-ਬੂਟਾ ਰਾਮ 'ਸ਼ੌਰਿਆ ਚੱਕਰ'

ਅੰਮ੍ਰਿਤਸਰ ਦੀ ਪੱਛਮੀ ਵਿਧਾਨ ਸਭਾ ਦਾ ਹਿੱਸਾ ਛੇਹਰਟਾ ਉਦੋਂ ਅੰਮ੍ਰਿਤਸਰ ਦੀ ਮਿਊਂਸੀਪਲ ਕਮੇਟੀ ਦਾ ਹਿੱਸਾ ਨਹੀਂ ਹੁੰਦਾ ਸੀ। ਅੰਮ੍ਰਿਤਸਰ ਨੂੰ ਅਜੇ ਨਗਰ ਨਿਗਮ ਦਾ ਦਰਜਾ ਨਹੀਂ ਸੀ ਮਿਲਿਆ। ਸੰਨ 1952 ਤੋਂ ਛੇਹਰਟਾ ਨਗਰ ਪਾਲਿਕਾ 'ਤੇ ਲਗਾਤਾਰ ਕਾਮਰੇਡ ਕਾਬਜ਼ ਚਲੇ ਆ ਰਹੇ ਸਨ। ਕਾਮਰੇਡ ਸੱਤਪਾਲ ਡਾਂਗ ਅਤੇ ਵਿਮਲਾ ਡਾਂਗ ਦੀ ਸੁਚੱਜੀ ਅਗਵਾਈ ਹੇਠ ਛੇਹਰਟਾ ਬੁਨਿਆਦੀ ਨਾਗਰਿਕ ਸਹੂਲਤਾਂ ਅਤੇ ਸ਼ਹਿਰੀ ਵਿਕਾਸ ਲਈ ਇਕ ਮਾਡਲ ਦੇ ਰੂਪ ਵਿਚ ਜਾਣਿਆ ਜਾਣ ਲੱਗਾ ਸੀ। ਛੇਹਰਟਾ ਇਕ ਵਿਕਸਤ ਉਦਯੋਗਿਕ ਕੇਂਦਰ ਸੀ। ਸੂਤੀ, ਊਨੀ ਕੱਪੜਾ, ਸਟੀਲ, ਨਟ-ਬੋਲਟ, ਪੱਖਾ, ਕੋਲਡ ਸਟੋਰ, ਸੀਮੈਂਟ, ਪਾਈਪ, ਇੰਬਰਾਇਡਰੀ ਅਤੇ ਸੀਲੀਕੇਟ ਆਦਿ ਤਿਆਰ ਕਰਨ ਦੇ ਵੱਡੇ ਕਾਰਖਾਨੇ ਉੱਥੇ ਲੱਗੇ ਹੋਏ ਸਨ। ਕੁਝ ਕਾਰਖਾਨੇ ਅਜਿਹੇ ਸਨ ਜਿਨ੍ਹਾਂ ਵਿਚ ਮਜ਼ਦੂਰਾਂ ਦੀ ਗਿਣਤੀ ਲਗਪਗ ਪੰਜ-ਪੰਜ ਹਜ਼ਾਰ ਵੀ ਸੀ। ਜ਼ਿਆਦਾਤਰ ਕਾਰਖਾਨੇ ਰਾਤ-ਦਿਨ ਚੱਲਦੇ ਸਨ।

ਪ੍ਰਤਾਪ ਸਟੀਲ ਮਿੱਲ, ਓਸੀਐੱਮ, ਹਿੰਦੋਸਤਾਨ ਇੰਬਰਾਇਡਰੀ ਮਿੱਲਜ਼, ਨੀਲਮਾ ਇੰਬਰਾਇਡਰੀ ਮਿੱਲਜ਼, ਯੂਨੀਵਰਸਲ ਸਕਰਿਊ ਫੈਕਟਰੀ, ਜਾਪਾਨੀ ਮਿੱਲ ਸਰਕਾਰੀ ਅਦਾਰਾ ਹਿੰਦੋਸਤਾਨ ਆਇਲ ਮਿੱਲਜ਼ ਲਿਮਟਿਡ ਜੋ ਖੰਡ ਵਾਲੇ ਕਾਰਖਾਨੇ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਜੋ ਵੱਡੀ ਮਿਕਦਾਰ 'ਚ ਬਨਸਪਤੀ ਘਿਓ ਤਿਆਰ ਕਰਦਾ ਸੀ। ਪੰਜਾਬ ਵੂਲਨ ਮਿੱਲਜ਼, ਹਿਮਾਲਿਆ ਵੂਲਨ ਮਿੱਲਜ਼, ਮਹਿਤਾ ਫਾਰਮੈਸੀ ਆਦਿ ਅਦਾਰਿਆਂ 'ਚੋਂ ਕਈ ਜਗਤ ਪ੍ਰਸਿੱਧ ਕਾਰਖਾਨੇ ਵੀ ਸਨ। ਦੇਸ਼-ਵਿਦੇਸ਼ ਵਿਚ ਪ੍ਰਸਿੱਧ ਭਗਤ ਇੰਡਸਟਰੀਜ਼ ਲਿਮਟਿਡ ਵੀ ਛੇਹਰਟਾ ਤੋਂ ਥੋੜ੍ਹੀ ਦੂਰ ਖਾਸਾ ਵਿਖੇ ਸਥਿਤ ਸੀ। ਅੱਜਕੱਲ੍ਹ ਇਨ੍ਹਾਂ 'ਚੋਂ ਗਿਣਤੀ ਦੇ ਨਾਮਾਤਰ ਹੀ ਕੁਝ ਉਦਯੋਗਿਕ ਅਦਾਰੇ ਕੰਮ ਰਹੇ ਹਨ। ਬਾਕੀ ਸਾਰੇ ਸਮੇਂ ਦੀ ਮਾਰ ਕਾਰਨ ਲੋਪ ਹੋ ਚੁੱਕੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਉਦੋਂ ਹੋਂਦ ਵਿਚ ਨਹੀਂ ਸੀ ਆਈ। ਮੋਟੇ ਤੌਰ 'ਤੇ ਛੇਹਰਟਾ ਨਗਰ ਕੌਂਸਲ ਦੀ ਹੱਦ ਉਦੋਂ ਖ਼ਾਲਸਾ ਕਾਲਜ ਤੋਂ ਅਗਾਂਹ ਉੱਥੋਂ ਸ਼ੁਰੂ ਹੁੰਦੀ ਸੀ ਜਿੱਥੇ ਅੱਜ ਯੂਨੀਵਰਸਿਟੀ ਦੀ ਆਖ਼ਰੀ ਕੰਧ ਹੈ। ਇੰਸਟੀਚਿਊਟ ਆਫ਼ ਪਲਾਸਟਿਕ ਟੈਕਨਾਲੋਜੀ ਅਤੇ ਇੰਸਟੀਚਿਊਟ ਆਫ਼ ਟੈਕਸਟਾਈਲ ਟੈਕਨਾਲੌਜੀ ਵੀ ਉਦੋਂ ਹੀ ਹੋਂਦ ਵਿਚ ਆਈਆਂ ਸਨ। ਖ਼ਾਲਸਾ ਕਾਲਜ ਤੋਂ ਅਗਾਂਹ ਯੂਨੀਵਰਸਿਟੀ ਵਾਲੀ ਜਗ੍ਹਾ 'ਤੇ ਅਮਰੂਦ, ਆੜੂ, ਫਾਲਸੇ, ਜਾਮਣਾਂ ਅਤੇ ਲਗਾਠਾਂ ਦੇ ਘਣੇ ਬਾਗ ਹੁੰਦੇ ਸਨ। ਛੇਹਰਟਾ ਵਿਖੇ ਸਥਿਤ ਕਾਰਖਾਨਿਆਂ ਵਿਚ ਕੱਚਾ ਮਾਲ ਬਾਹਰੋਂ ਆਉਂਦਾ ਸੀ। ਕਾਰਖਾਨਿਆਂ ਵਿਚ ਕੱਚੇ ਮਾਲ ਦੀ ਖ਼ਪਤ ਵੱਡੇ ਪੱਧਰ 'ਤੇ ਹੁੰਦੀ ਸੀ। ਇਸ ਤਰ੍ਹਾਂ ਛੇਹਰਟਾ ਨਗਰ ਕੌਂਸਲ ਕੋਲ ਚੁੰਗੀ-ਟੈਕਸ ਆਮਦਨ ਦਾ ਵੱਡਾ ਸਾਧਨ ਸੀ। ਇਨ੍ਹਾਂ ਉਦਯੋਗਾਂ ਵਿਚ ਕੰਮ ਕਰਨ ਵਾਲੇ ਕਾਮੇ ਦੂਰ-ਨੇੜੇ ਦੇ ਪਿੰਡਾਂ ਅਤੇ ਅੰਮ੍ਰਿਤਸਰ ਦੇ ਕਈ ਇਲਾਕਿਆਂ 'ਚੋਂ ਆਉਂਦੇ ਸਨ। ਵੱਖ-ਵੱਖ ਇਲਾਕਿਆਂ ਵਿਚ ਗਿਣਤੀ ਦੇ ਛੋਟੇ-ਛੋਟੇ ਘਰ ਹੁੰਦੇ ਸਨ।

1925-30 ਈਸਵੀ ਵਿਚ ਜਦੋਂ ਉਦਯੋਗਿਕ ਆਗਾਜ਼ ਹੋਇਆ ਤਾਂ ਛੇਹਰਟਾ ਵਿਚ ਕਿਤੇ ਵੀ ਰਿਹਾਇਸ਼ੀ ਕਾਲੋਨੀਆਂ ਨਹੀਂ ਸਨ ਹੁੰਦੀਆਂ। ਕੁਝ ਕਾਰਖਾਨਿਆਂ ਨੇ ਆਪਣੇ ਮਜ਼ਦੂਰਾਂ ਦੀ ਸਹੂਲਤ ਲਈ ਕੁਅਰਾਟਰ ਬਣਾਏ ਹੋਏ ਸਨ ਜਾਂ ਬਾਅਦ ਵਿਚ ਕਈ ਥਾਈਂ ਇੱਕਾ-ਦੁੱਕਾ ਥੋੜ੍ਹੇ-ਥੋੜ੍ਹੇ ਘਰ ਆਬਾਦ ਹੋਏ ਸਨ। ਧਨਾਢ ਵਿਅਕਤੀਆਂ ਨੇ ਸਸਤੇ ਭਾਅ ਵਾਹੀਯੋਗ ਜ਼ਮੀਨਾਂ ਖ਼ਰੀਦ ਕੇ ਉੱਥੇ ਚਾਰ-ਦੀਵਾਰੀ ਅੰਦਰ ਅਜਿਹੇ ਕੁਆਰਟਰ ਬਣਾਏ ਹੋਏ ਸਨ ਜਿਨ੍ਹਾਂ ਤੋਂ ਉਨ੍ਹਾਂ ਨੂੰ ਥੋੜ੍ਹੀ-ਬਹੁਤੀ ਕਿਰਾਏ ਦੀ ਆਮਦਨ ਹੋ ਜਾਂਦੀ ਸੀ। ਇਨ੍ਹਾਂ ਨੂੰ ਕੱਚੇ ਜਾਂ ਪੱਕੇ ਕੁਆਰਟਰਾਂ ਵਜੋਂ ਜਾਣਿਆ ਜਾਂਦਾ ਸੀ। ਸਸਤਾ ਜ਼ਮਾਨਾ ਸੀ। ਜ਼ਮੀਨ ਦੋ-ਤਿੰਨ ਰੁਪਏ ਗਜ਼ ਮਿਲ ਜਾਂਦੀ ਸੀ। ਇਮਾਰਤੀ ਸਾਮਾਨ ਅਤੇ ਮਜ਼ਦੂਰੀ ਵੀ ਸਸਤੀ ਸੀ। ਚਾਹੇ ਤਨਖਾਹਾਂ ਵੀ ਘੱਟ ਹੁੰਦੀਆਂ ਸਨ ਪਰ ਜਿਸ ਵਿਅਕਤੀ ਨੂੰ ਕਾਰਖਾਨੇ ਵਿਚ ਕੰਮ ਮਿਲ ਜਾਂਦਾ ਸੀ, ਉਸ ਦਾ ਗੁਜ਼ਾਰਾ ਚੰਗਾ ਚਲਦਾ ਸੀ। ਕਾਮਰੇਡਾਂ ਦੇ ਲਗਾਤਾਰ ਸੰਘਰਸ਼ ਪਿੱਛੋਂ ਸਰਕਾਰ ਵੱਲੋਂ 1960 ਦੇ ਦਹਾਕੇ ਵਿਚ ਘਿਓ-ਖੰਡ ਵਾਲੀ ਮਿੱਲ ਸਾਹਮਣੇ ਸਨਅਤੀ ਕਾਮਿਆਂ ਵਾਸਤੇ ਰਿਹਾਇਸ਼ੀ ਕੁਆਰਟਰਾਂ ਵਾਲੀ ਬਸਤੀ ਲੇਬਰ ਕਾਲੋਨੀ ਆਬਾਦ ਕੀਤੀ ਗਈ ਜਿਸ ਦੇ ਮਾਲਕਾਨਾ ਹੱਕ ਤੈਅਸ਼ੁਦਾ ਅਰਸੇ ਬਾਅਦ ਆਸਾਨ ਕਿਸ਼ਤਾਂ ਦੀ ਅਦਾਇਗੀ ਉਪਰੰਤ ਕਾਮਿਆਂ ਨੂੰ ਮਿਲ ਜਾਣ ਦੀ ਵਿਵਸਥਾ ਸੀ। ਇਸ ਲੇਬਰ ਕਾਲੋਨੀ ਦੀ ਸਥਾਪਨਾ ਵਿਚ ਕਮਿਊਨਿਸਟ ਪਾਰਟੀ ਵੱਲੋਂ ਵਿੱਢੇ ਘੋਲ ਦਾ ਵੱਡਾ ਯੋਗਦਾਨ ਸੀ। ਨਗਰ ਕੌਂਸਲ ਵੱਲੋਂ ਇਕ ਵੱਡੇ ਕਮਿਊਨਿਟੀ ਹਾਲ ਦਾ ਨਿਰਮਾਣ ਵੀ ਕਰਵਾਇਆ ਗਿਆ ਸੀ। ਟੈਕਸਟਾਈਲ ਮਜ਼ਦੂਰਾਂ ਲਈ ਲਗਾਤਾਰ ਸੰਘਰਸ਼ ਚਲਦਾ ਰਿਹਾ।

ਘੱਟੋ-ਘੱਟ ਤਨਖਾਹ, ਕੰਮ ਕਰਨ ਦੇ ਘੰਟੇ, ਬੋਨਸ, ਗ੍ਰੈਚਿਊਟੀ, ਕਾਮਿਆਂ ਲਈ ਈਐੱਸਆਈ (ਸਿਹਤ ਬੀਮਾ) ਸਹੂਲਤਾਂ, ਪ੍ਰਾਵੀਡੈਂਟ ਫੰਡ ਲਾਗੂ ਕਰਨ ਅਤੇ ਘੱਟੋ-ਘੱਟ ਉਜਰਤ ਜਿਹੇ ਕਿਰਤ ਕਾਨੂੰਨਾਂ ਦੀ ਪਾਲਣਾ ਲਈ ਜੱਦੋਜਹਿਦ ਸਦਕਾ ਕਮਿਊਨਿਸਟ ਪਾਰਟੀ ਜਨਤਾ ਵਿਚ ਕਾਫ਼ੀ ਹਰਮਨਪਿਆਰੀ ਬਣ ਚੁੱਕੀ ਸੀ। ਸੱਤਪਾਲ ਡਾਂਗ, ਵਿਮਲਾ ਡਾਂਗ ਪ੍ਰਦੂਮਣ ਸਿੰਘ ਸੇਠੀ, ਵੀਰ ਭਾਨ ਭੁੱਲਰ, ਮੁੰਨੀ ਲਾਲ ਲੰਗੋਟੀ ਵਾਲਾ, ਚਮਨ ਲਾਲ ਸ਼ਰਮਾ, ਦੇਸ ਰਾਜ ਮਹਾਜਨ, ਜਗਦੀਸ਼ ਰਾਜ ਸ਼ਰਮਾ, ਜੈ ਕਰਨ ਪਠਾਣੀਆ ਅਤੇ ਸੁਰਿੰਦਰ ਨਾਥ ਸ਼ਰਮਾ ਵਰਗੇ ਕਈ ਹੋਰ ਨਿਧੜਕ, ਬੇਲਾਗ, ਸਿਰਲੱਥ ਅਤੇ ਇਮਾਨਦਾਰ ਆਗੂਆਂ ਤੇ ਸਰਗਰਮ ਵਰਕਰਾਂ ਦੀ ਸੁਚੱਜੀ ਕਾਰਗੁਜ਼ਾਰੀ ਕਾਰਨ ਪਾਰਟੀ ਪ੍ਰਤੀ ਜਨਤਾ ਦਾ ਬੇਮਿਸਾਲ ਝੁਕਾਅ ਸੀ। ਵਿਮਲਾ ਡਾਂਗ ਦੀ ਅਣਥੱਕ ਮਿਹਨਤ ਅਤੇ ਲੋਕ ਸੇਵਾ ਸਦਕਾ ਪੰਜਾਬ ਇਸਤਰੀ ਸਭਾ ਵੀ ਬੁਲੰਦੀਆਂ ਨੂੰ ਛੂਹ ਰਹੀ ਸੀ। ਆਮ ਔਰਤਾਂ ਦੇ ਬੁਨਿਆਦੀ ਹੱਕਾਂ ਦੇ ਨਾਲ-ਨਾਲ ਮਿਹਨਤਕਸ਼ ਤੇ ਉਦਯੋਗਿਕ ਔਰਤ ਕਾਮਿਆਂ ਲਈ ਬਰਾਬਰੀ ਦੀ ਉਜਰਤ ਅਤੇ ਕੰਮ ਕਰਨ ਲਈ ਸਾਜ਼ਗਰ ਮਾਹੌਲ ਦੀ ਸਥਾਪਤੀ ਲਈ ਇਸਤਰੀ ਸਭਾ ਲਗਾਤਾਰ ਯਤਨਸ਼ੀਲ ਰਹਿੰਦੀ ਸੀ।

-ਮੋਬਾਈਲ ਨੰ. : 98887-87220

Posted By: Sukhdev Singh