ਰਣਜੀਤ ਧੀਰ

ਭਾਰਤ ਤੋਂ ਦੋਸਤ-ਰਿਸ਼ਤੇਦਾਰ ਆਉਂਦੇ ਹਨ ਤਾਂ ਅਸੀਂ ਚਾਅ ਨਾਲ ਉਨ੍ਹਾਂ ਨੂੰ ਵਲੈਤ ਦੀਆਂ ਇਤਿਹਾਸਕ ਥਾਵਾਂ ਵਿਖਾਉੁਣ ਲਿਜਾਂਦੇ ਹਾਂ। ਪਿਛਲੇ ਸਾਲ ਕ੍ਰਿਸਮਸ ਤੋਂ ਪਹਿਲਾਂ ਭਾਰਤ ਤੋਂ ਮੇਰਾ ਪੁਰਾਣਾ ਮਿੱਤਰ ਬਲਵੰਤ ਅਤੇ ਉਹਦੀ ਪਤਨੀ ਸਿਮਰਨ ਆਏ ਤਾਂ ਮੇਰੇ ਕੋਲ ਠਹਿਰੇ। ਨਾਸ਼ਤੇ ਸਮੇਂ ਮੈਂ ਪੁੱਛਿਆ, 'ਸਾਡੇ ਦੇਸ਼ ਦੀ ਕਿਹੜੀ ਜਗ੍ਹਾ ਵੇਖਣੀ ਚਾਹੁੰਦੇ ਹੋ?' ਬਲਵੰਤ ਨੇ ਕਿਹਾ 'ਆਕਸਫੋਰਡ ਯੂਨੀਵਰਸਿਟੀ।' ਪੁੱਛਿਆ 'ਕਿਉਂ?' ਉਹ ਕਹਿੰਦਾ, 'ਪਿਛਲੀ ਵਾਰ ਮੈਂ ਆਇਆ ਸਾਂ ਤਾਂ ਆਕਸਫੋਰਡ ਨਹੀਂ ਸੀ ਜਾ ਸਕਿਆ।

ਦਿੱਲੀ ਦੇ ਸਾਥੀ ਪ੍ਰੋਫੈਸਰ ਹੈਰਾਨ ਸਨ ਕਿ ਯੂਨੀਵਰਸਿਟੀ 'ਚ ਪੜ੍ਹਾਉਂਦਾ ਬੰਦਾ ਇੰਗਲੈਂਡ ਜਾਵੇ ਅਤੇ ਆਕਸਫੋਰਡ ਨਾ ਵੇਖੇ। ਫਿਰ ਉਸ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਪਟਨੇ ਗਿਆ ਤਾਂ ਪੁਰਾਤਨ ਭਾਰਤੀ ਯੂਨੀਵਰਸਿਟੀ ਨਾਲੰਦਾ ਵਿਖਾਉਂਦਾ ਗਾਈਡ ਕਹਿੰਦਾ,“ਉਨ੍ਹਾਂ ਸਮਿਆਂ ਵਿਚ ਨਾਲੰਦਾ ਭਾਰਤ ਦੀ ਆਕਸਫੋਰਡ ਯੂਨੀਵਰਸਿਟੀ ਸੀ।'' ਬਲਵੰਤ ਦੀ ਫਰਮਾਇਸ਼ ਸੁਣ ਕੇ ਮੈਨੂੰ ਚਾਅ ਚੜ੍ਹ ਗਿਆ ਕਿਉਂਕਿ ਮੋਗੇ ਤੋਂ ਬਾਅਦ ਲੰਡਨ ਅਤੇ ਆਕਸਫੋਰਡ ਮੇਰੇ ਪਸੰਦੀਦਾ ਹਨ।

ਮੈਂ ਆਪਣੇ ਦੋਸਤਾਂ ਗੁਰਮ ਅਤੇ ਸੁਰੇਸ਼ ਨੂੰ ਵੀ ਬੁਲਾ ਲਿਆ। ਡੇਢ ਕੁ ਘੰਟੇ ਮਗਰੋਂ ਆਕਸਫੋਰਡ ਦੇ ਮੈਡਾਲਿਨ ਕਾਲਜ ਲਾਗੇ ਕਾਰ ਪਾਰਕ ਵਿਚ ਕਾਰ ਖੜ੍ਹੀ ਕਰਦਿਆਂ ਮੈਂ ਕਿਹਾ, ਲੈ ਬਾਈ ਬਲਵੰਤ ਸਿਆਂ, ਵਲੈਤ ਦੀ ਨਾਲੰਦਾ ਯੂਨੀਵਰਸਿਟੀ ਵਿਚ ਪੁੱਜ ਗਏ ਹਾਂ। ਨਾਲ ਹੀ ਅਈਸਿਸ ਨਦੀ ਵਗਦੀ ਹੈ ਜਿਹੜੀ ਲੰਡਨ ਵਾਲੇ ਦਰਿਆ ਟੇਮਜ਼ ਦੀ ਹੀ ਸ਼ਾਖ ਹੈ। ਬਾਹਰ ਸੜਕ ਪਾਰ ਕਰਨ ਵਾਸਤੇ ਖੜ੍ਹੇ ਤਾਂ ਇਕ ਅੰਗਰੇਜ਼ ਦੀ ਕਾਰ ਰੁਕੀ। ਕਾਰ ਦੀ ਪਿਛਲੀ 'ਵਿੰਡਸਕਰੀਨ' ਵਿਚ ਲੱਗੇ ਲੇਬਲ 'ਤੇ ਅੰਗਰੇਜ਼ੀ ਵਿਚ ਲਿਖਿਆ ਸੀ “ਮਨੁੱਖੀ ਦਿਮਾਗ ਅਤੇ ਪੈਰਾਸ਼ੂਟ ਖੁੱਲ੍ਹੇ ਹੋਣ ਤਾਂ ਹੀ ਵਧੀਆ ਕੰਮ ਕਰਦੇ ਹਨ।'' ਇਹ ਪੜ੍ਹ ਕੇ ਸਿਮਰਨ ਕਹਿੰਦੀ, ''ਵੀਰ ਜੀ! ਆਹ ਤਾਂ ਬਹੁਤ ਡੂੰਘੀ ਗੱਲ ਲੱਗਦੀ ਐ।'' ਬਲਵੰਤ ਕਹਿੰਦਾ ''ਆਪਾਂ ਪਹਿਲਾਂ ਆਕਸਫੋਰਡ ਵੇਖ ਲਈਏ। ਮਗਰੋਂ ਇਹ ਫਿਲਾਸਫੀ ਰਿੜਕ ਲਵਾਂਗੇ। ਆਕਸਫੋਰਡ ਸ਼ਹਿਰ 'ਤੇ ਹਰ ਪਾਸੇ ਯੂਨੀਵਰਸਿਟੀ ਦੇ ਮਾਹੌਲ ਦੀ ਛਾਪ ਦਿਸਦੀ ਹੈ। ਸਾਈਕਲਾਂ 'ਤੇ ਜਾਂਦੇ ਪ੍ਰੋਫੈਸਰ ਅਤੇ ਵਿਦਿਆਰਥੀ, ਲਾਇਬ੍ਰੇਰੀਆਂ, ਰਿਸਰਚ ਸੈਂਟਰ, ਥੀਏਟਰ, ਕਾਲਜਾਂ ਦੇ ਬਾਗ਼-ਬਗੀਚੇ ਅਤੇ ਕਾਲਜਾਂ ਦੀਆਂ ਇਮਾਰਤਾਂ ਦੀ ਮੱਧਯੁਗੀ ਦਿੱਖ।ਸਭ ਕੁਝ ਪੁਰਾਣਾ-ਪੁਰਾਣਾ। ਇਸ ਸ਼ਹਿਰ 'ਚ ਕੋਈ ਚੀਜ਼ 'ਮਾਡਰਨ' ਨਹੀਂ ਜਿਵੇਂ ਕਿ ਇਸ ਸ਼ਹਿਰ ਦੇ ਪਲਾਨਰਾਂ ਅਤੇ ਇਸ ਦੇ ਬਸ਼ਿੰਦਿਆਂ ਨੂੰ 'ਮਾਡਰਨ' ਸ਼ਬਦ ਨਾਲ ਹੀ ਚਿੜ ਹੋਵੇ। ਮੈਨੂੰ ਇਹ ਮਾਹੌਲ ਬਹੁਤ ਖ਼ੂਬਸੂਰਤ ਲੱਗਦੈ। ਸਾਲ 1096 'ਚ ਇੱਥੇ ਸਥਾਪਤ ਹੋਇਆ ਬਰਤਾਨੀਆ ਦਾ ਇਹ ਪਹਿਲਾ ਵਿਸ਼ਵਵਿਦਿਆਲਾ ਸੀ। ਅੱਜ ਵੀ ਦੁਨੀਆ ਭਰ 'ਚ ਪਹਿਲੇ ਨੰਬਰ ਦੀ ਯੂਨੀਵਰਸਿਟੀ ਹੈ ਇਹ।

ਬਰਤਾਨੀਆ ਦੇ ਹੁਣ ਤੀਕ ਦੇ 55 ਪ੍ਰਧਾਨ ਮੰਤਰੀਆਂ 'ਚੋਂ 28 ਇੱਥੋਂ ਦੇ ਪੜ੍ਹੇ ਹੋਏ ਹਨ। ਬੇਨਜ਼ੀਰ ਭੁੱਟੋ, ਇੰਦਰਾ ਗਾਂਧੀ, ਇਮਰਾਨ ਖ਼ਾਨ ਵੀ ਇਹਦੇ ਪੁਰਾਣੇ ਵਿਦਿਆਰਥੀਆਂ 'ਚ ਹਨ। ਆਕਸਫੋਰਡ 'ਚ ਵੇਖਣ ਨੂੰ ਬਹੁਤ ਕੁਝ ਹੈ। ਇਹ ਯੂਨੀਵਰਸਿਟੀ 38 ਕਾਲਜਾਂ ਦਾ ਸਮੂਹ ਹੈ। ਬਹੁਤੇ ਕਾਲਜ ਛੇ-ਸੱਤ ਸੌ ਸਾਲ ਪੁਰਾਣੇ ਹਨ। ਇਨ੍ਹਾਂ ਦੀ ਪੁਰਾਤਨਤਾ ਬਾਰੇ ਇੱਥੇ ਇਕ ਲਤੀਫ਼ਾ ਵੀ ਬਣਿਆ ਹੋਇਆ ਹੈ ਕਿ 'ਨਿਊ ਕਾਲਜ' ਨੂੰ ਬਣਿਆਂ ਅੱਠ ਸੌ ਸਾਲ ਹੋ ਗਏ ਹਨ ਪਰ ਇਹਦਾ ਨਾਂ ਹਾਲੇ ਵੀ 'ਨਿਊ ਕਾਲਜ' ਹੈ। ਸਾਰੇ ਦੇ ਸਾਰੇ ਕਾਲਜ ਦੇਸ਼ ਦੇ ਗੌਰਵਮਈ ਇਤਿਹਾਸ, ਰਾਜਨੀਤੀ, ਧਰਮ, ਫ਼ਲਸਫ਼ੇ ਅਤੇ ਸੱਭਿਆਚਾਰ ਬਾਰੇ ਗਿਆਨ ਦੇ ਭੰਡਾਰ ਹਨ। ਸਾਰੀ ਦੁਨੀਆ ਵਿਚ ਹੋਰ ਕੋਈ ਕੌਮ ਨਹੀਂ ਜਿਹੜੀ ਆਪਣੇ ਵਿਰਸੇ ਨੂੰ ਇਸ ਤਰ੍ਹਾਂ ਸਾਂਭ ਕੇ ਰੱਖਦੀ ਹੋਵੇ। ਆਕਸਫੋਰਡ ਦੇਸ਼ ਦੇ ਵਿਰਸੇ ਦਾ ਅਥਾਹ ਸਾਗਰ ਹੈ। ਦੋ-ਚਾਰ ਘੰਟਿਆਂ 'ਚ ਸਿਰਫ਼ ਦੂਰੋਂ ਝਾਤ ਜਿਹੀ ਮਾਰ ਸਕਦੇ ਹੋ।

ਅਸੀਂ ਵੀ ਮੈਡਾਲਿਨ ਕਾਲਜ ਤੋਂ ਸ਼ੁਰੂ ਹੋ ਕੇ ਸੇਂਟ ਜੌਹਨ ਕਾਲਜ, ਬੇਲੀਅਲ ਕਾਲਜ ਵਿਚੋਂ ਹੁੰਦਿਆਂ ਕ੍ਰਾਈਸਟ ਚਰਚ ਕਾਲਜ ਦਾ ਗੇੜਾ ਲਾਇਆ। ਕਾਲਜ ਦਾ ਗਿਰਜਾ ਅਤੇ ਗਰੈਂਡ ਡਾਈਨਿੰਗ ਹਾਲ ਵੇਖਿਆ। ਇਨ੍ਹਾਂ ਕਾਲਜਾਂ 'ਚ ਪੜ੍ਹਦੇ ਵਿਦਿਅਰਥੀਆਂ ਲਈ ਹਰ 'ਟਰਮ' ਵਿਚ ਕਾਲਜ ਦੇ ਪ੍ਰੋਫੈਸਰਾਂ ਨਾਲ ਬਹਿ ਕੇ ਖਾਣੇ ਵਾਸਤੇ ਸਾਥ ਦੇਣਾ ਪੈਂਦੈ। ਮਰਟਨ ਕਾਲਜ ਵੀ ਗਏ ਜਿੱਥੇ ਭਾਰਤ ਦੇ ਰਾਸ਼ਟਰਪਤੀ ਡਾਕਟਰ ਰਾਧਾਕ੍ਰਿਸ਼ਣਨ ਫ਼ਲਸਫ਼ੇ ਦੇ ਪ੍ਰੋਫੈਸਰ ਹੁੰਦੇ ਸਨ। ਇਸੇ ਤਰ੍ਹਾਂ ਅਸੀਂ ਜਗਤ ਪ੍ਰਸਿੱਧ 'ਬੋਦਲਿਨ' ਲਾਇਬ੍ਰੇਰੀ, ਸਿਟੀ ਹਾਲ ਅਤੇ ਉਪੇਰਾ ਹਾਊਸ ਵੀ ਵੇਖਿਆ। ਆਕਸਫੋਰਡ ਦੇ ਸ਼ਹੀਦਾਂ ਦਾ ਸਮਾਰਕ ਵੀ ਵੇਖਿਆ ਜਿਹੜਾ ਅੱਜ ਵਾਲੇ ਮੈਕਡੋਨਲਡ ਰੈਸਟੋਰੈਂਟ ਦੇ ਪਿਛਲੇ ਪਾਸੇ ਹੈ। ਸ਼ਹਿਰ ਦੀ ਭਵਨ ਕਲਾ ਪ੍ਰਾਚੀਨ ਕਲਾਸਕੀ ਰੋਮਨ ਢੰਗ ਦੀ ਹੈ।

ਪਿਛਲੇ ਹਜ਼ਾਰ ਸਾਲਾਂ ਵਿਚ ਉਸਾਰੇ ਸਾਰੇ ਕਾਲਜ, ਗਿਰਜੇ ਅਤੇ ਹੋਰ ਇਮਾਰਤਾਂ ਵੱਡੇ ਗੇਰੂਏ ਪੱਥਰ ਦੀਆਂ ਹਨ। ਕਾਲਜਾਂ ਦੇ ਬਾਹਰ ਅੱਜ ਤਕ ਗਲ਼ੀਆਂ-ਸੜਕਾਂ ਛੋਟੀ ਇੱਟ ਦੀਆਂ ਹਨ। ਅੰਦਰ ਵੜਦਿਆਂ ਮੂਹਰਲਾ ਗੇਟ ਵੇਖ ਕੇ ਪਿੰਡਾਂ ਦੇ ਵੱਡੇ ਤਖ਼ਤਿਆਂ ਵਾਲੇ ਦਲਾਨਾਂ ਦੀ ਯਾਦ ਆ ਜਾਂਦੀ ਹੈ। ਕਮਰਿਆਂ ਦੀਆਂ ਨੀਵੀਆਂ ਛੱਤਾਂ ਵੇਖ ਕੇ ਪਤਾ ਲੱਗਦੈ ਕਿ ਮੱਧ ਯੁਗੀ ਸਮਿਆਂ ਵਿਚ ਲੋਕਾਂ ਦੇ ਕੱਦ ਛੋਟੇ ਹੋਣਗੇ। ਛੋਟੇ ਮਘੋਰਿਆਂ ਵਰਗੇ ਰੋਸ਼ਨਦਾਨ, ਛੋਟੀਆਂ ਖਿੜਕੀਆਂ ਅਤੇ ਭੀੜੀਆਂ ਪੌੜੀਆਂ ਵੇਖ ਕੇ ਇੰਜ ਲੱਗਦੈ ਜਿਵੇਂ ਕਿਸੇ ਪੁਰਾਤਨ ਨਗਰੀ ਵਿਚ ਫਿਰਦੇ ਹੋਈਏ। ਬਲਵੰਤ ਕਹਿੰਦਾ ਬਈ ਕਮਾਲ ਹੋ ਗਈ। ਸਾਰਾ ਸ਼ਹਿਰ ਹੀ ਪੁਰਾਤਨਤਾ ਦਾ ਟਾਪੂ ਲੱਗਦੈ ਪਰ ਪੁਰਾਤਨਤਾ ਦੇ ਬਾਵਜੂਦ ਸਾਫ਼-ਸੁਥਰਾ ਅਤੇ ਸਾਂਭ-ਸੰਭਾਲ਼ ਕੇ ਰੱਖਿਆ ਹੋਇਆ ਹੈ। ਹਰ ਪਾਸੇ ਸੋਹਣੇ ਫੁੱਲ-ਬੂਟੇ, ਲੰਬੇ-ਉੱਚੇ ਬਿਰਖ ਅਤੇ ਹਰ ਕਾਲਜ ਦਾ ਸੈਂਕੜੇ ਏਕੜਾਂ ਦਾ ਆਪਣਾ ਬਗੀਚਾ। ਤਿੰਨ ਕੁ ਘੰਟੇ ਫਿਰਦੇ ਰਹੇ ਤਾਂ ਸੋਚਿਆ ਕਿ ਕੁਝ ਖਾਣ-ਪੀਣ ਦੀ ਗੱਲ ਵੀ ਕਰੀਏ। ਅਸੀਂ ਆਕਸਫੋਰਡ ਟੀ-ਹਾਊਸ ਜਾ ਪਹੁੰਚੇ। ਇਹ ਰੈਸਟੋਰੈਂਟ ਵੀ ਬਾਕੀ ਸ਼ਹਿਰ ਵਾਂਗ ਪੁਰਾਣੇ ਸਮਿਆਂ ਦਾ ਹੀ ਨਮੂਨਾ ਹੈ। ਖਾਣਾ ਪਰੋਸਣ ਵਾਲੀਆਂ ਕੁੜੀਆਂ ਨੇ 19ਵੀਂ ਸਦੀ ਦੇ ਮਲਿਕਾ ਵਿਕਟੋਰੀਆ ਵਾਲੇ ਸਮਿਆਂ ਵਾਂਗ ਲੰਬੇ ਘੱਗਰੇ ਪਹਿਨੇ ਹੋਏ ਸਨ।

ਪੈਰਾਸ਼ੂਟ ਅਤੇ ਮਨੁੱਖੀ ਦਿਮਾਗ ਵਾਲੀ ਗੱਲ ਛੇੜਦਿਆਂ ਗੁਰਮ ਕਹਿੰਦਾ ਕਿ ਇਹ ਗੱਲ ਵਾਕਿਆ ਹੀ ਇਕ ਬੁਝਾਰਤ ਜਿਹੀ ਲੱਗਦੀ ਹੈ। ਭਲਾ, ਪੈਰਾਸ਼ੂਟ ਅਤੇ ਮਨੁੱਖੀ ਦਿਮਾਗ ਦਾ ਕੀ ਮੇਲ? ਯੂਰਪੀ ਲੋਕਾਂ ਦੀ ਪਰਵਰਿਸ਼ ਸ਼ੁਰੂ ਤੋਂ ਹੀ ਇਸ ਤਰ੍ਹਾਂ ਹੁੰਦੀ ਹੈ ਕਿ ਇਹ ਲੋਕ ਹਰ ਵਿਅਕਤੀ, ਹਰ ਮਸਲੇ ਬਾਰੇ ਖ਼ੁਦ ਸੋਚ-ਸਮਝ ਕੇ ਤਰਕ ਨਾਲ ਵਿਚਰਦੇ ਹਨ। ਐਵੇਂ ਗ਼ਲਤ-ਮਲਤ ਤਰ੍ਹਾਂ ਦੀ ਧਾਰਨਾਵਾਂ ਨੂੰ ਆਪਣੀ ਸੋਚ 'ਤੇ ਹਾਵੀ ਨਹੀਂ ਹੋਣ ਦਿੰਦੇ। ਮਤਲਬ ਆਪਣਾ ਦਿਮਾਗ ਖੁੱਲ੍ਹਾ ਰੱਖਦੇ ਹਨ। ਕਈ ਮਿਸਾਲਾਂ ਹਨ। ਇਹ ਲੋਕ ਤੁਹਾਡੀ ਯੋਗਤਾ, ਤੁਹਾਡਾ ਕੰਮ ਵੇਖਦੇ ਹਨ। ਮੁੰਡੇ-ਕੁੜੀ ਦਾ ਇਨ੍ਹਾਂ 'ਚ ਕੋਈ ਫ਼ਰਕ ਨਹੀਂ। ਪਰ ਸਾਡੇ ਸਮਾਜ 'ਚ ਮੁੰਡੇ ਕੁੜੀ ਦਾ ਫ਼ਰਕ ਹੈ। ਧਰਮਾਂ ਅਤੇ ਜਾਤਾਂ-ਪਾਤਾਂ ਦਾ ਫ਼ਰਕ ਹੈ। ਆਪਣੇ ਸਾਰੇ ਨਹੀਂ ਪਰ ਬਹੁਤੇ ਲੋਕ ਤੁਹਾਨੂੰ ਜਾਤ-ਬਰਾਦਰੀ ਦੇ ਖ਼ਾਨੇ ਵਿਚ ਪਾ ਕੇ ਵੇਖਦੇ ਹਨ ਕਿ ਆਪਣਾ ਹੈ ਜਾਂ ਦੂਸਰਾ। ਅੰਗਰੇਜ਼ਾਂ ਦੇ ਬੱਚੇ ਕਿਸੇ ਨਾਲ ਦੋਸਤੀ, ਪਿਆਰ ਕਰਨ ਜਾਂ ਕਿਸੇ ਨਾਲ ਵਿਆਹ ਕਰਨ, ਇਨ੍ਹਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ।

ਵਿਆਹ ਤੋਂ ਬਿਨਾਂ ਹੀ ਇਕੱਠੇ ਰਹੀ ਜਾਓ ਤਾਂ ਵੀ ਤੁਹਾਨੂੰ ਕੋਈ 'ਲੁੱਚੇ-ਬਦਮਾਸ਼' ਨਹੀਂ ਕਹਿੰਦਾ। ਕੁੜੀ ਵਿਆਹ ਤੋਂ ਪਹਿਲਾਂ ਕਿਸੇ ਨਾਲ ਹੱਸ ਕੇ ਗੱਲ ਕਰ ਲਏ ਜਾਂ ਪਿਆਰ ਕਰ ਬੈਠੇ ਤਾਂ ਕਤਲ ਹੋ ਜਾਂਦੇ ਹਨ। ਕੁੜੀਆਂ ਦੇ ਵਿਆਹਾਂ ਅਤੇ ਧਰਮਾਂ ਦੇ ਮਸਲਿਆਂ 'ਚ ਮਾਪਿਆਂ ਅਤੇ ਖ਼ਾਨਦਾਨਾਂ ਦੀਆਂ ਇੱਜ਼ਤਾਂ ਖ਼ਤਰੇ 'ਚ ਪੈ ਜਾਂਦੀਆਂ ਹਨ। ਸੁਰੇਸ਼ ਨੇ ਵੀ ਹਾਮੀ ਭਰੀ ਕਿ ਸੱਚਮੁੱਚ ਸਾਡੇ ਦਿਮਾਗਾਂ 'ਤੇ ਬਹੁਤ ਪਹਿਰੇ ਹਨ। ਔਰਤਾਂ ਦਾ ਹਾਲ ਤਾਂ ਬਹੁਤ ਮੰਦਾ ਹੈ। ਔਰਤ ਦੇ ਮਾਪੇ, ਭਰਾ ਉਹਦੇ ਪਹਿਰੇਦਾਰ ਬਣ ਕੇ ਉਹਨੂੰ ਅਨੇਕਾਂ ਬੰਦਿਸ਼ਾਂ ਵਿਚ ਬੰਨ੍ਹ ਕੇ ਰੱਖਦੇ ਹਨ। ਉਹ ਕਹਿੰਦਾ, ਹੋਰ ਸੁਣੋ। ਮੈਂ ਕੇਰਾਂ ਇੰਡੀਆ ਗਿਆ। ਲੁਧਿਆਣੇ ਤੋਂ ਇਕ ਪੜ੍ਹਿਆ-ਲਿਖਿਆ ਬੰਦਾ ਮੇਰੇ ਨਾਲ ਦੀ ਸੀਟ 'ਤੇ ਬਹਿ ਗਿਆ। ਪਹਿਲਾਂ ਤਾਂ ਮੇਰਾ ਅਖ਼ਬਾਰ ਪੜ੍ਹਦਾ ਰਿਹਾ। ਫਿਰ ਕਹਿੰਦਾ, 'ਬਾਈ ਜੀ! ਐਧਰ ਕਿਹੜਾ ਪਿੰਡ ਐ ਆਪਣਾ?'

ਮੈਂ ਕਿਹਾ, 'ਦੌਧਰ'। 'ਅੱਛਾ-ਅੱਛਾ! ਦੌਧਰ। ਸਿੱਧੂਆਂ ਦਾ ਪਿੰਡ ਐ। ਤੁਸੀਂ ਵੀ ਉਨ੍ਹਾਂ 'ਚੋਂ ਹੋ?' ਮੈਂ ਕਿਹਾ ਕਿ ਉੱਥੇ ਹੋਰ ਭਾਈਚਾਰਿਆਂ ਦੇ ਲੋਕ ਵੀ ਰਹਿੰਦੇ ਹਨ। ਪਿੰਡ ਸਾਰਿਆਂ ਦਾ ਹੈ। ਉਹ ਮੈਨੂੰ ਜਾਤ-ਪਾਤ ਦੇ ਕਿਸੇ ਖਾਨੇ 'ਚ ਰੱਖ ਕੇ ਗੱਲ ਤੋਰਨੀ ਚਾਹੁੰਦਾ ਸੀ ਪਰ ਮੇਰਾ ਜਵਾਬ ਸੁਣ ਕੇ ਚੁੱਪ ਹੋ ਗਿਆ। ਬਲਵੰਤ ਹੁਣ ਤੀਕ ਸੁਣਦਾ ਰਿਹਾ ਸੀ। ਉਹ ਵੀ ਬੋਲਿਆ ਕਿ ਮੈਨੂੰ ਤੁਹਾਨੂੰ ਸਾਰਿਆਂ ਨੂੰ ਪਤੈ ਕਿ ਬਰਤਾਨੀਆ ਦੀਆਂ ਅਦਾਲਤਾਂ ਵਿਚ 'ਜਿਊਰੀ ਸਿਸਟਮ' ਹੈ। ਬਾਰਾਂ ਬੰਦਿਆਂ ਅਤੇ ਔਰਤਾਂ ਦੀ ਜਿਊਰੀ ਮੁਜਰਿਮ ਖ਼ਿਲਾਫ਼ ਕੇਸ ਸੁਣ ਕੇ ਫ਼ੈਸਲਾ ਕਰਦੀ ਹੈ। ਮੈਂ ਕਈ ਵਾਰ ਸੋਚਦਾਂ ਕਿ ਕੀ ਅਸੀਂ ਭਾਰਤੀ ਅਦਾਲਤਾਂ ਵਿਚ ਜਿਊਰੀ ਸਿਸਟਮ ਚਲਾ ਸਕਦੇ ਹਾਂ? ਸਾਡੇ ਦੇਸ਼ 'ਚ ਵੀ ਬਥੇਰੇ ਸਿਆਣੇ ਲੋਕ ਹਨ। ਅਖ਼ੀਰ ਸਿਮਰਨ ਵੀ ਬੋਲੀ ਕਿ ਸਟਿੱਕਰ 'ਤੇ ਲਿਖੀ ਗੱਲ ਫਿਰ ਤਾਂ ਠੀਕ ਹੀ ਲੱਗਦੀ ਹੈ। ਜੇ ਫ਼ੌਜੀ ਬੰਦੇ ਦਾ ਪੈਰਾਸ਼ੂਟ ਨਾ ਖੁੱਲ੍ਹੇ ਤਾਂ ਬੰਦਾ ਬਚ ਨਹੀਂ ਸਕਦਾ। ਇਸੇ ਤਰ੍ਹਾਂ ਮਨੁੱਖ ਦਾ ਦਿਮਾਗ ਖੁੱਲ੍ਹਾ ਨਾ ਹੋਵੇ ਤਾਂ ਉਹ ਖ਼ੁਦ ਵੀ ਖ਼ਰਾਬ ਹੋਵੇਗਾ ਅਤੇ ਪਰਿਵਾਰ ਨੂੰ ਵੀ ਖ਼ਰਾਬ ਕਰੇਗਾ।

-ਵ੍ਹਟਸਐਪ ਨੰ. : +44 7894 228032

Posted By: Sunil Thapa