-ਗੁਰਨਾਮ ਸਿੰਘ ਭੱਲੜੀ

ਏਸ਼ੀਆ ਦਾ ਸਭ ਤੋਂ ਉੱਚਾ ਭਾਖੜਾ ਡੈਮ ਅੱਜ 57 ਵਰ੍ਹਿਆਂ ਦਾ ਹੋ ਗਿਆ ਹੈ। ਭਾਖੜਾ ਡੈਮ ਤੋਂ ਜਦ ਬਿਜਲੀ ਦਾ ਉਤਪਾਦਨ ਸ਼ੁਰੂ ਹੋਇਆ ਤਾਂ ਇਸ ਨੇ ਪੰਜ ਦਰਿਆਵਾਂ ਦੀ ਧਰਤੀ ਨੂੰ ਰੁਸ਼ਨਾ ਦਿੱਤਾ ਸੀ। ਨੰਦ ਲਾਲ ਨੂਰਪੁਰੀ ਦੇ ਗੀਤ ਦੇ ਬੋਲ ਯਾਦ ਆਉਂਦੇ ਹਨ 'ਭਾਖੜੇ ਤੋਂ ਆਉਂਦੀ ਮੁਟਿਆਰ ਨੱਚਦੀ।' ਲੋਕ ਭਾਖੜਾ ਡੈਮ ਨੂੰ ਬੜੀਆਂ ਮੁਹੱਬਤ ਭਰੀਆਂ ਨਿਗਾਹਾਂ ਨਾਲ ਵੇਖਦੇ ਸਨ।

ਰਾਸ਼ਟਰ ਦਾ ਗੌਰਵ ਕਹੇ ਜਾਣ ਵਾਲੇ ਇਸ ਡੈਮ ਦੀ ਉਸਾਰੀ ਵਿਚ ਅੰਗਰੇਜ਼ਾਂ ਵੱਲੋਂ ਕਾਫ਼ੀ ਦਿਲਚਸਪੀ ਲਈ ਗਈ ਸੀ। ਵੀਹਵੀਂ ਸਦੀ ਦੇ ਆਰੰਭ ਵਿਚ ਇਕ ਅੰਗਰੇਜ਼ ਇੰਜੀਨੀਅਰ ਨਿਕਲਸਨ ਦੀ ਨਿਗ੍ਹਾ ਜਦੋਂ ਬਿਲਾਸਪੁਰ ਜ਼ਿਲ੍ਹੇ (ਹਿਮਾਚਲ ਪ੍ਰਦੇਸ਼) ਦੇ ਪਿੰਡ ਭਾਖੜਾ ਕੋਲ ਦੋ ਤੰਗ ਪਹਾੜਾਂ ਵਿੱਚੋਂ ਲੰਘ ਰਹੇ ਸਤਲੁਜ ਦਰਿਆ 'ਤੇ ਪਈ ਤਾਂ ਉਸ ਦੇ ਮਨ 'ਚ ਵਿਚਾਰ ਆਇਆ ਕਿ ਕਿਉਂ ਨਾ ਇਸ ਜਗ੍ਹਾ 'ਤੇ ਡੈਮ ਬਣਾ ਕੇ ਨਹਿਰਾਂ ਰਾਹੀਂ ਬਾਰਿਸ਼ ਦੀ ਕਮੀ ਵਾਲੇ ਇਲਾਕਿਆਂ ਵਿਚ ਸਿੰਚਾਈ ਲਈ ਪਾਣੀ ਉਪਲਬਧ ਕਰਵਾਇਆ ਜਾਵੇ।

ਜੇ ਭਾਖੜਾ ਡੈਮ ਦਾ ਪਿਛੋਕੜ ਗਹੁ ਨਾਲ ਦੇਖਿਆ ਜਾਵੇ ਤਾਂ ਇਸ ਪ੍ਰਾਜੈਕਟ ਦੇ ਅਸਲੀ ਹੀਰੋ 1923 'ਚ ਅਣਵੰਡੇ ਪੰਜਾਬ ਦੀ ਵਿਧਾਨ ਪ੍ਰੀਸ਼ਦ ਦੇ ਮੈਂਬਰ ਅਤੇ ਖੇਤੀਬਾੜੀ ਮੰਤਰੀ ਬਣੇ ਸਰ ਛੋਟੂ ਰਾਮ ਸਨ ਜਿਨ੍ਹਾਂ ਨੇ ਠੰਢੇ ਬਸਤੇ 'ਚ ਪਈ ਇਸ ਪ੍ਰਾਜੈਕਟ ਦੀ ਫਾਈਲ ਨੂੰ ਚੁੱਕ ਕੇ ਇਸ ਨੂੰ ਪੂਰਾ ਕਰਨ ਲਈ ਯਤਨ ਸ਼ੁਰੂ ਕੀਤੇ ਸਨ। ਭਾਵੇਂ ਭਾਖੜਾ ਡੈਮ ਦੀ ਉਸਾਰੀ ਦਾ ਕੰਮ ਆਜ਼ਾਦੀ ਤੋਂ ਬਾਅਦ ਹੀ ਸ਼ੁਰੂ ਹੋਇਆ ਪਰ ਪਹਿਲੀ ਪੁਲਾਂਘ ਸੰਨ 1915 ਵਿਚ ਪੁੱਟੀ ਗਈ ਸੀ। ਨਿਕਲਸਨ ਦੀ ਖੋਜ ਤੋਂ ਬਾਅਦ 1920 ਤੋਂ 1938 ਦੌਰਾਨ ਇਸ ਡੈਮ 'ਤੇ ਕਾਫ਼ੀ ਕੰਮ ਕੀਤਾ ਗਿਆ। ਇਸ ਪ੍ਰਾਜੈਕਟ ਲਈ ਸਮਝੌਤੇ 'ਤੇ ਤਤਕਾਲੀ ਪੰਜਾਬ ਦੇ ਮਾਲ ਮੰਤਰੀ ਸਰ ਛੋਟੂ ਰਾਮ ਨੇ ਨਵੰਬਰ 1944 ਵਿਚ ਬਿਲਾਸਪੁਰ ਦੇ ਰਾਜੇ ਨਾਲ ਹਸਤਾਖ਼ਰ ਕੀਤੇ ਸਨ। ਪ੍ਰਾਜੈਕਟ ਯੋਜਨਾ ਨੂੰ 8 ਜਨਵਰੀ 1945 ਨੂੰ ਅੰਤਿਮ ਰੂਪ ਦੇ ਦਿੱਤਾ ਸੀ। ਡੈਮ ਬਣਾਉਣ ਤੋਂ ਪਹਿਲਾਂ ਭੂ-ਵਿਗਿਆਨੀਆਂ ਵੱਲੋਂ ਇਸ ਨੂੰ ਭੂਚਾਲ ਆਦਿ ਤੋਂ ਸੁਰੱਖਿਅਤ ਐਲਾਨਿਆ ਗਿਆ। ਸੰਨ 1944 'ਚ ਅਮਰੀਕੀ ਭੂ-ਵਿਗਿਆਨੀ ਡਾ. ਜੇਐੱਲ ਸੈਜਿਮ ਨੇ ਡੈਮ ਦੇ ਦੋਹਾਂ ਸਿਰਿਆਂ 'ਤੇ ਪਹਾੜਾਂ ਨੂੰ ਮਜ਼ਬੂਤ ਕਰਨ ਦਾ ਮਸ਼ਵਰਾ ਦਿੱਤਾ ਸੀ। ਇਸੇ ਕੜੀ ਤਹਿਤ 1995 ਤੋਂ 1947 ਤਕ ਅਮਰੀਕੀ ਭੂ-ਵਿਗਿਆਨੀ ਡਾ. ਐੱਫਏ ਨਿੱਕਲ ਨੇ ਡੈਮ ਦੀਆਂ ਨੀਹਾਂ ਅਤੇ ਡੂੰਘੇ ਪੱਧਰ ਤਕ ਸਤ੍ਹਾ ਦੀ ਜਾਂਚ ਕਰਨ ਲਈ 58 ਵਾਰ ਡਰਿੱਲਿੰਗ ਕੀਤੀ।

ਇਸ ਉਪਰੰਤ ਅਮਰੀਕਾ ਦੀ ਡੈਨਵਰ ਨਾਮ ਦੀ ਕੰਪਨੀ ਵੱਲੋਂ ਇਸ ਡੈਮ ਦਾ ਡਿਜ਼ਾਈਨ ਤਿਆਰ ਕਰ ਕੇ ਇਸ ਨੂੰ ਬਣਾਉਣ ਲਈ ਅੰਤਿਮ ਛੋਹ ਦੇ ਦਿੱਤੀ ਗਈ। ਬੇਸ਼ੱਕ ਭਾਖੜਾ ਡੈਮ ਪ੍ਰਾਜੈਕਟ ਮੁੱਖ ਰੂਪ ਵਿਚ ਸਿੰਚਾਈ ਪ੍ਰਾਜੈਕਟ ਹੀ ਸੀ ਪਰ ਬਾਅਦ 'ਚ ਇਸ 'ਤੇ ਬਿਜਲੀ ਤਿਆਰ ਕਰਨ ਦੀ ਯੋਜਨਾ ਬਣਾਈ ਗਈ। ਭਾਖੜਾ ਡੈਮ ਨੇ ਜਿੱਥੇ ਬਿਜਲੀ ਦੀ ਪੈਦਾਵਾਰ ਸਦਕਾ ਦੇਸ਼ ਦੀ ਉਦਯੋਗਿਕ ਕ੍ਰਾਂਤੀ 'ਚ ਅਹਿਮ ਭੂਮਿਕਾ ਅਦਾ ਕੀਤੀ ਹੈ, ਉੱਥੇ ਹੀ ਦੇਸ਼ ਦੇ ਤਿੰਨ ਸੂਬਿਆਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀ ਲਗਪਗ 65 ਲੱਖ ਏਕੜ ਜ਼ਮੀਨ ਨੂੰ ਸਿੰਚਾਈ ਲਈ ਪਾਣੀ ਦੀ ਸਪਲਾਈ ਕਰ ਕੇ ਹਰੀ ਕ੍ਰਾਂਤੀ ਵਿਚ ਵੀ ਯੋਗਦਾਨ ਪਾਇਆ ਜਾ ਰਿਹਾ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਵੱਲੋਂ 22 ਅਕਤੂਬਰ 1963 ਨੂੰ ਭਾਖੜਾ ਡੈਮ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਸੀ।

ਇਸ ਡੈਮ ਦੇ ਉਦਘਾਟਨ ਮੌਕੇ ਨਹਿਰੂ ਜੀ ਨੇ ਇਸ ਨੂੰ ਨਵੀਨ ਭਾਰਤ ਦਾ ਆਧੁਨਿਕ ਮੰਦਰ ਕਿਹਾ ਸੀ। ਇਸ ਬਹੁ-ਮੰਤਵੀ ਪ੍ਰਾਜੈਕਟ ਨੂੰ ਬਣਾਉਣ ਦਾ ਕੰਮ ਭਾਵੇਂ ਆਜ਼ਾਦੀ ਤੋਂ ਬਾਅਦ ਸ਼ੁਰੂ ਹੋਇਆ ਸੀ ਪਰ ਇਸ ਪ੍ਰਾਜੈਕਟ ਨੂੰ ਬਣਾਉਣ ਦਾ ਵਿਚਾਰ ਸਰ ਲੂਈਸ ਡੈਨੇ ਵੱਲੋਂ 1908 ਵਿਚ ਦੇ ਦਿੱਤਾ ਗਿਆ ਸੀ। ਸੰਨ 1939 ਤੋਂ 1942 ਤਕ ਇਸ ਪ੍ਰਾਜੈਕਟ ਸਬੰਧੀ ਰਿਪੋਰਟਾਂ ਤਿਆਰ ਕੀਤੀਆਂ ਗਈਆਂ। ਸ਼ੁਰੂ ਵਿਚ ਇਸ ਡੈਮ ਦੇ ਨਿਰਮਾਣ ਦਾ ਮਕਸਦ ਸਿਰਫ਼ ਸਿੰਚਾਈ ਵਾਸਤੇ ਪਾਣੀ ਇਕੱਠਾ ਕਰਨਾ ਸੀ ਪਰ ਬਾਅਦ ਵਿਚ ਇਸ ਨੂੰ ਬਹੁ-ਮੰਤਵੀ ਬਣਾ ਦਿੱਤਾ ਗਿਆ। ਸੰਨ 1948 ਤੋਂ 1963 ਵਿਚਕਾਰ ਬਣ ਕੇ ਤਿਆਰ ਹੋਏ ਸੰਸਾਰ ਦੇ ਸਭ ਤੋਂ ਉੱਚੇ ਕੰਕਰੀਟ ਦੇ ਠੋਸ ਬੰਨ੍ਹਾਂ 'ਚੋਂ ਇਕ ਇਸ ਡੈਮ ਦੀ ਉੱਚਾਈ 225.55 ਮੀਟਰ (740 ਫੁੱਟ) ਹੈ ਜੋ ਕਿ ਦਿੱਲੀ ਦੇ ਮਸ਼ਹੂਰ ਕੁਤਬ ਮੀਨਾਰ ਤੋਂ ਤਿੰਨ ਗੁਣਾ ਜ਼ਿਆਦਾ ਹੈ। ਭਾਖੜਾ ਡੈਮ ਦੇ ਪਿੱਛੇ ਬਣੀ 96.56 ਕਿਲੋਮੀਟਰ ਲੰਬੀ ਅਤੇ 168.35 ਵਰਗ ਕਿਲੋਮੀਟਰ (65 ਵਰਗ ਮੀਲ) ਵਿਚ ਫੈਲੀ ਗੋਬਿੰਦ ਸਾਗਰ ਝੀਲ ਦਾ ਨਾਂ ਸਿੱਖਾਂ ਦੇ ਦਸਵੇਂ ਗੁਰੁ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ 'ਤੇ ਰੱਖਿਆ ਗਿਆ ਹੈ। ਇਸ ਝੀਲ ਵਿਚ 9621 ਮਿਲੀਅਨ ਘਣ ਮੀਟਰ ਪਾਣੀ ਸਮਾ ਸਕਦਾ ਹੈ। ਇਹ ਡੈਮ ਪੰਜਾਬ, ਹਰਿਆਣਾ ਅਤੇ ਰਾਜਸਥਾਨ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਵਿਚ ਵੀ ਵੱਡਾ ਯੋਗਦਾਨ ਦਿੰਦਾ ਹੈ।

ਚੀਫ ਕੰਸਲਟੈਂਟ ਐੱਮਐੱਚ ਸਲੋਕਮ ਦੀ ਅਗਵਾਈ ਹੇਠ ਬਣੀ ਇਸ ਰਾਸ਼ਟਰੀ ਧਰੋਹਰ ਨੂੰ 13 ਹਜ਼ਾਰ ਮਜ਼ਦੂਰਾਂ, 300 ਇੰਜੀਨੀਅਰਾਂ ਅਤੇ 30 ਵਿਦੇਸ਼ੀ ਮਾਹਿਰਾਂ ਨੇ ਦਿਨ-ਰਾਤ ਕੰਮ ਕਰ ਕੇ 15 ਸਾਲਾਂ ਵਿਚ ਪੂਰਾ ਕੀਤਾ ਸੀ। ਇਸ ਡੈਮ ਨੂੰ ਬਣਾਉਣ ਲਈ ਸੈਂਕੜੇ ਵਿਅਕਤੀਆਂ ਵੱਲੋਂ ਆਪਣੀ ਜਾਨ ਦੀ ਅਹੂਤੀ ਦਿੱਤੀ ਗਈ ਜਿਨ੍ਹਾਂ ਦੀ ਯਾਦ ਵਿਚ ਭਾਖੜਾ ਡੈਮ ਵਿਖੇ ਇਕ ਸ਼ਹੀਦੀ ਸਮਾਰਕ ਵੀ ਬਣਿਆ ਹੋਇਆ ਹੈ। ਇਸ ਡੈਮ ਦੀ ਉਸਾਰੀ 'ਤੇ 5.2 ਘਣ ਮੀਟਰ (68.3 ਲੱਖ ਘਣ ਗਜ਼) ਕੰਕਰੀਟ ਦੀ ਵਰਤੋਂ ਕੀਤੀ ਗਈ। ਕਿਹਾ ਜਾਂਦਾ ਹੈ ਕਿ ਜਿੰਨੀ ਕੰਕਰੀਟ ਦੀ ਵਰਤੋਂ ਇਸ ਡੈਮ ਨੂੰ ਤਿਆਰ ਕਰਨ ਲਈ ਕੀਤੀ ਗਈ, ਉਸ ਨਾਲ ਧਰਤੀ ਦੇ ਦੁਆਲੇ ਅੱਠ ਫੁੱਟ ਚੌੜੀ ਸੜਕ ਬਣਾਈ ਜਾ ਸਕਦੀ ਹੈ। ਉਸ ਸਮੇਂ 245 ਕਰੋੜ ਦੀ ਲਾਗਤ ਨਾਲ ਬਣੇ ਭਾਖੜਾ ਡੈਮ ਦੀ ਉਸਾਰੀ ਵਿਚ 1.02 ਲੱਖ ਮੀਟ੍ਰਿਕ ਟਨ ਲੋਹਾ ਖਪਤ ਕੀਤਾ ਗਿਆ। ਡੈਮ ਵਿਚ 1680 (ਸਮੁੰਦਰੀ ਲੈਵਲ) ਫੁੱਟ ਤਕ ਪਾਣੀ ਜਮ੍ਹਾ ਕੀਤਾ ਜਾ ਸਕਦਾ ਹੈ। ਭਾਖੜਾ ਡੈਮ ਵਿਖੇ ਬਣਾਏ ਦੋ ਬਿਜਲੀਘਰਾਂ ਨੂੰ ਰਾਈਟ ਅਤੇ ਲੈਫਟ ਪਾਵਰ ਬੈਂਕ ਦੇ ਨਾਂ ਨਾਲ ਜਾਣਿਆ ਜਾਦਾ ਹੈ।

ਲੈਫਟ ਪਾਵਰ ਹਾਉੂਸ ਵਿਚ ਜਾਪਾਨ, ਫਰਾਂਸ ਅਤੇ ਇੰਗਲੈਂਡ ਦੀ ਬਣੀ ਮਸ਼ੀਨਰੀ ਲਗਾਈ ਗਈ ਹੈ ਅਤੇ ਰਾਈਟ ਬੈਂਕ ਵਿਚ ਰਸ਼ੀਅਨ ਮਸ਼ੀਨਰੀ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਪਾਵਰ ਹਾਊਸਾਂ ਨੂੰ ਪੀਪੀ-1 ਅਤੇ ਪੀਪੀ-2 ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਡੈਮ ਨੂੰ ਬਣਾਉਣ 'ਚ ਪੰਡਿਤ ਜਵਾਹਰਲਾਲ ਨਹਿਰੂ ਵੱਲੋਂ ਖ਼ਾਸ ਦਿਲਚਸਪੀ ਲਈ ਗਈ ਸੀ। ਸੰਨ 1954 ਤੋਂ 1963 ਤਕ ਉਨ੍ਹਾਂ ਵੱਲੋਂ 13 ਵਾਰ ਇਸ ਡੈਮ ਦਾ ਦੌਰਾ ਕੀਤਾ ਗਿਆ। ਨੰਗਲ ਦੇ ਸਤਲੁਜ ਸਦਨ ਵਿਚ ਅੱਜ ਵੀ ਪੰਡਿਤ ਜਵਾਹਰਲਾਲ ਨਹਿਰੂ ਵੱਲੋਂ ਵਰਤੀਆਂ ਨਿੱਜ ਵਰਤੋਂ ਦੀਆਂ ਚੀਜ਼ਾਂ, ਕੁਰਸੀ, ਟੇਬਲ, ਬੈੱਡ ਅਤੇ ਕਰੋਕਰੀ ਨੂੰ ਇਕ ਵਿਰਾਸਤ ਦੇ ਰੂਪ 'ਚ ਸੰਭਾਲ ਕੇ ਰੱਖਿਆ ਗਿਆ ਹੈ। ਇੱਥੇ ਹੀ ਭਾਰਤ ਅਤੇ ਚੀਨ ਵਿਚਾਲੇ 28 ਅਪ੍ਰੈਲ 1954 ਨੂੰ ਪੰਚਸ਼ੀਲ ਸਮਝੌਤਾ ਹੋਇਆ ਸੀ ਜੋ ਪੰਜ-ਨੁਕਾਤੀ ਸੀ। ਉਸ ਕਰਾਰ ਤਹਿਤ ਮੁੱਖ ਤੌਰ 'ਤੇ ਦੋਹਾਂ ਦੇਸ਼ਾਂ ਵਿਚਕਾਰ ਆਪਸੀ ਮਿਲਵਰਤਨ ਵਧਾਉਣ, ਇਕ-ਦੂਜੇ ਦੀ ਪ੍ਰਭੂਸੱਤਾ ਦਾ ਸਨਮਾਨ ਕਰਨ ਦੀ ਗੱਲ ਕਹੀ ਗਈ ਹੈ। ਇਸ ਦੇ ਸਬੂਤ ਵਜੋਂ ਇੱਥੇ ਇਕ ਵੱਡ ਆਕਾਰੀ ਇਤਿਹਾਸਕ ਸਿੱਲ ਵੀ ਮੌਜੂਦ ਹੈ ਜਿਸ 'ਤੇ ਇਨ੍ਹਾਂ ਸ਼ਰਤਾਂ ਨੂੰ ਉਕਰਿਆ ਗਿਆ ਹੈ। ਇਹ ਸਿੱਲ ਸੈਲਾਨੀਆਂ ਦੀ ਖਿੱਚ ਦਾ ਕਾਰਨ ਬਣਦੀ ਹੈ।

ਇਸ ਤੋਂ ਇਲਾਵਾ ਇੱਥੇ ਸਰਦੀਆਂ 'ਚ ਪਰਵਾਸੀ ਪੰਛੀ ਵੀ ਆਉਂਦੇ ਹਨ ਜਿਨ੍ਹਾਂ ਨੂੰ ਵੇਖਣ ਲਈ ਪੰਛੀ ਪ੍ਰੇਮੀ ਦੂਰ-ਦੂਰ ਤੋਂ ਆਉਂਦੇ ਹਨ। ਨੰਗਲ ਸਥਿਤ ਸਤਲੁਜ ਝੀਲ ਨੂੰ ਵੀ ਰਾਸ਼ਟਰੀ ਵੈੱਟਲੈਂਡ ਐਲਾਨਿਆ ਜਾ ਚੁੱਕਾ ਹੈ। ਭਾਖੜਾ ਡੈਮ ਪ੍ਰਾਜੈਕਟ ਸਾਂਝੇ ਪੰਜਾਬ ਦੇ ਨੰਗਲ ਨੇੜਲੇ ਇਕ ਛੋਟੇ ਜਿਹੇ ਪਿੰਡ ਭਾਖੜਾ ਵਿਖੇ ਬਣਾਇਆ ਗਿਆ ਹੈ। ਹੁਣ ਭਾਖੜਾ ਡੈਮ ਹਿਮਾਚਲ ਪ੍ਰਦੇਸ਼ ਵਿਖੇ ਸਥਿਤ ਹੈ। ਇਸ ਪ੍ਰਾਜੈਕਟ ਦਾ ਪ੍ਰਬੰਧ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਵੱਲੋਂ ਕੀਤਾ ਜਾ ਰਿਹਾ ਹੈ। ਭਾਖੜਾ ਡੈਮ ਦੇਖਣ ਲਈ ਬੀਬੀਐੱਮਬੀ ਵੱਲੋਂ ਨੰਗਲ ਵਿਖੇ ਲੋਕ ਸੰਪਰਕ ਦਫ਼ਤਰ ਬਣਾਇਆ ਗਿਆ ਹੈ ਜਿੱਥੋਂ ਪਹਿਲਾਂ ਪਾਸ ਬਣਦਾ ਹੈ ਜਦਕਿ ਭਾਖੜਾ ਡੈਮ ਨੂੰ ਅੰਦਰੋਂ ਵੇਖਣ ਲਈ ਵਿਸ਼ੇਸ਼ ਰੈੱਡ ਪਰਮਿਟ ਲੈਣਾ ਪੈਂਦਾ ਹੈ ਜੋ ਕਿ ਬੀਬੀਐੱਮਬੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਤੋਂ

ਜਾਰੀ ਹੁੰਦਾ ਹੈ।

ਇਸ ਡੈਮ ਬਾਰੇ ਦਿਲਚਸਪ ਗੱਲ ਇਹ ਵੀ ਹੈ ਕਿ ਨੰਗਲ ਤੋਂ ਭਾਖੜਾ ਡੈਮ ਦੇ ਵਿਚਕਾਰ ਦੁਨੀਆ ਦੀ ਪਹਿਲੀ ਅਜਿਹੀ ਰੇਲਗੱਡੀ ਚੱਲਦੀ ਹੈ ਜਿਹੜੀ ਬਿਲਕੁਲ ਮੁਫ਼ਤ ਹੈ। ਇਸ ਰੇਲਗੱਡੀ ਦੀ ਖ਼ਾਸੀਅਤ ਇਹ ਹੈ ਕਿ ਇਸ ਵਿਚ ਨਾ ਤਾਂ ਕੋਈ ਚੈੱਕਰ ਹੈ ਅਤੇ ਨਾ ਹੀ ਭਿਖਾਰੀ। ਭਾਖੜਾ ਡੈਮ ਦੀ ਉਸਾਰੀ ਮੌਕੇ ਬਣਾਈ ਗਈ ਏਸ਼ੀਆ ਦੀ ਸਭ ਤੋਂ ਵੱਡੀ ਵਰਕਸ਼ਾਪ ਹੁਣ ਬੰਦ ਹੋਣ ਦੇ ਕੰਢੇ ਪੁੱਜ ਚੁੱਕੀ ਹੈ। ਕਿਸੇ ਸਮੇਂ ਇਸ ਵਰਕਸ਼ਾਪ ਵਿਚ 10 ਹਜ਼ਾਰ ਦੇ ਲਗਪਗ ਕਰਮਚਾਰੀ ਕੰਮ ਕਰਦੇ ਸਨ ਪਰ ਹੁਣ ਇਹ ਗਿਣਤੀ ਸਿਰਫ਼ 200 ਕਰਮਚਾਰੀਆਂ ਤਕ ਸਿਮਟ ਚੁੱਕੀ ਹੈ। ਲੋੜ ਹੈ ਇਸ ਵਰਕਸ਼ਾਪ ਨੂੰ ਮੁੜ ਸ਼ੁਰੂ ਕਰਨ ਦੀ ਤਾਂ ਜੋ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ।

-ਮੋਬਾਈਲ ਨੰ. : 94173-35325

-response0jagran.com

Posted By: Sunil Thapa