-ਇੰਦਰਜੀਤ ਸਿੰਘ ਬਾਜਵਾ

ਜੇ ਚਾਨਣੀ ਰਾਤ ਖ਼ੂਬਸੂਰਤ ਹੁੰਦੀ ਹੈ ਤਾਂ ਹਨੇਰੀ ਰਾਤ ਵਿਚ ਤਾਰਿਆਂ ਨਾਲ ਭਰੇ ਅਸਮਾਨ ਦੀ ਰਾਤ ਦੀ ਖ਼ੂਬਸੂਰਤੀ ਵੀ ਬਿਆਨ ਤੋਂ ਬਾਹਰ ਹੁੰਦੀ ਹੈ। ਹਨੇਰੀ ਰਾਤ 'ਚ ਹਜ਼ਾਰਾਂ ਚਮਕਦੇ ਤਾਰੇ ਮਨੁੱਖ ਨੂੰ ਜਿੱਥੇ ਕਾਦਰ ਦੀ ਅਸੀਮਤ ਤਾਕਤ ਦਾ ਅਹਿਸਾਸ ਕਰਵਾਉਂਦੇ ਹਨ, ਉੱਥੇ ਹੀ ਤਾਰਿਆਂ ਦੀ ਮੱਠੀ-ਮੱਠੀ ਲੋਅ ਜ਼ਿੰਦਗੀ ਵਿਚ ਚਮਕ ਅਤੇ ਖੇੜਾ ਭਰ ਦਿੰਦੀ ਹੈ। ਤਾਰਿਆਂ ਦੀ ਲੋਅ ਹੇਠ ਸੌਣਾ ਅਤੇ ਤਾਰਿਆਂ ਨਾਲ ਗੱਲਾਂ ਕਰਨੀਆਂ ਸ਼ਾਇਦ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ। ਅਜੋਕੇ ਰਹਿਣ-ਸਹਿਣ ਨੇ ਇਹ ਆਨੰਦਮਈ ਪਲ ਮਨੁੱਖ ਤੋਂ ਖੋਹ ਲਏ ਹਨ। ਹੁਣ ਬਹੁਤ ਘੱਟ ਲੋਕ ਆਪਣੇ ਘਰਾਂ ਦੇ ਖੁੱਲ੍ਹੇ ਵਿਹੜਿਆਂ ਵਿਚ ਜਾਂ ਕੋਠੇ 'ਤੇ ਮੰਜੀਆਂ ਡਾਹ ਕੇ ਤਾਰਿਆਂ ਦੀ ਛਾਵੇਂ ਸੌਂਦੇ ਹਨ। ਹੁਣ ਤਾਂ ਲੋਕ ਪੂਰੀ ਤਰ੍ਹਾਂ ਸੀਲ ਏਸੀ ਵਾਲੇ ਕਮਰਿਆਂ ਵਿਚ ਇਓਂ ਦੜ ਜਾਂਦੇ ਹਨ ਜਿਵੇਂ ਮੁਰਗੀਆਂ ਨੂੰ ਕਿਸੇ ਖੁੱਡੇ ਵਿਚ ਸੁੱਟਿਆ ਹੋਵੇ। ਏਸੀ ਕਮਰੇ ਵਿਚ ਸੌਣ ਵਾਲੇ ਲੋਕਾਂ ਨੂੰ ਕੀ ਪਤਾ ਕਿ ਸਪਤਰਿਸ਼ੀ ਤਾਰੇ ਕੀ ਹਨ, ਗਿੱਟੀਆਂ ਕੀ ਨੇ, ਅਕਾਸ਼ ਗੰਗਾ ਕੀ ਹੈ, ਧਰੂ ਤਾਰਾ ਕਿਹੜਾ ਹੈ ਅਤੇ ਤਾਰਿਆਂ ਦੀ ਚਾਲ ਕੀ ਹੁੰਦੀ ਹੈ?

ਪਿਛਲੇ ਇਕ ਦਹਾਕੇ ਤੋਂ ਮੈਂ ਵੀ ਤਾਰਿਆਂ ਤੋਂ ਦੂਰ ਹੋ ਗਿਆ ਹਾਂ। ਬੰਦ ਕਮਰੇ ਵਿਚ ਜੋ ਸੌਣ ਲੱਗ ਪਿਆ ਹਾਂ। ਸੱਚੀਂ ਸਿਤਾਰਿਆਂ, ਨਛੱਤਰਾਂ ਅਤੇ ਚੰਨ ਤੋਂ ਦੂਰ ਹੋਣਾ ਆਪਣੇ-ਆਪ ਤੋਂ ਦੂਰ ਹੋਣ ਦੇ ਬਰਾਬਰ ਹੈ। ਮੈਨੂੰ ਉਹ ਪਲ ਅਜੇ ਵੀ ਯਾਦ ਹਨ ਜਦੋਂ ਪਿੰਡ ਰਹਿੰਦੇ ਸਾਂ। ਘਰ ਦੇ ਖੁੱਲ੍ਹੇ ਵਿਹੜੇ ਵਿਚ ਜਦੋਂ ਸਣ ਦੀ ਮੰਜੀ ਉੱਪਰ ਲੰਮੇ ਪੈਣਾ ਤਾਂ ਧਿਆਨ ਮੱਲੋ-ਮੱਲੀ ਚੰਨ-ਤਾਰਿਆਂ ਵੱਲ ਚਲੇ ਜਾਣਾ। ਤਾਰਿਆਂ ਨੂੰ ਬੜੀ ਨੀਝ ਨਾਲ ਦੇਖਣਾ, ਰੋਜ਼ ਉਨ੍ਹਾਂ ਨੂੰ ਮਿਲਣਾ ਅਤੇ ਉਨ੍ਹਾਂ ਨਾਲ ਮਨ ਹੀ ਮਨ ਗੱਲਾਂ ਕਰਨੀਆਂ। ਸੱਚੀਂ ਉਹ ਆਪਣੇ ਹੀ ਤਾਂ ਲੱਗਦੇ ਸਨ। ਤਾਰਿਆਂ ਦੀ ਟਿਮ-ਟਿਮਾਉਂਦੀ ਰੌਸ਼ਨੀ ਇਉਂ ਮਹਿਸੂਸ ਹੋਣੀ ਜਿਵੇਂ ਅਰਸ਼ਾਂ ਤੋਂ ਉਹ ਅਸੀਸਾਂ ਦੇ ਰਹੇ ਹੋਣ। ਕੁਝ ਵੱਡੇ ਅਤੇ ਕੁਝ ਛੋਟੇ ਤਾਰੇ ਅਤੇ ਕੁਝ ਬਹੁਤ ਹੀ ਮੱਧਮ ਹੁੰਦੇ ਸਨ ਪਰ ਉਹ ਆਪਣੀ ਚਾਲੇ ਤੁਰਦੇ ਰਹਿੰਦੇ। ਤਾਰਿਆਂ ਵੱਲ ਦੇਖਦੇ-ਦੇਖਦੇ ਕਦੋਂ ਨੀਂਦ ਆ ਜਾਣੀ, ਪਤਾ ਹੀ ਨਾ ਲੱਗਣਾ।

ਬਚਪਨ ਦੀ ਗੱਲ ਦੱਸ ਰਿਹਾ ਹਾਂ। ਜਦੋਂ ਰਾਤ ਨੂੰ ਲੰਮੇ ਪਿਆਂ ਤਾਰੇ ਦੇਖਣੇ ਤਾਂ ਅਸਮਾਨ ਵਿਚ ਕੁਝ ਤਾਰੇ ਤੇਜ਼ ਗਤੀ ਨਾਲ ਚੱਲਦੇ ਦਿਖਾਈ ਦੇਣੇ। ਪਹਿਲਾਂ ਤਾਂ ਇਹੋ ਸਮਝਦੇ ਹੁੰਦੇ ਸਾਂ ਕਿ ਕੁਝ ਤਾਰੇ ਭੱਜਦੇ ਵੀ ਹਨ ਪਰ ਬਾਅਦ ਵਿਚ ਪਤਾ ਲੱਗਾ ਕਿ ਇਹ ਰਾਕਟ (ਸੈਟੇਲਾਈਟ) ਹਨ ਜਿਨ੍ਹਾਂ ਨੂੰ ਮਨੁੱਖ ਨੇ ਬਣਾਇਆ ਹੈ। ਲੰਮੇ ਪਿਆਂ ਅਸਮਾਨ ਵਿਚ ਰਾਕਟਾਂ ਨੂੰ ਹੀ ਲੱਭੀ ਜਾਣਾ ਅਤੇ ਓਨੀ ਦੇਰ ਉਨ੍ਹਾਂ ਨੂੰ ਦੇਖੀ ਜਾਣਾ ਜਿੰਨਾ ਚਿਰ ਉਹ ਦਿਖਣੋ ਨਾ ਹਟ ਜਾਣੇ। ਅਣਭੋਲਪੁਣੇ ਵਿਚ ਇਹ ਵੀ ਦੇਖੀ ਜਾਣਾ ਕਿ ਕਿਤੇ ਕੋਈ ਰਾਕਟ ਕਿਸੇ ਤਾਰੇ ਨਾਲ ਤਾਂ ਨਹੀਂ ਟਕਰਾ ਜਾਵੇਗਾ। ਉਦੋਂ ਕੀ ਪਤਾ ਸੀ ਕਿ ਮਨੁੱਖ ਦੇ ਭੇਜੇ ਸੈਟੇਲਾਈਟ ਤਾਂ ਕਰੋੜਾਂ-ਅਰਬਾਂ ਮੀਲ ਤਾਰਿਆਂ ਤੋਂ ਥੱਲੇ ਹਨ। ਜਦੋਂ ਅਸੀਂ ਰਾਤ ਨੂੰ ਮੰਜੀ 'ਤੇ ਲੰਮੇ ਪਏ ਹੋਣਾ ਤਾਂ ਦਾਦੀ ਮਾਂ ਨੇ ਤਾਰਿਆਂ ਦੀਆਂ ਕਹਾਣੀਆਂ ਵੀ ਸੁਣਾਉਣੀਆਂ। ਤਾਰਿਆਂ ਬਾਰੇ ਜਾਣਕਾਰੀ ਇੰਨੀ ਹੁੰਦੀ ਸੀ ਕਿ ਇਹ ਵੀ ਪਤਾ ਹੋਣਾ ਕਿ ਕਿਸ ਮਹੀਨੇ ਜਾਂ ਬਹਾਰ ਵਿਚ ਕਿਹੜੇ ਤਾਰੇ ਚੜ੍ਹਦੇ ਹਨ। ਹਾਂ ਸਾਡੇ ਵਿਚੋਂ ਬਹੁਤ ਸਾਰੇ ਅਜੇ ਵੀ ਸੂਰਜ ਅਸਤ ਹੋਣ ਤੋਂ ਬਾਅਦ ਸਭ ਤੋਂ ਵੱਧ ਚਮਕਦਾਰ ਤਾਰਾ 'ਸ਼ੁੱਕਰ' ਗ੍ਰਹਿ ਤਾਂ ਦੇਖ ਲੈਂਦੇ ਹਨ ਪਰ ਜੋ ਤਾਰਾ ਤੜਕਸਾਰ ਚੜ੍ਹਦਾ ਹੈ, ਉਹ ਵੀ ਕਿੰਨਾ ਵੱਡਾ, ਚਮਕਦਾਰ ਅਤੇ ਖ਼ੂਬਸੂਰਤ ਹੁੰਦਾ ਹੈ। ਉਹ ਸਿਰਫ਼ ਦੇਖਿਆਂ ਹੀ ਅਹਿਸਾਸ ਕੀਤਾ ਜਾ ਸਕਦਾ ਹੈ। ਅੱਜਕੱਲ੍ਹ ਹਰ ਸਮੇਂ ਮੋਬਾਈਲ ਨਾਲ ਚਿੰਬੜੇ ਅਸੀਂ ਲੋਕ ਜਦੋਂ ਰਾਤ ਨੂੰ ਵੀ ਖੁੱਲ੍ਹੇ ਅਸਮਾਨ 'ਤੇ ਝਾਤੀਆਂ ਮਾਰਨ ਦੀ ਬਜਾਏ ਸੋਸ਼ਲ ਮੀਡੀਆ ਉੱਪਰ ਹੀ ਉਲਝੇ ਰਹਿੰਦੇ ਦੇਰ ਰਾਤ ਨੂੰ ਸੌਂਦੇ ਹਾਂ ਤਾਂ ਕਿਵੇਂ ਕੋਈ ਤੜਕਸਾਰ ਉੱਠ ਕੇ ਉਸ ਸਵੇਰ ਦੇ ਤਾਰੇ ਦੇ ਦਰਸ਼ਨ ਕਰ ਸਕਦਾ ਹੈ। ਚੜ੍ਹਦੇ ਸੂਰਜ ਦੀ ਲਾਲੀ ਅਤੇ ਪੰਛੀਆਂ ਦਾ ਗੀਤ ਤਾਂ ਹੀ ਸੁਣਿਆ ਜਾ ਸਕਦਾ ਹੈ ਜੇਕਰ ਅਸੀਂ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਜਾਈਏ।

ਹੁਣ ਤਾਂ ਸ਼ਹਿਰਾਂ ਵਿਚ ਤਾਰੇ ਵੀ ਨਹੀਂ ਚੜ੍ਹਦੇ। ਇਨਸਾਨ ਨੂੰ ਹਨੇਰਾ ਜੋ ਚੰਗਾ ਨਹੀਂ ਲੱਗਦਾ। ਸ਼ਹਿਰਾਂ ਵਿਚ ਰਾਤ ਸਮੇਂ ਜਗਦੀਆਂ 'ਫਲੱਡ ਲਾਈਟਾਂ' ਦੀ ਤਿੱਖੀ ਰੌਸ਼ਨੀ ਅਤੇ ਅਸਮਾਨੀ ਚੜ੍ਹੇ ਘੱਟੇ-ਮਿੱਟੀ ਅਤੇ ਪ੍ਰਦੂਸ਼ਣ ਨੇ ਤਾਰਿਆਂ ਅਤੇ ਸਾਡੇ ਦਰਮਿਆਨ ਇਕ ਪਰਦਾ ਤਾਣ ਦਿੱਤਾ ਹੈ। ਹੁਣ ਤੁਸੀਂ ਸਰਵਣ ਦੀ ਵਹਿੰਗੀ ਨੂੰ ਜਾਂ ਧਰੂ ਤਾਰੇ ਨੂੰ ਲੱਭਣ ਦੀ ਕੋਸ਼ਿਸ਼ ਵੀ ਕਰੋ ਤਾਂ ਛੇਤੀ ਕੀਤੇ ਲੱਭ ਨਹੀਂ ਸਕਦੇ। ਹਾਂ, ਸ਼ਹਿਰੋਂ ਦੂਰ ਜਾਓ ਤਾਂ ਇਹ ਸਾਰੇ ਤਾਰੇ ਅਜੇ ਵੀ ਤੁਹਾਨੂੰ ਆਪਣਾ ਰਾਗ ਗਾਉਂਦੇ ਅਤੇ ਭਵਖੰਡਨ ਦੀ ਆਰਤੀ ਕਰਦੇ ਦਿਖ ਜਾਣਗੇ। ਪਹਿਲੇ ਸਮਿਆਂ ਦੇ ਲੋਕ ਦਿਨੇ ਸੂਰਜ ਦੀ ਗਤੀ ਤੋਂ ਅਤੇ ਰਾਤ ਸਮੇਂ ਤਾਰਿਆਂ ਦੀ ਗਤੀ ਤੋਂ ਸਮੇਂ ਦਾ ਪਤਾ ਲਗਾ ਲੈਂਦੇ ਸਨ। ਮੈਨੂੰ ਨਹੀਂ ਲੱਗਦਾ ਕਿ ਹੁਣ ਕੋਈ ਅਜਿਹਾ ਸਿਆਣਾ ਵਿਅਕਤੀ ਹੋਵੇਗਾ ਜੋ ਸਪਤਰਿਸ਼ੀ ਦੀ ਚਾਲ ਜਾਂ ਕਿਸੇ ਹੋਰ ਤਾਰੇ ਦੀ ਚਾਲ ਨੂੰ ਦੇਖ ਕੇ ਸਮਾਂ ਦੱਸ ਸਕਦਾ ਹੋਵੇ।

ਖ਼ੈਰ, ਗੱਲ ਤਾਰਿਆਂ ਦੀ ਚੱਲ ਰਹੀ ਹੈ। ਤਾਰਿਆਂ ਨਾਲ ਪਾਈ ਸਾਂਝ ਸੱਚੀਂ ਬਹੁਤ ਖ਼ੂਬਸੂਰਤ ਹੁੰਦੀ ਹੈ। ਮੈਂ ਤਾਂ ਅਜੇ ਵੀ ਕਈ ਵਾਰ ਹਨੇਰਾ ਹੋਣ 'ਤੇ ਘਰੋਂ ਬਾਹਰ ਚਲਾ ਜਾਨਾ ਹਾਂ ਅਤੇ ਅਸਮਾਨ ਨੂੰ ਨਿਹਾਰ ਲੈਂਦਾ ਹਾਂ। ਅਸਮਾਨ ਵਿਚ ਚੰਨ, ਸ਼ੁੱਕਰ, ਮੰਗਲ, ਸ਼ਨੀ ਆਦਿ ਗ੍ਰਹਿ ਅਤੇ ਹਜ਼ਾਰਾਂ ਤਾਰੇ ਅਜੇ ਵੀ ਮੈਨੂੰ ਓਨੇ ਹੀ ਪਿਆਰ ਨਾਲ ਮਿਲਦੇ ਹਨ ਜਿੰਨਾ ਕਦੇ ਪਹਿਲਾਂ ਮਿਲਦੇ ਹੁੰਦੇ ਸਨ। ਕੁਦਰਤ ਤੁਹਾਨੂੰ ਪਿਆਰ ਕਰਨਾ ਨਹੀਂ ਛੱਡਦੀ। ਬਸ, ਅਸੀਂ ਹੀ ਕੁਦਰਤ ਤੋਂ ਦੂਰ ਹੋ ਜਾਂਦੇ ਹਾਂ। ਜੇਕਰ ਤੁਸੀਂ ਵੀ ਅਜਿਹੇ ਹੁਸੀਨ ਪਲਾਂ ਦੀ ਘਾਟ ਨੂੰ ਮਹਿਸੂਸ ਕਰਦੇ ਹੋ ਤਾਂ ਅੱਜ ਰਾਤ ਹੀ ਸਾਰੇ ਫ਼ਿਕਰ ਛੱਡ ਕੇ ਅਸਮਾਨ ਨੂੰ ਪੂਰੀ ਨੀਝ ਨਾਲ ਨਿਹਾਰੋ। ਤੁਸੀਂ ਪਾਓਗੇ ਕਿ ਜਿਵੇਂ ਹਰ ਤਾਰਾ, ਨਛੱਤਰ ਅਤੇ ਚੰਨ ਤੁਹਾਨੂੰ ਹੀ ਉਡੀਕ ਰਿਹਾ ਸੀ ਅਤੇ ਤੁਹਾਡੀ ਰੂਹ ਨੂੰ ਖੇੜਾ ਆਪਣੇ-ਆਪ ਆ ਜਾਵੇਗਾ। ਇਕ ਕੋਸ਼ਿਸ਼ ਕਰਕੇ ਜ਼ਰੂਰ ਦੇਖਿਓ।

-ਮੋਬਾਈਲ ਨੰ. : 98155-77574

Posted By: Sukhdev Singh