-ਕਮਲ ਬਰਾੜ

ਜਦ ਮੇਰੇ ਪੜਦਾਦੇ ਦੀ ਮੌਤ ਹੋਈ ਤਾਂ ਉਸ ਸਮੇਂ ਮੇਰੀ ਉਮਰ 15 ਕੁ ਸਾਲ ਸੀ। ਮੈਂ ਆਪਣੇ ਪਰਿਵਾਰ 'ਚ ਪਹਿਲੀ ਮੌਤ ਦੇਖੀ ਸੀ। ਮੇਰਾ ਪੜਦਾਦੇ ਨਾਲ ਬਹੁਤ ਜ਼ਿਆਦਾ ਸਨੇਹ ਸੀ। ਮੈਂ ਪਰਿਵਾਰ ਦੇ ਬਾਕੀ ਜੀਆਂ ਵਾਂਗ ਆਪਣਾ ਦੁੱਖ ਜ਼ਾਹਰ ਨਹੀਂ ਕਰ ਰਿਹਾ ਸਾਂ। ਨਾ ਹੀ ਮੈਂ ਕਿਸੇ ਦੇ ਗਲ ਲੱਗ ਕੇ ਰੋ ਸਕਦਾ ਸਾਂ ਕਿਉਂਕਿ ਮੈਂ ਹਾਲੇ ਬਹੁਤ ਛੋਟਾ ਸੀ ਪਰ ਮੈਂ ਸਮਝ ਗਿਆ ਸੀ ਕਿ ਪੜਦਾਦੇ ਨੇ ਹੁਣ ਕਦੇ ਵਾਪਸ ਨਹੀਂ ਆਉਣਾ। ਮੈਂ ਬਾਕੀ ਪਰਿਵਾਰ ਵਾਲਿਆਂ ਤੋਂ ਲੁਕਛਿਪ ਕੇ ਰੋਈ ਜਾਣਾ। ਮੈਂ ਪੜਦਾਦੇ ਦੇ ਬਿਮਾਰ ਹੋਣ ਤੋਂ ਲੈ ਕੇ ਉਸ ਦੇ ਭੋਗ ਤਕ ਜੋ ਕੁਝ ਦੇਖਿਆ, ਉਸ ਨੂੰ ਇਕ ਫਿਲਮ ਦੀ ਤਰ੍ਹਾਂ ਸਮਝਦਾ ਹਾਂ। ਜਦ ਪੜਦਾਦਾ ਆਖ਼ਰੀ ਸਾਹਾਂ 'ਤੇ ਸੀ ਤਾਂ ਮੈਂ ਦੇਖਣਾ ਕਿ ਜਦ ਕੋਈ ਰਿਸ਼ਤੇਦਾਰ ਆਉਣਾ ਤਾਂ ਪੜਦਾਦੇ ਦੇ ਸਿਰ੍ਹਾਣੇ ਪਏ ਪਾਣੀ ਦੇ ਗਲਾਸ 'ਚੋਂ ਚਮਚਾ ਭਰਨਾ ਅਤੇ ਪੜਦਾਦੇ ਦੇ ਮੂੰਹ ਵਿਚ ਪਾਈ ਜਾਣਾ। ਮੈਂ ਸੋਚਣਾ ਕਿ ਦੋਵੇਂ ਹੱਥਾਂ ਨਾਲ ਔਕ ਲਾ ਕੇ ਜੱਗ ਪਾਣੀ ਦਾ ਪੀਣ ਵਾਲੇ ਪੜਦਾਦੇ ਦੀ ਆਹ ਚਮਚਿਆਂ ਨਾਲ ਕੀ ਤੇਹ ਮਰਦੀ ਹੋਊ! ਮੰਮੀ ਨੇ ਦੱਸਣਾ, 'ਪੁੱਤ, ਜਦੋਂ ਕਿਸੇ ਦਾ ਆਖ਼ਰੀ ਸਮਾਂ ਹੁੰਦਾ ਹੈ ਤਾਂ ਐਵੇਂ ਹੀ ਪਾਣੀ ਦਿੱਤਾ ਜਾਂਦਾ ਹੈ। ਕਹਿੰਦੇ ਹੁੰਦੇ ਆ ਕਿ ਧੀਆਂ-ਪੁੱਤਰਾਂ ਲਈ ਮਾਪੇ ਕਦੇ ਬੁੱਢੇ ਨਹੀਂ ਹੁੰਦੇ। ਮੈਨੂੰ ਇਹ ਗੱਲ ਉਦੋਂ ਸੱਚ ਲੱਗਣੀ ਜਦ ਮੇਰੀਆਂ ਦੋਵੇਂ ਵੱਡੀਆਂ ਭੂਆ ਨੇ ਬਾਪੂ ਦੇ ਸਿਰ੍ਹਾਣੇ ਬੈਠ ਕੇ ਇਕੱਲਿਆਂ ਬੋਲੀ ਜਾਣਾ ਪਰ ਪੜਦਾਦੇ ਨੇ ਕੁਝ ਨਾ ਬੋਲਣਾ। ਰਾਤ ਨੂੰ ਜਦ ਕੁੱਤਿਆਂ ਨੇ ਅਜੀਬ ਤਰ੍ਹਾਂ ਦੀਆਂ ਆਵਾਜ਼ਾਂ ਕੱਢਣੀਆਂ ਤਾਂ ਦਾਦੀ ਵਰਗੀਆ ਨੇ ਕਹਿਣਾ ਕਿ ਇਨ੍ਹਾਂ ਨੂੰ ਚੁੱਪ ਕਰਾਓ ਕਿਉਂਕਿ ਉਸ ਸਮੇਂ ਕੁੱਤਿਆਂ ਦੇ ਇੰਜ ਭੌਂਕਣ ਨੂੰ ਸਮਝਿਆ ਜਾਂਦਾ ਸੀ ਕਿ ਉਹ ਰੋ ਰਹੇ ਹਨ। ਥੋੜ੍ਹੇ ਦਿਨ ਪੜਦਾਦਾ ਕੁਝ ਨਾ ਬੋਲਿਆ ਅਤੇ ਅਖ਼ੀਰ ਇਸ ਦੁਨੀਆ ਤੋਂ ਰੁਖ਼ਸਤ ਹੋ ਗਿਆ। ਪੜਦਾਦੇ ਨੂੰ ਨੁਹਾਇਆ ਗਿਆ, ਨਵੇਂ ਕੱਪੜੇ ਪਾਏ ਗਏ। ਸਸਕਾਰ ਵੇਲੇ ਪੜਦਾਦੇ ਦੀ ਜੇਬ 'ਚ ਇਕ ਰੁਪਈਆ ਪਾਇਆ ਗਿਆ। ਮੈਨੂੰ ਉਸ ਸਮੇਂ ਕੋਈ ਸਮਝ ਨਹੀਂ ਸੀ ਕਿ ਇਹ ਕਿਉਂ ਪਾਇਆ ਗਿਆ। ਬਾਅਦ 'ਚ ਪੁੱਛਣ 'ਤੇ ਪਤਾ ਲੱਗਿਆ ਕਿ ਇਨਸਾਨ ਨੂੰ ਖ਼ਾਲੀ ਜੇਬ ਨਹੀਂ ਤੋਰਿਆ ਜਾਂਦਾ। ਫੁੱਲ (ਅਸਥੀਆਂ) ਚੁਗਣ ਆਲੇ ਦਿਨ ਮੈਂ ਦੇਖਿਆ ਕਿ ਉਹ ਇਕ ਰੁਪਈਏ ਦਾ ਸਿੱਕਾ ਕਾਲਾ ਹੋਇਆ ਉੱਥੇ ਪਿਆ ਸੀ ਤਾਂ ਮੈਂ ਸੋਚਿਆ ਕਿ ਪੜਦਾਦਾ ਤਾਂ ਫਿਰ ਖ਼ਾਲੀ ਜੇਬ ਹੀ ਗਿਆ। ਰੁਪਈਆ ਤਾਂ ਇੱਥੇ ਹੀ ਛੱਡ ਕੇ ਚਲਾ ਗਿਆ। ਮੈਂ ਕਿਸੇ ਤੋਂ ਪੁੱਛਣਾ ਜ਼ਰੂਰੀ ਨਹੀਂ ਸਮਝਿਆ। ਨਾ ਹੀ ਮੇਰੇ ਹਿਸਾਬ ਨਾਲ ਕਿਸੇ ਕੋਲ ਜਵਾਬ ਹੋਣਾ ਸੀ। ਫੁੱਲ ਇਕੱਠੇ ਕਰ ਲਏ ਗਏ। ਕੋਈ ਆਖੇ ਪੜਦਾਦਾ ਹਰਿਦੁਆਰ ਜਾਂਦਾ ਸੀ, ਉੱਥੇ ਪਾ ਆਓ। ਕਲਿਆਣ ਹੋਜੂ। ਕੋਈ ਕਿਤੇ ਹੋਰ ਪਾਉਣ ਦੀ ਸਲਾਹ ਦੇਵੇ। ਅਖ਼ੀਰ ਹਰਿਦੁਆਰ ਹੀ ਫੁੱਲ ਪਾਏ ਗਏ ਪੜਦਾਦੇ ਦੇ। ਮੈ ਦੇਖਿਆ ਸੀ ਕਿ ਪੜਦਾਦੇ ਦੀ ਦੇਹ 'ਤੇ ਲੋਕ 10, 20 ਰੁਪਏ ਪਾ ਰਹੇ ਸਨ। ਕਾਫ਼ੀ ਪੈਸੇ ਇਕੱਠੇ ਹੋ ਗਏ ਤਾਂ ਸਾਰੇ ਕਹਿਣ ਲੱਗੇ ਕਿ ਇਹ ਮੌਤ ਆਲੇ ਪੈਸੇ ਘਰੇ ਨਹੀਂ ਰੱਖੀਦੇ ਹੁੰਦੇ। ਮਾੜੇ ਹੁੰਦੇ ਹਨ। ਮੈਂ ਸੋਚਣ ਲੱਗਾ ਕਿ ਅੱਜ ਪੜਦਾਦੇ ਦੀ ਦੇਹ 'ਤੇ ਪਏ ਪੈਸੇ ਮਾੜੇ ਆ ਫਿਰ ਤਾਂ ਜਿਹੜੀਆਂ ਉਸ ਦੀ ਕਮਾਈ ਨਾਲ ਬਣਾਈਆਂ ਪੈਲੀਆਂ, ਕੋਠੀਆਂ, ਗੱਡੀਆਂ ਹਨ, ਉਹ ਵੀ ਤਾਂ ਮਾੜੀਆਂ ਹੀ ਹਨ। ਅਸੀਂ ਉਹ ਵੀ ਨਾ ਵਰਤੀਏ ਫਿਰ। ਬਾਕੀ ਸਵਾਲਾਂ ਦੀ ਤਰ੍ਹਾਂ ਮੈਂ ਇਹ ਸਵਾਲ ਵੀ ਮਨ 'ਚ ਦੱਬ ਲਿਆ। ਭੋਗ ਨੇੜੇ ਆ ਗਿਆ। ਪਰਿਵਾਰ 'ਚ ਇਹੋ ਗੱਲਾਂ ਚੱਲਣ ਲੱਗੀਆਂ ਕਿ ਪੜਦਾਦਾ ਪੜਪੋਤਿਆਂ ਵਾਲਾ ਹੋ ਕੇ ਮਰਿਆ ਹੈ। ਵੱਡਾ ਤਾਂ ਕਰਨਾ ਹੀ ਪਊ। ਮੈਨੂੰ ਸਮਝ ਨਾ ਆਵੇ ਕਿ ਇਹ ਵੱਡਾ ਕੀ ਹੁੰਦਾ।ਹੈ। ਸਾਡੇ ਘਰ ਤਾਂ ਵਿਆਹ ਵਾਂਗੂ ਕੜਾਹੀ ਚੜ੍ਹ ਗਈ। ਅਖ਼ੀਰ ਭੋਗ ਵਾਲੇ ਦਿਨ ਜਦ ਜਲੇਬੀਆਂ ਬਣਾ ਲਈਆਂ ਤਾਂ ਮੈਂ ਦਾਦੇ ਨੂੰ ਪੁੱਛ ਲਿਆ, 'ਦਾਦਾ ਪੜਦਾਦੇ ਨੂੰ ਵੱਡਾ ਤਾਂ ਕੀਤਾ ਨਹੀਂ।' ਦਾਦਾ ਕਹਿੰਦਾ, 'ਪੁੱਤ, ਆਹ ਜਲੇਬੀਆਂ ਪਕਾ ਕੇ ਪੜਦਾਦਾ ਵੱਡਾ ਹੀ ਕੀਤਾ ਹੈ।' ਦਾਦੇ ਦੀ ਗੱਲ ਸੁਣ ਕੇ ਮੈਂ ਅੱਗੋਂ ਉਸ ਨੂੰ ਕਹਿ ਦਿੱਤਾ ਕਿ ਜਲੇਬੀਆਂ ਪਕਾ ਕੇ ਪੜਦਾਦੇ ਨੂੰ ਵੱਡਾ ਕਰਨ ਦੀ ਕੀ ਲੋੜ ਸੀ। ਉਹ ਤਾਂ ਪਹਿਲਾਂ ਹੀ 95 ਸਾਲ ਦਾ ਹੋ ਕੇ ਮਰਿਆ ਸੀ। ਉਸ ਨੂੰ ਹੋਰ ਵੱਡਾ ਕਰਨ ਦੀ ਕੀ ਲੋੜ ਸੀ।

ਦਾਦੇ ਕੋਲ ਇਸ ਸਵਾਲ ਦਾ ਕੋਈ ਜਵਾਬ ਨਹੀਂ ਸੀ। ਉਸ ਦੀ ਹਾਲਤ ਦੇਖਣ ਵਾਲੀ ਸੀ। ਉਹ ਕਦੇ ਇੱਧਰ ਝਾਕੇ, ਕਦੇ ਉੱਧਰ। ਦਾਦੇ ਨੂੰ ਇਹ ਉਮੀਦ ਬਿਲਕੁਲ ਨਹੀਂ ਸੀ ਕਿ ਛੋਟਾ ਜਿਹਾ ਜੁਆਕ ਉਸ ਨੂੰ ਲਾਜਵਾਬ ਕਰ ਦੇਵੇਗਾ। ਸਾਡੇ ਸਮਾਜ ਦੀ ਇਹੋ ਤ੍ਰਾਸਦੀ ਹੈ ਕਿ ਉਹ ਬੇਥਵੇ ਰੀਤੀ-ਰਿਵਾਜ਼ਾਂ ਨੂੰ ਢੋ ਰਿਹਾ ਹੈ। ਚਾਹੀਦਾ ਤਾਂ ਇਹ ਹੈ ਕਿ ਬਜ਼ੁਰਗਾਂ ਦੀ ਜਿਊਂਦੇ-ਜੀਅ ਕਦਰ ਕੀਤੀ ਜਾਵੇ। ਅਸੀਂ ਜਦ ਉਨ੍ਹਾਂ ਦਾ ਸਤਿਕਾਰ ਕਰਾਂਗੇ ਤਾਂ ਉਹ ਆਪਣੇ-ਆਪ ਨੂੰ ਵਡਿਆਇਆ ਗਿਆ ਹੀ ਸਮਝਣਗੇ। ਜੇ ਉਨ੍ਹਾਂ ਦੀ ਬੇਕਦਰੀ ਕਰਾਂਗੇ, ਉਨ੍ਹਾਂ ਦੀ ਹਰ ਗੱਲ ਨੂੰ ਕੱਟਾਂਗੇ ਤਾਂ ਉਹ ਖ਼ੁਦ ਵਡਿਆਏ ਗਏ ਨਹੀਂ ਸਗੋਂ ਦੁਰਕਾਰੇ ਹੋਏ ਸਮਝਣਗੇ। ਜੇ ਅਸੀਂ ਉਨ੍ਹਾਂ ਨੂੰ ਅਹਿਸਾਸ ਕਰਾਵਾਂਗੇ ਕਿ ਉਨ੍ਹਾਂ ਦੀ ਬਹੁਤ ਅਹਿਮੀਅਤ ਹੈ ਅਤੇ ਉਨ੍ਹਾਂ ਦੇ ਤਜਰਬਿਆਂ ਤੋਂ ਅਸੀਂ ਬਹੁਤ ਫ਼ਾਇਦੇ ਲੈ ਰਹੇ ਹਾਂ ਤਾਂ ਉਹ ਖ਼ੁਦ ਨੂੰ ਵਡਭਾਗੇ ਸਮਝਣਗੇ। ਇਹ ਸਹੀ ਨਹੀਂ ਕਿ ਜਿਊਂਦੇ-ਜੀਅ ਬਜ਼ੁਰਗਾਂ ਦੀ ਬਾਤ ਨਾ ਪੁੱਛੀ ਜਾਵੇ ਤੇ ਉਨ੍ਹਾਂ ਦੇ ਪਰਲੋਕ ਸਿਧਾਰਨ 'ਤੇ ਅਸੀਂ ਸਮਾਜ ਵਿਚ ਆਪਣਾ ਨੱਕ ਰੱਖਣ ਲਈ ਉਨ੍ਹਾਂ ਨੂੰ ਵੱਡਾ ਕਰਨ ਦੇ ਦਾਅਵੇ ਕਰਦੇ ਹੋਏ ਧਨ ਦੀ ਬਰਬਾਦੀ ਕਰਦੇ ਰਹੀਏ। ਪਤਾ ਨਹੀਂ ਲੋਕ ਸਮਾਜ ਵਿਚੋਂ ਫ਼ਜ਼ੂਲ ਦੇ ਰਸਮੋ-ਰਿਵਾਜ਼ 'ਤੇ ਹੁੰਦੇ ਵੱਡੇ ਫਜ਼ੂਲ ਖ਼ਰਚੇ ਬੰਦ ਕਰਨ ਵੱਲ ਆਪਣੀ ਸੋਚ ਦੇ ਘੋੜੇ ਕਿਉਂ ਨਹੀਂ ਦੁੜਾਉਂਦੇ। ਜੇ ਜਨਮਾਂ, ਵਿਆਹਾਂ ਅਤੇ ਮਰਨਿਆਂ 'ਤੇ ਹੁੰਦੇ ਫ਼ਜ਼ੂਲ ਖ਼ਰਚੇ ਘੱਟ ਹੋ ਜਾਣ, ਦਾਜ ਦੀ ਲਾਹਨਤ ਖ਼ਤਮ ਹੋ ਜਾਵੇ ਤਾਂ ਸਮਾਜ ਦੀ ਉਲਝੀ ਤਾਣੀ ਕਾਫ਼ੀ ਹੱਦ ਤਕ ਸੁਲਝ ਸਕਦੀ ਹੈ। ਸ਼ਰਤ ਇਹ ਹੈ ਕਿ ਇਸ ਗੱਲ ਦੀ ਪਰਵਾਹ ਨਾ ਕੀਤੀ ਜਾਵੇ ਕਿ ਹੋਰ ਕੀ ਕਹਿਣਗੇ ਅਤੇ ਅੱਡੀਆਂ ਚੁੱਕ ਕੇ ਫਾਹਾ ਤਾਂ ਬਿਲਕੁਲ ਵੀ ਨਾ ਲਿਆ ਜਾਵੇ।

-ਮੋਬਾਈਲ ਨੰ. : 73077-36899

Posted By: Sukhdev Singh