- ਡਾ. ਜਸਬੀਰ ਕੌਰ ਗਿੱਲ

ਮੌਤ ਤੋਂ ਬੇਪਰਵਾਹ ਗ਼ਦਰੀ ਬਾਬੇ ਬਰਤਾਨਵੀ ਸਾਮਰਾਜ ਦੇ ਟੁਕੜੇ- ਟੁਕੜੇ ਕਰਨ ਲਈ ਦ੍ਰਿੜ੍ਹ ਸਨ। ਅਜਿਹੇ ਹੀ ਮਹਾਨ ਗ਼ਦਰੀ ਸ਼ੇਰ ਸ਼ਹੀਦ ਬੰਤਾ ਸਿੰਘ ਸੰਘਵਾਲ ਨੂੰ ਭਰ ਜਵਾਨੀ 'ਚ 25 ਸਾਲ ਦੀ ਉਮਰ 'ਚ 12 ਅਗਸਤ 1915 ਨੂੰ ਫਾਂਸੀ ਦਿੱਤੀ ਗਈ, ਜਿਸ ਨੂੰ ਆਪਣੇ ਦੇਸ਼ ਤੋਂ ਕੁਰਬਾਨ ਹੋਣ ਦੀ ਏਨੀ ਖ਼ੁਸ਼ੀ ਸੀ ਕਿ ਗ੍ਰਿਫ਼ਤਾਰੀ ਤੋਂ ਲੈ ਕੇ ਫਾਂਸੀ ਤਕ ਲਾਹੌਰ ਜੇਲ੍ਹ ਵਿਚ ਗਿਆਰਾਂ ਪੌਂਡ ਭਾਰ ਵਧ ਗਿਆ। ਜਦੋਂ ਅਮਰੀਕਾ 'ਚ ਗ਼ਦਰ ਪਾਰਟੀ ਨੇ ਨੌਜਵਾਨਾਂ ਦੀ ਭਰਤੀ ਲਈ ਇਸ਼ਤਿਹਾਰ ਦਿੱਤੇ ਕਿ ਸਾਨੂੰ ਉਨ੍ਹਾਂ ਦੇਸ਼ ਭਗਤ ਨੌਜਵਾਨਾਂ ਦੀ ਜ਼ਰੂਰਤ ਹੈ, ਜਿਹੜੇ ਆਪਣਾ ਤਨ ਮਨ ਧਨ ਸਭ ਕੁਝ ਦੇਸ਼ ਦੀ ਆਜ਼ਾਦੀ ਲਈ ਵਾਰਨ ਲਈ ਤਿਆਰ ਹੋਣ ਤਾਂ ਇਸ ਬਾਰੇ ਗ਼ਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਨੇ ਦੱਸਿਆ ਕਿ ਸਾਰਿਆਂ ਤੋਂ ਪਹਿਲਾਂ ਸਾਡੇ ਸਾਥੀ ਬੰਤਾ ਸਿੰਘ ਸੰਘਵਾਲ ਜ਼ਿਲ੍ਹਾ ਜਲੰਧਰ ਨੇ ਆਪਣਾ ਨਾਂ ਦਫਤਰ ਵਿਚ ਪੇਸ਼ ਕੀਤਾ।

ਉਸ ਨੇ ਗ਼ਦਰ ਪਾਰਟੀ ਦੇ ਉਲੀਕੇ ਹੋਏ ਪ੍ਰੋਗਰਾਮਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਸ਼ੁਰੂ ਕਰ ਦਿੱਤਾ। ਪਿੰਡ ਸੰਘਵਾਲ ਗ਼ਦਰੀ ਬਾਬਿਆਂ ਦਾ ਅੱਡਾ ਬਣ ਗਿਆ। ਉਹ ਰੱਜੇ -ਪੁੱਜੇ ਅਮੀਰ ਪਰਿਵਾਰ 'ਚੋਂ ਸੀ। ਉਹ ਉਨ੍ਹਾਂ ਇਨਕਲਾਬੀਆਂ 'ਚੋਂ ਇਕ ਸੀ, ਜਿਸ ਨੂੰ ਲਾਲਾ ਹਰਦਿਆਲ ਨੇ ਇਨਕਲਾਬ ਦੀ ਤਿਆਰੀ ਕਰਨ ਲਈ ਭੇਜਿਆ ਸੀ। ਉਹ ਲੋਕਾਂ ਨੂੰ ਇਨਕਲਾਬੀ ਸਿੱਖਿਆ ਦੇਣ ਲਈ ਗ਼ਦਰ ਅਖ਼ਬਾਰ ਉੱਚੀ-ਉੱਚੀ ਪੜ੍ਹ ਕੇ ਸੁਣਾਉਂਦਾ। ਉਸ ਨੇ ਬਹੁਤ ਸਾਰੇ ਲੋਕਾਂ ਨੂੰ ਗ਼ਦਰ ਦੇ ਵਿਚਾਰਾਂ ਨਾਲ ਪ੍ਰਭਾਵਿਤ ਕਰ ਕੇ ਆਪਣੇ ਨਾਲ ਰਲਾ ਲਿਆ।

ਉਸ ਨੇ ਪਿੰਡ ਸੰਘਵਾਲ 'ਚ ਪੰਚਾਇਤ ਬਣਾ ਕੇ ਸਰਕਾਰ ਵਿਰੁੱਧ ਪ੍ਰਚਾਰ ਸ਼ੁਰੂ ਕੀਤਾ। ਗ਼ਦਰੀ ਬਾਬਿਆਂ ਦੇ ਅੰਗਰੇਜ਼ਾਂ ਵਿਰੁੱਧ ਕਾਰਨਾਮਿਆਂ ਕਰਕੇ ਬਰਤਾਨਵੀ ਹਕੂਮਤ ਨੂੰ ਹੱਥਾਂ -ਪੈਰਾਂ ਦੀ ਪੈ ਗਈ। ਗ਼ਦਰੀ ਬਾਬਿਆਂ ਉੱਪਰ ਪਹਿਲਾ ਲਾਹੌਰ ਸਾਜ਼ਿਸ਼ ਕੇਸ 26 ਅਪ੍ਰੈਲ 1915 ਨੂੰ ਸ਼ੁਰੂ ਹੋਇਆ। ਕੁੱਲ 82 ਗ਼ਦਰੀਆਂ 'ਤੇ ਕੇਸ ਦਰਜ ਕੀਤਾ ਗਿਆ। ਉਸ ਸਮੇਂ ਜਲੰਧਰ ਜ਼ਿਲ੍ਹੇ 'ਚੋਂ ਇਸ ਕੇਸ 'ਚ ਬੰਤਾ ਸਿੰਘ ਸੰਘਵਾਲ ਨੂੰ ਫ਼ਰਾਰ ਐਲਾਨਿਆ ਗਿਆ।

ਪਹਿਲੇ ਲਾਹੌਰ ਸਾਜ਼ਿਸ਼ ਕੇਸਾਂ ਤੇ ਸਪਲੀਮੈਂਟਰੀ ਲਾਹੌਰ ਸਾਜਿਸ਼ ਕੇਸਾਂ ਵਿਚ ਸਪੈਸ਼ਲ ਟ੍ਰਿਬਿਊਨਲ ਵੱਲੋਂ ਦਿੱਤੇ ਗਏ ਫ਼ੈਸਲਿਆਂ 'ਚ ਉਸ ਦੀ ਪਛਾਣ ਸੋਨੇ ਦੇ ਦੰਦਾਂ ਵਾਲਾ ਮਸ਼ਹੂਰ ਬੰਤਾ ਸਿੰਘ ਸੰਘਵਾਲ ਵਜੋਂ ਕੀਤੀ ਗਈ। ਉਸ ਨੇ ਆਪਣਾ ਨਿੱਜੀ ਸੁੱਖ, ਆਰਾਮ ਅਤੇ ਸ਼ਾਹੀ ਠਾਠ ਛੱਡ ਕੇ ਭਰ ਜਵਾਨੀ ਵਿਚ ਆਪਣੇ ਪਰਿਵਾਰ, ਜਾਇਦਾਦ ਤੇ ਛੋਟੇ ਛੋਟੇ ਬੱਚਿਆਂ ਦੀ ਪਰਵਾਹ ਕੀਤੇ ਬਿਨਾਂ ਦ੍ਰਿੜ੍ਹਤਾ, ਹੌਸਲੇ, ਜੋਸ਼ ਤੇ ਸਿਦਕ ਦਿਲੀ ਨਾਲ ਆਪਣਾ ਜੀਵਨ ਵਾਰ ਕੇ ਅਨੋਖੀ ਮਿਸਾਲ ਕਾਇਮ ਕਰ ਦਿੱਤੀ।

ਮਹਾਨ ਆਜ਼ਾਦੀ ਘੁਲਾਟੀਏ ਬਾਬਾ ਭਗਤ ਸਿੰਘ ਬਿਲਗਾ ਤੇ ਡਾ. ਜੀਐੱਸ ਗਿੱਲ ਦੇ ਅਣਥੱਕ ਯਤਨਾਂ ਸਦਕਾ 1992 'ਚ ਜਲੰਧਰ 'ਚ ਪਠਾਨਕੋਟ ਬਾਈਪਾਸ ਚੌਂਕ ਦਾ ਨਾਂ ਸ਼ਹੀਦ ਬੰਤਾ ਸਿੰਘ ਸੰਗਵਾਲ ਚੌਂਕ ਰੱਖਿਆ ਗਿਆ ਤੇ 1994 'ਚ ਇੱਥੇ ਉਸ ਦਾ ਬੁੱਤ ਲਾਇਆ ਗਿਆ। ਅੱਜ ਉਨ੍ਹਾਂ ਦੇ ਸ਼ਹੀਦੀ ਦਿਵਸ ਮੌਕੇ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਉਨ੍ਹਾਂ ਦੇ ਬੁੱਤ ਵਾਲੇ ਪਾਰਕ ਦੇ ਨਵੀਨੀਕਰਨ ਦਾ ਉਦਘਾਟਨ ਕਰਨਗੇ।

ਜਲੰਧਰ। ਮੋ : 98140-62341

Posted By: Jagjit Singh