ਅਵਤਾਰ ਜਾਂ ਅਉਤਾਰ : ਅਵਰਾ ਕਉ, ਦੂਜਿਆਂ ਨੂੰ, ਤਾਰਨ ਦੇ ਸਮੱਰਥ, ਜੋ ਪਹਿਲਾਂ ਖ਼ੁਦ ਤਰਨ ਜਾਣਦਾ ਹੋਵੇ। ਭਾਵ ਜਿਨ੍ਹਾਂ ਨੂੰ ਖ਼ੁਦ ਨੂੰ ਤਰਨਾ ਆਉਂਦਾ ਹੋਵੇ, ਨਦੀ ਦਰਿਆ ਨੂੰ ਪਾਰ ਕਰਨਾ ਸਿੱਖਿਆ ਹੋਵੇ। ਫਿਰ ਅਉਰਾਂ ਨੂੰ, ਭਾਵ ਕਿਸੇ ਦੂਸਰੇ ਨੂੰ ਵੀ ਤਰਨਾ ਸਿਖਾ ਦੇਵੇ ਜਾਂ ਫਿਰ ਦੂਜੇ ਨੂੰ ਸਹਾਰਾ ਦੇ ਕੇ, ਪੱਲੂ ਆਦਿ ਫੜਾ ਕੇ, ਨਦੀ-ਤਲਾਬ ਡੂੰਘੇ ਪਾਣੀਆਂ ’ਚੋਂ ਕੱਢ ਕੇ ਦੂਜੇ ਪਾਰ ਪਹੁੰਚਾ ਦੇਵੇ। ਸੰਸਾਰ ਰੂਪੀ ਗਹਿਰੇ ਸਮੁੰਦਰਾਂ ’ਚੋਂ ਭਵਸਾਗਰ ’ਚੋਂ ਪਾਰ ਕਰ ਦੇਵੇ, ਐਸੇ ਤਰਨਹਾਰ ਨੂੰ ਅਵਤਾਰ ਕਹਿ ਲਈਏ। ਆਪ ਖ਼ੁਦ ਤਰਿਆ ਨਾ ਹੋਵੇ, ਉਹ ਦੂਜਿਆਂ ਨੂੰ ਕਿਵੇਂ ਤਾਰੇਗਾ?

ਕਲਯੁੱਗ ਦੇ ਅਵਤਾਰ, ਤਾਰਨਹਾਰ ਮਨੁੱਖਤਾ ਦੇ ਰਹਿਬਰ, ਸਿੱਖ ਧਰਮ ਦੇ ਬਾਨੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੱਦੀ ਦੇ ਤੀਜੇ ਵਾਰਿਸ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਪਿਤਾ ਤੇਜ ਭਾਨ ਤੇ ਮਾਤਾ ਲੱਛਮੀ ਦੇ ਗ੍ਰਹਿ ਵਿਖੇ ਪਿੰਡ ਬਾਸਰਕੇ ਗਿੱਲਾਂ ਮਾਝੇ ਦੀ ਧਰਤੀ ’ਤੇ ਅਵਤਾਰ ਧਾਰਨ ਕੀਤਾ।

ਅੰਮ੍ਰਿਤਮਈ ਰੱਬੀ ਬਾਣੀ ਦੇ ਬੋਲ ਕੰਨੀਂ ਪੈਂਦਿਆਂ ਹੋਏ ਬਿਹਬਲ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਪਾਤਸ਼ਾਹੀ ਦੂਜੀ ਦੀ ਬੇਟੀ ਬੀਬੀ ਅਮਰੋ ਦੀ ਸ਼ਾਦੀ ਸ੍ਰੀ ਗੁਰੂ ਅਮਰਦਾਸ ਜੀ ਦੇ ਰਿਸ਼ਤੇ ਵਿਚ ਲੱਗਦੇ ਭਤੀਜੇ ਭਾਈ ਜੱਸੂ ਨਾਲ ਹੋਈ ਸੀ। ਬੀਬੀ ਅਮਰੋ ਜੀ ਨੂੰ ਨਾਮ-ਬਾਣੀ ਅਤੇ ਸਿੱਖੀ ਦੀ ਗੁੜ੍ਹਤੀ ਵਿਰਾਸਤ ਵਿਚ ਹੀ ਮਾਤਾ-ਪਿਤਾ ਪਾਸੋਂ ਮਿਲੀ ਹੋਈ ਸੀ। ਛੋਟੀ ਉਮਰੇ ਲੋਰੀਆਂ ਥਾਵੇਂ, ਬਾਣੀ ਦੇ ਸ਼ਬਦ ਸਰਵਣ ਕਰਦਿਆਂ-ਕਰਦਿਆਂ ਹਿਰਦਾ ਨਿਰਮਲ ਹੁੰਦਾ ਗਿਆ। ਬਾਣੀ ਸੰਗ ਬਣ ਆਈ ਗੁਰੂ ਚਰਨਾਂ ਨਾਲ ਪੀ੍ਤ ਅਤੇ ਬਾਣੀ ਨਾਲ ਪ੍ਰਤੀਤ, ਇਹ ਗੂੜ੍ਹੀ ਹੁੰਦੀ ਗਈ। ਪੁਰਖਿਆਂ ਦੀ ਸੇਵਾ ਅਤੇ ਸਿੱਖੀ ਨੂੰ ਪਰਨਾਏ ਬੀਬੀ ਅਮਰੋ ਜੀ ਇਕ ਦਿਨ ਵੱਡੇ ਅੰਮ੍ਰਿਤ ਵੇਲੇ ਦੁੱਧ ਰਿੜਕ ਰਹੇ ਸਨ। ਮਧਾਣੀ ਦੇ ਗੇੜਿਆਂ ਨਾਲ ਪੈਂਦੀ ਘੂਕਰ ਦੇ ਸੰਗ ਬਾਣੀ ਸ਼ਬਦ ਪੜ੍ਹ ਰਹੇ ਸਨ। ਨਿਰਮਲ ਮਨ ਦੀਆਂ ਗਹਿਰਾਈਆਂ ’ਚੋਂ ਉੱਠੀ ਬਾਣੀ ਦੀ ਧੁਨ ਨਾਲ ਸਾਰਾ ਵਿਹੜਾ ਅਨੰਦਿਤ ਹੋ ਉੱਠਿਆ। ਕੰਨੀਂ ਅੰਮ੍ਰਿਤ ਰਸ ਘੋਲਦੀ, ਮਾਖਿਓਂ ਮਿੱਠੀ ਆਵਾਜ਼, ਅੰਮ੍ਰਿਤ ਵੇਲੇ ਦੀ ਸੁੱਖ-ਸ਼ਾਂਤੀ ਨੂੰ ਹੋਰ ਵੀ ਦੂਣ ਸਵਾਇਆ ਕਰ ਰਹੀ ਸੀ। ਤਰੁਨਮ ’ਚ ਬਾਣੀ ਨੂੰ ਗਾਉਂਦਿਆਂ ਆਪ ਜੀ ਨੂੰ ਇਹ ਪਤਾ ਵੀ ਨਾ ਲੱਗਿਆ ਕਿ ਕਦੋਂ ਆਪ ਦੇ ਪਤਿਉਰਾ (ਪਤੀ ਦਾ ਚਾਚਾ) ਜੀ, ਓਹਲੇ ’ਚ ਬੈਠੇ (ਗੁਰੂ ਅਮਰਦਾਸ ਜੀ) ਵੀ ਭੋਰ ਵੇਲੇ, ਆਨੰਦ ਵੀਭੋਰ ਹੋ ਰਹੇ ਨੇ। ਗੂੰਗੇ ਦੀ ਮਠਿਆਈ ਜੈਸਾ ਰਸ ਵਰਣਨ ਕਰਨ ਲਈ ਸ਼ਬਦਾਂ ’ਚ ਪਰੋਣ ਲਈ ਅੱਖਰ ਜਾਂ ਤਾਂ ਹੁੰਦੇ ਹੀ ਨਹੀਂ ਜਾਂ ਫਿਰ ਬੇਵੱਸ ਹੁੰਦੇ ਨੇ। ਕਲਮਾਂ ਨੂੰ ਇਹ ਤੌਫੀਕ ਹਾਸਲ ਹੀ ਨਹੀਂ ਹੁੰਦੀ ਐਸੇ ਅਨੰਦ ਦੀ, ਐਸੇ ਅੰਮ੍ਰਿਤਰਸ ਦੀ ਵਿਆਖਿਆ ਕਰ ਸਕਣ। ਗੂੰਗਾ ਗੁੜ ਖਾਵੇ ਤਾਂ ਕੀ ਦੱਸੇ ਕਿਵੇਂ ਦਾ ਹੁੰਦਾ, ਏਸ ਰਸ ਵਰਗਾ ਕੋਈ ਹੋਰ ਰਸ ਏਸ ਸਿ੍ਸ਼ਟੀ ’ਤੇ ਹੋਵੇ ਤਾਂ ਹੀ ਤਾਂ ਤਸ਼ਬੀਹ ਵੀ ਦਿੱਤੀ ਜਾਵੇ।

ਸਵੇਰ ਹੋਈ, ਦਿਨ ਚੜ੍ਹਿਆ। ਅਚਨਚੇਤ ਬੀਬੀ ਅਮਰੋ ਜੀ ਨੇ ਚਾਚਾ ਜੀ ਨੂੰ ਵੇਖਿਆ। ਹੈਰਾਨਕੁੰਨ ਲਹਿਜ਼ੇ ’ਚ ਬੇਨਤੀ ਕੀਤੀ, ‘ਪਿਤਾ ਜੀ ਤੁਸੀਂ?’ ਕਿਉਂਕਿ ਅਣਭੋਲ ਹੀ ਬੀਬੀ ਜੀ ਬਰਤਨ ਸਾਫ਼ ਕਰ-ਕਰ ਕੇ ਪਾਣੀ ਬਾਹਰ ਸੁੱਟਦੇ ਰਹੇ ਸਨ ਜਿੱਧਰ ਅਮਰਦਾਸ ਜੀ ਇਕਾਗਰ ਚਿੱਤ ਬਾਣੀ ਸੁਣ ਰਹੇ ਸਨ। ਬੜੇ ਠਰ੍ਹੰਮੇ ਨਾਲ ਬੱਚੀ ਨੂੰ ਅਸ਼ੀਰਵਾਦ ਦਿੱਤਾ ਤੇ ਪੁੱਛਣਾ ਕੀਤਾ, ‘ਬੇਟੀ ਇਹ ਜੋ ਪੜ੍ਹ ਰਹੀ ਸੀ, ਇਹ ਬੋਲ, ਇਹ ਸ਼ਬਦ ਕਹਿੰਦੇ ਨੇ ਮਾਖਿਓਂ ਮਿੱਠੇ, ਐਸੇ ਸ਼ਬਦ ਅਸਾਂ ਪਹਿਲਾਂ ਕਦੇ ਵੀ ਨਹੀਂ ਸੁਣੇ? ਅੰਤਾਂ ਦੀ ਹਲੀਮੀ ਭਰੀ ਆਵਾਜ਼ ’ਚ ਬੀਬੀ ਅਮਰੋ ਜੀ ਨੇ ਕਿਹਾ, ‘‘ਪਿਤਾ ਜੀ, ਇਹ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ, ਰੱਬੀ ਬਾਣੀ ਹੈ ਧੁਰਿ ਕੀ ਬਾਣੀ। ਇਹੋ ਗੁਰਬਾਣੀ ਹੈ ਜੋ ਅਸੀਂ ਹਮੇਸ਼ਾ ਪੜ੍ਹਦੇ ਹਾਂ, ਮੇਰੇ ਪਿਤਾ ਜੀ ਨੇ ਬਾਣੀ ਦੀ ਰਚਨਾ ਕੀਤੀ ਹੈ। ਬਚਪਨ ਵਿਚ ਮੈਂ ਵੀ ਸਿਖਾਈ ਹੈ। ਗੁਰੂ ਨਾਨਕ ਸਾਹਿਬ ਤਾਂ ਇਸ ਸੰਸਾਰ ਤੋਂ ਪਿਆਨਾ ਕਰ ਗਏ ਹੋਏ ਨੇ, ਉਨ੍ਹਾਂ ਦੀ ਥਾਂ ਉਨ੍ਹਾਂ ਦੀ ਗੱਦੀ ਪਰ ਮੇਰੇ ਪਿਤਾ ਜੀ ਬਿਰਾਜਮਾਨ ਹੈਗੇ। ਗੁਰੂ ਜੀ ਨੇ ਆਪਣੇ ਮਨ ਦੀ ਬਿਹਬਲਤਾ ਕਹਿ ਸੁਣਾਈ ਕਿ ਬੇਟਾ, ਤੁਸਾਂ ਹੁਣੇ ਹੀ ਮੈਨੂੰ ਆਪਣੇ ਪਿਤਾ ਸਤਿਗੁਰੂ ਜੀ ਕੋਲ ਲੈ ਕੇ ਚੱਲੋ। ਮੈਨੂੰ ਉਨ੍ਹਾਂ ਦੇ ਦਰਸ਼ਨ ਕਰਨ ਲਈ ਤੀਬਰ ਇੱਛਾ ਹੋ ਰਹੀ ਹੈ। ਇਹ ਵੀ ਜ਼ਿਕਰਯੋਗ ਹੈ ਕਿ ਉਸ ਵੇਲੇ ਰੀਤੀ-ਰਿਵਾਜਾਂ ਦੇ ਮੁਤਾਬਕ ਬਿਨਾਂ ਦੱਸੇ, ਸੁਨੇਹਾ ਭੇਜੇ ਤੋਂ ਕੁੜਮਾਈ ’ਚ ਜਾਣਾ ਚੰਗਾ ਨਹੀਂ ਸੀ ਮੰਨਿਆ ਜਾਂਦਾ। ਇਸ ਦੇ ਬਾਵਜੂਦ ਬੀਬੀ ਅਮਰੋ ਗੁਰੂ ਅਮਰਦਾਸ ਜੀ ਨੂੰ ਨਾਲ ਲੈ ਕੇ, ਆਪਣੇ ਪੇਕੇ ਘਰ ਨੂੰ ਗਏ। ਰੀਤੀ-ਰਿਵਾਜ ਸਹਿਚਾਰ ਕੁੜਮਾਚਾਰੀ, ਪ੍ਰਾਹੁਣਚਾਰੀ ਦੀ ਗਰਿਮਾ ਦਾ ਧਿਆਨ ਕੀਤਾ।

ਆਪ ਗੁਰੂ ਜੀ ਪਿੱਛੇ ਬਾਹਰ ਬਸੀਮੇਂ ’ਤੇ ਰੁਕ ਗਏ। ਬੀਬੀ ਅਮਰੋ ਨੂੰ ਘਰੇ ਜਾ ਕੇ ਇਤਲਾਹ ਕਰਨ ਲਈ ਭੇਜ ਦਿੱਤਾ ਦਰਸ਼ਨਾਂ ਦੀ ਆਗਿਆ ਲੈਣ ਲਈ। ਇਸ ਤਰ੍ਹਾਂ ਸ੍ਰੀ ਖਡੂਰ ਸਾਹਿਬ ਪਹੁੰਚ ਕੇ ਕੁੜਮਾਂ, ਸਕੇ-ਸਬੰਧੀਆਂ ਵਾਲਾ ਆਦਰ-ਮਾਣ, ਸਤਿਕਾਰ ਪ੍ਰਵਾਨ ਨਹੀਂ ਕੀਤਾ ਬਲਕਿ ਇਕ ਸਿੱਖ ਤੇ ਗੁਰੂ ਵਾਲਾ ਰਿਸ਼ਤਾ ਬਣਾਉਣ ਅਤੇ ਨਿਭਾਉਣ ਦੀ ਬੇਨਤੀ ਦੂਜੇ ਗੁਰੂ ਅੰਗਦ ਦੇਵ ਜੀ ਨੂੰ ਕਹਿ ਸੁਣਾਈ ਜੋ 400 ਸਾਲ ਪਹਿਲਾਂ ਇਹ ਸੋਚਣਾ ਵੀ ਗਵਾਰਾ ਨਹੀਂ ਸੀ। ਗੁਰੂ ਅੰਗਦ ਦੇਵ ਜੀ ਨੇ ਬੇਨਤੀ ਪ੍ਰਵਾਨ ਕਰ ਕੇ ਆਪ ਜੀ ਨੂੰ ਗੁਰੂਘਰ ਦੀ ਸੇਵਾ ਦਾ ਮੌਕਾ ਦਿੱਤਾ। ਫਿਰ ਹਮੇਸ਼ਾ ਲਈ ਗੁਰੂ ਅਮਰਦਾਸ ਜੀ ਖਡੂਰ ਸਾਹਿਬ ਹੀ ਰਹੇ, ਵਾਪਸ ਨਹੀਂ ਪਰਤੇ।

ਜ਼ਿਕਰਯੋਗ ਹੈ ਕਿ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਪੁੱਤਰ ਦਾਤੂ ਜੀ ਅਤੇ ਦਾਸੂ ਜੀ ਹੋਏ, ਜੋ ਮੂਲ ਰੂਪ ’ਚ, ਗੁਰਤਾਗੱਦੀ ਲਈ ਯੋਗ ਸਾਬਤ ਨਾ ਹੋਣ ਕਰਕੇ ਵਾਰਿਸ ਇਕ ਆਗਿਆਕਾਰੀ ਨੂੰ, ਨਿਮਰਤਾ ਦੇ ਪੁੰਜ ਨੂੰ, ਖਿਮਾਂ ਦੇ ਖਜ਼ਾਨੇ ਨੂੰ, ਸਾਂਝੀਵਾਲਤਾ ਦੇ ਮੁਦਈ ਨੂੰ, ਮਨੁੱਖਤਾ ਦੇ ਰਹਿਬਰ ਨੂੰ, ਸੇਵਾ ਦੇ ਪੁੰਜ ਵਾ ਬੰਦਗੀ ਦੀ ਮੂਰਤ ਨੂੰ, ਦੂਜੇ ਗੁਰੂ ਜੀ ਨੇ ਆਪਣੀ ਥਾਵੇਂ ਤੀਜਾ ਗੁਰੂ ਥਾਪ ਦਿੱਤਾ। ਗੁਰੂ ਪੁੱਤਰ ਬਾਬਾ ਦਾਤੂ ਜੀ ਨੇ ਆਪ ਜੀ ਦੀ ਬੇਅਦਬੀ ’ਚ ਕੋਝੀ ਹਰਕਤ ਕੀਤੀ ਪਰ ਇਸ ਦੇ ਬਾਵਜੂਦ ਨਿਮਰਤਾ ਦੇ ਪੁਜਾਰੀ ਗੁਰੂ ਅਮਰਦਾਸ ਜੀ ਨੇ ਕੋਈ ਫਿੱਕਾ ਬਚਨ ਨਹੀਂ ਕੀਤਾ। ਕਹਿਣੀ ਅਤੇ ਕਥਨੀ ਦੇ ਸੂਰੇ ਗੁਰੂ ਅਮਰਦਾਸ ਸਾਹਿਬ ਜੀ ਨੇ ਅੰਤਿਮ ਸਾਹਾਂ ਤਕ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਦਾ ਨਾਅਰਾ ਬੁਲੰਦ ਰੱਖਿਆ।

-ਮਨਜੀਤ ਸਿੰਘ ਜ਼ੀਰਕਪੁਰ

-ਮੋਬਾਈਲ : 98780-98555

Posted By: Jagjit Singh