-ਸਵਰਨਜੀਤ ਸਵੀ

ਬੀਤੇ ਦਿਨੀਂ ਮੇਰੇ ਅਧਿਆਪਕ, ਰਹਿਨੁਮਾ, ਮਿੱਤਰ ਗੁਰਬਚਨ ਸਿੰਘ ਗਰੇਵਾਲ (ਮਾਸਟਰ ਜੀ) (ਪ੍ਰਿੰਸੀਪਲ/ਡਾਇਰੈਕਟਰ, ਮਾਸਟਰ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਅਤੇ ਕਾਲਜ, ਸ਼ਿਮਲਾਪੁਰੀ, ਲੁਧਿਆਣਾ) ਚਲਾਣਾ ਕਰ ਗਏ ਸਨ। ਉਨ੍ਹਾਂ ਦਾ ਸਦਾ ਲਈ ਤੁਰ ਜਾਣ ਦਾ ਦਿਨ ਮੇਰੀ ਜ਼ਿੰਦਗੀ ਦੇ 62 ਸਾਲਾਂ ਵਿਚ ਮਾਂ, ਨਾਨੀ ਤੇ ਭੈਣ ਦੇ ਜਾਣ ਤੋਂ ਬਾਅਦ ਚੌਥਾ ਉਹ ਦਿਨ ਹੈ ਜਿੱਥੇ ਚੁੱਪ/ਉਦਾਸੀ/ਬੇਵੱਸੀ/ਖਲਾਅ ਵੀ ਬੇਮਾਅਨੇ ਹੋ ਜਾਂਦੇ ਨੇ।

‘ਮਾਸਟਰ ਜੀ’ ਸਹੀ ਅਰਥਾਂ ਵਿਚ ਇਸ ਉਪਾਧੀ (ਮੈਨੂੰ ਇਹ ਸ਼ਬਦ ਨੌਕਰੀ ਦੀ ਥਾਂ ਸਮਾਜ ਵੱਲੋਂ ਦਿੱਤੀ ਉਪਾਧੀ ਲੱਗਦਾ ਹੈ, ਹਾਲਾਂਕਿ ਅੱਜ ਅਸੀਂ ਆਲੇ-ਦੁਆਲੇ ਇਸ ਨੂੰ ਕਰੀਅਰ ਅਤੇ ਪ੍ਰੋਮੋਸ਼ਨ ਲਈ ਵਰਤੇ ਜਾ ਰਹੇ ਔਜ਼ਾਰ ਵਜੋਂ ਜ਼ਿਆਦਾ ਦੇਖਦੇ ਹਾਂ) ਦੇ ਯੋਗ ਸਨ। ਮੈਂ 1972 ’ਚ ਉਨ੍ਹਾਂ ਕੋਲ ਵਿਸ਼ਵਕਰਮਾ ਸਕੂਲ ’ਚ ਪੜ੍ਹਦਾ ਸਾਂ। ਉਦੋਂ ਹੀ ਉਨ੍ਹਾਂ ਬਾਰੇ ਕਿਹਾ ਜਾਂਦਾ ਸੀ ਕਿ ਉਹ ਆਪਣੀ ਤਨਖ਼ਾਹ ਦਾ ਅੱਧ ਤੋਂ ਵੱਧ ਹਿੱਸਾ ਤਾਂ ਗਰੀਬ ਬੱਚਿਆਂ ਦੀ ਫੀਸ, ਕਿਤਾਬਾਂ ਜਾਂ ਕੱਪੜਿਆਂ ’ਤੇ ਖ਼ਰਚ ਕਰ ਦਿੰਦੇ ਸਨ। ਮੈਂ ਕਾਲਜ ਚਲਾ ਗਿਆ ਅਤੇ ਮਾਸਟਰ ਜੀ ਨੇ ਆਪਣਾ ਅਲੱਗ ਸਕੂਲ ਸ਼ੁਰੂ ਕਰ ਲਿਆ। ਅਕੀਦਾ ਨਾ ਬਦਲਿਆ। ਗਰੀਬ ਤੇ ਲੋੜਵੰਦ ਬੱਚਿਆਂ ਨੂੰ ਮੁਫ਼ਤ ਵਿੱਦਿਆ ਦੇਣੀ। ਇਸ ਅਕੀਦੇ ਨੂੰ ਲੋਕਾਂ ਵੱਲੋਂ ਮੁਹੱਬਤ ਵੀ ਮਿਲੀ।

ਉਨ੍ਹਾਂ ਦੀ ਦੇਖ-ਰੇਖ ਹੇਠ ਚਾਰ ਸਕੂਲ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸ਼ਿਮਲਾਪੁਰੀ, ਲੁਧਿਆਣਾ, ਡੀਜੀਐੱਸ ਜੀ ਸਕੂਲ ਸ਼ਿਮਲਾਪੁਰੀ, ਨਨਕਾਣਾ ਸਾਹਿਬ ਪਬਲਿਕ ਸਕੂਲ ਜਨਤਾ ਨਗਰ, ਗੁਰੂ ਨਾਨਕ ਸੀ. ਸੈ. ਸਕੂਲ ਪ੍ਰਭਾਤ ਨਗਰ ਲੁਧਿਆਣਾ ਸਫਲਤਾਪੂਰਵਕ ਚੱਲ ਰਹੇ ਹਨ। ਉੱਥੇ 5700 ਤੋਂ ਵੱਧ ਬੱਚੇ ਪੜ੍ਹਦੇ ਹਨ। ਇਨ੍ਹਾਂ ’ਚੋਂ 40 ਫ਼ੀਸਦੀ ਬੱਚੇ ਲੋੜਵੰਦ ਤੇ ਗਰੀਬ ਤਬਕੇ ਦੇ ਹਨ ਜਿਨ੍ਹਾਂ ਨੂੰ ਮੁਫ਼ਤ ਪੜ੍ਹਾਈ ਕਰਵਾਈ ਜਾਂਦੀ ਹੈ। ਮਾਸਟਰ ਜੀ ਦੀ ਇਕ ਹੋਰ ਖ਼ਾਸੀਅਤ ਇਹ ਸੀ ਕਿ ਉਹ ਜਿੱਥੇ ਨਰਮ-ਦਿਲ, ਹਮਦਰਦ ਤੇ ਹੱਸਮੁੱਖ ਸਨ, ਉੱਥੇ ਹੀ ਅਨੁਸ਼ਾਸਨ ਦੇ ਮਾਮਲੇ ’ਚ ਸਖ਼ਤ ਵੀ ਸਨ। ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸ਼ਿਮਲਾਪੁਰੀ ਲੁਧਿਆਣਾ ਦੇ ਵਿਦਿਆਰਥੀ ਹਰ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਮੈਰਿਟ ਲਿਸਟਾਂ ’ਚ ਚਮਕਦੇ ਹਨ ਅਤੇ ਸਕੂਲ ਦੀਆਂ ਹਾਕੀ ਤੇ ਬੈਡਮਿੰਟਨ ਦੀਆਂ ਸ਼ਕਤੀਸ਼ਾਲੀ ਟੀਮਾਂ ਵੀ ਹਨ। ਇਕ ਗੁਰੂ ਦਾ ਬਚਪਨ ਤੋਂ ਚੌਥੀ ਰੁੱਤ ਤਕ ਦਾ ਸਾਥ ਕਿੰਨੇ ਆਯਾਮ/ਰੂਪ ਬਦਲਦਾ ਹੈ ਇਸ ਦੀ ਸਮਝ ਮਾਸਟਰ ਜੀ ਨਾਲ ਬੀਤੇ ਪਲਾਂ ਦੀ ਮੇਰੀ ਵਹੀ ’ਚ ਹੀ ਦਰਜ ਹੈ। ਸੰਨ 1972 ’ਚ ਮੈਂ ਵਿਸ਼ਵਕਰਮਾ ਸਕੂਲ ਢੋਲੇਵਾਲ, ਲੁਧਿਆਣਾ ਵਿਚ ਸੱਤਵੀਂ ਜਮਾਤ ਦਾ ਮੋਨੀਟਰ ਸਾਂ। ਇਕ ਦਿਨ ਮੇਰੀ ਡਿਊਟੀ ਪੜ੍ਹਾਉਣ ਅਤੇ ਕੰਟਰੋਲ ਕਰਨ ਦੀ ਲਾ ਕੇ ਮਾਸਟਰ ਜੀ ਕੰਮ ਚਲੇ ਗਏ। ਮੈਂ ਕਲਾਸ ਨੂੰ ਪੜ੍ਹਾਉਣ ਲੱਗਾ ਤਾਂ ਮੇਰੇ ਤੋਂ ਡੇਢੇ ਕੱਦ ਦਾ ਹਮ-ਜਮਾਤੀ ਰੌਲਾ ਪਾਉਣ ਲੱਗਾ। ਧਿਆਨ ਵੰਡਿਆ ਗਿਆ ਤੇ ਅਧੂਰਾ ਸਵਾਲ ਉਲਝ ਗਿਆ। ਸਰ ਆਏ ਅਤੇ ਬੋਰਡ ’ਤੇ ਮੇਰੀ ਗ਼ਲਤੀ ਦੇਖੀ ਤੇ ਸੱਜੇ ਹੱਥ ਦਾ ਕੜਾ ਕੂਹਣੀ ਤਕ ਚੜ੍ਹਾ ਲਿਆ। ਮੋਨੀਟਰ ਦੇ ਕੰਨ ’ਤੇ ਢਿੱਲੇ ਲਟਕਦੇ ਹੱਥ ਨਾਲ ਮੇਰੀ ਜ਼ਿੰਦਗੀ ਦਾ ਕਿਸੇ ਟੀਚਰ ਵੱਲੋਂ ਪਹਿਲਾ ਤੇ ਆਖ਼ਰੀ ਥੱਪੜ ਪਿਆ।

ਮੈਂ ਤਿੰਨ ਡੈਸਕ ਪਿੱਛੇ ਜਾ ਡਿੱਗਿਆ। ਐੱਮਏ ਦੌਰਾਨ ਗਿੱਲ ਚੌਕ ਦੀ ਹੀਰਾ ਕਲੱਬ ’ਚ ਵੇਟਲਿਫਟਿੰਗ ਦੇ ਸੈਸ਼ਨ ਤੋਂ ਬਾਅਦ ਮੈਂ ਚੌਕ ’ਚ ਸਰ ਨੂੰ ਅੰਗਰੇਜ਼ੀ ਦੇ ਮਾਸਟਰ ਸ਼ੇਰ ਸਿੰਘ ਨਾਲ ਦੇਖਿਆ ਤੇ ਝੁਕ ਕੇ ਸਤਿ ਸ੍ਰੀ ਅਕਾਲ ਬੁਲਾਈ। ਇਕ-ਡੇਢ ਮਿੰਟ ਦੀ ਚੁੱਪ ਤੋਂ ਬਾਅਦ ਕਹਿੰਦੇ, “ਵਿਦਿਆਰਥੀ ਸਕੂਲ ਤੋਂ ਬਾਅਦ ਬਹੁਤ ਬਦਲ ਜਾਂਦੇ ਨੇ ਪਰ ਤੂੰ ਸਵਰਨਜੀਤ ਹੈਂ ਨਾ?” ਮੈਂ ਹੈਰਾਨ ਸੀ ਕਿ ਸਰ ਨੇ ਪਛਾਣ ਕਿਵੇਂ ਲਿਆ। ਮੇਰੇ ਦਾੜ੍ਹੀ-ਮੁੱਛਾਂ ਵੀ ਆ ਗਈਆਂ ਸਨ ਪਰ ਮਾਸਟਰ ਜੀ ਤਾਂ ਉਹੋ ਜਿਹੇ ਹੀ ਸਨ ਜਿਵੇਂ ਸਕੂਲ ਵੇਲੇ ਬੈਡਮਿੰਟਨ ਖੇਡਦੇ ਲੱਗਦੇ ਸਨ। ਇਹ ਗੱਲ 1979-80 ਦੀ ਹੈ। ਫਿਰ 1985 ’ਚ ਮੈਂ ਅਰਬਨ ਅਸਟੇਟ ਦੁੱਗਰੀ ਵਿਖੇ ਗਾਇਕ ਦੋਸਤ ਤੇ ਸਰਕਾਰੀ ਕਾਲਜ ਦੇ ਸੀਨੀਅਰ ਕਾਲਜਮੇਟ ਜਸਵੰਤ ਸਦੀਲੇ ਦਾ ਕਿਰਾਏਦਾਰ ਸਾਂ ਅਤੇ ਇਕ ਸ਼ਾਮ ਭਾਅ ਮੈਨੂੰ ਸ਼ਾਮ ਦੀ ਮਹਿਫ਼ਲ ’ਚ ਨਾਲ ਲੈ ਗਿਆ। ਮੇਰੀ ਹੈਰਾਨੀ ਦੀ ਹੱਦ ਨਾ ਰਹੀ ਕਿ ਸਾਡੇ ਹੋਸਟ ਮਾਸਟਰ ਜੀ ਸਨ। ਮੈਂ ਪੈਰੀਂ ਪੈਣਾ ਕੀਤਾ ਤੇ ਸੰਦੀਲਾ ਭਾਅ ਨੇ ਦੱਸਿਆ ਕਿ ਇਹ ਸਾਡਾ ਕਵੀ ਹੈ ਸਵਰਨਜੀਤ ਸਵੀ। ਸਰ ਕਹਿੰਦੇ, ‘ਮੇਰਾ ਤਾਂ ਸਵਰਨਜੀਤ ਹੈ।’ ਮੈਂ ਇਕ ਵਾਰ ਫਿਰ ਚਰਨ ਵੰਦਨਾ ਕੀਤੀ। ਫਿਰ ਉਨ੍ਹਾਂ ਦੇ ਘਰ ਦੀਆਂ ਮਹਿਫ਼ਲਾਂ ’ਚ ਮੈਂ ਸੁਰਜੀਤ ਪਾਤਰ, ਅਮਰਜੀਤ ਗਰੇਵਾਲ, ਦੀਦਾਰ ਪਰਦੇਸੀ ਤੇ ਹੋਰ ਕਈ ਦੋਸਤਾਂ ਨੂੰ ਵੀ ਲੈ ਕੇ ਗਿਆ। ਸ਼ਾਇਰੀ ਤੇ ਗਾਇਕੀ ਦੀਆਂ ਯਾਦਗਾਰੀ ਮਹਿਫ਼ਲਾਂ ਦਾ ਹਰ ਮਹੀਨੇ ਪੂਰਨਮਾਸ਼ੀ ਦੀ ਚਾਨਣੀ ’ਚ ਵੱਖਰਾ ਹੀ ਨਸ਼ਾ ਹੁੰਦਾ। ਉਨ੍ਹਾਂ ਨੇ ਹੀ ਮੈਨੂੰ ਇਹ ਘਰ ਦਿਵਾਇਆ ਜਿੱਥੇ ਮੈਂ ਅੱਜ ਰਹਿੰਦਾ ਹਾਂ। ਘਰ ਦਾ ਕਾਫ਼ੀ ਕੰਮ ਕਰਨਾ ਸੀ ਅਤੇ ਮੈਂ ਭਦੌੜ ਹਾਊਸ ਕੈਸੇਟਾਂ ਦੇ ਕਵਰ ਡਿਜ਼ਾਈਨ ਕਰਨ ਵਿਚ ਬਹੁਤ ਰੁੱਝਿਆ ਰਹਿੰਦਾ ਸਾਂ। ਮਾਸਟਰ ਜੀ ਨੇ ਕਿਹਾ “ਤੂੰ ਦੱਸ ਦੇ ਕੀ ਅਤੇ ਕਿਵੇਂ ਕਰਨਾ ਹੈ? ਮੈਂ ਤੇ ਨਿਰਮਲ (ਉਨ੍ਹਾਂ ਦਾ ਗੁਆਂਢੀ ਮਿੱਤਰ ਤੇ ਹਾਊਸ ਬਿਲਡਰ) ਕੰਮ ਕਰ ਦਿਆਂਗੇ। ਇਕ ਰਿਣ ਤਾਂ ਇਹ ਕਿ ਮੇਰੇ ਗੁਰੂ ਮੇਰੇ ਘਰ ਦਾ ਕੰਮ ਕਰਵਾ ਰਹੇ, ਦੂਜਾ ਜਦੋਂ ਮੈਂ ਕਹਾਂ ਸਰ, ਪੈਸੇ ਕਿੰਨੇ ਲੱਗ ਗਏ ਤਾਂ ਕੋਈ ਪੱਲਾ ਨਾ ਫੜਾਉਣ। ਬਾਥਰੂਮ ਤੇ ਕਮਰਿਆਂ ਦੀ ਤਿਆਰੀ ਹੋ ਗਈ।

ਮੈਂ ਕਿਹਾ, ‘‘ਸਰ ਮੇਰੇ ਕੋਲ ਦੋ ਕੁ ਲੱਖ ਰੁਪਏ ਨੇ। ਕੰਮ ਏਨੇ ’ਚ ਹੋਜੂ?’’ ਉਹ ਕਹਿਣ ਲੱਗੇ, ‘‘ਹੋ ਜੂ, ਕਿਉਂ ਚਿੰਤਾ ਕਰੀ ਜਾਨਾਂ? ਮਹੀਨੇ ਕੁ ਬਾਅਦ ਰੰਗ ਹੋ ਰਿਹਾ ਸੀ। ਸੁਨੇਹਾ ਆਇਆ ਕਿ ਸਵੀ ਰੰਗ ਦੇਖ ਲੈ ਸਵੇਰੇ। ਪਹਿਲੀ ਮੰਜ਼ਿਲ ਦੇ ਦੋਵੇਂ ਕਮਰੇ, ਡਰਾਇੰਗ ਰੂਮ ਤੇ ਕਿਚਨ ਰੰਗੇ ਗਏ ਸਨ। ਮੇਰੇ ਕੋਲ ਪੌਣੇ ਦੋ ਲੱਖ ਰੁਪਏ ਪਏ ਸਨ। ਸ਼ਾਮ ਨੂੰ ਮੈਂ ਘਰ ਜਾ ਕੇ ਸਰ ਨੂੰ ਧੱਕੇ ਨਾਲ ਰੁਪਏ ਫੜਾ ਕੇ ਬੇਨਤੀ ਕੀਤੀ ਕਿ ਖ਼ਰਚਾ ਕਿੰਨਾ ਹੋ ਗਿਆ ਦੱਸ ਦਿਓ। ਕੋਈ ਜਵਾਬ ਨਾ ਮਿਲਣ ’ਤੇ ਮੈਂ ਮੈਡਮ ਕੋਲ ਗਿਆ ਤੇ ਕਿਹਾ ਕਿ ਤੁਸੀਂ ਹੀ ਸਰ ਨੂੰ ਕਹੋ ਕਿ ਦੱਸ ਦੇਣ। ਉਨ੍ਹਾਂ ਦੇ ਇਸ਼ਾਰੇ ਤੋਂ ਲੱਗਾ ਕਿ ਸਰ ਨੇ ਮਨ੍ਹਾ ਕੀਤਾ ਹੈ। ਇਕ ਦਿਨ ਸਰ ਦੀ ਗ਼ੈਰ-ਹਾਜ਼ਰੀ ’ਚ ਪੁੱਛਿਆ ਤਾਂ ਕਹਿੰਦੇ ਕਿ ਕਮਰੇ ’ਚ ਘੜੇ ’ਚ ਪਰਚੀਆਂ ਸੁੱਟ ਦਿੰਦੇ ਨੇ। ਇਕ ਦਿਨ ਮੈਂ ਪ੍ਰੋ. ਮਹਿੰਦਰ ਸਿੰਘ (ਸਰ ਤੇ ਮੇਰੇ ਟੀਚਰ ਅਤੇ ਮੇਰੇ ਬਜ਼ੁਰਗ ਦੋਸਤ) ਤੇ ਨਿਰਮਲ ਭਾਅ ਨੇ ਘੜਾ ਫਰੋਲ ਕੇ ਪਰਚੀਆਂ ਕੱਢੀਆਂ। ਦੋ ਦਿਨ ਪਿੱਛੋਂ ਪਤਾ ਲੱਗਾ ਕਿ ਸਾਢੇ ਤਿੰਨ ਤੋਂ ਉੱਪਰ ਤਾਂ ਲੱਗ ਗਿਆ। ਜਦੋਂ ਸਰ ਨੂੰ ਇਸ ਬਾਰੇ ਪਤਾ ਲੱਗਾ ਕਿ ਅਸੀਂ ਪਰਚੀਆਂ ਦੇਖ ਲਈਆਂ ਹਨ ਤਾਂ ਉਹ ਗੁੱਸੇ ਹੋਏ। ਕੁੱਲ ਸਾਢੇ ਚਾਰ ਲੱਖ ਉਨ੍ਹਾਂ ਨੇ ਲਾ ਦਿੱਤਾ ਜੋ ਮੈਂ ਹੌਲੀ-ਹੌਲੀ ਤਾਰਿਆ। ਇਹ ਹੈ ਮੇਰੇ ਗੁਰੂ ਦਾ ਪਿਆਰ। ਵੀਹ ਦਸੰਬਰ 2012 ਦੀ ਸਵੇਰ ਸੀ। ਪੀਏਯੂ ਦੇ ਚੌਕ ’ਚ ਮੈਂ ਗੋਲਡ-ਮੈਡਲ ਜੁਬਲੀ ਮਾਨੂਮੈਂਟ ਬਣਾਇਆ। ਉਸ ਦੀ ਉਦਘਾਟਨੀ ਰਸਮ ’ਤੇ ਸਰ ਦੋਸਤਾਂ ਦੇ ਸਾਮ੍ਹਣੇ ਕਹਿੰਦੇ, ‘‘ਪਹਿਲਾਂ ਮੈਂ ਸਵੀ ਦਾ ਗੁਰੂ ਸੀ, ਹੁਣ ਇਹ ਮੇਰਾ ਗੁਰੂ ਹੈ।’’ ਅੱਖਾਂ ਅੱਜ ਵੀ ਉਵੇਂ ਭਰੀਆਂ ਨੇ...। ਅਲਵਿਦਾ ਗੁਰੂਦੇਵ!

-ਮੋਬਾਈਲ ਨੰ. : 98766-68999

Posted By: Susheel Khanna