-ਡਾ. ਨਵਜੋਤ

ਸਿਅਣਿਆਂ ਤੋਂ ਸੁਣਿਆ ਸੀ ਕਿ ਜਦੋਂ ਵੀ ਕਦੇ ਤੁਸੀਂ ਕਿਸੇ ਲਈ ਨਿਰਸਵਾਰਥ ਹੋ ਕੇ ਕੁਝ ਕਰਦੇ ਹੋ ਤਾਂ ਉਸ ਦਾ ਸਿਲਾ ਵਕਤ ਪਾ ਕੇ ਕਦੇ ਨਾ ਕਦੇ ਤੁਹਾਨੂੰ ਜ਼ਰੂਰ ਮਿਲਦਾ ਹੈ। ਇਸ ਸੱਚਾਈ ਨੂੰ ਜਦੋਂ ਹੱਡੀਂ ਹੰਢਾਇਆ ਤਾਂ ਅਹਿਸਾਸ ਹੋਇਆ ਕਿ ਸੱਚਮੁੱਚ ਦੇਰ-ਸਵੇਰ ਤੁਹਾਡੇ ਕੀਤੇ ਕੰਮ ਦਾ ਇਵਜ਼ਾਨਾ ਤੁਹਾਨੂੰ ਕਈ ਗੁਣਾ ਵੱਧ ਮਿਲ ਜਾਂਦਾ ਹੈ। ਵੀਹ ਕੁ ਸਾਲ ਪਹਿਲਾਂ ਜਦੋਂ ਅਸੀਂ ਆਪਣਾ ਘਰ ਬਣਾਉਣਾ ਸ਼ੁਰੂ ਕੀਤਾ ਤਾਂ ਸਰਮਾਇਆ ਭਾਵੇਂ ਸਾਡੇ ਕੋਲ ਘੱਟ ਸੀ ਪਰ ਰੀਝ ਸੀ ਕਿ ਘਰ ਆਪਣੇ ਸੁਪਨਿਆਂ ਦਾ ਹੀ ਬਣਾਉਣਾ ਹੈ। ਮੇਰੀ ਜਾਚੇ ਘਰ ਉਹ ਪਾਕ-ਮੁਕੱਦਸ ਥਾਂ ਹੁੰਦੀ ਹੈ ਜਿੱਥੇ ਤੁਸੀਂ ਸਕੂਨ ਨਾਲ ਜ਼ਿੰਦਗੀ ਬਸਰ ਕਰਨੀ ਹੁੰਦੀ ਹੈ। ਘਰ ਭਾਵੇਂ ਕੱਖਾਂ ਦੇ ਕਾਨਿਆਂ ਦਾ ਹੀ ਹੋਵੇ, ਘਰ ਘਰ ਹੀ ਹੁੰਦਾ ਹੈ। ਦਿਨ-ਰਾਤ ਇਕ ਕਰ ਦਿੱਤਾ। ਘੁੰਮ-ਘੁੰਮ ਕੇ ਸਾਮਾਨ ਖ਼ਰੀਦਿਆ। ਜਿੱਥੇ ਵੀ ਪੈਸਾ ਬਚਾਇਆ ਜਾ ਸਕਦਾ ਸੀ, ਬਚਾਇਆ। ਉਨ੍ਹੀਂ ਦਿਨੀਂ ਸੱਤ ਸਮੁੰਦਰ ਪਾਰੋਂ ਪੱਪੀ ਭਾਜੀ ਦਾ ਇਕ ਭਰਾਵਾਂ ਵਰਗਾ ਦੋਸਤ ਸ਼ਿੰਗਾਰਾ ਸਿੰਘ ਮੰਡ ਸਾਡੇ ਘਰ ਆਇਆ। ਮੇਰੇ ਭਰਾ ਦੀਆਂ ਦੋਸਤੀਆਂ ਜਰਬਾਂ ਤਕਸੀਮਾਂ ਤੋਂ ਵੀ ਅਤੇ ਸਵਾਰਥ ਦੀ ਬੁਨਿਆਦ ਤੋਂ ਵੀ ਪਰੇ ਹੁੰਦੀਆਂ ਹਨ। ਸਾਨੂੰ ਸਦਾ ਮਾਣ ਰਿਹਾ ਹੈ ਕਿ ਪੱਪੀ ਭਾਜੀ ਨੂੰ ਯਾਰੀਆਂ ਲਾਉਣੀਆਂ ਵੀ ਆਉਂਦੀਆਂ ਨੇ ਅਤੇ ਪੁਗਾਉਣੀਆਂ ਵੀ।

ਖ਼ੈਰ! ਮੰਡ ਸਾਹਿਬ ਨੂੰ ਘਰ ਪਸੰਦ ਆਇਆ ਅਤੇ ਬੈਠੇ-ਬੈਠੇ ਉਨ੍ਹਾਂ ਤਜਵੀਜ਼ ਦਿੱਤੀ ਕਿ ਮੈਂ ਵੀ ਪਿੰਡ ਘਰ ਬਣਾ ਰਿਹਾ ਹਾਂ। ਮੇਰੀ ਮਦਦ ਕਰੋ। ਉਹ ਵਾਪਸ ਟੋਰਾਂਟੋ ਚਲੇ ਗਏ। ਲੱਖਾਂ ਰੁਪਏ ਇਕ ਯਕੀਨ ਨਾਲ ਮੇਰੇ ਘਰ ਵਾਲੇ ਨੂੰ ਭੇਜਦੇ ਰਹੇ। ਪੂਰੀ ਵਾਹ ਲਾ ਕੇ ਪੂਰੀ ਇਮਾਨਦਾਰੀ ਨਾਲ ਆਪਣੇ ਵਿੱਤ ਮੂਜਬ ਜਿੰਨ੍ਹਾ ਕੁ ਸਮਾਂ ਉਨ੍ਹਾਂ ਦੇ ਘਰ ਦੀ ਉਸਾਰੀ 'ਚ ਲਾ ਸਕਦੇ ਸੀ, ਲਾਇਆ। ਘਰ ਤਾਮੀਰ ਹੋਣ 'ਤੇ ਜਦੋਂ ਉਹ ਵਾਪਸ ਆਏ ਤਾਂ ਖ਼ੂਬਸੂਰਤ ਤੋਹਫ਼ੇ ਨਾਲ ਪੰਜਾਹ ਹਜ਼ਾਰ ਰੁਪਏ ਲਿਫ਼ਾਫ਼ੇ 'ਚ ਪਾ ਕੇ ਦੇਣ ਲੱਗੇ। ਅੱਜ ਤੋਂ ਵੀਹ ਸਾਲ ਪਹਿਲਾਂ ਇਹ ਇਕ ਵੱਡੀ ਰਕਮ ਸੀ। ਸਾਡੇ ਵਰਗੇ ਮੱਧ ਵਰਗੀ ਨੌਕਰੀ ਪੇਸ਼ਾ ਲੋਕਾਂ ਨੇ ਤਾਂ ਇੰਨੀ ਰਕਮ ਇਕੱਠੀ ਕਦੇ ਦੇਖੀ ਵੀ ਨਹੀਂ ਸੀ। ਭਾਜੀ ਦੇ ਬਹੁਤ ਜ਼ੋਰ ਦੇਣ 'ਤੇ ਵੀ ਜਦੋਂ ਮੇਰੇ ਪਤੀ ਨੇ ਬਿਨਾਂ ਛੂਹੇ ਉਹ ਪੈਸੇ ਇਹ ਕਹਿ ਕੇ ਵਾਪਸ ਕਰ ਦਿੱਤੇ ਕਿ ਮੈਂ ਤੁਹਾਡਾ ਕੰਮ ਕੋਈ ਪੈਸਾ ਕਮਾਉਣ ਦੇ ਨਜ਼ਰੀਏ ਨਾਲ ਨਹੀਂ ਕੀਤਾ, ਤੁਹਾਡੀ ਪੱਪੀ ਭਾਜੀ ਨਾਲ ਦੋਸਤੀ ਹੈ ਅਤੇ ਮੈਂ ਇਸ ਦੋਸਤੀ ਨੂੰ ਹੋਰ ਪੱਕੀ-ਪੀਢੀ ਕਰਨ ਲਈ ਆਪਣਾ ਹਿੱਸਾ ਪਾਉਣਾ ਚਾਹੁੰਦਾ ਹਾਂ ਤਾਂ ਸੱਚ ਜਾਣਿਓ, ਮੈਨੂੰ ਝਟਕਾ ਜਿਹਾ ਲੱਗਾ। ਬਾਅਦ ਵਿਚ ਮੈਂ ਇੰਨਾ ਜ਼ਰੂਰ ਕਿਹਾ ਕਿ ਆਪਣੀ ਮਿਹਨਤ ਦਾ ਮੁੱਲ ਨਾ ਸਹੀ, ਘੱਟੋ-ਘੱਟ ਪੈਟਰੋਲ ਦਾ ਖ਼ਰਚਾ ਤਾਂ ਲਿਆ ਹੀ ਜਾ ਸਕਦਾ ਸੀ। ਸਾਧੂ ਸੁਭਾਅ ਮੇਰੇ ਸਾਥੀ ਨੇ ਹੱਸ ਕੇ ਗੱਲ ਟਾਲ ਦਿੱਤੀ। ਯਕੀਨਨ ਮੇਰੇ ਹਮਸਫ਼ਰ ਦੇ ਚਿਹਰੇ 'ਤੇ ਭਰਪੂਰ ਤਸੱਲੀ ਦਾ ਅਹਿਸਾਸ ਸੀ। ਪੂਰੇ ਵੀਹ ਸਾਲਾਂ ਬਾਅਦ ਜਦੋਂ ਮੇਰੀ ਬੇਟੀ ਤੇ ਉਸ ਦੇ ਜੀਵਨ ਸਾਥੀ ਨੇ ਪੀਆਰ ਲੈ ਕੇ ਟੋਰਾਂਟੋ (ਕੈਨੇਡਾ) ਦੀ ਧਰਤੀ 'ਤੇ ਜਾਣਾ ਸੀ ਤਾਂ ਕੋਵਿਡ-19 ਦੇ ਇਸ ਭਿਆਨਕ ਦੌਰ ਵਿਚ ਪਹਿਲੇ 14 ਦਿਨ ਦਾ ਇਕਾਂਤਵਾਸ ਬਹੁਤ ਵੱਡੀ ਸਮੱਸਿਆ ਸੀ। ਅਸੀਂ ਅਜੇ ਬੇਟੀ ਨੂੰ ਉਦਾਸ ਮਨ ਨਾਲ ਏਅਰਪੋਰਟ ਤੋਂ ਵਿਦਾ ਕਰ ਕੇ ਘਰ ਪੁੱਜੇ ਹੀ ਸਾਂ ਕਿ ਟੋਰਾਂਟੋ ਵੱਸਦੀ ਮੇਰੀ ਭਾਣਜੀ ਨੇ ਫੋਨ 'ਤੇ ਦੱਸਿਆ ਕਿ ਉਸ ਦੇ ਮਕਾਨ ਮਾਲਕ ਨੇ ਹੋਮ ਆਈਸੋਲੇਸ਼ਨ ਤੋਂ ਮਨ੍ਹਾ ਕਰ ਦਿੱਤਾ ਹੈ। ਉਸ ਘੜੀ ਇੰਜ ਲੱਗਾ ਜਿਵੇਂ ਕੋਈ ਭੂਚਾਲ ਆ ਗਿਆ ਹੋਵੇ। ਇਕ ਮਾਰੂ ਜ਼ਲਜ਼ਲਾ। ਸਮਝ ਨਹੀਂ ਸੀ ਲੱਗ ਰਹੀ ਕਿ ਹੁਣ ਕੀ ਕੀਤਾ ਜਾਵੇ। ਘਰ ਤੋਂ ਹਜ਼ਾਰਾਂ ਕੋਹਾਂ ਦੂਰ ਅਨਜਾਣ ਧਰਤੀ 'ਤੇ ਜਿੱਥੇ ਨਾ ਜ਼ੁਬਾਨ ਦੀ ਸਾਂਝ, ਨਾ ਸੱਭਿਆਚਾਰ ਦੀ, ਬੱਚੇ ਹੁਣ ਕਰਨਗੇ ਕੀ? ਜਾਣਗੇ ਕਿੱਥੇ?

ਇਹੀ ਚਿੰਤਾ ਵਾਰ-ਵਾਰ ਸਤਾ ਰਹੀ ਸੀ। ਬੱਚਿਆਂ ਦਾ ਫੋਨ ਬੰਦ ਸੀ। ਟੋਰਾਂਟੋ ਏਅਰਪੋਰਟ 'ਤੇ ਉੱਤਰ ਕੇ ਉਨ੍ਹਾਂ ਆਪਣੇ ਠਹਿਰਾਅ ਦਾ ਪਤਾ ਦੱਸਣਾ ਸੀ। ਉਨ੍ਹਾਂ ਨੂੰ ਇਸ ਅਚਾਨਕ ਆਈ ਤਬਦੀਲੀ ਦਾ ਕੋਈ ਇਲਮ ਨਹੀਂ ਸੀ। ਕਸ਼ਮਕਸ਼ ਵਿਚ ਮੈਂ ਆਪਣੇ ਇਕ ਕੈਨੇਡਾ ਵਾਸੀ ਜਮਾਤੀ ਨੂੰ ਆਪਣੀ ਸਮੱਸਿਆ ਦੱਸੀ। ਉਸ ਨੇ ਕੋਸ਼ਿਸ਼ ਕਰ ਕੇ 14 ਦਿਨ ਲਈ ਇਕ ਮੋਟਲ 'ਚ ਕਮਰਾ ਬੁੱਕ ਕਰਵਾ ਦਿੱਤਾ। ਜਦੋਂ ਅਗਲੇ ਦਿਨ ਸ਼ਿੰਗਾਰਾ ਸਿੰਘ ਭਾਜੀ ਅਤੇ ਕੁਲਵਿੰਦਰ ਭੈਣ ਜੀ ਨੂੰ ਕਿਸੇ ਤੋਂ ਬੱਚਿਆਂ ਦੀ ਟੋਰਾਂਟੋ ਆਮਦ ਦਾ ਪਤਾ ਲੱਗਾ ਤਾਂ ਉਹ ਉਸੇ ਵੇਲੇ ਮੋਟਲ 'ਚ ਗਏ ਅਤੇ ਨਾਂਹ-ਨੁੱਕਰ ਕਰਦਿਆਂ ਵੀ ਬੱਚਿਆਂ ਦਾ ਸਾਮਾਨ ਚੁਕਵਾ ਕੇ ਆਪਣੇ ਸੱਤ ਤਾਰਾ ਹੋਟਲ ਵਿਚ ਲਿਆ ਧਰਿਆ। ਵੀਹ ਸਾਲ ਦਾ ਲੰਬਾ ਅੰਤਰਾਲ ਅਸੀਂ ਤਾਂ ਇਸ ਖ਼ਾਮੋਸ਼ ਜਿਹੇ ਰਿਸ਼ਤੇ ਬਾਰੇ ਭੁੱਲ ਵੀ ਚੁੱਕੇ ਸਾਂ ਪਰ ਓਧਰ ਤਾਂ ਵੀਹ ਸਾਲ ਬਾਅਦ ਵੀ ਕੁਝ ਨਹੀਂ ਸੀ ਬਦਲਿਆ। ਮੇਰੀ ਯਾਦ ਵਿਚ ਭੈਣ ਜੀ ਤੇ ਭਾਜੀ ਦੀਆਂ ਯਾਦਾਂ ਫਿਰ ਸੁਰਜੀਤ ਹੋ ਗਈਆਂ। ਉਸ ਮੋਹਵੰਤੇ ਤੇ ਸੁਹਿਰਦ ਜੋੜੇ ਨੇ 14 ਦਿਨ ਬੱਚਿਆਂ ਨਾਲ ਜਿਵਂੇ ਤੇਹ ਤੇ ਅਪਣੱਤ ਦੇ ਰਿਸ਼ਤੇ ਕਾਇਮ ਕੀਤੇ, ਉਹ ਬਿਆਨੋਂ ਬਾਹਰ ਹਨ। ਸਰਕਾਰੀ ਹੁਕਮਾਂ ਅਨੁਸਾਰ ਜਦੋਂ ਹੋਟਲ ਵਿਚ ਸਭ ਕੁਝ ਬੰਦ ਸੀ, ਉਸ ਵੇਲੇ ਉਸ ਸੱਤ ਤਾਰਾ ਹੋਟਲ ਦਾ ਸਵਿਮਿੰਗ ਪੂਲ ਤੇ ਜਿਮ ਸਿਰਫ਼ ਮੇਰੇ ਬੱਚਿਆਂ ਲਈ ਖੁੱਲ੍ਹਾ ਸੀ। ਸੈਵਨ ਸਟਾਰ ਹੋਟਲ ਨੂੰ ਭਾਜੀ ਦੇ ਹੁਕਮਾਂ ਨਾਲ ਇਕ ਘਰ ਵਿਚ ਤਬਦੀਲ ਕਰ ਦਿੱਤਾ ਗਿਆ ਅਤੇ ਉਹ ਘਰ ਸਿਰਫ਼ ਤੇ ਸਿਰਫ਼ ਮੇਰੇ ਬੱਚਿਆਂ ਦਾ ਸੀ। ਮੈਂ ਤਾਂ ਇਸ ਵਿਵਹਾਰ ਦੀ ਖ਼ੁਆਬ ਵਿਚ ਵੀ ਤਵੱਕੋ ਨਹੀਂ ਸੀ ਕੀਤੀ। ਅਨਜਾਣ ਧਰਤੀ 'ਤੇ ਆਪਣੇ ਬੱਚਿਆਂ ਨੂੰ ਮਿਲੇ ਇਸ ਨਿੱਘ ਤੇ ਮਿਠਾਸ ਦੇ ਪਲ ਕਿਸੇ ਮਾਂ ਲਈ ਕਿੰਨੇ ਸਕੂਨਮਈ ਹੋ ਸਕਦੇ ਹਨ, ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ। ਇੰਨੇ ਅੱਥਰੂ ਤਾਂ ਮੈਂ ਬੱਚਿਆਂ ਦੇ ਫ਼ਿਕਰ 'ਚ ਨਹੀਂ ਵਹਾਏ ਹੋਣੇ ਜਿੰਨੀ ਭਾਵੁਕ ਮੈਂ ਇਸ ਪਰਿਵਾਰ ਦੇ ਮਿਹਰ ਦੇ ਅਹਿਸਾਸ ਨਾਲ ਹੋਈ। ਮੈਨੂੰ ਹਮੇਸ਼ਾ ਲੱਗਦਾ ਹੈ ਕਿ ਹਰ ਸੰਵੇਦਨਾ ਨੂੰ ਜ਼ੁਬਾਨ ਰਾਹੀਂ ਪ੍ਰਗਟ ਕਰ ਸਕਣਾ ਸੰਭਵ ਨਹੀਂ ਹੁੰਦਾ। ਜ਼ਿੰਦਗੀ ਪਿਆਰ ਦੇ ਅਜਿਹੇ ਨਾਯਾਬ ਤੋਹਫ਼ਿਆਂ ਦੀ ਸਦਾ ਦੇਣਦਾਰ ਰਹਿੰਦੀ ਹੈ।

ਭਾਜੀ ਹੁਰਾਂ ਓਪਰੀ ਧਰਤੀ 'ਤੇ ਸਿਰਫ਼ ਬੱਚਿਆਂ ਨੂੰ ਹਿਫ਼ਾਜ਼ਤ ਹੀ ਨਹੀਂ ਦਿੱਤੀ ਸਗੋਂ ਫ਼ਰਸ਼ ਤੋਂ ਅਰਸ਼ ਤਕ ਦੇ ਆਪਣੇ ਸੰਘਰਸ਼ ਦੀ ਦਾਸਤਾਂ ਵੀ ਸੁਣਾਈ ਜੋ ਬੱਚਿਆਂ ਲਈ ਇਕ ਪ੍ਰੇਰਕ ਸ਼ਕਤੀ ਤੋਂ ਘੱਟ ਨਹੀਂ ਹੈ। ਇੱਥੇ ਹੀ ਬਸ ਨਹੀਂ। ਜਦੋਂ ਬੱਚਿਆਂ ਨੇ ਜਾਣ ਲੱਗਿਆਂ ਆਪਣੀ ਪਰਿਵਾਰਕ ਰਵਾਇਤ ਨੂੰ ਕਾਇਮ ਰੱਖਦਿਆਂ ਆਪਣੇ ਪਿਆਰ ਤੇ ਸਤਿਕਾਰ ਦਾ ਇਜ਼ਹਾਰ ਕਰਨ ਲਈ ਕੁਝ ਫੁੱਲ ਭੇਟ ਕੀਤੇ ਤਾਂ ਉਨ੍ਹਾਂ ਬੱਚਿਆਂ ਦੀਆਂ ਭਾਵਨਾਵਾਂ ਨੂੰ ਜਿਸ ਸ਼ਿੱਦਤ ਨਾਲ ਕਬੂਲ ਕੀਤਾ, ਉਸ ਦਾ ਬਿਆਨ ਵੀ ਸ਼ਬਦਾਂ ਦੀ ਸੀਮਾ 'ਚ ਨਹੀਂ ਸਮਾ ਸਕਦਾ। ਬਸ ਐਨਾ ਕਹਿਣਾ ਹੀ ਕਾਫ਼ੀ ਹੈ ਕਿ ਵੱਡੇ ਲੋਕ ਸੱਚੁਮੱਚ ਹੀ ਵੱਡੇ ਹੁੰਦੇ ਨੇ। ਮੈਂ ਤਾਂ ਸਿਰਫ਼ ਇਹੀ ਸੁਣਿਆ ਸੀ ਕਿ ਪਰਦੇਸਾਂ 'ਚ ਪੈਸੇ ਦੀ ਅੰਨ੍ਹੀ ਦੌੜ ਵਿਚ ਮਾਵਾਂ ਪੁੱਤ ਨਹੀਂ ਸਾਂਭਦੀਆਂ। ਹਰ ਕੋਈ ਆਤਮ-ਮਗਨ ਹੈ। ਪਦਾਰਥਵਾਦ ਤੇ ਮਸ਼ੀਨੀ ਮਾਨਸਿਕਤਾ ਵਾਲੇ ਇਸ ਯੁੱਗ ਵਿਚ ਜਦੋਂ ਪੂੰਜੀਵਾਦ ਚਾਰੇ ਪਾਸੇ ਪੈਰ ਪਸਾਰੀ ਖੜ੍ਹਾ ਹੈ, ਪਰਦੇਸ ਵਿਚ ਹੀ ਕਿਉਂ, ਸਾਡੇ ਆਪਣੇ ਦੇਸ਼ ਵਿਚ ਵੀ ਆਸਾਂ-ਉਮੀਦਾਂ 'ਤੇ ਖ਼ਰੇ ਨਾ ਉਤਰਨ 'ਤੇ ਖ਼ੂਨ ਦੇ ਰਿਸ਼ਤਿਆਂ 'ਚੋਂ ਮੁਹੱਬਤ ਖ਼ਤਮ ਹੋ ਜਾਂਦੀ ਹੈ। ਰਿਸ਼ਤਿਆਂ ਦੇ ਇਨ੍ਹਾਂ ਬਦਲਦੇ ਸਮੀਕਰਨਾਂ 'ਚ ਸੱਚਮੁੱਚ ਇਹ ਅਲੌਕਿਕ ਵਰਤਾਰਾ ਇਹ ਅਹਿਸਾਸ ਕਰਵਾ ਗਿਆ ਕਿ ਖ਼ੂਨ ਦੀ ਸਾਂਝ ਤੋਂ ਵੀ 'ਤੇ ਕੋਈ ਸਾਂਝ ਹੁੰਦੀ ਹੈ। ਫ਼ਖ਼ਰ ਹੋਇਆ ਆਪਣੇ ਭਰਾ 'ਤੇ ਵੀ ਜੋ ਦੋਸਤੀਆਂ ਨੂੰ ਧਰਮ ਦੇ ਕੰਮ ਜਿੰਨਾ ਪਵਿੱਤਰ ਸਮਝ ਕੇ ਨਿਭਾਉਂਦਾ ਹੈ। ਇਹ ਰਿਸ਼ਤੇ ਜੋ ਰਾਹ ਜਾਂਦਿਆਂ ਸਾਡਾ ਨਸੀਬ ਬਣਨ ਸੱਚੀਂ-ਮੁੱਚੀਂ ਉਹ ਅਟੁੱਟ ਹੁੰਦੇ ਹਨ।

-(ਪ੍ਰਿੰਸੀਪਲ, ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮੈੱਨ, ਜਲੰਧਰ)।

-ਮੋਬਾਈਲ ਨੰ. : 81468-28040

Posted By: Jagjit Singh