ਅੱਜ ਦੁਨੀਆ ਭਰ ’ਚ ਮਨਾਇਆ ਜਾ ਰਿਹਾ ਪੱਤਰਕਾਰੀ ਆਜ਼ਾਦੀ ਦਿਹਾੜਾ ਸਮੁੱਚੇ ਪੱਤਰਕਾਰ ਭਾਈਚਾਰੇ ਨੂੰ ਉਸ ਦੇ ਨੈਤਿਕ ਤੇ ਸਮਾਜਿਕ ਕਰਤੱਵ ਯਾਦ ਕਰਵਾਉਂਦਾ ਹੈ ਤੇ ਉਨ੍ਹਾਂ ਪੱਤਰਕਾਰ ਵੀਰਾਂ ਨੂੰ ਨਮਨ ਕਰਨ ਲਈ ਪ੍ਰੇਰਿਤ ਕਰਦਾ ਹੈ, ਜਿਨ੍ਹਾਂ ਨੇ ਆਪਣੇ ਪ੍ਰਾਣ ਤਾਂ ਤਿਆਗ ਦਿੱਤੇ ਪਰ ਆਪਣਾ ਸੱਚੀ-ਸੁੱਚੀ ਪੱਤਰਕਾਰੀ ਕਰਨ ਵਾਲਾ ਆਪਣਾ ਅਸਲੀ ‘ਧਰਮ’ ਨਹੀਂ ਤਿਆਗਿਆ। ਕਮੇਟੀ ਫਾਰ ਪ੍ਰੋਟੈਕਸ਼ਨ ਆਫ ਜਰਨਲਿਸਟਸ ਵੱਲੋਂ ਜਾਰੀ ਅੰਕੜਿਆਂ ਅਨੁਸਾਰ 1992 ਤੋਂ ਹੁਣ ਤਕ ਭਾਰਤ ਵਿਚ 75 ਤੋਂ ਵੱਧ ਪੱਤਰਕਾਰ ਆਪਣੇ ਫ਼ਰਜ਼ ਅਤੇ ਸੱਚ ਦੀ ਰਾਖੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਚੁੱਕੇ ਹਨ ਤੇ ਆਲਮੀ ਪੱਧਰ ’ਤੇ ਜੇ ਇਨ੍ਹਾਂ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਯੂਨੈਸਕੋ ਅਨੁਸਾਰ 1993 ਤੋਂ ਲੈ ਕੇ 2020 ਤਕ 1450 ਪੱਤਰਕਾਰ ਆਪਣੇ ਪ੍ਰਾਣਾਂ ਦਾ ਬਲੀਦਾਨ ਦੇ ਚੁੱਕੇ ਹਨ। 1993 ’ਚ ਸੰਯੁਕਤ ਰਾਸ਼ਟਰ ਦੀ ਆਮ ਸਭਾ ਵੱਲੋਂ ਦਿੱਤੇ ਗਏ ਸੁਝਾਅ ਦੇ ਆਧਾਰ ’ਤੇ ਆਜ਼ਾਦ ਤੇ ਨਿਰਪੱਖ ਪੱਤਰਕਾਰੀ ਨੂੰ ਸਮਰਪਿਤ ਇਹ ਦਿਨ ਮਨਾਉਣ ਸਬੰਧੀ ਫ਼ੈਸਲਾ ਲਿਆ ਗਿਆ ਸੀ। 2020 ਲਈ ਇਸ ਦਿਨ ਦਾ ਥੀਮ ਸੀ ‘ਜਰਨਲਿਜ਼ਮ ਵਿਦਾਊਟ ਫੀਅਰ ਔਰ ਫੇਵਰ’ ਭਾਵ ਨਿਡਰ ਤੇ ਨਿਰਪੱਖ ਪੱਤਰਕਾਰੀ ਤੇ ਇਸ ਸਾਲ ਲਈ ਜੋ ਥੀਮ ਰੱਖਿਆ ਗਿਆ ਹੈ, ਉਹ ਹੈ ‘ਇਨਫਰਮੇਸ਼ਨ ਐਜ਼ ਏ ਪਬਲਿਕ ਗੁੱਡ’ ਭਾਵ ਲੋਕ ਹਿੱਤ ’ਚ ਪੱਤਰਕਾਰੀ । ਇਸ ਦਿਨ ਮੌਕੇ ਯੂਨੈਸਕੋ ਵੱਲੋਂ ਹਰ ਸਾਲ ਵਿਸ਼ਵ ਪੱਧਰੀ ਕਾਨਫਰੰਸ ਕਰਵਾਈ ਜਾਂਦੀ ਹੈ, ਜੋ 1998 ’ਚ ਪਹਿਲੀ ਵਾਰ ਲੰਡਨ ਵਿਖੇ ਕਰਵਾਈ ਗਈ ਸੀ ਤੇ ਇਸ ਵਾਰ ਨਾਮੀਬੀਆ ਵਿਖੇ ਕਰਵਾਈ ਜਾ ਸਕਦੀ ਹੈ।

ਯੂਨੈਸਕੋ ਅਨੁਸਾਰ ਇਹ ਦਿਵਸ ਮਨਾਉਣ ਦਾ ਮੁੱਖ ਮੰਤਵ ਦੁਨੀਆ ਭਰ ਦੇ ਪ੍ਰਮੁੱਖ ਪੱਤਰਕਾਰਾਂ, ਪੱਤਰਕਾਰੀ ਦੀ ਆਜ਼ਾਦੀ ਲਈ ਜੂਝਦੀਆਂ ਜਥੇਬੰਦੀਆਂ ਤੇ ਸੰਯੁਕਤ ਰਾਸ਼ਟਰ ਦੀਆਂ ਵੱਖ- ਵੱਖ ਏਜੰਸੀਆਂ ਨੂੰ ਇਕ ਮੰਚ ’ਤੇ ਇਕੱਤਰ ਕਰ ਕੇ ਦੁਨੀਆ ਦੇ ਵੱਖ- ਵੱਖ ਮੁਲਕਾਂ ਵਿਚ ਅੱਤਵਾਦ, ਸਰਕਾਰੀ ਜਬਰ ਤੇ ਸਾਧਨਾਂ ਦੀ ਘਾਟ ਕਾਰਨ ਪੱਤਰਕਾਰੀ ਦੀ ਆਜ਼ਾਦੀ ਨੂੰ ਦਰਪੇਸ਼ ਮੁਸ਼ਕਿਲਾਂ ਤੇ ਚੁਣੌਤੀਆਂ ਸਬੰਧੀ ਸਾਰਥਿਕ ਚਰਚਾ ਕਰਵਾ ਕੇ ਉਨ੍ਹਾਂ ਦੇ ਢੁਕਵੇਂ ਹੱਲ ਤਲਾਸ਼ਣਾ ਹੈ। ਯੂਨੈਸਕੋ ਵੱਲੋਂ ਇਸ ਦਿਨ ਮੌਕੇ ਗਿਲੈਰਮੋ ਕੈਨੋ ਵਰਲਡ ਪ੍ਰੈੱਸ ਫ਼ਰੀਡਮ ਪ੍ਰਾਈਜ਼ ਨਾਂ ਦਾ ਪੁਰਸਕਾਰ ਉਸ ਸ਼ਖ਼ਸੀਅਤ ਜਾਂ ਜਥੇਬੰਦੀ ਨੂੰ ਪ੍ਰਦਾਨ ਕੀਤਾ ਜਾਂਦਾ ਹੈ, ਜਿਸ ਨੇ ਪੱਤਰਕਾਰੀ ਦੀ ਆਜ਼ਾਦੀ ਨੂੰ ਅੱਗੇ ਵਧਾਉਣ ਹਿੱਤ ਵੱਡਾ ਯੋਗਦਾਨ ਪਾਇਆ ਹੋਵੇ। ਇਸ ਪੁਰਸਕਾਰ ਦੀ ਸਥਾਪਨਾ 1997 ’ਚ ਕੋਲੰਬੀਆ ਦੇ ਪੱਤਰਕਾਰ ਗਿਲੈਰਮੋ ਕੈਨੋ ਇਸਾਜ਼ਾ ਦੀ ਯਾਦ ਵਿਚ ਕੀਤੀ ਗਈ ਸੀ ਜਿਸ ਨੂੰ ਉਸ ਦੀ ਅਖ਼ਬਾਰ ‘ ਅਲ ਐਸਪੈਕਟੇਟਰ ’ ਦੇ ਬਗੋਟਾ ਸਥਿਤ ਦਫ਼ਤਰ ਮੂਹਰੇ 17 ਦਸੰਬਰ 1986 ਨੂੰ ਗੋਲ਼ੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ । ਆਲਮੀ ਪੱਧਰ ’ਤੇ ਹੁਣ ਇਹ ਮੰਨਿਆ ਜਾਣ ਲੱਗ ਪਿਆ ਹੈ ਕਿ ਨਿਰਪੱਖ ਤੇ ਨਿਡਰ ਪੱਤਰਕਾਰੀ ਕਰਨ ਦੇ ਲਿਹਾਜ਼ ਤੋਂ ਭਾਰਤ ਬਹੁਤ ਹੀ ‘ਖ਼ਤਰਨਾਕ’ ਮੁਲਕ ਹੈ। ਇਸ ਲਈ ਪੱਤਰਕਾਰਾਂ ਨੂੰ ਸੰਜੀਦਾ ਹੋਣ ਦੀ ਲੋੜ ਹੈ।

-ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

97816-46008

Posted By: Sunil Thapa