ਅਯੁੱਧਿਆ ਵਿਚ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਰਾਮ ਮੰਦਰ ਨਿਰਮਾਣ ਦੇ ਭੂਮੀ ਪੂਜਨ ਸਮਾਰੋਹ ਦੇ ਮੌਕੇ ਦੇਸ਼ ਜਿਸ ਤਰ੍ਹਾਂ ਭਗਵਾਨ ਰਾਮ ਦੇ ਰੰਗ ਵਿਚ ਰੰਗਿਆ ਗਿਆ ਅਤੇ ਉਤਸ਼ਾਹਿਤ ਦਿਖਾਈ ਦਿੱਤਾ, ਉਹ ਰਾਮ ਨਾਮ ਦੀ ਮਹਿਮਾ ਦਾ ਪ੍ਰਤਾਪ ਵੀ ਹੈ ਅਤੇ ਇਸ ਦੀ ਮੁੜ ਪੁਸ਼ਟੀ ਵੀ ਕਿ ਇਸ ਦੇਸ਼ ਦੇ ਰੋਮ-ਰੋਮ ਵਿਚ ਰਾਮ ਵਸਦੇ ਹਨ। ਇਸ ਮੌਕੇ ਜਗਮਗ ਅਯੁੱਧਿਆ ਦੇ ਜ਼ਰੀਏ ਜਿਸ ਤਰ੍ਹਾਂ ਦਾ ਅਦਭੁਤ ਹਾਂ-ਪੱਖੀ ਮਾਹੌਲ ਬਣਿਆ ਅਤੇ ਭਾਵੁਕ ਕਰ ਦੇਣ ਵਾਲੀ ਜੋ ਭਾਵ-ਭੂਮੀ ਸਿਰਜੀ ਗਈ, ਉਸ ਨੂੰ ਸੰਭਾਲਣਾ ਅਤੇ ਨਾਲ ਹੀ ਪੋਸ਼ਿਤ ਕਰਨਾ ਵੀ ਚਾਹੀਦਾ ਹੈ ਤਾਂ ਕਿ ਸਭ ਦੇ ਮਨ ਨੂੰ ਮੋਹਣ ਵਾਲੇ ਰਾਮ ਦੇ ਨਾਮ ਦਾ ਮੰਦਰ ਰਾਸ਼ਟਰ ਦੀ ਤਰੱਕੀ ਦਾ ਪ੍ਰੇਰਨਾਸ੍ਰੋਤ ਬਣ ਸਕੇ।

ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਸਹੀ ਕਿਹਾ ਕਿ ਜਿਵੇਂ ਸੁਤੰਤਰਤਾ ਅੰਦੋਲਨ ਦੇ ਸਮੇਂ ਦੇਸ਼ ਦੇ ਲੋਕਾਂ ਨੇ ਆਪਣਾ ਸਭ ਕੁਝ ਸਮਰਪਿਤ ਕਰ ਦਿੱਤਾ ਸੀ, ਉਸੇ ਤਰ੍ਹਾਂ ਰਾਮ ਮੰਦਰ ਨਿਰਮਾਣ ਲਈ ਵੀ ਲੰਬਾ ਸੰਘਰਸ਼ ਕਰਨਾ ਪਿਆ ਅਤੇ ਲੱਖਾਂ ਲੋਕਾਂ ਨੂੰ ਕੁਰਬਾਨੀਆਂ ਦੇਣੀਆਂ ਪਈਆਂ। ਇਸ ਸੰਘਰਸ਼ ਅਤੇ ਬਲਿਦਾਨ ਦਾ ਟੀਚਾ ਅਯੁੱਧਿਆ ਵਿਚ ਸਿਰਫ਼ ਰਾਮ ਦੇ ਨਾਮ ਦਾ ਮੰਦਰ ਬਣਾਉਣਾ ਨਹੀਂ ਬਲਕਿ ਰਾਮ-ਰਾਜ ਦੀਆਂ ਉਨ੍ਹਾਂ ਕਦਰਾਂ-ਕੀਮਤਾਂ ਨੂੰ ਜਿਊਂਦਾ ਰੱਖਣਾ ਹੀ ਸੀ ਜਿਨ੍ਹਾਂ ਤੋਂ ਕੋਟਿ-ਕੋਟਿ ਲੋਕ ਪ੍ਰੇਰਨਾ ਲੈਂਦੇ ਹਨ। ਰਾਮ ਮੰਦਰ ਨਿਰਮਾਣ ਦਾ ਸ੍ਰੀਗਣੇਸ਼ ਸਾਡੀ ਸੱਭਿਆਚਾਰਕ ਅਤੇ ਰੂਹਾਨੀ ਚੇਤਨਾ ਦਾ ਉਦੈ ਹੈ ਅਤੇ ਇਸ ਨੂੰ ਇਸੇ ਰੂਪ ਵਿਚ ਗ੍ਰਹਿਣ ਕੀਤਾ ਜਾਣਾ ਚਾਹੀਦਾ ਹੈ।

ਰਾਮ ਮੰਦਰ ਨਿਰਮਾਣ ਦੇ ਭੂਮੀ ਪੂਜਨ ਸਮਾਰੋਹ ਦੇ ਨਾਲ ਹੀ ਰਾਮ ਦੀ ਯਾਦ ਨੂੰ ਸੰਭਾਲਣ ਦਾ ਉਹ ਵੱਡਾ ਕੰਮ ਹੋ ਗਿਆ ਜਿਸ ਦੀ ਉਡੀਕ ਵਿਚ ਸਦੀਆਂ ਗੁਜ਼ਰ ਗਈਆਂ। ਹੁਣ ਦੇਸ਼ ਨੂੰ ਭਗਵਾਨ ਰਾਮ ਦੇ ਉਨ੍ਹਾਂ ਦੂਜੇ ਕਾਰਜਾਂ ਨੂੰ ਪੂਰਾ ਕਰਨ ਨੂੰ ਲੈ ਕੇ ਸਮਰਪਣ ਭਾਵ ਦਿਖਾਉਣਾ ਚਾਹੀਦਾ ਹੈ ਜੋ ਰਾਮ-ਰਾਜ ਦੇ ਆਧਾਰ ਹਨ। ਇਹ ਸਮਰਪਣ ਠੀਕ ਉਸੇ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜਿਹੋ ਜਿਹਾ ਉਨ੍ਹਾਂ ਦੇ ਜਨਮ ਸਥਾਨ 'ਤੇ ਮੰਦਰ ਨਿਰਮਾਣ ਲਈ ਦਿਖਾਇਆ ਗਿਆ। ਭਗਵਾਨ ਰਾਮ ਦਾ ਸੰਪੂਰਨ ਜੀਵਨ ਸਭ ਨੂੰ ਨਾਲ ਲੈ ਕੇ ਚੱਲਣ, ਸਭ ਦੇ ਮਾਣ-ਸਨਮਾਨ ਦਾ ਫ਼ਿਕਰ ਕਰਨ, ਸਭ ਦੀ ਭਲਾਈ ਯਕੀਨੀ ਬਣਾਉਣ ਪ੍ਰਤੀ ਸਮਰਪਿਤ ਰਿਹਾ ਅਤੇ ਇਸੇ ਲਈ ਉਹ ਮਰਿਆਦਾ ਪੁਰਸ਼ੋਤਮ ਕਹਾਏ। ਇਸ ਤੋਂ ਬਿਹਤਰ ਹੋਰ ਕੁਝ ਨਹੀਂ ਕਿ ਰਾਮ ਮੰਦਰ ਨਿਰਮਾਣ ਦੀ ਪ੍ਰਕਿਰਿਆ ਜਿਵੇਂ-ਜਿਵੇਂ ਅੱਗੇ ਵਧੇ ਤਿਵੇਂ-ਤਿਵੇਂ ਜਨ-ਜਨ ਵਿਚ ਇਹ ਸੰਦੇਸ਼ ਜਾਵੇ ਕਿ ਰਾਮ ਮੰਦਰ ਦਾ ਨਿਰਮਾਣ ਰਾਸ਼ਟਰ ਦੇ ਨਿਰਮਾਣ ਦਾ ਮਾਧਿਅਮ ਹੈ। ਇਸ ਟੀਚੇ ਦੀ ਪ੍ਰਾਪਤੀ ਉਦੋਂ ਹੀ ਹੋ ਸਕਦੀ ਹੈ ਜਦ ਭਾਰਤੀ ਸਮਾਜ ਵਿਚ ਸਦਭਾਵਨਾ ਅਤੇ ਭਾਈਚਾਰਕ ਸਾਂਝ ਪ੍ਰਫੁੱਲਿਤ ਹੋਵੇ। ਰਾਮ ਦੀ ਮਹਿਮਾ ਨੂੰ ਸੁਸ਼ੋਭਿਤ ਕਰਨ ਵਾਲਾ ਮੰਦਰ ਦੇਸ਼ ਹੀ ਨਹੀਂ, ਦੁਨੀਆ ਲਈ ਇਸ ਦੀ ਮਿਸਾਲ ਬਣਨਾ ਚਾਹੀਦਾ ਹੈ ਕਿ ਕਿਵੇਂ ਕੋਈ ਮੁਕੱਦਸ ਅਸਥਾਨ ਰਾਸ਼ਟਰੀ ਏਕੇ ਅਤੇ ਭਾਈਚਾਰੇ ਦੀ ਭਾਵਨਾ ਨੂੰ ਬਲ ਦਿੰਦੇ ਹੋਏ ਇਕ ਹਾਂ-ਪੱਖੀ ਵਾਤਾਵਰਨ ਦਾ ਨਿਰਮਾਣ ਕਰਦਾ ਹੈ। ਅਜਿਹਾ ਕੋਈ ਵਾਤਾਵਰਨ ਹੀ ਰਾਮ-ਰਾਜ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਸਹਾਇਕ ਹੋਵੇਗਾ।

ਇਹੀ ਵਾਤਾਵਰਨ ਭਾਰਤ ਦੀ ਸੰਸਕ੍ਰਿਤੀ, ਉਸ ਦੀ ਸਮਰੱਥਾ ਅਤੇ ਨਾਲ ਹੀ ਤਾਕਤ ਤੋਂ ਦੁਨੀਆ ਨੂੰ ਜਾਣੂ ਕਰਵਾਉਣ ਦਾ ਕੰਮ ਕਰੇਗਾ ਅਤੇ ਰਾਸ਼ਟਰ ਨੂੰ ਮਹਾਨਤਾ ਦੇ ਉਸ ਸਿਖ਼ਰ ਵੱਲ ਲੈ ਕੇ ਜਾਵੇਗਾ ਜਿਸ ਦੀ ਕਲਪਨਾ ਕੀਤੀ ਜਾਂਦੀ ਹੈ। ਕਿੰਨਾ ਚੰਗਾ ਹੋਵੇ ਜੇਕਰ ਹਰ ਕੋਈ ਭਗਵਾਨ ਰਾਮ ਦੀਆਂ ਸਿੱਖਿਆਵਾਂ ਤੋਂ ਸੇਧ ਲੈ ਕੇ ਆਪਣੇ ਜੀਵਨ ਨੂੰ ਸਾਰਥਕ ਬਣਾਵੇ ਅਤੇ ਝਗੜੇ-ਝਮੇਲਿਆਂ ਤੋਂ ਦੂਰ ਰਹੇ।

Posted By: Sunil Thapa