ਪੰਜਾਬੀ ਯੂਨੀਵਰਸਿਟੀ, ਪਟਿਆਲਾ ਭਾਸ਼ਾ ਦੇ ਨਾਂ ’ਤੇ ਉਸਰੀ ਦੁਨੀਆ ਦੀ ਦੂਜੀ ਯੂਨੀਵਰਸਿਟੀ ਹੈ। ਪੰਜਾਬੀ ਭਾਸ਼ਾ ਲਈ ਇਹ ਸਭ ਤੋਂ ਵੱਡੇ ਮਾਣ ਵਾਲੀ ਗੱਲ ਹੈ ਤੇ ਇਹ ਮਾਣ ਭਾਰਤ ਵਿਚ ਕਿਸੇ ਹੋਰ ਭਾਸ਼ਾ ਦੇ ਹਿੱਸੇ ਨਹੀਂ ਆਇਆ। ਯੂਨੀਵਰਸਿਟੀ ਆਪਣੀ 59 ਵਰ੍ਹੇ ਉਮਰ ਹੰਢਾ ਚੁੱਕੀ ਹੈ। ਇਨ੍ਹਾਂ 59 ਵਰਿ੍ਹਆਂ ਵਿਚ ਇਸ ਨੇ ਦੁਨੀਆ ’ਚ ਆਪਣਾ ਇਕ ਮਾਣ ਕਰਨ ਯੋਗ ਇਤਿਹਾਸ ਰਚਿਆ ਹੈ। ਇਸ ਦਾ ਗਿਆਨ ਅੱਜ ਪੂਰੀ ਦੁਨੀਆ ਵਿਚ ਚਾਨਣ ਵੰਡ ਰਿਹਾ ਹੈ। ਇੱਥੋਂ ਛਪੀਆਂ ਪੁਸਤਕਾਂ ਨੇ ਕਰੋੜਾਂ ਦਿਮਾਗ ਰੋਸ਼ਨ ਕੀਤੇ ਹਨ। ਪੰਜਾਬੀ ਦਾ ਸਿਰਮੌਰ ਸ਼ਾਇਰ ਸੁਰਜੀਤ ਪਾਤਰ ਇਸ ਦਾ ਵਿਦਿਆਰਥੀ ਰਿਹਾ ਹੈ। ਡਾ. ਦਲੀਪ ਕੌਰ ਟਿਵਾਣਾ ਜੋ ਪੰਜਾਬੀ ਸਾਹਿਤ ਵਿਚ ਇਕ ਵੱਖਰਾ ਥੰਮ੍ਹ ਹਨ, ਇੱਥੋਂ ਆਪਣੀ ਸਿਰਜਣਾ ਨੂੰ ਆਰੰਭ ਕਰਦੀ ਹੈ। ਅਜਮੇਰ ਸਿੰਘ ਔਲਖ ਇਸ ਧਰਤੀ ਤੋਂ ਵਿਗਸਦਾ ਪੰਜਾਬੀ ਦਾ ਵੱਡਾ ਨਾਟਕਕਾਰ ਬਣਦਾ ਹੈ ਜੋ ਪੰਜਾਬ ਦੇ ਦਲਿਤ ਵਰਗ ਅਤੇ ਨਿਮਨ ਕਿਸਾਨੀ ਦੀ ਆਵਾਜ਼ ਬਣਦਾ ਹੈ। ਇਹੀ ਨਹੀਂ, ਸਾਹਿਤ ਅਤੇ ਆਲੋਚਨਾ ਦੇ ਖੇਤਰ ਵਿਚ ਡਾ. ਹਰਚਰਨ ਸਿੰਘ, ਡਾ. ਨਰਿੰਦਰ ਸਿੰਘ ਕਪੂਰ, ਡਾ. ਸਤੀਸ਼ ਕੁਮਾਰ ਵਰਮਾ, ਡਾ. ਸੁਰਜੀਤ ਸਿੰਘ ਸੇਠੀ, ਡਾ. ਕੁਲਦੀਪ ਸਿੰਘ ਧੀਰ, ਡਾ. ਜਸਵਿੰਦਰ ਸਿੰਘ ਇਸ ਦਾ ਹਾਸਲ ਹਨ। ਡਾ. ਗੰਡਾ ਸਿੰਘ, ਡਾ. ਫੌਜਾ ਸਿੰਘ, ਡਾ. ਕਿਰਪਾਲ ਸਿੰਘ ਤੋਂ ਬਿਨਾਂ ਪੰਜਾਬ ਦੇ ਇਤਿਹਾਸ ਦੀ ਗੱਲ ਅਧੂਰੀ ਹੈ ਜੋ ਇਸ ਯੂਨੀਵਰਸਿਟੀ ਦਾ ਅੰਗ ਰਹੇ ਹਨ। ਵਿਗਿਆਨ ਦੇ ਖੇਤਰ ਵਿਚ ਡਾ. ਐੱਸ. ਐੱਸ. ਬੀਰ ਨੂੰ ਕੌਣ ਨਹੀਂ ਜਾਣਦਾ। ਡਾ. ਸੁਰਜੀਤ ਸਿੰਘ ਢਿੱਲੋਂ ਆਪਣੇ ਆਖ਼ਰੀ ਸਾਹਾਂ ਤਕ ਸਾਨੂੰ ਆਪਣੇ ਗਿਆਨ ਨਾਲ ਸਰਸ਼ਾਰ ਕਰਦੇ ਰਹੇ ਹਨ। ਇੰਜ ਹੀ ਡਾ. ਹਰਦੇਵ ਸਿੰਘ ਵਿਰਕ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਪੰਜਾਬੀ ਯੂਨੀਵਰਸਿਟੀ ਨੂੰ ਮਾਣ ਹੈ ਕਿ ਡਾ. ਸੁੱਚਾ ਸਿੰਘ ਗਿੱਲ, ਡਾ. ਰਣਜੀਤ ਸਿੰਘ ਘੁੰਮਣ, ਡਾ. ਗਿਆਨ ਸਿੰਘ, ਡਾ. ਆਰ.ਡੀ. ਨਿਰੰਕਾਰੀ ਇਸ ਦੇ ਸੁਚੱਜੇ ਪੁੱਤਰਾਂ ਵਾਂਗ ਵਿਚਰਦੇ ਰਹੇ ਹਨ। ਡਾ. ਪ੍ਰੇਮ ਪ੍ਰਕਾਸ਼ ਸਿੰਘ, ਡਾ. ਵੀ. ਪਰਕਾਸ਼ਮ, ਡਾ. ਹਰਜੀਤ ਸਿੰਘ ਗਿੱਲ, ਡਾ. ਐੱਸ. ਐੱਸ. ਜੋਸ਼ੀ, ਡਾ. ਜੋਗਾ ਸਿੰਘ ਵਰਗੇ ਭਾਸ਼ਾ ਵਿਗਿਆਨੀਆਂ ’ਤੇ ਯੂਨੀਵਰਸਿਟੀ ਨੂੰ ਹਮੇਸ਼ਾ ਮਾਣ ਰਹੇਗਾ। ਡਾ. ਗੁਰਨਾਮ ਸਿੰਘ ਦੀ ਗੁਰਮਤਿ ਸੰਗੀਤ ਦੇ ਹਵਾਲੇ ਨਾਲ ਵਿਲੱਖਣ ਦੇਣ ਹੈ। ਇਸੇ ਤਰ੍ਹਾਂ ਡਾ. ਅਤਰ ਸਿੰਘ, ਡਾ. ਰਤਨ ਸਿੰਘ ਜੱਗੀ, ਡਾ. ਗੁਰਭਗਤ ਸਿੰਘ ਵੱਲੋਂ ਖੋਜ-ਖੇਤਰ ਵਿਚ ਪਾਈਆਂ ਪੈੜਾਂ ਵਧੇਰੇ ਡੂੰਘੀਆਂ ਹਨ। ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਮੰਚ ਤੋਂ ਅਨੇਕ ਕਲਾਕਾਰਾਂ ਨੇ ਪਰਵਾਜ਼ ਭਰੀ ਹੈ। ਓਮ ਪੁਰੀ, ਗੁਰਦਾਸ ਮਾਨ, ਰਾਣਾ ਜੰਗ ਬਹਾਦਰ, ਸਤੀਸ਼ ਕੁਮਾਰ ਵਰਮਾ, ਸੁਨੀਤਾ ਧੀਰ, ਪੰਮੀ ਬਾਈ, ਸੁਰਜੀਤ ਬਿੰਦਰਖੀਆ, ਭਗਵੰਤ ਮਾਨ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਕੰਵਰ ਗਰੇਵਾਲ, ਕੁਲਵਿੰਦਰ ਬਿੱਲਾ ਆਦਿ ਅਜਿਹੇ ਸਥਾਪਤ ਕਲਾਕਾਰ ਹਨ ਜਿਨ੍ਹਾਂ ਨੇ ਇਸ ਯੂਨੀਵਰਸਿਟੀ ਦੇ ਮੰਚ ਤੋਂ ਆਪਣੇ-ਆਪ ਨੂੰ ਨਿਖਾਰਿਆ ਹੈ। ਇਹ ਵਾਹਿਦ ਉਹ ਯੂਨੀਵਰਸਿਟੀ ਹੈ ਜੋ ਸਿਰਫ਼ ਨਾਂ ਪੱਖੋਂ ਹੀ ਪੰਜਾਬੀ ਨਾਲ ਨਹੀਂ ਜੁੜੀ ਬਲਕਿ ਇਸ ਦਾ ਸਿੱਧਾ-ਸਿੱਧਾ ਉਦੇਸ਼ ਹੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਵਿਚ ਯੋਗਦਾਨ ਪਾਉਣਾ ਹੈ, ਨਵੇਂ ਦਿਸਹੱਦੇ ਤੈਅ ਕਰਨਾ ਹੈ। ਇੱਥੇ ਪੰਜਾਬੀ ਨਾਲ ਜੁੜੇ ਵਿਭਾਗ ਹਨ ਜਿਨ੍ਹਾਂ ਦਾ ਵੇਰਵਾ ਇੰਜ ਹੈ- ਪੰਜਾਬੀ ਵਿਭਾਗ, ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਪੰਜਾਬੀ ਸਾਹਿਤ ਅਧਿਐਨ ਵਿਭਾਗ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ ਆਦਿ। ਪੰਜਾਬੀ ਯੂਨੀਵਰਸਿਟੀ ਦੇ ਬਹੁਤ ਸਾਰੇ ਵਿਭਾਗਾਂ ਦੀ ਕਾਰਗੁਜ਼ਾਰੀ ਇੰਨੀ ਉੱਤਮ ਹੈ ਇਸ ਆਧਾਰ ’ਤੇ ਉਨ੍ਹਾਂ ਨੂੰ ਯੂਜੀਸੀ ਵੱਲੋਂ ਸੈਂਟਰ ਫਾਰ ਐਡਵਾਂਸ ਸਟੱਡੀਜ਼ ਦਾ ਦਰਜਾ ਮਿਲ ਚੁੱਕਾ ਹੈ। ਯੂਨੀਵਰਸਿਟੀ ਨੇ ਅਨੇਕ ਨਾਮਵਰ ਖਿਡਾਰੀ ਪੈਦਾ ਕੀਤੇ। ਨਾਲ ਹੀ ਦੇਸ਼ ਦੀ ਸਰਬਉੱਚ ‘ਮਾਕਾ ਟਰਾਫੀ’ ਉੱਤੇ ਲਗਾਤਾਰ ਦਸ ਵਰ੍ਹੇ ਕਬਜ਼ਾ ਕੀਤਾ। ਇਸ ਵੇਲੇ ਇਸ ’ਵਰਸਿਟੀ ਨਾਲ ਸਬੰਧਤ 270 ਦੇ ਲਗਪਗ ਕਾਲਜਾਂ ਤੋਂ ਬਿਨਾਂ ਰਿਜਨਲ ਸੈਂਟਰ, ਨੇਬਰਹੁੱਡ ਕੈਂਪਸ ਤੇ ਬਹੁਤ ਸਾਰੇ ਕਾਂਸਟੀਚਿਊਐਂਟ ਕਾਲਜ ਹਨ। ਪੰਜਾਬੀ ’ਵਰਸਿਟੀ ਕੋਲ ਮਾਣ ਕਰਨ ਯੋਗ ਖ਼ਜ਼ਾਨਾ ਹੈ। ਆਧੁਨਿਕ ਦੌਰ ’ਚ ਜਿੱਥੇ ਪ੍ਰਾਈਵੇਟ ਖੇਤਰ ’ਚ ਅਨੇਕਾਂ ’ਵਰਸਿਟੀਆਂ ਕਾਰਜਸ਼ੀਲ ਹਨ, ਉਹ ਆਪਣੇ ਮਾਲਕਾਂ ਕਰ ਕੇ ਜਾਣੀਆਂ ਜਾਂਦੀਆਂ ਹਨ ਜਦਕਿ ਸਰਕਾਰੀ ’ਵਰਸਿਟੀਆਂ ਇੱਥੋਂ ਵਿਕਸਤ ਲੋਕਾਂ ਕਰਕੇ ਜਾਣੀਆਂ ਜਾਂਦੀਆਂ ਹਨ। ਪੰਜਾਬੀ ਯੂਨੀਵਰਸਿਟੀ ਵੀ ਉਨ੍ਹਾਂ ’ਚੋਂ ਇਕ ਹੈ। ਅੱਜ ਭਾਵੇਂ ਇਸ ’ਵਰਸਿਟੀ ’ਤੇ ਨਿਰਾਸ਼ਾ ਦੇ ਬੱਦਲ ਛਾਏ ਹੋਏ ਹਨ ਪਰ ਕੋਈ ਵੀ ਸਮਾਂ ਬਹੁਤੀ ਦੇਰ ਸਥਿਰ ਨਹੀਂ ਰਹਿੰਦਾ। ਇਸ ਆਸ ਨਾਲ ਇਹ ਬਿਲਕੁਲ ਕਿਹਾ ਜਾ ਸਕਦਾ ਹੈ ਕਿ ਪੰਜਾਬੀ ’ਵਰਸਿਟੀ ਦਾ ਇਤਿਹਾਸ ਇਸ ਦੇ ਭਵਿੱਖ ਨੂੰ ਨਵਾਂ ਸੂਰਜ ਵਿਖਾਏਗਾ।

-ਡਾ. ਗੁਰਸੇਵਕ ਲੰਬੀ

-ਮੋਬਾਈਲ ਨੰ. : 99141-50353

Posted By: Susheel Khanna