-ਪ੍ਰਿੰ. ਵਿਜੈ ਕੁਮਾਰ

ਜਦੋਂ ਕਦੇ-ਕਦੇ ਆਪਣੀ ਜ਼ਿੰਦਗੀ ਦੇ ਅਤੀਤ ਦੇ ਵਰਕਿਆਂ ਵੱਲ ਧਿਆਨ ਮਾਰਨ ਦੀ ਫੁਰਸਤ ਮਿਲਦੀ ਹੈ ਤਾਂ ਵਰਤਮਾਨ 'ਚ ਤੇਜ਼ੀ ਨਾਲ ਆ ਰਹੀ ਤਬਦੀਲੀ ਮਨ 'ਚ ਅਨੇਕ ਤਰ੍ਹਾਂ ਦੇ ਸਵਾਲ ਪੈਦਾ ਕਰ ਦਿੰਦੀ ਹੈ। ਮੈਂ ਆਪਣੇ ਪਿੰਡ ਦੇ ਸਰਕਾਰੀ ਸਕੂਲ 'ਚ ਛੇਵੀਂ ਜਮਾਤ 'ਚ ਪੜ੍ਹਦਾ ਸਾਂ। ਸਾਡੇ ਸਕੂਲ ਦੇ ਉਸ ਸਮੇਂ ਦੇ ਮੁੱਖ ਅਧਿਆਪਕ ਗੁਰਚਰਨ ਸਿੰਘ ਵਿਰਕ ਸਨ। ਉਨ੍ਹਾਂ ਨੂੰ ਵਿਦਿਆਰਥੀ ਹਿਤਾਂ ਦੀ ਪੂਰਤੀ ਲਈ ਬਹੁਤ ਤਾਂਘ ਤੇ ਫਿਕਰ ਰਹਿੰਦੀ ਸੀ। ਸਾਡੇ ਸਕੂਲ ਵਿਚ ਬੱਚਿਆਂ ਦੀ ਗਿਣਤੀ ਜ਼ਿਆਦਾ ਤੇ ਕਮਰਿਆਂ ਦੀ ਘਾਟ ਸੀ। ਇਲਾਕੇ ਦਾ ਵੱਡਾ ਸਕੂਲ ਹੋਣ ਕਾਰਨ ਜ਼ਿਆਦਾ ਬੱਚੇ ਇੱਥੇ ਹੀ ਪੜ੍ਹਨ ਆਉਂਦੇ ਸਨ। ਉਹ ਸਾਡੇ ਪਿੰਡ ਦੇ ਆਜ਼ਾਦੀ ਘੁਲਾਟੀਏ ਨੂੰ ਲੈ ਕੇ ਲੋਕਾਂ ਨੂੰ ਮਿਲਣ ਆਏ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੂੰ ਮਿਲੇ।

ਗਿਆਨੀ ਜੀ ਨੇ ਸਾਡੇ ਸਕੂਲ ਦੇ ਮੁੱਖ ਅਧਿਆਪਕ ਵੱਲੋਂ ਸਕੂਲ 'ਚ ਕਮਰਿਆਂ ਦੀ ਘਾਟ ਦੀ ਸਮੱਸਿਆ ਲਈ ਕੀਤੀ ਗਈ ਬੇਨਤੀ ਨੂੰ ਬਹੁਤ ਹੀ ਧਿਆਨ ਨਾਲ ਸੁਣਿਆ ਕਿਉਂਕਿ ਉਹ ਅਨੰਦਪੁਰ ਸਾਹਿਬ ਹਲਕੇ ਤੋਂ ਚੁਣ ਕੇ ਗਏ ਹੋਏ ਸਨ। ਉਨ੍ਹਾਂ ਨੇ ਮੌਕੇ 'ਤੇ ਹੀ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਬੁਲਾ ਕੇ ਕਿਹਾ ਕਿ ਕੱਲ੍ਹ ਹੀ ਸਕੂਲ ਵਿਚ ਜਾਓ। ਸਕੂਲ ਦੀ ਲੋੜ ਅਨੁਸਾਰ ਕਮਰਿਆਂ ਦੀ ਉਸਾਰੀ 'ਤੇ ਹੋਣ ਵਾਲੇ ਅਨੁਮਾਨਿਤ ਖ਼ਰਚੇ ਦੀ ਪ੍ਰਵਾਨਗੀ ਲੈ ਕੇ ਕਮਰਿਆਂ ਦੀ ਤੁਰੰਤ ਉਸਾਰੀ ਕਰੋ। ਗਿਆਨੀ ਜੀ ਅਧਿਕਾਰੀ ਨੂੰ ਹੁਕਮ ਜਾਰੀ ਕਰ ਕੇ ਚੰਡੀਗੜ੍ਹ ਨੂੰ ਰਵਾਨਾ ਹੋ ਗਏ। ਸਬੰਧਤ ਅਧਿਕਾਰੀ ਸਕੂਲ ਲੱਗਣ ਤੋਂ ਪਹਿਲਾਂ ਹੀ ਆਪਣੀ ਟੀਮ ਨੂੰ ਨਾਲ ਲੈ ਕੇ ਪਹੁੰਚ ਗਏ। ਉਸ ਨੇ ਮੁੱਖ ਅਧਿਆਪਕ ਦੇ ਕਹਿਣ ਅਨੁਸਾਰ ਜਗ੍ਹਾ ਦੀ ਚੋਣ ਕਰ ਲਈ। ਕਮਰਿਆਂ ਦੀ ਗਿਣਤੀ ਅਨੁਸਾਰ ਮਿਣਤੀ ਵੀ ਕਰ ਲਈ। ਭਾਵੇਂ ਮੈਂ ਉਸ ਵੇਲੇ ਉਮਰ ਵਿਚ ਕਾਫ਼ੀ ਛੋਟਾ ਸਾਂ ਪਰ ਆਪਾਂ ਅਧਿਆਪਕਾਂ ਨੂੰ ਜਮਾਤਾਂ ਵਿੱਚ ਇਹ ਕਹਿੰਦੇ ਸੁਣਿਆ ਸੀ ਕਿ ਗਿਆਨੀ ਜੀ ਦਾ ਐਨਾ ਸਖ਼ਤ ਹੁਕਮ ਹੈ ਕਿ ਉਨ੍ਹਾਂ ਕਮਰਿਆਂ ਦਾ ਐਸਟੀਮੇਟ ਬਣਨ ਅਤੇ ਹੋਣ ਵਾਲੇ ਖ਼ਰਚੇ ਦੀ ਮਨਜ਼ੂਰੀ ਤੋਂ ਪਹਿਲਾਂ ਹੀ ਸਕੂਲ ਵਿਚ ਕਮਰੇ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ। ਉਨ੍ਹਾਂ ਨੂੰ ਇਹ ਵੀ ਕਿਹਾ ਗਿਆ ਸੀ ਕਿ ਜਿੰਨੀ ਛੇਤੀ ਹੋ ਸਕੇ , ਕਮਰੇ ਬਣ ਜਾਣੇ ਚਾਹੀਦੇ ਹਨ ਤਾਂ ਜੋ ਬੱਚਿਆਂ ਨੂੰ ਬਾਹਰ ਨਾ ਬੈਠਣਾ ਪਵੇ ਤੇ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਉਸ ਆਜ਼ਾਦੀ ਘੁਲਾਟੀਏ ਨੇ ਆਪ ਕੋਲ ਬਹਿ ਕੇ ਕਮਰਿਆਂ ਦਾ ਨਿਰਮਾਣ ਕਰਵਾਇਆ।

ਕਮਰੇ ਬਣਨ 'ਤੇ ਸਾਡੇ ਸਕੂਲ ਦੇ ਮੁੱਖ ਅਧਿਆਪਕ ਨੇ ਉਸ ਆਜ਼ਾਦੀ ਘੁਲਾਟੀਏ ਨੂੰ ਕਿਹਾ ਕਿ ਗਿਆਨੀ ਜੀ ਨੂੰ ਮਿਲ ਕੇ ਉਨ੍ਹਾਂ ਨੂੰ ਕਮਰਿਆਂ ਦੇ ਉਦਘਾਟਨ ਲਈ ਬੇਨਤੀ ਕਰ ਲੈਣੀ ਚਾਹੀਦੀ ਹੈ। ਬਹਾਨੇ ਨਾਲ ਉਨ੍ਹਾਂ ਦਾ ਸਕੂਲ ਵਿਚ ਆਉਣਾ ਵੀ ਹੋ ਜਾਵੇਗਾ। ਪਹਿਲਾਂ ਤਾਂ ਉਹ ਆਜ਼ਾਦੀ ਘੁਲਾਟੀਆ ਹੀ ਉਦਘਾਟਨ ਕਰਵਾਉਣ ਲਈ ਸਹਿਮਤ ਨਾ ਹੋਇਆ ਪਰ ਮੁੱਖ ਅਧਿਆਪਕ ਵੱਲੋਂ ਜ਼ਿਆਦਾ ਜ਼ੋਰ ਪਾਉਣ 'ਤੇ ਉਹ ਕਮਰਿਆਂ ਦੇ ਉਦਘਾਟਨ ਲਈ ਬੇਨਤੀ ਕਰਨ ਲਈ ਗਿਆਨੀ ਜੀ ਕੋਲ ਲੈ ਗਿਆ। ਗਿਆਨੀ ਜੀ ਨੇ ਉਨ੍ਹਾਂ ਦੀ ਬੇਨਤੀ ਸੁਣ ਕੇ ਉਨ੍ਹਾਂ ਨੂੰ ਕਿਹਾ ''ਮੈਂ ਕਾਹਦੇ ਲਈ ਕਮਰਿਆਂ ਦਾ ਉਦਘਾਟਨ ਕਰਨ ਲਈ ਜਾਣਾ ਹੈ। ਕਮਰਿਆਂ ਦਾ ਨਿਰਮਾਣ ਹੋ ਗਿਆ ਹੈ। ਬਿਨਾਂ ਦੇਰੀ ਤੋਂ ਬੱਚਿਆਂ ਨੂੰ ਕਮਰਿਆਂ ਵਿਚ ਬਿਠਾ ਕੇ ਉਨ੍ਹਾਂ ਨੂੰ ਪੜ੍ਹਾਈ ਕਰਵਾਓ। ਮੈਂ ਤੁਹਾਡੇ ਸਕੂਲ ਵਿਚ ਜਾਵਾਂਗਾ। ਸੌ ਤਰ੍ਹਾਂ ਦੀ ਤਿਆਰੀ ਲਈ ਪੈਸੇ ਖ਼ਰਚ ਹੋਣਗੇ। ਬੱਚਿਆਂ ਤੇ ਅਧਿਆਪਕਾਂ ਦਾ ਪੜ੍ਹਾਈ 'ਚ ਲੱਗਣ ਵਾਲਾ ਸਮਾਂ ਖ਼ਰਾਬ ਹੋਵੇਗਾ। ਅਫ਼ਸਰ ਲੋਕਾਂ ਦਾ ਕੰਮ ਕਰਨ ਦੀ ਬਜਾਏ ਸਾਡੀ ਆਓ ਭਗਤ 'ਚ ਲੱਗ ਜਾਣਗੇ ਤੇ ਉਨ੍ਹਾਂ ਦੇ ਕੰਮ ਰੁਕ ਜਾਣਗੇ, ਉਹ ਖੱਜਲ ਖੁਆਰ ਹੋਣਗੇ।'' ਉਨ੍ਹਾਂ ਨੇ ਆਪਣੇ ਪੀਏ ਨੂੰ ਬੁਲਾ ਕੇ ਕਿਹਾ ਕਿ ਮੁੱਖ ਅਧਿਆਪਕ ਸਾਹਿਬ ਨੂੰ ਬੱਚਿਆਂ ਨੂੰ ਕਮਰਿਆਂ 'ਚ ਬਿਠਾਉਣ ਲਈ ਉਨ੍ਹਾਂ ਨੂੰ ਲੱਡੂ ਖਵਾਉਣ ਲਈ ਰੁਪਏ ਦਿਓ। ਮੁੱਖ ਅਧਿਆਪਕ ਨੇ ਗਿਆਨੀ ਜੀ ਦੇ ਇਨ੍ਹਾਂ ਵਿਚਾਰਾਂ ਬਾਰੇ ਸਕੂਲ ਦੇ ਬੱਚਿਆਂ ਨੂੰ ਪ੍ਰਾਰਥਨਾ ਸਭਾ 'ਚ ਜਾਣਕਾਰੀ ਦਿੱਤੀ। ਮੈਂ ਅੱਜ ਵੀ ਉਨ੍ਹਾਂ ਦੀ ਉਸ ਮਹਾਨ ਸੋਚ ਨੂੰ ਸਲਾਮ ਕਰਦਾ ਹਾਂ।

ਸਕੂਲਾਂ ਦੀਆਂ ਇਮਾਰਤਾਂ ਦਾ ਉਦਘਾਟਨ ਦੀ ਰਸਮ ਜੇ ਗਿਆਨੀ ਜੀ ਦੇ ਮਹਾਨ ਵਿਚਾਰਾਂ ਵਾਂਗ ਹੋ ਜਾਵੇ ਤਾਂ ਬੱਚਿਆਂ ਦੀ ਪੜ੍ਹਾਈ ਦਾ ਹੋਣ ਵਾਲਾ ਨੁਕਸਾਨ ਬਚ ਸਕਦਾ ਹੈ। ਸਕੂਲੀ ਬੱਚਿਆਂ ਨੂੰ ਲੋਕ ਨੁਮਾਇੰਦਿਆਂ ਦੀ ਉਡੀਕ ਕਰਨ ਲਈ ਧੁੱਪ ਤੇ ਕਤਾਰਾਂ 'ਚ ਖੜ੍ਹਨਾ ਨਹੀਂ ਪਵੇਗਾ। ਇਨ੍ਹਾਂ ਉਦਘਾਟਨੀ ਸਮਾਰੋਹਾਂ 'ਤੇ ਹੋਣ ਵਾਲਾ ਖ਼ਰਚਾ ਬਚ ਜਾਵੇਗਾ। ਅਫ਼ਸਰ ਲੋਕ ਨੁਮਾਇੰਦਿਆਂ ਦੀ ਆਓ ਭਗਤ 'ਚ ਲੱਗਣ ਦੀ ਬਜਾਏ ਲੋਕਾਂ ਦੇ ਕੰਮ ਕਰਨ ਲਈ ਸਮਾਂ ਲਾਉਣਗੇ। ਅਜੋਕੇ ਸਮੇਂ 'ਚ ਵੀ ਬਹੁਤ ਸਾਰੇ ਲੋਕ ਨੁਮਾਇੰਦੇ ਹਨ, ਜੋ ਗਿਆਨੀ ਜੀ ਦੀ ਸੋਚ ਵਰਗੇ ਹਨ। ਗਿਆਨੀ ਜੀ ਦੀ ਇਸ ਸੋਚ ਨੂੰ ਯਾਦ ਕਰਦਿਆਂ ਮੈਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ ਉਹ ਘਟਨਾ ਯਾਦ ਆਉਂਦੀ ਹੈ, ਜਦੋਂ ਉਨ੍ਹਾਂ ਨੇ ਬੱਚਿਆਂ ਨੂੰ ਇਕੱਲੇ ਤੇ ਧੁੱਪ 'ਚ ਬੈਠਿਆਂ ਵੇਖ ਪ੍ਰਬੰਧਕਾਂ ਨੂੰ ਬੁਰੀ ਤਰ੍ਹਾਂ ਝਾੜ ਪਾਈ ਸੀ।

ਘਟਨਾ ਇਸ ਤਰ੍ਹਾਂ ਸੀ। ਪੰਡਤ ਨਹਿਰੂ ਇਕ ਸਮਾਗਮ ਵਿਚ ਸ਼ਾਮਲ ਹੋਣ ਲਈ ਆ ਰਹੇ ਸਨ। ਉਹ ਜਹਾਜ਼ ਤੋਂ ਉੱਤਰ ਕੇ ਸਟੇਜ ਵੱਲ ਨੂੰ ਵੱਧ ਰਹੇ ਸਨ। ਸਟੇਜ ਵੱਲ ਨੂੰ ਜਾਂਦਿਆਂ ਉਨ੍ਹਾਂ ਦੀ ਨਜ਼ਰ ਸਮਾਗਮ ਵਾਲੀ ਜਗ੍ਹਾ ਤੋਂ ਵੱਖ ਧੁੱਪ ਵਿੱਚ ਬੈਠੇ ਕੁੱਝ ਬੱਚਿਆਂ 'ਤੇ ਪਈ। ਉਹ ਸਟੇਜ ਵੱਲ ਜਾਣ ਦੀ ਬਜਾਏ ਉਨ੍ਹਾਂ ਬੱਚਿਆਂ ਵੱਲ ਨੂੰ ਚਲੇ ਗਏ। ਉਨ੍ਹਾਂ ਨੇ ਬੱਚਿਆਂ ਵੱਲ ਇਸ਼ਾਰਾ ਕਰ ਕੇ ਪ੍ਰਬੰਧਕਾਂ ਨੂੰ ਸਵਾਲ ਕੀਤਾ ਕਿ ਤੁਸੀਂ ਇਨ੍ਹਾਂ ਬੱਚਿਆਂ ਨੂੰ ਸਮਾਗਮ ਤੋਂ ਅੱਡ ਧੁੱਪ ਵਿੱਚ ਕਿਉਂ ਬਿਠਾਇਆ ਹੈ ? ਪ੍ਰਬੰਧਕਾਂ ਨੇ ਅੱਗਿਓਂ ਜਵਾਬ ਦਿੰਦਿਆਂ ਕਿਹਾ , ''ਸਰ ! ਇਨ੍ਹਾਂ ਬੱਚਿਆਂ ਨੇ ਵਰਦੀ ਨਹੀਂ ਪਾਈ ਹੋਈ ਸੀ। ਜੇ ਇਨ੍ਹਾਂ ਬੱਚਿਆਂ ਨੂੰ ਸਮਾਗਮ ਵਿਚ ਬਿਠਾਇਆ ਜਾਂਦਾ ਤਾਂ ਤੁਹਾਨੂੰ ਬੁਰਾ ਲੱਗ ਸਕਦਾ ਸੀ।'' ਪੰਡਿਤ ਨਹਿਰੂ ਨੂੰ ਉਨ੍ਹਾਂ ਦੀ ਗੱਲ ਸੁਣ ਕੇ ਬਹੁਤ ਗੁੱਸਾ ਆਇਆ। ਉਨ੍ਹਾਂ ਨੇ ਉਨ੍ਹਾਂ ਪ੍ਰਬੰਧਕਾਂ ਨੂੰ ਗੁੱਸਾ ਹੁੰਦਿਆਂ ਕਿਹਾ, ''ਮੈਨੂੰ ਹੁਣ ਬੁਰਾ ਲੱਗਿਆ ਹੈ ਕਿ ਤੁਸੀਂ ਇਨ੍ਹਾਂ ਬੱਚਿਆਂ ਨਾਲ ਗ਼ੈਰ- ਮਨੁੱਖੀ ਵਿਵਹਾਰ ਕੀਤਾ ਹੈ।'' ਉਹ ਉਨ੍ਹਾਂ ਬੱਚਿਆਂ ਨੂੰ ਉਠਾ ਕੇ ਨਾਲ ਲੈ ਗਏ ਤੇ ਉਨ੍ਹਾਂ ਨੂੰ ਸਭ ਤੋਂ ਅੱਗੇ ਬਿਠਾ ਦਿੱਤਾ।

ਇਸੇ ਤਰ੍ਹਾਂ ਮਰਹੂਮ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਨੇ ਸਾਰੇ ਸੂਬਿਆਂ ਤੋਂ ਉਨ੍ਹਾਂ ਤਿੰਨ-ਤਿੰਨ ਅਧਿਆਪਕਾਂ ਨੂੰ ਰਾਸ਼ਟਰਪਤੀ ਭਵਨ ਵਿਚ ਬੁਲਾਇਆ, ਜਿਨ੍ਹਾਂ ਦਾ ਸਿੱਖਿਆ ਦੇ ਖੇਤਰ 'ਚ ਵਿਸ਼ੇਸ਼ ਯੋਗਦਾਨ ਸੀ। ਰਾਸ਼ਟਰਪਤੀ ਕਲਾਮ ਨੇ ਉਨ੍ਹਾਂ ਅਧਿਆਪਕਾਂ ਨੂੰ ਰਾਸ਼ਟਰਪਤੀ ਭਵਨ 'ਚ ਬੁਲਾ ਕੇ ਉਨ੍ਹਾਂ ਨਾਲ ਚਾਹ ਦਾ ਕੱਪ ਸਾਂਝਾ ਕਰਦਿਆਂ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਨੇ ਆਪਣੇ ਵਿਦਿਆਰਥੀਆਂ ਲਈ ਅਜਿਹਾ ਕੀ ਕੁਝ ਕੀਤਾ ਹੈ, ਜਿਸ ਕਾਰਨ ਉਨ੍ਹਾਂ ਦੇ ਰਾਜਾਂ ਨੇ ਉਨ੍ਹਾਂ ਦੀ ਚੋਣ ਕਰ ਕੇ ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ਭੇਜਿਆ ਹੈ। ਉਹ ਇਕੱਲੇ-ਇਕੱਲੇ ਅਧਿਆਪਕ ਨੂੰ ਮਿਲੇ ਤੇ ਉਨ੍ਹਾਂ ਦੇ ਵਿਚਾਰ ਸੁਣੇ। ਉਨ੍ਹਾਂ ਤੋਂ ਸੁਝਾਅ ਵੀ ਮੰਗੇ ਕਿ ਦੇਸ਼ ਦੇ ਬੱਚਿਆਂ ਦੀ ਪੜ੍ਹਾਈ ਨੂੰ ਬਿਹਤਰ ਬਣਾਉਣ ਲਈ ਹੋਰ ਕੀ ਕੁਝ ਕੀਤਾ ਜਾ ਸਕਦਾ ਹੈ। ਰਾਸ਼ਟਰਪਤੀ ਕਲਾਮ ਸਿੱਖਿਆ ਪ੍ਰਤੀ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਹਿੰਦੇ ਹਨ ਕਿ ਬੱਚਿਆਂ ਦੀ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਹਰ ਬਣਦਾ ਯਤਨ ਹੋਣਾ ਚਾਹੀਦਾ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਹੋਣਾ ਚਾਹੀਦਾ। ਜੇ ਆਲਮੀ ਪੱਧਰ 'ਤੇ ਆਪਣੇ ਦੇਸ਼ ਦੇ ਵਿੱਦਿਅਕ ਢਾਂਚੇ ਦਾ ਮੁਲਾਂਕਣ ਕੀਤਾ ਜਾਵੇ ਤਾਂ ਬਹੁਤ ਵੱਡੇ ਪੱਧਰ 'ਤੇ ਸੁਧਾਰ ਕਰਨ ਦੀ ਜ਼ਰੂਰਤ ਹੈ। ਸਰਕਾਰ ਭਾਵੇਂ ਕੋਈ ਵੀ ਹੋਵੇ, ਉਸ ਦਾ ਮੁੱਖ ਟੀਚਾ ਸਿੱਖਿਆ ਦੇ ਢਾਂਚੇ ਨੂੰ ਸੁਧਾਰਨਾ ਹੋਣਾ ਚਾਹੀਦਾ ਹੈ।

-ਮੋ. 98726-27231

Posted By: Jagjit Singh