ਪੰਜਾਬ ਦੇ ਕਿਸਾਨ ਦੀ ਸਿਰਫ਼ ਭਾਰਤ 'ਚ ਹੀ ਨਹੀਂ ਸਗੋਂ ਪੂਰੀ ਦੁਨੀਆ 'ਚ ਸਰਦਾਰੀ ਕਾਇਮ ਹੁੰਦੀ ਸੀ ਪਰ ਅੱਜ ਉਸੇ ਕਿਸਾਨ ਵਰਗ ਨੂੰ ਆਪਣੀ ਹੋਂਦ ਬਚਾਉਣੀ ਔਖੀ ਹੋ ਰਹੀ ਹੈ। ਨਾ ਹੀ ਸਰਕਾਰਾਂ ਨੂੰ ਤੇ ਨਾ ਹੀ ਖ਼ੁਦ ਕਿਸਾਨਾਂ ਨੂੰ ਇਸ ਸੰਕਟ 'ਚੋਂ ਬਾਹਰ ਨਿਕਲਣ ਦਾ ਕੋਈ ੍ਰਰਾਹ ਦਿਸ ਰਿਹਾ ਹੈ। ਬੇਹੱਦ ਔਖੀਆਂ ਘੜੀਆਂ 'ਚੋਂ ਲੰਘ ਰਹੀ ਹੈ ਪੰਜਾਬ ਦੀ ਕਿਸਾਨੀ । ਅੰਨ ਦਾਤਾ ਕਹੇ ਜਾਣ ਵਾਲੇ ਕਿਸਾਨ ਲਈ ਅੱਜ ਆਪਣੇ ਪਰਿਵਾਰ ਵਾਸਤੇ ਵੀ ਅੰਨ ਮੁਹੱਈਆ ਕਰਵਾਉਣਾ ਮੁਸ਼ਕਲ ਹੋ ਰਿਹਾ ਹੈ। ਉਹ ਦਿਨ-ਬ-ਦਿਨ ਕਰਜ਼ੇ ਦੇ ਬੋਝ ਥੱਲੇ ਦੱਬਦਾ ਜਾ ਰਿਹਾ ਹੈ। ਕਰਜ਼ੇ ਦੇ ਭਾਰ ਹੇਠਾਂ ਦਬੇ ਕਿਸਾਨਾਂ ਨੇ ਖ਼ੁਦਕੁਸ਼ੀ ਦੇ ਰਸਤੇ ਨੂੰ ਅਪਣਾ ਲਿਆ ਹੈ। ਆਏ ਦਿਨ ਅਖ਼ਬਾਰਾਂ 'ਚ ਕਿਸਾਨ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਛਪਦੀਆਂ ਰਹਿੰਦੀਆਂ ਹਨ। ਲਗਾਤਾਰ ਹੋ ਰਹੀਆਂ ਖ਼ੁਦਕੁਸ਼ੀਆਂ ਨੂੰ ਠੱਲ ਤਾਂ ਕੀ ਪੈਣੀ ਸੀ ਸਗੋਂ ਲਗਾਤਾਰ ਵਾਧਾ ਹੀ ਹੋ ਰਿਹਾ ਹੈ। ਵਿਦੇਸ਼ੀ ਹਮਲਾਵਰਾਂ ਨਾਲ ਟੱਕਰ ਲੈਣ ਵਾਲਾ ਕਿਸਾਨ ਅੱਜ ਆਪਣੀ ਜ਼ਿੰਦਗੀ ਦੀ ਜੰਗ ਹੀ ਹਾਰ ਰਿਹਾ ਹੈ। ਹਾਲਾਤਾਂ ਹੱਥੋਂ ਹਾਰੇ ਹੋਏ ਕਿਸਾਨ ਦੀ ਅੱਜ ਮਾਨਸਿਕ ਹਾਲਤ ਕਮਜ਼ੋਰ ਹੁੰਦੀ ਜਾ ਰਹੀ ਹੈ, ਜਿਸ ਦਾ ਸ਼ਿਕਾਰ ਬਹੁਤ ਸਾਰੇ ਘਰ -ਪਰਿਵਾਰ ਹੋ ਰਹੇ ਹਨ। ਬਹੁਤ ਪਰਿਵਾਰਾਂ ਦੇ ਚਿਰਾਗ਼ ਬੁਝ ਰਹੇ ਹਨ। ਬਹੁਤਿਆਂ ਪਰਿਵਾਰਾਂ ਦੇ ਹਾਸੇ ਰਸਤੇ ਭੁੱਲ ਗਏ ਹਨ। ਇਨ੍ਹਾਂ ਦਰਦ ਭਰੀਆਂ ਹੂਕਾਂ ਲਈ ਕੁਝ ਹੱਦ ਤਕ ਕਿਸਾਨ ਖ਼ੁਦ ਵੀ ਜ਼ਿੰਮੇਵਾਰ ਹਨ। ਕਿਸਾਨੀ ਦੀ ਇਸ ਹਾਲਤ ਲਈ ਕੁਦਰਤ ਜਾਂ ਫਿਰ ਸਰਕਾਰਾਂ ਨੂੰ ਹੀ ਪੂਰੀ ਤਰ੍ਹਾਂ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ । ਇਸ ਗੱਲ ਤੋਂ ਇਨਕਾਰੀ ਵੀ ਨਹੀਂ ਹੋਇਆ ਜਾ ਸਕਦਾ ਕਿ ਕਿਸਾਨ ਵਰਗ ਨੂੰ ਮੁੱਢ-ਕਦੀਮ ਤੋਂ ਹੀ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪਿਆ ਹੈ। ਆਪਣੇ ਵਿਰਸੇ ਤੋਂ ਬੇਮੁੱਖ ਹੋ ਕੇ ਪੱਛਮੀਕਰਨ ਦੇ ਪਿੱਛੇ ਭੱੱਜਣਾ, ਕਿਸਾਨਾਂ ਵੱਲੋਂ ਦੇਖਾ-ਦੇਖੀ ਆਪਣੇ ਵਿਰਾਸਤੀ ਕੰਮਾਂ ਨੂੰ ਤਿਲਾਂਜਲੀ ਦੇਣੀ ਵੀ ਅਜੋਕੇ ਕਿਸਾਨੀ ਸੰਕਟ ਲਈ ਜ਼ਿੰਮੇਵਾਰ ਹਨ। ਇਕ ਸਮਾਂ ਸੀ ਜਦੋਂ ਸਾਡੇ ਵੱਡੇ-ਵਡੇਰੇ ਹੱਥੀਂ ਕਿਰਤ ਕਰਿਆ ਕਰਦੇ ਸਨ। ਹੱਥੀਂ ਖੇਤੀ ਕਰਨੀ,ਬਲਦਾਂ ਨਾਲ ਹਲ ਵਾਹੁਣੇ ਅੱਜ ਦੀ ਪੀੜੀ ਨੂੰ ਸ਼ਰਮ ਵਾਲੀ ਗੱਲ ਲੱਗਦੀ ਹੈ। ਇਕ- ਦੂਜੇ ਦੀ ਦੇਖਾ-ਦੇਖੀ ਮਸ਼ੀਨਾਂ 'ਤੇ ਖ਼ਰਚ ਕਰਨ ਲੱਗ ਪਏ ਹਨ।

ਘਰਾਂ 'ਚ ਦੁਧਾਰੂ ਪਸ਼ੂ ਰੱਖਣੇ,ਹੱਥੀਂ ਕੰਮ ਕਰਕੇ ਪਸ਼ੂਆਂ ਦੀ ਸੰਭਾਲ ਕਰਨੀ ਅੱਜ ਦੀ ਪੀੜੀ ਨੂੰ ਮਨਜ਼ੂਰ ਹੀ ਨਹੀਂ । ਸੁਆਣੀਆਂ ਵੀ ਘਰ ਦੇ ਨਿੱਕੇ-ਨਿੱਕੇ ਕੰਮਾਂ ਨੂੰ ਆਪਣੇ ਹੱਥੀਂ ਕਰਨ ਦੀ ਬਜਾਇ ਘਰਾਂ 'ਚ ਕੰਮ ਕਰਨ ਵਾਸਤੇ ਨੌਕਰਾਣੀਆਂ ਰੱਖਣ ਨੂੰ ਤਰਜੀਹ ਦਿੰਦੀਆਂ ਹਨ। ਪਰਿਵਾਰ ਦੇ ਮਰਦ-ਔਰਤ ਦੋਵਾਂ ਨੇ ਹੀ ਖ਼ਰਚ ਬਹੁਤ ਵਧਾ ਰੱਖੇ ਹਨ। ਅੱਜਕੱਲ ਘਰਾਂ 'ਚ ਓਨੇ ਮੈਂਬਰ ਨਹੀਂ ਹੁੰਦੇ, ਜਿੰਨੇ ਆਮ ਘਰਾਂ 'ਚ ਮੋਬਾਈਲ ਚੱਲਦੇ ਹਨ। ਕਮਾਉਣ ਵਾਲਾ ਭਾਵੇਂ ਇਕ ਹੀ ਹੋਵੇ ਪਰ ਘਰਾਂ 'ਚ ਕਾਰਾਂ ਤੇ ਮੋਟਰ ਸਾਈਕਲਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਜੇ ਖ਼ਰਚੇ ਇੰਨੇ ਵਧਦੇ ਜਾਣਗੇ ਤੇ ਕਮਾਈ ਦੇ ਸਾਧਨ ਸੀਮਤ ਹਨ ਤਾਂ ਕਰਜ਼ਦਾਰ ਹੋਣਾ ਤੈਅ ਹੀ ਹੈ। ਇਹ ਕਰਜ਼ਾ ਆਖਰ ਮੋੜਨਾ ਵੀ ਪੈਣਾ ਹੈ। ਕਈ ਏਕੜਾਂ ਦੇ ਮਾਲਕ ਤੇ ਵੱਡੇ-ਵੱਡੇ ਵਪਾਰੀਆਂ ਦੀ ਰੀਸ-ਮਰੀਸੀ ਛੋਟੇ ਕਿਸਾਨ ਆਪਣਾ ਤੇ ਆਪਣੇ ਪਰਿਵਾਰ ਦੀਆਂ ਆਉਣ ਵਾਲੀਆਂ ਪੁਸ਼ਤਾਂ ਦਾ ਭਵਿੱਖ ਖ਼ਰਾਬ ਕਰ ਰਹੇ ਹਨ।

ਕਦੇ ਉਹ ਵੀ ਸਮਾਂ ਸੀ ਜਦੋਂ ਵਿਆਹ-ਸਾਹੇ ਸ਼ਰੀਕਾਂ ਦੀ ਮਦਦ ਨਾਲ ਪਿੰਡਾਂ 'ਚ ਹੀ ਸੰਪੂਰਨ ਕਰ ਲਏ ਜਾਂਦੇ ਸਨ। ਇਕ ਚਾਨਣੀ (ਕਨਾਤ) ਲਗਾ ਕੇ ਕਈ-ਕਈ ਦਿਨ ਲੰਮਾ ਸਮਾਂ ਚੱਲਣ ਵਾਲੀਆਂ ਰਸਮਾਂ ਖੁਸ਼ੀ-ਖੁਸ਼ੀ ਸੰਪੂਰਨ ਕਰ ਲਈਆਂ ਜਾਂਦੀਆਂ ਸਨ । ਅੱਜ ਉਹੀ ਵਿਆਹ ਮੈਰਿਜ ਪੈਲਿਸਾਂ 'ਚ ਲੱਖਾਂ ਰੁਪਏ ਖ਼ਰਚ ਕਰਕੇ ਕੀਤੇ ਜਾਂਦੇ ਹਨ। ਆਖਰ ਕਿੱਥੋਂ ਆਉਣਗੇ ਇਹ ਲੱਖਾਂ ਰੁਪਏ, ਇਹ ਸੋਚਣ ਦੀ ਲੋੜ ਹੈ ਪਰ ਸੋਚ ਤਾਂ ਖ਼ੁਦ ਦੀ ਰਹੀ ਹੀ ਨਹੀਂ, ਸੋਚ ਤਾਂ ਪਿਛਲੱਗੂ ਹੋਈ ਪਈ ਹੈ। ਆਪਣੀ ਚਾਦਰ ਦੇਖ ਕੇ ਪੈਰ ਪਸਾਰਨ ਵਾਲੀ ਗੱਲ ਤਾਂ ਚਿੱਤ ਚੇਤੇ ਵੀ ਨਹੀਂ । ਇਹ ਅੱਖਾਂ 'ਤੇ ਬੰਨੀ ਹੋਈ ਪੱਟੀ ਜਦੋਂ ਖੁੱਲਦੀ ਹੈ, ਉਦੋਂ ਨੂੰ ਸਿਰੋਂ ਪਾਣੀ ਲੰਘ ਚੁੱਕਾ ਹੁੰਦਾ ਹੈ ਤੇ ਪਛਤਾਉਣ ਤੋਂ ਸਿਵਾਏ ਕੋਈ ਚਾਰਾ ਹੀ ਨਹੀਂ ਰਹਿ ਜਾਂਦਾ।

ਅਮੀਰ ਸ਼ਹਿਰੀਆਂ ਦੀ ਨਕਲ ਕਰਕੇ ਵੱਡੇ-ਵੱਡੇ ਮਕਾਨ (ਕੋਠੀਆਂ) ਦੀ ਉਸਾਰੀ ਕਰਨ ਨੂੰ ਕਿੱਧਰਲੀ ਸਿਆਣਪ ਕਿਹਾ ਜਾ ਸਕਦਾ ਹੈ। ਮਹਿੰਗੇ -ਮਹਿੰਗੇ ਵਿਦੇਸ਼ੀ ਕੱਪੜੇ ਪਾ ਕੇ ਦਿਖਾਵਾ ਕਰਨਾ ਹੀ ਹੈ। ਦਿਖਾਵਾ ਤਾਂ ਸਦਾ ਹੀ ਖ਼ਰਚੀਲਾ ਹੁੰਦਾ ਹੈ। ਫਜ਼ੂਲ ਖ਼ਰਚ ਇਕ ਆਮ ਆਦਮੀ ਨੂੰ ਪਤਨ ਵੱਲ ਹੀ ਲੈ ਕੇ ਜਾਂਦਾ ਹੈ। ਗੁਰਬਾਣੀ ਦਾ ਵੀ ਇਹੋ ਫਲਸਫ਼ਾ ਹੈ ਕਿ ਸਾਦਾ ਰਹਿਣਾ , ਸਾਦਾ ਪਹਿਨਣਾ , ਸਾਦੀ ਰਹਿਣੀ-ਬਹਿਣੀ ਸੱਜਣ ਮਨੁੱਖ ਦੀਆਂ ਨਿਸ਼ਾਨੀਆਂ ਹਨ। ਸੱਚੀ-ਸੁੱਚੀ ਹੱਥੀਂ ਕਿਰਤ ਤਾਂ ਗੁਰੂ ਸਾਹਿਬਾਨਾਂ ਨੂੰ ਵੀ ਕਰਨੀ ਪਈ ਸੀ । ਦਿਖਾਵੇ ਦੀ ਦੁਨੀਆਂ 'ਚੋਂ ਜਿੰਨੀ ਛੇਤੀ ਬਾਹਰ ਆਇਆ ਜਾਵੇ , ਓਨਾ ਹੀ ਚੰਗਾ ਹੋਵੇਗਾ। ਚੰਗੀ ਗੱਲ ਹੋਵੇਗੀ ਜੇ ਵਿਰਸੇ ਤੋਂ ਬੇਮੁੱਖ ਨਾ ਹੋਇਆ ਜਾਵੇ। ਅਜੇ ਵੀ ਡੁੱਲੇ ਬੇਰਾਂ ਦਾ ਕੁੱਝ ਵੀ ਨਹੀਂ ਵਿਗੜਿਆ ਤੇ ਮੁੜ ਵਿਰਸੇ ਨਾਲ ਜੁੜਿਆ ਜਾਵੇ । ਆਪਣੀਆਂ ਜੜ੍ਹਾਂ ਨੂੰ ਪਛਾਣ ਕੇ ਜੜ੍ਹਾਂ ਨਾਲ ਜੁੜਿਆਂ ਜਾਵੇ, ਜੜ੍ਹਾਂ ਤੋਂ ਕਮਜ਼ੋਰ ਹੋਣ ਵਾਲੇ ਆਖ਼ਰ ਇਕ ਦਿਨ ਝੱਖੜਾਂ 'ਚ ਫਨਾਹ ਹੋ ਜਾਂਦੇ ਹਨ।

ਖ਼ੁਦਕੁਸ਼ੀਆਂ ਕਰਨਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ। ਸਮੱਸਿਆ ਦੀ ਤਹਿ ਤੱਕ ਜਾ ਕੇ ਪੂਰਨ ਤੌਰ 'ਤੇ ਨਹੀਂ ਤਾਂ ਉਸ ਦੀਆਂ ਜੜ੍ਹਾਂ ਨੂੰ ਖ਼ਤਮ ਕਰਨਾ ਹੋਵੇਗਾ। ਵਿਰਾਸਤ ਨਾਲ ਜੁੜ ਜਾਈਏ ਤਾਂ ਕੁੱਝ ਹੱਦ ਤਕ ਇਸ ਭਿਆਨਕ ਵਰਤਾਰੇ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਵੀਰਪਾਲ ਕੌਰ 'ਕਮਲ'

85690-01590

Posted By: Sarabjeet Kaur