-ਦੀਪ ਜਗਦੀਪ ਸਿੰਘ


ਕਿਤਾਬਾਂ ਦਾ ਸੰਸਾਰ ਬੜਾ ਅਜਬ ਹੈ। ਜੇ ਬਾਲ ਕਿਤਾਬ ਪੜ੍ਹਨ ਲੱਗੇ ਤਾਂ ਇਹ ਉਸ ਨੂੰ ਪਲ ਭਰ ਵਿਚ ਸਿਆਣਾ ਬਣਾ ਦਿੰਦੀ ਹੈ। ਜੇ ਕੋਈ ਸਿਆਣਾ ਕਿਤਾਬ ਪੜ੍ਹੇ ਤਾਂ ਇਹ ਪਲ ਵਿਚ ਉਸ ਨੂੰ ਬਾਲ ਬਣਾ ਦਿੰਦੀ ਹੈ ਤੇ ਉਸ ਦੇ ਅੰਦਰ ਕਿਸੇ ਖੂੰਜੇ ਵਿਚ ਸੁੱਤਾ ਪਿਆ ਬਚਪਨ ਜਗਾ ਦਿੰਦੀ ਹੈ। ਦੁਨਿਆਵੀ ਦੌਲਤਾਂ, ਸ਼ੁਹਰਤਾਂ ਤੇ ਰਿਸ਼ਤਿਆਂ ਦੀ ਲਘੂਤਮ ਵਿਚ ਉਲਝੇ ਬਹੁਤੇ ਸਿਆਣੇ ਹੋ ਗਏ ਮਨੁੱਖ ਲਈ ਕਿਤਾਬ ਅਣਭੋਲਤਾ ਦੇ ਬੂਹੇ ਖੋਲ੍ਹਦੀ ਹੈ ਤੇ ਫਿਰ ਉਸ ਨੂੰ ਗਿਆਨ ਦੇ ਸਿਖ਼ਰ ਤਕ ਲੈ ਜਾਂਦੀ ਹੈ।

ਅਮਰੀਕੀ ਲੇਖਕ ਸਟੀਫਨ ਕਿੰਗ ਆਖਦਾ ਹੈ, ‘ਕਿਤਾਬਾਂ ਉਹ ਵਿਲੱਖਣ ਜਾਦੂ ਹਨ, ਜਿਨ੍ਹਾਂ ਨੂੰ ਕਿਤੇ ਵੀ ਲੈ ਜਾਇਆ ਜਾ ਸਕਦਾ ਹੈ।’ ਕਿਤਾਬਾਂ ਨੂੰ ਸਫ਼ਰ ਵਿਚ ਲੈ ਜਾਣਾ ਉਸ ਨੂੰ ਰਾਸ ਆ ਗਿਆ। ਉਹ ਕਿਤਾਬਾਂ ਪੜ੍ਹਦਾ-ਪੜ੍ਹਦਾ ਲਿਖਣ ਦੇ ਅਜਿਹੇ ਸਫ਼ਰ ’ਤੇ ਨਿਕਲਿਆ ਕਿ ਹੁਣ ਤਕ ਉਸ ਦੀਆਂ ਲਿਖੀਆਂ ਕਿਤਾਬਾਂ ਦੀਆਂ ਸਾਢੇ ਤਿੰਨ ਮਿਲੀਅਨ ਤੋਂ ਜ਼ਿਆਦਾ ਕਾਪੀਆਂ ਵਿਕ ਚੁੱਕੀਆਂ ਹਨ।

18ਵੀਂ ਸਦੀ ਦੀ ਕਲਾਸਿਕ ਅੰਗਰੇਜ਼ੀ ਨਾਵਲਕਾਰਾ ਜੇਨ ਆਸਟਨ ਕਹਿੰਦੀ ਹੈ ਕਿ ਜੇ ਕਿਤਾਬ ਬਹੁਤ ਵਧੀਆ ਲਿਖੀ ਹੋਵੇ ਤਾਂ ਉਸ ਨੂੰ ਹਮੇਸ਼ਾ ਲੱਗਦਾ ਹੈ ਕਿ ਕਿਤਾਬ ਜਲਦੀ ਮੁੱਕ ਗਈ। ਉਸ ਦੇ ਲਿਖੇ ਬਹੁ-ਚਰਚਿਤ ਨਾਵਲ ਕਰੀਬ ਚਾਰ ਸੌ ਪੰਨਿਆਂ ਤੋਂ ਜ਼ਿਆਦਾ ਦੇ ਹਨ ਪਰ ਅੱਜ ਵੀ ਉਨ੍ਹਾਂ ਨੂੰ ਪੜ੍ਹਦਿਆਂ ਆਪਮੁਹਾਰੇ ਮੂੰਹੋਂ ਨਿਕਲਦੈ, ‘ਇੰਨੀ ਛੇਤੀ ਮੁੱਕ ਵੀ ਗਿਆ।’ ਉਸ ਦੌਰ ਵਿਚ ਉਹ ਵੀ ਲੋਕ ਹੁੰਦੇ ਸਨ, ਜੋ ਇੰਨੀਆਂ ‘ਮੋਟੀਆਂ’ ਕਿਤਾਬਾਂ ਵੀ ਵਾਰ-ਵਾਰ ਪੜ੍ਹਦੇ ਸਨ। ਜੇ ਇਹ ਗੱਲ ਨਾ ਹੁੰਦੀ ਤਾਂ ਇਹ ਚੀਨੀ ਅਖੌਤ ਨਹੀਂ ਬਣਨੀ ਸੀ ਕਿ ਕੋਈ ਕਿਤਾਬ ਪਹਿਲੀ ਵਾਰ ਪੜ੍ਹਨਾ ਇੰਝ ਹੈ ਜਿਵੇਂ ਕਿਸੇ ਨੂੰ ਪਹਿਲੀ ਵਾਰ ਜਾਣਨਾ, ਉਹੀ ਕਿਤਾਬ ਦੂਜੀ ਵਾਰ ਪੜ੍ਹਨਾ ਜਿਵੇਂ ਕਿਸੇ ਪੁਰਾਣੇ ਮਿੱਤਰ ਨੂੰ ਮਿਲਣਾ। ਅੱਜ ਸੋਸ਼ਲ ਮੀਡੀਆ ਦੇ ਦੌਰ ’ਚ ਇਹ ਅਖੌਤ ਉਦੋਂ ਝੂਠੀ ਜਿਹੀ ਜਾਪਦੀ ਹੈ ਜਦੋਂ ਕਿਸੇ ਅਰਥਪੂਰਨ ਲੰਮੀ ਪੋਸਟ ਦੇ ਥੱਲੇ ਟਿੱਪਣੀਆਂ ਪੜ੍ਹਨ ਨੂੰ ਮਿਲਦੀਆਂ ਹਨ ਕਿ ਏਨੀ ਲੰਮੀ ਪੋਸਟ ਕੌਣ ਪੜ੍ਹਦਾ ਹੈ।

ਸੋਸ਼ਲ ਮੀਡੀਆ ਨੇ ਸਾਡੇ ਤੋਂ ਉਹ ਸਬਰ ਤੇ ਸਹਿਜ ਖੋਹ ਲਿਆ ਹੈ, ਜਿਸ ਰਾਹੀਂ ਅਸੀਂ ਪੰਨਾ ਦਰ ਪੰਨਾ ਕਿਤਾਬਾਂ ਅੰਦਰਲੇ ਸੰਸਾਰ ਦਾ ਮੀਲਾਂ ਦਾਂ ਸਫ਼ਰ ਕਰ ਲੈਂਦੇ ਸਾਂ ਤੇ ਇਸ ਸਫ਼ਰ ਤੋਂ ਬਾਅਦ ਥੱਕਣ ਦੀ ਬਜਾਏ ਤਾਜ਼ਾ-ਤਰੀਨ ਮਹਿਸੂਸ ਕਰਦੇ ਸਾਂ। ਅੱਜ-ਕੱਲ੍ਹ ਤਾਂ ਪੰਜ-ਸੱਤ ਸਤਰਾਂ ਦੀ ਪੋਸਟ ਪੜ੍ਹਦਿਆਂ ਸਾਨੂੰ ਸਾਹ ਚੜ੍ਹ ਜਾਂਦਾ ਹੈ ਤੇ ਅਸੀਂ ਕਾਹਲੀ ਨਾਲ ਅੰਗੂਠਾ ਨੱਪ ਕੇ ਅਗਾਂਹ ਜਾਣ ਦੀ ਕਰਦੇ ਹਾਂ। ਇਸ ਦੇ ਬਾਵਜੂਦ ਸੋਸ਼ਲ ਮੀਡੀਆ ’ਤੇ ਧੜਾਧੜ ਲਿਖਿਆ ਜਾ ਰਿਹਾ ਹੈ। ਅਜਿਹੀਆਂ ਲਿਖਤਾਂ ’ਤੇ ਚਿਰਾਪੂੰਜੀ ਵਾਂਗ ਲਾਈਕਾਂ ਤੇ ਕੁਮੈਂਟਾਂ ਦੀ ਬਰਸਾਤ ਹੁੰਦੀ ਹੈ। ਫਿਰ ਰਾਤੋ-ਰਾਤ ‘ਇੰਟਰਨੈੱਟ ਸਟਾਰ’ ਬਣੇ ਲੇਖਕਾਂ ਦੀਆਂ ਕਿਤਾਬਾਂ ਧੜਾਧੜ ਛਪਦੀਆਂ ਹਨ ਪਰ ਇਨ੍ਹਾਂ ’ਚੋਂ ਕੋਈ ਟਾਵਾਂ ਹੀ ਹੁੰਦਾ ਹੈ ਜਿਸ ਦੀ ਕਿਤਾਬ ਨੂੰ ਪਾਠਕ ਮੁੱਲ ਖ਼ਰੀਦ ਕੇ ਪੜ੍ਹਦਾ ਹੈ। ਜਿਹੜੀ ਕਿਤਾਬ ਵਿਕਦੀ ਵੀ ਹੈ, ਉਹ ਪੜ੍ਹੀ ਘੱਟ ਜਾਂਦੀ ਹੈ, ਸ਼ੋਅ ਕੇਸ ਵਿਚ ਸਜਾ ਕੇ ਰੱਖਣ ਲਈ ਤੇ ਸੋਸ਼ਲ ਮੀਡੀਆ ’ਤੇ ਸੈਲਫੀ ਪਾਉਣ ਲਈ ਵੱਧ ਵਰਤੀ ਜਾਂਦੀ ਹੈ।

ਅੱਜ-ਕੱਲ੍ਹ ਕਿਤਾਬਾਂ ਵਾਲੀਆਂ ਸੈਲਫਾਂ ਨਾਲੋਂ ਕਿਤਾਬਾਂ ਵਾਲੀਆਂ ਸੈਲਫੀਆਂ ਦਾ ਟਰੈਂਡ ਜ਼ਿਆਦਾ ਚੱਲ ਰਿਹਾ ਹੈ। ਮਸਲਾ ਇਹ ਹੋ ਗਿਆ ਹੈ ਕਿ ਕਿਤਾਬਾਂ ਦੀ ਸੈਲਫ਼ੀਆਂ ਵਾਲੀ ਬੰਬਾਰੀ ’ਚੋਂ ਚੰਗੀ ਤੇ ਸਾਂਭ ਕੇ ਰੱਖਣ ਵਾਲੀ ਕਿਤਾਬ ਲੱਭਣੀ ਮੁਸ਼ਕਿਲ ਹੋ ਗਈ ਹੈ। ਰਹਿੰਦੀ ਕਸਰ ਸੋਸ਼ਲ ਮੀਡੀਆ ’ਤੇ ਬੈਠੇ ਪ੍ਰਚਾਰਕਾਂ ਨੇ ਪੂਰੀ ਕਰ ਦਿੱਤੀ ਹੈ। ਅੱਜ-ਕੱਲ੍ਹ ਹਰ ਕਿਤਾਬ ‘ਬੈਸਟ ਸੇਲਰ’ ਹੈ ਤੇ ਹਰ ਕੋਈ ‘ਬੈਸਟ ਸੇਲਰ’ ਲੇਖਕ ਹੈ। ਉਨ੍ਹਾਂ ਦੀਆਂ ਕਿਤਾਬਾਂ ਦੇ ਕਈ-ਕਈ ਐਡੀਸ਼ਨ ਕਦੋਂ ਆਉਂਦੇ ਹਨ ਤੇ ਕਦੋਂ ਖ਼ਤਮ ਹੋ ਜਾਂਦੇ ਹਨ, ਪਤਾ ਨਹੀਂ ਲੱਗਦਾ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅੱਜ ਦੇ ਦੌਰ ਵਿਚ ਚੰਗੀਆਂ ਕਿਤਾਬਾਂ ਨਹੀਂ ਲਿਖੀਆਂ ਜਾ ਰਹੀਆਂ ਜਾਂ ਕਿਤਾਬਾਂ ਪੜ੍ਹਨ ਲਈ ਚੰਗੇ ਪਾਠਕ ਨਹੀਂ ਹਨ।

ਸੋਸ਼ਲ ਮੀਡੀਆ ਨੇ ਇਕ ਕੰਮ ਚੰਗਾ ਕੀਤਾ ਹੈ, ਚੰਗਾ ਪੜ੍ਹਨ ਵਾਲਿਆਂ ਨੂੰ ਤੇ ਚੰਗੀਆਂ ਕਿਤਾਬਾਂ ਨੂੰ ਇਕ-ਦੂਜੇ ਤਕ ਪਹੁੰਚਾ ਦਿੱਤਾ ਹੈ। ਜਿਹੜਾ ਗੰਭੀਰ ਪਾਠਕ ਹੈ, ਉਹ ਸੋਸ਼ਲ ਮੀਡੀਆ ’ਤੇ ਚੰਗੀਆਂ ਕਿਤਾਬਾਂ ਦੀ ਭਾਲ ਵਿਚ ਆਉਂਦਾ ਹੈ ਤੇ ਜਦੋਂ ਉਸ ਨੂੰ ਆਪਣੀ ਭਾਲ ਵਾਲੀ ਕਿਤਾਬ ਮਿਲ ਜਾਂਦੀ ਹੈ ਤਾਂ ਉਹ ਇੰਟਰਨੈਟ ਤੋਂ ਛੁੱਟੀ ਲੈ ਕੇ ਉਸ ਕਿਤਾਬ ਵਿਚਲੇ ਸੰਸਾਰ ਵਿਚ ਉਤਰ ਜਾਂਦਾ ਹੈ। ਫਿਰ ਜਦੋਂ ਉਹ ਮੁੜਦਾ ਹੈ ਤਾਂ ਪਾਠਕਾਂ ਲਈ ਪੜ੍ਹੀ ਗਈ ਕਿਤਾਬ ਬਾਰੇ ਮੁੱਲਵਾਨ ਨੁਕਤੇ ਲੈ ਕੇ ਆਉਂਦਾ ਹੈ। ਇਸ ਤਰ੍ਹਾਂ ਸੋਸ਼ਲ ਮੀਡੀਆ ’ਤੇ ਕਿਤਾਬਾਂ ਦਾ ਮੇਲਾ ਲੱਗ ਗਿਆ ਹੈ, ਜਿੱਥੇ ਪੜ੍ਹਨ ਵਾਲੇ, ਲਿਖਣ ਵਾਲੇ, ਲਾਇਬ੍ਰੇਰੀਆਂ ਵਾਲੇ, ਪ੍ਰਕਾਸ਼ਕ ਤੇ ਪੁਸਤਕ ਵਿਕ੍ਰੇਤਾ ਇਕੱਠੇ ਹੋ ਗਏ ਹਨ। ਇਹ ਨਾ ਸਿਰਫ਼ ਆਪੋ-ਵਿਚ ਕਿਤਾਬਾਂ ਦਾ ਲੈਣ-ਦੇਣ ਕਰਦੇ ਹਨ ਸਗੋਂ ਨਵੇਂ ਪਾਠਕ ਜੋੜਨ ਵਿਚ ਵੀ ਆਪਣੀ ਭੂਮਿਕਾ ਨਿਭਾਉਂਦੇ ਹਨ।

ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਅਦਿ੍ਰਸ਼ ਤਰੰਗਾਂ ਦੇ ਨਾਲ ਜੁੜੇ ਆਲਮੀ ਪਿੰਡ ਦੇ ਦੌਰ ਵਿਚ ਸੋਸ਼ਲ ਮੀਡੀਆ ਤੋਂ ਪੂਰੀ ਤਰ੍ਹਾਂ ਨਿਰਲੇਪ ਨਹੀਂ ਰਿਹਾ ਜਾ ਸਕਦਾ ਪਰ ਇਸ ਦੀ ਵਰਤੋਂ ਕਿਵੇਂ ਕਰਨੀ ਹੈ , ਇਸ ਬਾਰੇ ਸੁਚੇਤ ਜ਼ਰੂਰ ਹੋਇਆ ਜਾ ਸਕਦਾ ਹੈ। ਸੋਸ਼ਲ ਮੀਡੀਆ ਨੇ ਜਿੱਥੇ ਕਿਤਾਬਾਂ ਦੇ ਆਸ਼ਕਾਂ ਨੂੰ ਮੰਚ ਮੁਹੱਈਆ ਕਰਵਾਇਆ ਹੈ, ਉੱਥੇ ਹੀ ਇਸ ਨੇ ਗੰਭੀਰ ਤੇ ਮਿਆਰੀ ਸਾਹਿਤ ਲਈ ਮੁਸ਼ਕਿਲਾਂ ਵੀ ਖੜ੍ਹੀਆਂ ਕੀਤੀਆਂ ਹਨ। ਉਹ ਵੀ ਵੇਲਾ ਸੀ ਜਦੋਂ ਕਿਸੇ ਰਚਨਾ ਨੂੰ ਛਪਣ ਤੋਂ ਪਹਿਲਾਂ ਬਹੁਤ ਸਾਰੀਆਂ ਛਾਣਨੀਆਂ ’ਚੋਂ ਲੰਘਣਾ ਪੈਂਦਾ ਸੀ। ਫਿਰ ਕਿਤੇ ਸਾਲ- ਛਿਮਾਹੀ ਕਿਸੇ ਮਿਆਰੀ ਸਾਹਿਤਕ ਰਸਾਲੇ ਜਾਂ ਅਖ਼ਬਾਰ ਵਿਚ ਉਹ ਰਚਨਾ ਛਪਦੀ ਸੀ ਤਾਂ ਲੇਖਕ ਨੂੰ ਛੁਹਾਰਾ ਲੱਗਣ ਜਿਨ੍ਹਾਂ ਚਾਅ ਚੜ੍ਹਦਾ ਸੀ ਪਰ ਹੁਣ ਤਾਂ ਰਚਨਾ ਸਿੱਧੀ ਲਿਖੀ ਹੀ ਸੋਸ਼ਲ ਮੀਡੀਆ ’ਤੇ ਜਾਂਦੀ ਹੈ ਤੇ ਬਿਨਾਂ ਕਿਸੇ ਨਜ਼ਰਸਾਨੀ ਤੋਂ ਦੋਸਤ ਬਣੇ ਪਾਠਕਾਂ ਦੇ ਸਿਰ ਮੜ੍ਹ ਦਿੱਤੀ ਜਾਂਦੀ ਹੈ। ਇਸ ਨੇ ਸਾਹਿਤ ਦੇ ਮਿਆਰ ਨੂੰ ਵੀ ਢਾਹ ਲਾਈ ਹੈ ਤੇ ਸਾਹਿਤ ਵਿਚਲੀ ਸੁਹਜਾਤਮਕਤਾ ਵੀ ਮੁੱਕਦੀ ਜਾ ਰਹੀ ਹੈ।

ਪੰਜਾਬ ਨੂੰ ਤਾਂ ਜਿਵੇਂ ਮੇਲਿਆਂ ਦਾ ਵਰ ਮਿਲਿਆ ਹੋਇਆ ਹੈ। ਜਿੳੇੁਂ-ਜਿਉਂ ਪੰਜਾਬ ਵਿਚ ਅੱਖਰ ਗਿਆਨ ਵਿਚ ਵਾਧਾ ਹੋਇਆ, ਪੜ੍ਹਨ ਤੇ ਲਿਖਣ ਵਾਲਿਆਂ ਦਾ ਵੀ ਵਾਧਾ ਹੋਇਆ। ਪੜ੍ਹਨ ਵਾਲਿਆਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਜਿੱਥੇ ਲੇਖਕਾਂ ਨੇ ਇਕ ਤੋਂ ਵੱਧ ਕੇ ਇਕ ਕਿਤਾਬਾਂ ਲਿਖੀਆਂ, ਉੱਥੇ ਹੀ ਦੇਸ਼¸ਵਿਦੇਸ਼ ਵਿਚ ਪਾਠਕਾਂ ਦੀ ਮੰਗ ਨੂੰ ਪੂਰਾ ਕਰਨ ਲਈ ਪੁਸਤਕ ਮੇਲਿਆਂ ਦਾ ਪਿੜ ਬੱਝਣ ਲੱਗਾ। ਪਿਛਲੇ ਸਮਿਆਂ ਵਿਚ ਪੰਜਾਬ ਦੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਤੋਂ ਲੈ ਕੇ ਸੱਤ ਸਮੁੰਦਰ ਪਾਰ ਘੁੱਗ ਵੱਸਦੇ ਪੰਜਾਬੀਆਂ ਦੇ ਗਲੋਬਲ ਪਿੰਡਾਂ ਤਕ ਪੁਸਤਕ ਮੇਲਿਆਂ ਦਾ ਸਭਿਆਚਾਰ ਪ੍ਰਫੁੱਲਿਤ ਹੋਇਆ ਹੈ। ਇਹੀ ਨਹੀਂ ਦਿੱਲੀ ਤੇ ਜੈਪੁਰ ਵਿਚ ਹੁੰਦੇ ਆਲਮੀ ਪੱਧਰ ਦੇ ਪੁਸਤਕ ਮੇਲਿਆਂ ਵਿਚ ਗੰਭੀਰ ਪੰਜਾਬੀ ਪਾਠਕ ਰੇਲਗੱਡੀਆਂ ਭਰ ਕੇ ਪਹੁੰਚਦੇ ਹਨ ਤੇ ਆਲਮੀ ਸਾਹਿਤ ਦੀਆਂ ਸ਼ਾਹਕਾਰ ਰਚਨਾਵਾਂ ਲੈ ਕੇ ਮੁੜਦੇ ਹਨ।

ਜਦੋਂ ਵੀ ਕਿਸੇ ਪੁਸਤਕ ਮੇਲੇ ਦੀ ਕਨਸੋਅ ਮਿਲਦੀ ਹੈ ਤਾਂ ਪਾਠਕਾਂ ਦੀਆਂ ਵਹੀਰਾਂ ਉੱਧਰ ਨੂੰ ਚਾਲੇ ਪਾ ਦਿੰਦੀਆਂ ਹਨ। ਹਰ ਉਮਰ ਦਾ ਪਾਠਕ ਸਟਾਲਾਂ ਦੇ ਸਾਗਰਾਂ ’ਚੋਂ ਸਿੱਪੀਆਂ ਫੋਲ-ਫੋਲ ਕੇ ਆਪਣੀ ਪਸੰਦ ਦੀਆਂ ਕਿਤਾਬਾਂ ਦੇ ਮੋਤੀ ਲੱਭਦੇ ਹੋਏ ਨਜ਼ਰ ਆਉਂਦੇ ਹਨ। ਉਨ੍ਹਾਂ ਨਾਲ ਸਿਰਫ਼ਂ ਮੇਲਾ ਵੇਖਣ ਆਏ ਦੋਸਤ-ਮਿੱਤਰ ਤੇ ਪਰਿਵਾਰਕ ਮੈਂਬਰ ਵੀ ਕੋਈ ਨਾ ਕੋਈ ਕਿਤਾਬ ਲੈ ਹੀ ਜਾਂਦੇ ਹਨ। ਇਸ ਤਰ੍ਹਾਂ ਇਹ ਮੇਲੇ ਜਿੱਥੇ ਸਾਹਿਤ ਦੇ ਰਸੀਆਂ ਦੀ ਭੁੱਖ ਪੂਰੀ ਕਰਦੇ ਹਨ, ਉੱਥੇ ਹੀ ਨਵੇਂ ਪਾਠਕ ਪੈਦਾ ਕਰਨ ਵਿਚ ਵੀ ਵੱਡੀ ਭੂਮਿਕਾ ਨਿਭਾਉਂਦੇ ਹਨ।

ਅਮੀਰ ਅਕਾਦਮਿਕ ਤੇ ਸਾਹਿਤਕ ਵਿਰਾਸਤ ਵਾਲਾ ਖ਼ਾਲਸਾ ਕਾਲਜ ਅੰਮ੍ਰਿਤਸਰ ਆਪਣੀ ਵਿਸ਼ਾਲ ਲਾਇਬ੍ਰੇਰੀ ਤੇ ਸਿੱਖ ਇਤਿਹਾਸ ਖੋਜ ਕੇਂਦਰ ਵਿਚ ਮੁੱਲਵਾਨ ਇਤਿਹਾਸਕ ਕਿਤਾਬਾਂ ਸਾਂਭੀ ਬੈਠਾ ਹੈ। ਪੁਸਤਕ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਲਈ 2 ਤੋਂ 5 ਮਾਰਚ ਤਕ ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ ਮੇਲਾ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਖੁੱਲ੍ਹੇ ਮੈਦਾਨ ਵਿਚ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਉੱਤਰ ਭਾਰਤ ਦੇ 50 ਤੋਂ ਵੱਧ ਪ੍ਰਮੁੱਖ ਪ੍ਰਕਾਸ਼ਕ ਕਿਤਾਬਾਂ ਦੇ ਸਟਾਲ ਲਾਉਣਗੇ।

ਆਓ ਤੇ ਆਪਣੀਆਂ ਮਨ-ਪਸੰਦ ਕਿਤਾਬਾਂ ਆਪਣੇ ਲਈ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਲੈ ਕੇ ਜਾਓ। ਪੰਜਾਬ, ਪੰਜਾਬੀ, ਪੰਜਾਬੀਅਤ ਦੀ ਅਮੀਰ ਵਿਰਾਸਤ ਨੂੰ ਸਾਂਭਣ ਲਈ ਘਰ ਵਿਚ ਕਿਤਾਬਾਂ ਦਾ ਹੋਣਾ ਲਾਜ਼ਮੀ ਹੈ। ਇਸ ਬਾਰੇ ਰੋਮਨ ਚਿੰਤਕ ਸਿਸਰੋ ਕਹਿੰਦਾ ਹੈ ਕਿ ਕਿਤਾਬਾਂ ਤੋਂ ਬਿਨਾਂ ਕਮਰਾ ਰੂਹ ਤੋਂ ਬਿਨਾਂ ਸਰੀਰ ਵਰਗਾ ਹੁੰਦਾ ਹੈ। ਪੰਜਾਬੀ ਸ਼ਾਇਰ ਤੇ ਚਿੱਤਰਕਾਰ ਸਵਰਨਜੀਤ ਸਵੀ ਦੀਆਂ ਸਤਰਾਂ ਚੇਤੇ ਆਉਂਦੀਆਂ ਹਨ :

ਘਰ ਦੇ ਰੈਕ ’ਚ ਰੱਖੋ

ਸੌਣ ਦਿਓ ਕਿਤਾਬ ਨੂੰ

ਜਾਗੇਗੀ ਕਿਤਾਬ

ਕਿਸੇ ਦਿਨ, ਕਿਸੇ ਪਲ,

ਪੜ੍ਹੇਗਾ ਕੋਈ,

ਜਿਸ ਨੇ ਨਹੀਂ ਖ਼ਰੀਦਣੀ ਸੀ

ਇਹ ਕਿਤਾਬ।

-(ਲੇਖਕ ਪੱਤਰਕਾਰੀ ਤੇ ਜਨਸੰਚਾਰ ਵਿਭਾਗ, ਖ਼ਾਲਸਾ ਕਾਲਜ ਅੰਮ੍ਰਿਤਸਰ ’ਚ ਸਹਾਇਕ ਪ੍ਰੋਫੈਸਰ ਹੈ।)

ਸੰਪਰਕ ਨੰਬਰ : 98180-03625

Posted By: Sunil Thapa