-ਪ੍ਰੋ. ਗੁਰਦੇਵ ਸਿੰਘ ਜੌਹਲ

ਕੇਵਲ ਰਾਮ ਵੀ ਮੇਰਾ ਦਸਵੀਂ ਜਮਾਤ ਦਾ ਸਹਿਪਾਠੀ ਸੀ। ਤਿੱਖੇ ਨੈਣ-ਨਕਸ਼ਾਂ ਵਾਲਾ ਬਹੁਤ ਹੀ ਖ਼ੁਸ਼ ਤਬੀਅਤ ਦਾ ਮਾਲਕ। ਉਸ ਦਾ ਰੰਗ ਸਾਂਵਲਾ ਸੀ। ਜਦ ਕਦੇ ਵੀ ਉਸ ਦੇ ਘਰ ਜਾਣਾ, ਜਾ ਕੇ ਆਵਾਜ਼ ਮਾਰਨੀ ਤਾਂ ਉਸ ਦੇ ਬਾਪ ਮੱਛਰ ਰਾਮ ਨੇ ਕਹਿਣਾ, ਆ ਬਈ ਪਾਹੜਿਆ।' ਜੇ ਕਿਤੇ ਕੇਵਲ ਕਿਸੇ ਕਮਰੇ 'ਚ ਹੁੰਦਾ ਤਾਂ ਉਸ ਦੇ ਬਾਪ ਨੇ 'ਵਾਜ਼ਾਂ ਮਾਰੀ ਜਾਣੀਆਂ ਕਿ ਬਾਹਰ ਆ, ਤੇਰਾ ਦੋਸਤ ਗੁਰਦੇਵ ਆਇਆ ਹੈ। ਜੇ ਕਿਤੇ ਕੇਵਲ ਘਰ ਨਾ ਹੁੰਦਾ ਤਾਂ ਉਸ ਨੇ ਕਹਿਣਾ, ''ਬਹਿ ਜਾ, ਐਥੇ ਕਿਤੇ ਈ ਹੋਣਾ, ਆ ਜਾਊਗਾ।'' ਮੈਂ ਕੇਵਲ ਦੇ ਬਾਪ ਦੇ ਮੰਜੇ 'ਤੇ ਹੀ ਬੈਠ ਜਾਣਾ।

ਦਸਵੀਂ ਦੇ ਸਾਲਾਨਾ ਇਮਤਿਹਾਨ ਮੁੱਕ ਗਏ। ਨਤੀਜਾ ਅਜੇ ਦੋ ਕੁ ਮਹੀਨਿਆਂ ਨੂੰ ਆਉਣਾ ਸੀ। ਇਹ 1960 ਦੀਆਂ ਗੱਲਾਂ ਨੇ। ਇਕ ਦਿਨ ਕੇਵਲ ਕਹਿਣ ਲੱਗਾ ਕਿ ਚੱਲ ਜਲੰਧਰ ਸਿਨੇਮਾ ਦੇਖਣ ਚੱਲੀਏ। ਇਸ ਤੋਂ ਪਹਿਲਾਂ ਮੈਂ ਦੋ ਕੁ ਵਾਰੀ ਜਲੰਧਰ ਜਾ ਆਇਆ ਸਾਂ। ਜਦੋਂ ਮੈਂ ਅੱਠਵੀਂ 'ਚ ਪੜ੍ਹਦਾ ਸਾਂ ਤਾਂ ਰਾਜਾ ਹਸਪਤਾਲ ਦੇ ਡਾਕਟਰ ਗਰੇਵਾਲ ਨੂੰ ਮਿਲਣਾ ਸੀ। ਮਾਸਟਰ ਪ੍ਰਤਾਪ ਸਿੰਘ ਦੇ ਕਹਿਣ 'ਤੇ ਮੈਂ ਰੋਜ਼-ਰੋਜ਼ ਹੋਏ ਰਹਿੰਦੇ ਜੁਕਾਮ ਬਾਰੇ ਚੈੱਕਅਪ ਕਰਾਉਣਾ ਸੀ।

ਉਦੋਂ ਮੈਂ ਗਿਆ ਵੀ ਇਕੱਲਾ ਹੀ ਸੀ। ਥਾਬਲਕੇ ਸਟੇਸ਼ਨ ਤੋਂ ਜਲੰਧਰ ਲਈ ਗੱਡੀ ਫੜੀ ਸੀ। ਦੂਜੀ ਵਾਰ ਮੈਂ ਆਪਣੇ ਦੋਸਤ ਮੁਖਪਾਲ ਨਾਲ ਗਿਆ ਸੀ ਅਤੇ ਲਕਸ਼ਮੀ ਸਿਨੇਮਾ ਦੇ ਕੋਲ ਸਮਰਾਏ ਦੇ ਫੋਟੋਗ੍ਰਾਫਰ ਰਾਮ ਸਿੰਘ ਤੋਂ ਦੋਨਾਂ ਨੇ ਫੋਟੋ ਖਿਚਾਈ ਸੀ। ਹੁਣ ਜਲੰਧਰ ਜਾ ਕੇ ਲਕਸ਼ਮੀ ਸਿਨੇਮਾ 'ਚ ਲੱਗੀ ਫਿਲਮ 'ਗਜ਼ਬ' ਦੇਖਣ ਦਾ ਪ੍ਰੋਗਰਾਮ ਬਣ ਰਿਹਾ ਸੀ। ਮੈਂ ਕੇਵਲ ਨੂੰ ਪੁੱਛਿਆ, ''ਜਾਣਾ ਕਿੱਦਾਂ ਹੈ?'' ਤਾਂ ਕਹਿੰਦਾ, ''ਸਾਈਕਲਾਂ 'ਤੇ ਚੱਲਾਂਗੇ।'' ਮੈਂ ਕਿਹਾ, ''ਮੇਰੇ ਕੋਲ ਤਾਂ ਸਾਈਕਲ ਹੈ ਨਹੀਂ ਤੇ ਨਾ ਹੀ ਮੈਨੂੰ ਸਾਈਕਲ ਚਲਾਉਣਾ ਆਉਂਦਾ ਹੈ।'' ਉਹ ਕਹਿੰਦਾ, ''ਕੋਈ ਗੱਲ ਨਹੀਂ, ਸਾਈਕਲ ਮੈਂ ਚਲਾਊਂਗਾ।'' ਛਾਹ ਵੇਲਾ ਕਰ ਕੇ ਅਸੀਂ ਜਲੰਧਰ ਜਾਣ ਲਈ ਤਿਆਰ ਹੋ ਗਏ ਤਾਂ ਕਿ ਫਿਲਮ ਦੇਖਣ ਮਗਰੋਂ ਵੇਲੇ ਸਿਰ ਪਿੰਡ ਵਾਪਸ ਆ ਜਾਈਏ। ਮੈਨੂੰ ਯਾਦ ਨਹੀਂ ਕਿ ਮੈਂ ਆਪਣੇ ਘਰ ਇਸ ਪ੍ਰੋਗਰਾਮ ਬਾਰੇ ਦੱਸਿਆ ਵੀ ਸੀ ਕਿ ਨਹੀਂ। ਮੈਂ ਕੇਵਲ ਦੇ ਮੂਹਰੇ ਸਾਈਕਲ ਦੇ ਡੰਡੇ 'ਤੇ ਬੈਠ ਗਿਆ। ਕੇਵਲ ਸਾਈਕਲ ਚਲਾ ਰਿਹਾ ਸੀ। ਉਹਨੂੰ ਸ਼ਾਇਦ ਫਿਲਮ ਦੇ ਸ਼ੋਅ ਦੇ ਟਾਈਮ ਦਾ ਅੰਦਾਜ਼ਾ ਸੀ। ਪਿੰਡ ਤੋਂ ਜਲੰਧਰ ਲਈ ਕੋਈ ਪੱਕੀ ਸੜਕ ਨਹੀਂ ਸੀ। ਕਈ ਥਾਈਂ ਰੇਤਾ ਆ ਜਾਂਦਾ ਸੀ। ਕਿਤੇ-ਕਿਤੇ ਇੱਟਾਂ-ਰੋੜੇ ਵੀ। ਗੱਲਾਂ ਕਰਦੇ-ਕਰਦੇ ਅਸੀਂ ਜਮਸ਼ੇਰ ਤੋਂ ਅੱਗੇ ਖੇੜੇ ਪਿੰਡ ਕੋਲ ਪਹੁੰਚੇ। ਤਾਂ ਮੇਰੀ ਇਕ ਲੱਤ ਸੌਂ ਗਈ। ਮੈਂ ਥੋੜ੍ਹਾ ਚਿਰ ਸਾਹ ਲੈਣ ਲਈ ਹੇਠਾਂ ਉਤਰ ਗਿਆ ਪਰ ਜਿਉਂ ਹੀ ਮੈਂ ਪੈਰ ਹੇਠਾਂ ਲਾਇਆ, ਮੇਰੇ ਗਿੱਟੇ ਨੂੰ ਮਚਕੋੜ ਆ ਗਈ। ਮੇਰੀ ਤਾਂ ਜਾਨ ਹੀ ਨਿਕਲ ਗਈ। ਮੇਰੇ ਕੋਲੋਂ ਤਾਂ ਹਿੱਲਿਆ ਵੀ ਨਾ ਗਿਆ। ਫਿਲਮ 'ਗਜ਼ਬ' ਤਾਂ ਕੀ ਦੇਖਣੀ ਸੀ, ਦਰਦ ਹੀ ਗਜ਼ਬ ਦਾ ਹੋ ਰਿਹਾ ਸੀ। ਅਸੀਂ ਉੱਥੋਂ ਹੀ 'ਦਿ ਐਂਡ' ਕਹਿ ਕੇ ਪਿੰਡ ਨੂੰ ਵਾਪਸ ਚੱਲ ਪਏ। ਪਤਾ ਨਹੀਂ ਘਰ ਆ ਕੇ ਗਿੱਟੇ ਦੀ ਮਚਕੋੜ ਦੀ ਕੀ ਕਹਾਣੀ ਬਣਾਈ। ਦਸਵੀਂ ਦਾ ਨਤੀਜਾ ਆਉਣ ਮਗਰੋਂ ਮੈਂ ਜਲੰਧਰ ਦੇ ਖ਼ਾਲਸਾ ਕਾਲਜ ਵਿਚ ਦਾਖ਼ਲਾ ਲੈ ਲਿਆ ਤੇ ਹੋਸਟਲ 'ਚ ਰਹਿਣ ਲੱਗ ਪਿਆ। ਹਫ਼ਤੇ ਬਾਅਦ ਪਿੰਡ ਜਾਣਾ ਅਤੇ ਐਤਵਾਰ ਰਹਿ ਕੇ ਸੋਮਵਾਰ ਵਾਪਸ ਚਲੇ ਜਾਣਾ। ਬੀਐੱਸਸੀ ਵੀ ਕਰ ਲਈ, ਐੱਮਐੱਸਸੀ ਵੀ ਹੋ ਗਈ ਤਾਂ ਖ਼ਾਲਸਾ ਕਾਲਜ 'ਚ ਨੌਕਰੀ ਕਰਨ ਲੱਗ ਪਿਆ। ਕੇਵਲ ਬਾਰੇ ਕੋਈ ਪਤਾ ਨਹੀਂ ਸੀ। ਪਤਾ ਨਹੀਂ ਉਹਨੂੰ ਮੇਰੇ ਕਾਲਜ 'ਚ ਨੌਕਰੀ ਕਰਦੇ ਦਾ ਪਤਾ ਸੀ ਕਿ ਨਹੀਂ। ਕਈ ਵਰ੍ਹੇ ਬੀਤ ਗਏ। ਸਮਾਂ ਆਪਣੀ ਚਾਲੇ ਤੁਰਦਾ ਗਿਆ।

ਮੇਰੀ ਸ਼ਾਦੀ ਹੋ ਗਈ, ਬੇਟੇ ਹੋ ਗਏ, ਅਸੀਂ ਮਾਡਲ ਟਾਊਨ ਜਲੰਧਰ ਵਿਖੇ ਰਹਿਣ ਲੱਗ ਪਏ। ਜਦ ਤਕ ਮਾਂ ਜਿਊਂਦੀ ਰਹੀ, ਪਿੰਡ ਜਾਂਦੇ ਰਹੇ। ਸੰਨ 1973 'ਚ ਉਹ ਸਾਨੂੰ ਸਦਾ ਲਈ ਛੱਡ ਕੇ ਉੱਥੇ ਚਲੀ ਗਈ ਜਿੱਥੋਂ ਅੱਜ ਤਕ ਕੋਈ ਵਾਪਸ ਨਹੀਂ ਆਇਆ। ਪਿੰਡ ਜਾਣਾ ਘਟ ਗਿਆ। ਫਿਰ ਇਕ ਦਿਨ ਕੇਵਲ ਕਾਲਜ 'ਚ ਹੀ ਮਿਲ ਪਿਆ। ਯਾਦ ਨਹੀਂ, ਉਹ ਕਿਸ ਕੰਮ ਆਇਆ ਸੀ। ਕਹਿੰਦਾ, ਮੈਂ ਜਲੰਧਰ ਛਾਉਣੀ ਐੱਮਈਐੱਸ 'ਚ ਰਹਿੰਦਾ ਹਾਂ। ਪਤਾ ਨਹੀਂ ਉਹ ਇਕੱਲਾ ਸੀ ਜਾਂ ਸ਼ਾਦੀ ਹੋ ਚੁੱਕੀ ਸੀ। ਬਸ, ਇਸ ਮਗਰੋਂ ਕਦੇ ਵੀ ਮੁਲਾਕਾਤ ਨਹੀਂ ਹੋਈ। ਪਰ ਉਸ ਨੂੰ ਯਾਦ ਕਰਦਾ ਰਹਿੰਦਾ ਸਾਂ ਕਿ ਕਿਸੇ ਤਰ੍ਹਾਂ ਪਤਾ ਲੱਗੇ ਉਸ ਦਾ ਅਤੇ ਮਿਲਿਆ ਜਾਵੇ। ਉਸ ਨੂੰ ਮਿਲਣ ਦੀ ਆਸ ਬਾਕੀ ਸੀ। ਕੇਵਲ ਦੇ ਪਿੰਡ ਵਾਲੇ ਘਰ ਦੇ ਨੇੜੇ ਹੀ ਸਕੂਲ 'ਚ ਮੇਰੇ ਤੋਂ 2 ਕੁ ਸਾਲ ਅੱਗੇ ਪੜ੍ਹਦੇ ਰਾਮ ਪਾਲ ਵਾਚਸ ਦੇ ਪਿਤਾ ਜੀ ਦੀ ਦੁਕਾਨ ਹੁੰਦੀ ਸੀ। ਰਾਮ ਪਾਲ ਨੇ ਦਸਵੀਂ ਮਗਰੋਂ ਪੀਯੂ 'ਚ ਨੌਕਰੀ ਕਰ ਲਈ। ਇਸ ਮਗਰੋਂ ਉਹ ਕੁਝ ਸਮਾਂ ਪੰਜਾਬ ਸਕੂਲ ਸਿੱਖਿਆ ਬੋਰਡ 'ਚ ਵੀ ਨੌਕਰੀ ਕਰਦਾ ਰਿਹਾ ਅਤੇ ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਆ ਗਿਆ। ਅਸੀਂ 1967 ਤੋਂ ਹੁਣ ਤਕ ਅਕਸਰ ਮਿਲਦੇ ਰਹੇ ਹਾਂ। ਪਿੱਛੇ ਜਿਹੇ ਮੇਰਾ ਹਾਲ-ਚਾਲ ਪੁੱਛਣ ਲਈ ਰਾਮ ਪਾਲ ਦਾ ਫੋਨ ਆਇਆ। ਪਿੰਡ ਬਾਰੇ ਗੱਲਾਂ ਚੱਲ ਪਈਆਂ। ਆਪਣੇ ਪਰਿਵਾਰ ਬਾਰੇ ਦੱਸਦਿਆਂ ਕਹਿਣ ਲੱਗੇ ਕਿ 9 ਭੈਣ-ਭਰਾਵਾਂ 'ਚੋਂ ਐਸ ਵੇਲੇ ਸਿਰਫ਼ 2 ਭੈਣਾਂ ਤੇ ਮੈਂ ਹੀ ਰਹਿੰਦੇ ਹਾਂ। ਬਾਕੀ ਸਾਰੇ ਤੁਰ ਗਏ। ਭਰਾਵਾਂ ਦੇ ਬੱਚੇ ਹਨ, ਪਿੰਡ 'ਚ ਹੀ ਹਨ। ਆਉਣਾ-ਜਾਣਾ ਘਟ ਗਿਆ ਹੈ। ਪਤਨੀ ਦੇ ਵਿਛੋੜੇ ਮਗਰੋਂ ਮੈਂ ਗੁਰੂ ਦੀ ਨਗਰੀ ਛੱਡ ਕੇ ਕਪੂਰਥਲੇ ਬੇਈਂ ਕੋਲ ਹਾਂ। ਤਕਰੀਬਨ ਅੱਧਾ ਘੰਟਾ ਪਿੰਡ ਬਾਰੇ ਗੱਲਾਂ ਚੱਲਦੀਆਂ ਰਹੀਆਂ। ਕੇਵਲ ਰਾਮ ਬਾਰੇ ਵੀ ਜ਼ਿਕਰ ਹੋਇਆ। ਕਹਿੰਦੇ, ਸਾਲ ਕੁ ਪਹਿਲਾਂ ਮੈਂ ਉਸ ਦੇ ਮੋਬਾਈਲ 'ਤੇ ਉਸ ਨਾਲ ਸੰਪਰਕ ਕੀਤਾ ਸੀ। ਰਹਿੰਦਾ ਤਾਂ ਉਹ ਜਲੰਧਰ ਕੈਂਟ ਹੀ ਹੈ ਪਰ ਉਸ ਨੇ ਚੰਗੀ ਤਰ੍ਹਾਂ ਖੁੱਲ੍ਹ ਕੇ ਗੱਲ ਨਹੀਂ ਸੀ ਕੀਤੀ। ਅਤੇ ਨਾ ਹੀ ਇਹ ਕਿਹਾ ਕਿ ਮੈਂ ਤੁਹਾਨੂੰ ਫਿਰ ਫੋਨ ਕਰਾਂਗਾ। ਉਸ ਤੋਂ ਬਾਅਦ ਫਿਰ ਕਦੇ ਗੱਲ ਨਹੀਂ ਹੋਈ। ਭਾਵੇਂ ਮੇਰੀ ਸਿਹਤ ਵੀ ਠੀਕ ਨਹੀਂ ਰਹਿੰਦੀ ਪਰ ਰਾਮ ਪਾਲ ਨੂੰ ਕੇਵਲ ਦਾ ਸੰਪਰਕ ਨੰਬਰ ਦੇਣ ਲਈ ਕਿਹਾ। ਕਹਿਣ ਲੱਗੇ, ''ਇਸ ਵੇਲੇ ਤਾਂ ਮੇਰੇ ਕੋਲ ਨਹੀਂ ਹੈ, ਮੈਂ ਪਿੰਡੋਂ ਕੇਵਲ ਦੇ ਭਰਾ/ਭਤੀਜੇ ਨੂੰ ਫੋਨ ਕਰ ਕੇ ਪਤਾ ਕਰਾਂਗਾ।'' ਮੈਂ ਰਾਮ ਪਾਲ ਨੂੰ ਦੱਸਿਆ ਸੀ ਕਿ ਮੈਂ ਮੰਗਲਵਾਰ ਨੂੰ ਪੀਜੀਆਈ ਜਾਣਾ ਹੈ, ਚੈੱਕਅੱਪ ਲਈ।

ਮੇਰੇ ਵੱਲੋਂ ਰਾਮ ਪਾਲ ਨੂੰ ਫੋਨ ਕਰਨ ਤੋਂ ਪਹਿਲਾਂ ਹੀ 4 ਅਗਸਤ ਨੂੰ ਉਸ ਦਾ ਫੋਨ ਆ ਗਿਆ। ਫਿਰ ਮੇਰੀ ਸਿਹਤ ਬਾਰੇ ਗੱਲਾਂ ਕਰਨ ਲੱਗੇ। ਨਾਲ ਹੀ ਕਹਿਣ ਲੱਗੇ ਕਿ ਮੈਂ ਕਿਸੇ ਦਿਨ ਜਲੰਧਰ ਆਵਾਂਗਾ। ਫਿਰ ਸਾਰੀਆਂ ਗੱਲਾਂ ਕਰਾਂਗੇ। ਬਸ ਜ਼ਰਾ ਕੋਰੋਨਾ ਵੱਲੋਂ ਟਿਕ-ਟਿਕਾਅ ਹੋ ਜਾਵੇ। ਇਹਨੂੰ ਜ਼ਰਾ ਠੱਲ੍ਹ ਪੈ ਜਾਵੇ। ਕੇਵਲ ਦੇ ਸੰਪਰਕ ਨੰਬਰ ਬਾਰੇ ਉਸ ਨੇ ਕੋਈ ਗੱਲ ਨਾ ਕੀਤੀ। ਮੈਂ ਆਪ ਹੀ ਪੁੱਛ ਲਿਆ ਕਿ ਕੇਵਲ ਦਾ ਸੰਪਰਕ ਨੰਬਰ ਮਿਲਿਆ ਕਿ ਨਹੀਂ। ਉਹ ਬੋਲਿਆ, ''ਮੈਂ ਸੋਚਿਆ ਕਿ ਜੇ ਗੁਰਦੇਵ ਨੇ ਪੁੱਛ ਲਿਆ ਤਾਂ ਦੱਸ ਦਿਆਂਗਾ ਕਿ ਕੇਵਲ ਹੁਣ ਆਪਾਂ ਨੂੰ ਕਦੇ ਵੀ ਨਹੀਂ ਮਿਲੇਗਾ। ਉਹ ਬਹੁਤ ਲੰਬੇ ਸਫ਼ਰ 'ਤੇ ਚਲਾ ਗਿਆ ਹੈ।'' ਮੇਰੇ ਮੂੰਹੋਂ ਨਿਕਲਿਆ 'ਉਠ ਗਏ ਗੁਆਂਢੋਂ ਯਾਰ। ਕੇਵਲ ਤੂੰ ਕਿਹੜੀ ਗੱਲੋਂ ਇੰਨਾ ਨੇੜੇ ਹੋ ਕੇ ਵੀ ਦੂਰ ਹੀ ਰਿਹਾ। ਜਲੰਧਰ ਮਾਡਲ ਟਾਊਨ ਤੋਂ ਜਲੰਧਰ ਕੈਂਟ ਕੋਈ ਪਰਦੇਸ ਤਾਂ ਨਹੀਂ। ਜੇ ਮੈਨੂੰ ਤੇਰੇ ਥਾਂ-ਟਿਕਾਣੇ ਦਾ ਪਤਾ ਨਹੀਂ ਸੀ, ਤੂੰ ਤਾਂ ਮੇਰੇ ਬਾਰੇ ਕਾਲਜ ਤੋਂ ਪਤਾ ਕਰ ਸਕਦਾ ਸੀ। ਜੇ ਮੈਂ ਤੈਨੂੰ ਮਿਲਣ ਦੀ ਖਾਹਿਸ਼ ਰੱਖਦਾ ਰਿਹਾ ਹਾਂ ਤਾਂ ਮੈਨੂੰ ਪੂਰਾ ਯਕੀਨ ਹੈ, ਤੂੰ ਵੀ ਮੈਨੂੰ ਮਿਲਣ ਲਈ ਕਦੇ ਤਾਂ ਸੋਚਿਆ ਹੋਵੇਗਾ। ਤੂੰ ਤਾਂ ਪਿੰਡ ਨਹੀਂ ਜਾਏਂਗਾ ਪਰ ਮੈਂ ਪਿੰਡ ਜਾਵਾਂਗਾ। ਤੇਰੇ ਘਰ ਅੱਗੇ ਜਾ ਕੇ ਤੈਨੂੰ ਆਵਾਜ਼ ਮਾਰਾਂਗਾ ਤੇ ਕਹਾਂਗਾ, ''ਆ ਫਿਲਮ ਦੇਖਣ ਚੱਲੀਏ। ਕਾਰ 'ਤੇ ਚੱਲਾਂਗੇ।'' ਪਰ ਤੇਰੇ ਪਿੰਡ ਦੇ ਘਰੋਂ ਕੋਈ 'ਵਾਜ਼ ਨਹੀਂ ਆਉਂਦੀ।

-ਮੋਬਾਈਲ. ਨੰ. 95012-64465

Posted By: Sunil Thapa