ਪਿਛਲੇ ਸਾਲ ਦੀਆਂ ਸਰਦੀਆਂ ਦੀ ਗੱਲ ਹੈ। ਦਸੰਬਰ ਦਾ ਪੂਰਾ ਮਹੀਨਾ ਕੜਾਕੇ ਦੀ ਠੰਢ ਬਾਰਿਸ਼ ਤੇ ਠੰਢੀਆਂ ਬਰਫ਼ੀਲੀਆਂ ਹਵਾਵਾਂ ਦੀ ਲਪੇਟ ’ਚ ਹੀ ਗੁਜ਼ਰਿਆ। ਮੈਂ ਵੀ ਇਸ ਠੰਢ ਦੀ ਸ਼ਿਕਾਰ ਹੋ ਗਈ। ਖਾਂਸੀ, ਜ਼ੁਕਾਮ, ਗਲਾ ਖ਼ਰਾਬ, ਬੁਖਾਰ ਵੀ ਜੋ ਕਦੇ ਚੜ੍ਹ ਜਾਂਦਾ, ਕਦੇ ਉਤਰ ਜਾਂਦਾ ਪਰ ਠੀਕ ਹੋਣ ’ਚ ਨਹੀਂ ਸੀ ਆ ਰਿਹਾ। ਹਸਪਤਾਲ ਜਾਣ ਤੋਂ ਘਬਰਾਉਂਦੀ ਸਾਂ, ਜਾਂਦਿਆਂ ਹੀ ਉਨ੍ਹਾਂ ਨੇ ਕੋਰੋਨਾ ਦਾ ਠੱਪਾ ਲਾ ਕੇ ਦਾਖ਼ਲ ਕਰ ਲੈਣਾ ਸੀ ਪਰ ਜਦ ਬਿਮਾਰੀ ਵਧ ਗਈ ਤਾਂ ਜਾਣਾ ਹੀ ਪਿਆ। ਡਾਕਟਰ ਨੇ ਚੈੱਕ ਕਰ ਕੇ ਕਈ ਟੈਸਟ ਲਿਖ ਦਿੱਤੇ ਤੇ ਤੁਰੰਤ ਕਰਵਾ ਕੇ ਰਿਪੋਰਟ ਦਿਖਾਉਣ ਲਈ ਕਿਹਾ। ਰਿਪੋਰਟਾਂ ਮਿਲਦਿਆਂ ਨੂੰ ਲੰਚ ਟਾਈਮ ਹੋ ਗਿਆ ਤੇ ਡਾਕਟਰ ਲੰਚ ਲਈ ਚਲਾ ਗਿਆ। ਉਹ ਚਾਰ ਵਜੇ ਵਾਪਸ ਆਇਆ। ਉਸ ਨੇ ਰਿਪੋਰਟਾਂ ਦੇਖ ਕੇ ਅਗਲੇ ਅੱਧੇ ਘੰਟੇ ’ਚ ਮੈਨੂੰ ਦਵਾਈਆਂ ਲਿਖ ਕੇ ਦੇ ਦਿੱਤੀਆਂ ਤੇ ਮੈਂ ਵਿਹਲੀ ਹੋ ਗਈ। ਪੰਜ ਵੱਜ ਚੁੱਕੇ ਸਨ। ਬਹੁਤ ਥੱਕ ਗਈ ਸਾਂ ਤੇ ਭੁੱਖ ਵੀ ਲੱਗੀ ਹੋਈ ਸੀ। ਬੜੀ ਮੁਸ਼ਕਲ ਨਾਲ ਸੜਕ ’ਤੇ ਆ ਕੇ ਆਟੋ ਰਿਕਸ਼ਾ ਦਾ ਇੰਤਜ਼ਾਰ ਕਰਨ ਲੱਗ ਪਈ। ਇਕ ਬੀਬੀ ਸੜਕ ਕੰਢੇ ਫ਼ਲਾਂ ਦੀ ਦੁਕਾਨ ਲਾਈ ਬੈਠੀ ਸੀ।

ਉਹ ਮੈਨੂੰ ਖੜ੍ਹੀ ਦੇਖ ਕੇ ਬੋਲੀ, ਮੈਡਮ ਹਸਪਤਾਲੋਂ ਆਏ ਹੋ। ਬਿਮਾਰ ਲੱਗਦੀ ਹੋ, ਖੜ੍ਹੀ-ਖੜ੍ਹੀ ਥੱਕ ਜਾਓਗੀ, ਲੈ ਇਸ ਕੁਰਸੀ ’ਤੇ ਬੈਠ ਜਾ ਕਹਿ ਕੇ ਉਸ ਨੇ ਆਪਣੀ ਕੁਰਸੀ ਮੈਨੂੰ ਦੇ ਦਿੱਤੀ ਤੇ ਖ਼ੁਦ ਕੋਲ ਪਏ ਸਟੂਲ ’ਤੇ ਬੈਠ ਗਈ। ਮੈਨੂੰ ਸੱਚਮੁੱਚ ਹੀ ਬੈਠਣ ਦੀ ਲੋੜ ਸੀ। ਉਹ ਕੋਈ 50-55 ਸਾਲ ਦੀ ਅਧੇੜ ਉਮਰ ਦੀ ਔਰਤ ਸੀ। ਮੋਢੇ ਭਾਰੇ ਸਵੈਟਰ ਤੇ ਸਿਰ ਗਰਮ ਟੋਪੀ ਨਾਲ ਢਕਿਆ ਉਸ ਦਾ ਮੂੰਹ ਮਾੜਾ-ਮਾੜਾ ਹੀ ਦਿਖਦਾ ਸੀ। ਮੈਂ ਉਸ ਦਾ ਧੰਨਵਾਦ ਕੀਤਾ ਤੇ ਉਸ ਦੀ ਹਮਦਰਦੀ ਦੇਖ ਕੇ ਬਾਗੋ-ਬਾਗ ਹੋ ਗਈ। ਮੈਂ ਸੋਚਿਆ ਕਿ ਇਸ ਬੀਬੀ ਨੇ ਮੇਰੇ ਨਾਲ ਇੰਨਾ ਵਧੀਆ ਸਲੂਕ ਕੀਤਾ ਹੈ, ਮੈਨੂੰ ਵੀ ਇਸ ਲਈ ਕੁਝ ਕਰਨਾ ਚਾਹੀਦਾ ਹੈ। ਮੈਂ ਕਿਹਾ, ‘‘ਭੈਣ! ਤੂੰ ਮੈਨੂੰ ਇਕ ਦਰਜਨ ਕੇਲੇ, ਇਕ ਕਿੱਲੋ ਸੇਬ ਤੇ ਇਕ ਕਿੱਲੋ ਕਿਨੂੰ ਦੇਦੇ। ਆਪੇ ਤੂੰ ਛਾਂਟ ਕੇ ਚੰਗੇ-ਚੰਗੇ ਲਿਫ਼ਾਫ਼ਿਆਂ ’ਚ ਪਾ ਦੇ, ਮੇਰੇ ਕੋਲੋਂ ਤਾਂ ਉੱਠਿਆ ਨਹੀਂ ਜਾਂਦਾ।’’ ਉਸ ਨੇ ਝਟਪਟ ਪਾ ਕੇ ਮੈਨੂੰ ਫੜਾ ਦਿੱਤੇ। ਏਨੇ ਨੂੰ ਆਟੋ ਰਿਕਸ਼ਾ ਆ ਗਿਆ। ਫ਼ਲਾਂ ਦੇ ਪੈਸੇ ਲੈ ਕੇ ਉਸ ਨੇ ਮੈਨੂੰ ਰਿਕਸ਼ੇ ’ਚ ਬਿਠਾ ਦਿੱਤਾ ਤੇ ਦੋਨੋਂ ਲਿਫ਼ਾਫ਼ੇ ਮੇਰੇ ਕੋਲ ਰੱਖ ਦਿੱਤੇ। ਮੈਂ ਫਿਰ ਉਸ ਦਾ ਧੰਨਵਾਦ ਕੀਤਾ। ਦਿਨ ਤਾਂ ਉਹ ਲਗਪਗ ਖ਼ਤਮ ਹੋ ਹੀ ਗਿਆ ਸੀ, ਥੱਕੀ ਹੋਈ ਮੈਂ ਜਲਦੀ ਹੀ ਸੌਂ ਗਈ। ਅਗਲੇ ਦਿਨ ਜਦ ਮੈਂ ਲਿਫ਼ਾਫ਼ਿਆਂ ’ਚੋਂ ਫ਼ਲ ਕੱਢ ਕੇ ਫਰਿੱਜ ’ਚ ਰੱਖਣ ਲੱਗੀ ਤਾਂ ਮੈਂ ਹੱਕੀ-ਬੱਕੀ ਰਹਿ ਗਈ। ਫ਼ਲ ਸਾਰੇ ਹੀ ਖ਼ਰਾਬ-ਕੇਲੇ ਸੜੇ ਹੋਏ, ਕਿੰਨੂੰਆਂ ਨੂੰ ਉੱਲੀ ਲੱਗੀ ਹੋਈ ਸੀ ਤੇ ਸੇਬ ਕੱਚੇ ਤੇ ਫਿੱਕੇ-ਫਿੱਕੇ ਸਨ। ਪਤਾ ਨਹੀਂ ਉਸ ਨੇ ਕਿੱਥੋਂ ਕੱਢ ਕੇ ਮੈਨੂੰ ਦਿੱਤੇ ਸਨ। ਬੜਾ ਗੁੱਸਾ ਆਇਆ ਬਈ ਮੈਂ ਉਸ ਦੇ ਭਰੋਸੇ ਦੇਖੇ ਨਹੀਂ ਤੇ ਉਸ ਨੇ ਮੇਰੇ ਨਾਲ ਇਹ ਧੋਖਾ ਕੀਤਾ। ਅਗਲੇ ਦਿਨ ਹਸਪਤਾਲ ਜਾਣ ਲੱਗੀ, ਸਾਰੇ ਸੜੇ ਹੋਏ ਫ਼ਲ ਨਾਲ ਲੈ ਲਏ ਤੇ ਜਾ ਕੇ ਉਸ ਨੂੰ ਦਿਖਾਏ। ਉਹ ਬਿਲਕੁਲ ਡਰੀ ਨਹੀਂ। ਮੈਂ ਜਦ ਗੁੱਸੇ ਨਾਲ ਬੋਲੀ, ‘‘ਮੈਂ ਹੁਣੇ ਉਸ ਪਰ੍ਹਾਂ ਖੜੇ੍ਹ ਪੁਲਿਸ ਵਾਲੇ ਨੂੰ ਬੁਲਾ ਕੇ ਤੇਰਾ ਠੇਲ੍ਹਾ ਚੁਕਵਾਉਂਦੀ ਹਾਂ ਬਈ ਤੁਸੀਂ ਗਾਹਕਾਂ ਨੂੰ ਇਸ ਤਰ੍ਹਾਂ ਲੁੱਟਦੇ ਹੋ।’’ ਤਾਂ ਉਹ ਮੁਸਕਰਾ ਕੇ ਬੋਲੀ, ‘‘ਮੈਂ ਤਾਂ, ਇਸ ਦਾ ਇੰਤਜ਼ਾਮ ਪਹਿਲਾਂ ਹੀ ਕੀਤਾ ਹੋਇਆ ਹੈ! ਸਵੇਰੇ ਆਉਂਦੀਆਂ ਹੀ ਇਕ ਫ਼ਲਾਂ ਦਾ ਲਿਫ਼ਾਫ਼ਾ ਉਸ ਨੂੰ ਫੜਾ ਦਿੰਦੀ ਹਾਂ। ਮੈਂ ਉਵੇਂ ਹੀ ਗਲੇ-ਸੜੇ ਫ਼ਲਾਂ ਦੇ ਲਿਫ਼ਾਫ਼ੇ ਰਿਕਸ਼ੇ ’ਚ ਰੱਖ ਕੇ ਅੱਗੇ ਨੂੰ ਤੁਰ ਪਈ ਕਿਉਂਕਿ ਉਹ ਉੱਥੇ ਸੜਕ ’ਤੇ ਸੁੱਟੇ ਵੀ ਨਹੀਂ ਸੀ ਜਾ ਸਕਦੇ। ਪਰ ਲੋਕ ਕੇਵਲ ਅਜਿਹੇ ਧੋਖੇਬਾਜ਼ ਹੀ ਨਹੀਂ ਹੁੰਦੇ, ਚੰਗੇ ਵੀ ਹੁੰਦੇ ਹਨ।

ਉਨ੍ਹਾਂ ਦੀ ਵੀ ਗੱਲ ਮੈਂ ਤੁਹਾਨੂੰ ਦੱਸਣ ਲੱਗੀ ਹਾਂ। ਕੋਰੋਨਾ ਦੇ ਫੈਲਣ ਤੋਂ ਪਹਿਲਾਂ ਦੀ ਗੱਲ ਹੈ। ਮੇਰਾ ਪਾਸਪੋਰਟ ਗੁੰਮ ਹੋ ਗਿਆ ਸੀ। ਫਲਾਈਟ ਤੋਂ ਦੋ ਘੰਟੇ ਪਹਿਲਾਂ ਏਅਰਪੋਰਟ ’ਤੇ ਪਹੁੰਚਣ ਦੀ ਸ਼ਰਤ ਮੁਤਾਬਕ ਲੇਟ ਪਹੁੰਚਣ ਕਰ ਕੇ ਮਸਾਂ ਚੈੱਕ ਕਰਾਉਣ ਦੀ ਹੜਬੜੀ ’ਚ ਉਹ ਉੱਥੇ ਹੀ ਕਿਤੇ ਡਿੱਗ ਗਿਆ ਸੀ। ਫਿਰ ਨਵੇਂ ਪਾਸਪੋਰਟ ਬਣਾਉਣ ਦੀਆਂ ਥਕੇਵੇਂ ਭਰੀਆਂ ਫਾਰਮੈਲਟੀਆਂ ਪੂਰੀਆਂ ਕਰ ਕੇ ਮੈਂ ਪਾਸਪੋਰਟ ਦੇ ਦਫ਼ਤਰ ਪਹੁੰਚੀ। ਉੱਥੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਕਿਸੇ ਇਕ ਲਾਈਨ ਵਿਚ ਲੱਗ ਕੇ ਬੜੀ ਦੇਰ ਮਗਰੋਂ ਮੇਰੀ ਵਾਰੀ ਆਈ। ਲੰਚ ਟਾਈਮ ਹੋਣ ਵਿਚ ਬਸ ਥੋੜ੍ਹਾ ਹੀ ਟਾਈਮ ਰਹਿ ਗਿਆ ਸੀ ਤੇ ਅੱਗੋਂ 3-4 ਛੁੱਟੀਆਂ ਸਨ। ਭੱਜੀ-ਭੱਜੀ ਜਦ ਮੈਂ ਆਪਣੇ ਕਾਗਜ਼ ਲੈ ਕੇ ਸਬੰਧਤ ਕੁੜੀ ਕੋਲ ਪਹੁੰਚੀ ਤਾਂ ਉਸ ਨੇ ਮੇਰੀ ਫਾਈਲ ਦੇਖ ਕੇ ਕਿਹਾ ਕਿ 3000 ਰੁਪਏ ਫੀਸ ਦੇਣੀ ਪਵੇਗੀ। ਮੈਂ ਕਿਹਾ, ਫੀਸ ਤਾਂ 1500 ਰੁਪਏ ਹੈ। ਉਹ ਬੋਲੀ ਕਿ ਪਾਸਪੋਰਟ ਤੁਹਾਡੀ ਅਣਗਹਿਲੀ ਕਾਰਨ ਗੁਆਚਿਆ ਹੈ। ਇਸ ਲਈ 1500 ਰੁਪਏ ਤੁਹਾਨੂੰ ਜੁਰਮਾਨੇ ਦੇ ਤੌਰ ’ਤੇ ਦੇਣੇ ਪੈਣਗੇ। ਮੈਂ ਉਸ ਨੂੰ ਕਿਹਾ ਕਿ ਮੇਰੇ ਕੋਲ ਤਾਂ 2000 ਰੁਪਏ ਹੀ ਹਨ। ਉਸ ਨੇ ਕਿਹਾ ਕਿ ਜਲਦੀ ਲੈ ਆਓ। ਫਿਰ ਕਾਊਂਟਰ ਬੰਦ ਹੋ ਜਾਵੇਗਾ। ਮੈਂ ਹੁਣ ਕੀ ਕਰਾਂ? ਘਰੋਂ ਲੈ ਕੇ ਆਇਆ ਨਹੀਂ ਸੀ ਜਾ ਸਕਦਾ, ਆਉਣ-ਜਾਣ ਵਿਚ ਘੱਟੋ-ਘੱਟ ਦੋ ਘੰਟੇ ਲੱਗਦੇ। ਮੈਂ ਪਰੇਸ਼ਾਨ ਹੋ ਕੇ ਬਾਹਰ ਨਿਕਲੀ ਤੇ ਬਾਹਰਲੀ ਖੁੱਲ੍ਹੀ ਛੱਤ ’ਤੇ ਆ ਕੇ ਬੈਠ ਗਈ। ਸੋਚ ਰਹੀ ਸਾਂ, ਫਿਰ ਉਹੀ ਅਕੇਵਾਂ ਭਰੀਆਂ ਫਾਰਮੈਲਟੀਆਂ ਪੂਰੀਆਂ ਕਰ ਕੇ ਲੰਬੀਆਂ ਲਾਈਨਾਂ ਵਿਚ ਲੱਗਣਾ ਪਵੇਗਾ। ਇਕ ਹੋਰ ਸੱਜਣ ਵੀ ਛੱਤ ’ਤੇ ਘੁੰਮ ਰਿਹਾ ਸੀ। ਬੜੀ ਅੱਛੀ ਜਿਹੀ ਡਰੈੱਸ ਵਾਲਾ ਉਹ ਕੋਈ ਅਫ਼ਸਰ ਲੱਗਦਾ ਸੀ। ਮੈਂ ਘਬਰਾਹਟ ’ਚ ਵਾਰ-ਵਾਰ ਬੋਤਲ ’ਚੋਂ ਘੁੱਟ-ਘੁੱਟ ਕਰ ਕੇ ਪਾਣੀ ਪੀਈ ਜਾ ਰਹੀ ਸਾਂ। ਅਚਾਨਕ ਉਹ ਸੱਜਣ ਮੇਰੇ ਕੋਲ ਆ ਕੇ ਬੋਲਿਆ ‘‘ਕੋਈ ਪਰੇਸ਼ਾਨੀ ਹੈ ਜਾਂ ਤੁਹਾਡੀ ਤਬੀਅਤ ਖ਼ਰਾਬ ਹੈ। ਕੋਈ ਦਵਾਈ ਚਾਹੀਦੀ ਹੈ, ਦੱਸੋ ਮੈਂ ਕੈਮਿਸਟ ਤੋਂ ਜਾ ਕੇ ਲੈ ਆਉਂਦਾ ਹਾਂ।’’ ਮੈਂ ਕਿਹਾ, ‘‘ਜੀ ਸ਼ੁਕਰੀਆ! ਮੈਂ ਠੀਕ ਹਾਂ ਬਸ ਥੋੜ੍ਹੀ ਪਰੇਸ਼ਾਨ ਹਾਂ।’’ ਉਸ ਨੇ ਕਿਹਾ ਕਿ ਜੇ ਠੀਕ ਸਮਝੋ ਤਾਂ ਤੁਸੀਂ ਆਪਣੀ ਪਰੇਸ਼ਾਨੀ ਮੈਨੂੰ ਦੱਸ ਦਿਓ, ਸ਼ਾਇਦ ਮੈਂ ਕੁਝ ਕਰ ਸਕਾਂ। ਆਖ਼ਰ ਬੰਦਾ ਹੀ ਬੰਦੇ ਦਾ ਦਾਰੂ ਹੁੰਦਾ ਹੈ।’’

ਮੈਂ ਧਿਆਨ ਨਾਲ ਉਸ ਵੱਲ ਦੇਖਿਆ, ਉਹ ਕੋਈ 30-32 ਸਾਲਾਂ ਦਾ ਖ਼ੂਬਸੂਰਤ ਜਵਾਨ ਸੀ। ਸੋਹਣੀ ਜਿਹੀ ਸਿਰ ’ਤੇ ਪੱਗ ਬੰਨ੍ਹੀ ਹੋਈ ਸੀ ਨਾਲ ਮੈਚ ਖਾਂਦਾ ਸੂਟ ਪਾਇਆ ਹੋਇਆ ਸੀ। ਮੈਨੂੰ ਚੁੱਪ ਦੇਖ ਕੇ ਉਹ ਬੋਲਿਆ, ‘‘ਜ਼ਰੂਰ ਕੋਈ ਵੱਡੀ ਪ੍ਰਾਬਲਮ ਹੈ ਜੋ ਤੁਸੀਂ ਦੱਸਣ ਤੋਂ ਸੰਕੋਚ ਕਰ ਰਹੇ ਹੋ।’’ ਮੈਂ ਕਿਹਾ, ‘‘ਹਾਂ ਜੀ, ਗੱਲ ਤਾਂ ਵੱਡੀ ਹੈ। ਇਕ ਹਜ਼ਾਰ ਰੁਪਏ ਚਾਹੀਦੇ ਹਨ, ਉਹ ਵੀ 15 ਮਿੰਟਾਂ ਦੇ ਅੰਦਰ-ਅੰਦਰ।’’ ਉਹ ਸੁਣ ਕੇ ਹੱਸ ਪਿਆ ਤੇ ਕਿਹਾ, ‘‘ਬਸ, ਏਨੀ ਨਿੱਕੀ ਜਿਹੀ ਗੱਲ, ਆਹ ਲਓ ਫੜੋ 1000 ਰੁਪਏ ਤੇ ਫਟਾਫਟ ਉਸ ਕੁੜੀ ਨੂੰ ਜਾ ਕੇ ਦੇ ਕੇ ਆਓ ਜਿਸ ਨੇ ਤੁਹਾਡਾ ਕੰਮ ਕਰਨਾ ਹੈ।’’ ਮੈਂ ਕਿਹਾ, ਮੇਰੇ ਕੋਲ ਚੈੱਕ ਬੁੱਕ ਹੈ, ਮੈਂ ਤੁਹਾਨੂੰ ਚੈੱਕ ਦੇ ਦਿੰਦੀ ਹਾਂ।’’ ਪਰ ਏਨਾ ਟਾਈਮ ਕਿੱਥੇ ਹੈ, ਕੁੜੀ ਚਲੀ ਜਾਵੇਗੀ। ਉਸ ਨੇ ਕਿਹਾ ਕਿ ਮੇਰੀ ਚਿੰਤਾ ਨਾ ਕਰੋ। ਮੈਂ ਇੱਥੇ ਹੀ ਖੜ੍ਹਾ ਹਾਂ। ਮੈਂ ਝੱਟ ਅੰਦਰ ਚਲੀ ਗਈ। ਕੁੜੀ ਨੇ ਤੁਰੰਤ ਪੈਸੇ ਲੈ ਕੇ ਰਸੀਦ ਕੱਟ ਕੇ ਬਾਕੀ ਡਾਕੂਮੈਂਟਾਂ ਸਮੇਤ ਮੈਨੂੰ ਸਭ ਕੁਝ ਫੜਾ ਦਿੱਤਾ। ਮੈਂ ਬਾਹਰ ਆਈ ਤੇ ਉਸ ਨੇਕ ਬੰਦੇ ਨੂੰ ਲੱਭਣ ਲੱਗੀ ਪਰ ਉਹ ਉੱਥੇ ਨਹੀਂ ਸੀ। ਮੈਂ ਉੱਥੇ ਭੀੜ ਵਿੱਚੋਂ ਵੀ ਉਸ ਨੂੰ ਲੱਭਿਆ। ਫਿਰ ਮੈਂ ਹੇਠਾਂ ਖੜ੍ਹੀਆਂ ਗੱਡੀਆਂ ਵੱਲ ਨੂੰ ਹੋ ਤੁਰੀ। ਥੱਕ ਕੇ ਫਿਰ ਉਸੇ ਤਰ੍ਹਾਂ ਪਰੇਸ਼ਾਨ ਹੋ ਕੇ ਇਕ ਥਾਂ ਖੜ੍ਹੀ ਹੋ ਗਈ ਕਿ ਸ਼ਾਇਦ ਉਹੀ ਸੱਜਣ ਮੈਨੂੰ ਪਰੇਸ਼ਾਨ ਦੇਖ ਕੇ ਆ ਕੇ ਮੇਰੇ ਕੋਲੋਂ ਪੁੱਛੇ, ‘‘ਹੁਣ ਕੀ ਪ੍ਰਾਬਲਮ ਹੈ! ਉਹ ਰੁਪਏ ਵਾਲਾ ਮਸਲਾ ਤਾਂ ਹੱਲ ਹੋ ਗਿਆ ਨਾ।’’ ਪਰ ਉਹ ਨੇਕ ਬੰਦਾ ਅਜੇ ਤਕ ਮੈਨੂੰ ਨਹੀਂ ਮਿਲਿਆ।

-ਪ੍ਰੀਤਮਾ ਦੋਮੇਲ

-ਮੋਬਾਈਲ : 99881-52523

Posted By: Jagjit Singh