ਨੈਪੋਲੀਅਨ ਬੋਨਾਪਾਰਟ ਦਾ ਵਿਚਾਰ ਸੀ ਕਿ ਮਨੁੱਖ ਕੋਲ ਸੋਚ ਸ਼ਕਤੀ ਦਾ ਇੱਡਾ ਵੱਡਾ ਤੇ ਅਥਾਹ ਖ਼ਜ਼ਾਨਾ ਹੈ ਕਿ ਉਹ ਆਪਣੀ ਮਜ਼ਬੂਤ ਇੱਛਾ ਸ਼ਕਤੀ ਨਾਲ ਜੋ ਵੀ ਚਾਹ, ਉਸ ਨੂੰ ਸਾਕਾਰ ਕਰ ਸਕਦਾ ਹੈ। ਇਸੇ ਕਾਰਨ ਉਸ ਨੇ ਇਕ ਵਾਰ ਕਿਹਾ ਸੀ ਕਿ ਅਸੰਭਵ ਸ਼ਬਦ ਸਿਰਫ਼ ਮੂਰਖਾਂ ਦੇ ਸ਼ਬਦਕੋਸ਼ ਦਾ ਹਿੱਸਾ ਹੁੰਦਾ ਹੈ। ਸੋ ਕਿਸੇ ਮਿਸ਼ਨ ਨੂੰ ਨੇਪਰੇ ਚਾੜ੍ਹਨ ਵਾਸਤੇ ਜੇਕਰ ਭਾਵਨਾ ਸੱਚੀ, ਇਰਾਦਾ ਪੱਕਾ ਤੇ ਨੀਅਤ ਨੇਕ ਹੋਵੇ ਤਾਂ ਕੋਈ ਵਜ੍ਹਾ ਨਹੀਂ ਕਿ ਕੋਈ ਮਨੁੱਖ ਆਪਣੇ ਮਿੱਥੇ ਹੋਏ ਟੀਚੇ ਜਾਂ ਮਿਸ਼ਨ ਨੂੰ ਪੂਰਾ ਕਰਨ ਵਿਚ ਕਾਮਯਾਬ ਨਾ ਹੋਵੇ।

ਉਕਤ ਭਾਵਨਾਵਾਂ ਅਧੀਨ ਸ਼ੁਰੂ ਕੀਤਾ ਕੋਈ ਕੰਮ ਸਿਰੇ ਲਾਉਣਾ ਕਿਸੇ ਮਨੁੱਖ ਵਾਸਤੇ ਕਦੇ ਵੀ ਮੁਸ਼ਕਲ ਨਹੀਂ ਹੁੰਦਾ। ਅਗਲੀ ਗੱਲ ਇਹ ਹੈ ਕਿ ਜਦੋਂ ਤੁਸੀਂ ਕੋਈ ਚੰਗਾ ਉੱਦਮ ਕਰਦੇ ਹੋ ਤਾਂ ਬੇਹਿੰਮਤੇ ਅਤੇ ਚਿਕਪੂੰਗੀਏ ਕਿਸਮ ਦੇ ਲੋਕ ਈਰਖਾਲੂ ਰੁਚੀਆਂ ਵੱਸ ਤੁਹਾਡੇ ਵਿਰੋਧ 'ਚ ਖੜ੍ਹੇ ਹੋ ਜਾਂਦੇ ਹਨ। ਦਰਅਸਲ, ਉਨ੍ਹਾਂ ਦਾ ਮਨਸੂਬਾ ਹੀ ਇਹ ਹੁੰਦਾ ਕਿ ਜੇਕਰ ਅਸੀਂ ਨਹੀਂ ਕਰ ਸਕਦੇ ਤਾਂ ਫਿਰ ਅਸੀਂ ਕਿਸੇ ਹੋਰ ਨੂੰ ਵੀ ਨਹੀਂ ਕਰਨ ਦੇਣਾ।

ਭਾਵ ਨਾ ਕੁਝ ਕਰਨਾ ਹੈ ਅਤੇ ਨਾ ਹੀ ਕਰਨ ਦੇਣਾ ਹੈ ਜਾਂ ਇੰਜ ਵੀ ਕਹਿ ਸਕਦੇ ਹਾਂ ਕਿ 'ਨਾ ਖੇਡਣਾ ਹੈ ਤੇ ਨਾ ਹੀ ਖੇਡਣ ਦੇਣਾ ਹੈ।' ਪਰ ਮਿਸ਼ਨਰੀ ਤੇ ਕਰਮ-ਯੋਗੀ ਲੋਕਾਂ ਨੂੰ ਅਜਿਹੇ ਲੋਕਾਂ ਤੋਂ ਬੇਪਰਵਾਹ ਅਤੇ ਬੇਧਿਆਨ ਹੋ ਕੇ ਆਪਣੇ ਮਿੱਥੇ ਟੀਚੇ ਵੱਲ ਮਸਤ ਹਾਥੀ ਵਾਲੀ ਚਾਲੇ ਵੱਧਦੇ ਜਾਣਾ ਚਾਹੀਦਾ ਹੈ। ਤੁਸੀਂ ਦੇਖੋਗੇ ਕਿ ਇਹ ਮਾੜੀ ਬਿਰਤੀ ਦੇ ਸ਼ਿਕਾਰ ਲੋਕ ਕੁਝ ਸਮੇਂ ਬਾਅਦ ਆਪਣੇ-ਆਪ ਸ਼ਾਂਤ ਹੋ ਜਾਣਗੇ ਅਤੇ ਤੁਹਾਡਾ ਅਕਸ ਪਹਿਲਾਂ ਨਾਲੋਂ ਵੀ ਦੁੱਗਣਾ ਚੌਗੁਣਾ ਹੋ ਕੇ ਚਮਕੇਗਾ। ਵੱਡਾ ਨੁਕਸਾਨ ਕੰਮ 'ਚ ਘੜੰਮ ਪਾਉਣ ਵਾਲੇ ਲੋਕਾਂ ਦਾ ਹੀ ਹੋਵੇਗਾ।

ਅਕਸਰ ਇਹ ਦੇਖਿਆ ਜਾਂਦਾ ਹੈ ਕਿ ਉਕਤ ਮਾੜੀ ਬਿਰਤੀ ਦੇ ਸ਼ਿਕਾਰ ਲੋਕ ਬਹੁਤੀ ਵਾਰ ਆਪਣਾ ਹੀ ਦੂਹਰਾ-ਤੀਹਰਾ ਨੁਕਸਾਨ ਕਰਵਾ ਲੈਂਦੇ ਹਨ। ਮੁੱਕਦੀ ਗੱਲ ਇਹ ਹੈ ਕਿ ਜੇਕਰ ਟੀਚਾ ਸਹੀ ਹੈ, ਇਰਾਦਾ ਨੇਕ ਹੈ ਅਤੇ ਇੱਛਾ ਸ਼ਕਤੀ ਮਜ਼ਬੂਤ ਹੈ ਤਾਂ ਫਿਰ ਨਾ ਹੀ ਕੋਈ ਕਾਰਜ ਔਖਾ ਜਾਂ ਵੱਡਾ ਹੁੰਦਾ ਹੈ ਅਤੇ ਨਾ ਹੀ ਕੋਈ ਵੀ ਵੱਡੇ ਤੋਂ ਵੱਡਾ ਪਹਾੜ ਤੁਹਾਡਾ ਰਸਤਾ ਰੋਕ ਸਕਦਾ ਹੈ। ਇਕ ਵਾਰ ਤੁਸੀਂ ਆਪਣਾ ਮਿਸ਼ਨ ਸਰ ਕਰ ਲਿਆ, ਤੁਸੀਂ ਦੇਖੋਗੇ ਕਿ ਮਾੜੀ ਬਿਰਤੀ ਵਾਲੇ ਲੋਕ ਤੁਹਾਡੇ ਲਾਗੇ ਨਜ਼ਰ ਨਹੀਂ ਆਉਣਗੇ।

ਅਗਲੀ ਗੱਲ ਇਹ ਕਿ ਟੀਚਾ ਕੋਈ ਵੀ ਹੋਵੇ, ਜੇਕਰ ਸੋਚ ਸਾਫ਼-ਸੁਥਰੀ ਹੈ ਅਤੇ ਭਾਵਨਾ ਨਿਸ਼ਕਾਮ ਹੈ, ਅਨੁਸ਼ਾਸਨ 'ਚ ਰਹਿ ਕੇ ਸਖ਼ਤ ਮਿਹਨਤ ਕਰਨ ਦੀ ਆਦਤ ਹੈ ਤਾਂ ਉਹ ਕਦੇ ਵੀ ਵੱਡਾ ਜਾਂ ਔਖਾ ਨਹੀਂ ਹੁੰਦਾ। ਸਿਆਣੇ ਕਹਿੰਦੇ ਹਨ ਕਿ ਹਾਂ-ਪੱਖੀ ਸੋਚ ਨਾਲ ਸ਼ੁਰੂ ਕੀਤਾ ਕੋਈ ਵੀ ਕਾਰਜ ਅੱਧਾ ਤਾਂ ਸ਼ੁਰੂ ਕਰਦਿਆਂ ਹੀ ਹੋ ਜਾਂਦਾ ਹੈ।

ਲੋੜ ਸਿਰਫ਼ ਬਾਕੀ ਰਹਿੰਦੇ ਅੱਧੇ ਕਾਰਜ ਨੂੰ ਪੂਰਿਆਂ ਕਰਨ ਲਈ ਉੱਦਮ-ਉਪਰਾਲੇ ਕਰਨ ਦੀ ਹੁੰਦੀ ਹੈ। ਜੇਕਰ ਉਹ ਉਪਰਾਲੇ ਦਿਲ ਲਾ ਕੇ ਕੀਤੇ ਜਾਣ ਤਾਂ ਕੋਈ ਕਾਰਨ ਨਹੀਂ ਕਿ ਸਫਲਤਾ ਤੁਹਾਡੇ ਪੈਰ ਨਾ ਚੁੰਮੇ।

-ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ।

ਵ੍ਹਟਸਐਪ : +4478 0694 5964

Posted By: Jagjit Singh