜ੍ਹੇ। ਸਕੂਲਾਂ ਵਿਚ ਦਾਖਲਾ ਵਧਾਉਣ ਲਈ ਸਰਕਾਰੀ ਸਕੂਲਾਂ ਦੇ ਭਰੋਸੇ ਨੂੰ ਆਮ ਲੋਕਾਂ ਵਿਚ ਬਹਾਲ ਕਰ ਕੇ ਉਨ੍ਹਾਂ ਦੀ ਮਾਨਸਿਕਤਾ ਨੂੰ ਬਦਲਣ ਵਾਲੀ ਸੰਗਠਿਤ ਪਹੁੰਚ ਬਣਾਉਣਾ ਸਮੇਂ ਦੀ ਲੋੜ ਹੈ।

ਪ੍ਰਾਈਵੇਟ ਸਕੂਲਾਂ ਨਾਲ ਮੁਕਾਬਲੇਬਾਜ਼ੀ ਦੌਰਾਨ ਪਹਿਲਾ ਕਦਮ ਸਰਕਾਰੀ ਸਕੂਲਾਂ ਵੱਲੋਂ ਉਨ੍ਹਾਂ ਨੂੰ ਨਤੀਜਿਆਂ ਵਿਚ ਪਛਾੜ ਕੇ ਪੁੱਟਿਆ ਗਿਆ ਹੈ। ਮਿਆਰੀ ਸਿੱਖਿਆ ਦੇ ਪੱਧਰ ਨੂੰ ਕਾਇਮ ਰੱਖਣ ਤੇ ਹੋਰ ਪਰਪੱਕ ਕਰਨ ਲਈ ਅਜੇ ਵੀ ਕਈ ਉਮਦਾ ਯਤਨਾਂ ਦੀ ਲੋੜ ਹੈ। ਕਿਸੇ ਵੀ ਅਧਿਆਪਕ ਦੀ ਸੈਸ਼ਨ ਦੇ ਅੱਧ 'ਚ ਹੀ ਸੇਵਾਮੁਕਤੀ ਜਾਂ ਬਦਲੀ ਬੱਚਿਆਂ ਦੀ ਪੜ੍ਹਾਈ ਵਿਚ ਵੱਡੀ ਖੜੌਤ ਲਈ ਜ਼ਿੰਮੇਵਾਰ ਬਣਦੀ ਹੈ। ਇਸ ਕਮੀ ਨੂੰ ਦੂਰ ਕਰਨ ਲਈ ਉਦੋਂ ਹੀ ਅਸਥਾਈ ਤੌਰ 'ਤੇ ਉਸੇ ਇਲਾਕੇ ਦੇ ਕਿਸੇ ਬੇਰੁਜ਼ਗਾਰ ਅਧਿਆਪਕ ਦੀ ਨਿਯੁਕਤੀ ਕਰਨ ਲਈ ਪੱਕੇ ਤੌਰ 'ਤੇ ਫੰਡ ਜ਼ਿਲ੍ਹਾ ਪੱਧਰ 'ਤੇ ਕਾਇਮ ਕਰਨ ਦੀ ਲੋੜ ਹੈ ਤਾਂ ਕਿ ਕਿਸੇ ਵੀ ਸਕੂਲ ਵਿਚ ਅਜਿਹੇ ਹਾਲਾਤ ਨਾਲ ਨਿਬੜਨ ਅਤੇ ਬੱਚਿਆਂ ਦੀ ਪੜ੍ਹਾਈ ਨੂੰ ਬਿਨਾਂ ਕਿਸੇ ਨੁਕਸਾਨ ਦੇ ਜਾਰੀ ਰੱÎਖਿਆ ਜਾ ਸਕੇ।

ਸਿੱਖਿਆ ਸਕੱਤਰ ਦੀ ਕਿਆਦਤ ਵਿਚ ਸਰਕਾਰੀ ਸਕੂਲਾਂ ਦੀ ਅਕਸੀ ਫੱਬਤ ਦੀ ਮੁੜ ਬਹਾਲੀ ਵਿੱਤੀ ਬੋਝ ਕਾਰਨ ਦੱਬੇ ਵਰਗਾਂ ਦੇ ਬੱਚਿਆਂ ਲਈ ਇਕ ਨਵੀਂ ਉਮੀਦ ਲੈ ਕੇ ਆਈ ਹੈ। ਤੁਰੰਤ ਫ਼ੈਸਲੇ ਲੈ ਕੇ ਸਿੱਖਿਆ ਸੁਧਾਰਾਂ ਲਈ ਤਤਪਰ ਰਹਿਣ ਵਾਲੇ ਅਜਿਹੇ ਆਹਲਾ ਅਫ਼ਸਰਾਂ ਤੋਂ ਆਸ ਹੈ ਕਿ ਉਹ ਬੱਚਿਆਂ ਦੀ ਪੜ੍ਹਾਈ ਦੇ ਰਸਤੇ ਵਿਚ ਸਕੂਲ ਮੁਖੀਆਂ ਨੂੰ ਦਰਪੇਸ਼ ਵਿੱਤੀ ਤੇ ਹੋਰ ਬੁਨਿਆਦੀ ਮੁਸ਼ਕਲਾਂ ਨੂੰ ਵੀ ਪਹਿਲ ਦੇ ਆਧਾਰ 'ਤੇ ਹੱਲ ਕਰਨਗੇ।

-ਮੋਬਾਈਲ ਨੰ. : 94171-242017

-

Posted By: Sukhdev Singh