10 ਜਨਵਰੀ 1985 ਦੀ ਸ਼ਾਮ ਨੂੰ 'ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ' ਦੇ ਮਹਾਵਾਕ ਮੁਤਾਬਕ ਇਕ ਆਦਰਸ਼ ਮਨੁੱਖ ਤੇ ਮਹਾਤਮਾ ਭਾਈ ਅਤਰ ਸਿੰਘ ਜੀ ਦੀ ਤਕਰੀਬਨ 100 ਸਾਲਾ ਜੀਵਨ ਯਾਤਰਾ ਸਮਾਪਤ ਹੋ ਗਈ। ਉਨ੍ਹਾਂ ਦਾ ਜਨਮ 1886 ਈ. ਨੂੰ ਪਿੰਡ ਬੋਲੀਨਾ ਦੋਆਬਾ ਜ਼ਿਲ੍ਹਾ ਜਲੰਧਰ ਵਿਖੇ ਰਾਗੀ ਉੱਤਮ ਸਿੰਘ ਦੇ ਘਰ ਹੋਇਆ। ਉਨ੍ਹਾਂ ਦਾ ਬਚਪਨ ਮਾਤਾ ਜੀਵੀ ਦੀ ਗੋਦ ਵਿਚ ਸਿੱਖੀ ਆਦਰਸ਼ਾਂ ਅਤੇ ਦੇਸ਼ ਲਈ ਕੁਰਬਾਨੀਆਂ ਦੀ ਸਿਖਲਾਈ ਲੈਂਦੇ ਬੀਤਿਆ। ਜੱਦੀ ਰਾਗੀ ਪਰਿਵਾਰ ਹੋਣ ਦਾ ਅਸਰ ਭਾਈ ਅਤਰ ਸਿੰਘ ਦੀਆਂ ਰਗਾਂ ਵਿਚ ਬਚਪਨ ਤੋਂ ਹੀ ਰਚਦਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਗੰਗਾ ਰਾਮ ਦੀ ਸਰਪ੍ਰਸਤੀ ਹੇਠਾਂ ਕੀਰਤਨ ਤੇ ਗੁਰਬਾਣੀ ਦੀ ਮੁਹਾਰਤ ਹਾਸਲ ਕਰਨ ਲਈ ਅੰਮ੍ਰਿਤਸਰ ਭੇਜਿਆ ਗਿਆ। ਭਾਈ ਅਤਰ ਸਿੰਘ ਨੇ ਆਪਣਾ ਬਚਪਨ ਪਿੰਡ ਬੋਲੀਨਾ ਵਿਚ ਗੁਜ਼ਾਰਿਆ ਅਤੇ ਗੁਰਮੁਖੀ ਤੇ ਧਾਰਮਿਕ ਵਿੱਦਿਆ ਹਾਸਲ ਕੀਤੀ। ਜਵਾਨੀ 'ਚ ਪੈਰ ਰੱਖਦੇ ਹੀ ਉਨ੍ਹਾਂ ਸਿੰਘ ਸਭਾ ਗੁਰਦੁਆਰਾ ਜਲੰਧਰ ਵਿਖੇ ਨੌਕਰੀ ਕਰ ਲਈ। ਧਰਮ ਪ੍ਰਚਾਰ ਦਾ ਸ਼ੌਕ ਸੀ। ਇਸ ਲਈ ਉਨ੍ਹਾਂ ਨੇ ਭਾਰਤ ਦਾ ਚੱਪਾ-ਚੱਪਾ ਵੇਖਿਆ।

ਜਲੰਧਰ ਵਿਖੇ ਉਨ੍ਹਾਂ ਦਸ ਸਾਲ ਗੁਜ਼ਾਰੇ ਜਿਸ ਦੌਰਾਨ ਉਨ੍ਹਾਂ ਸਿੱਖ ਸੰਗਤ ਦੀ ਹੀ ਨਹੀਂ ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਮੈਂਬਰਾਂ ਤੇ ਪ੍ਰਧਾਨ ਤੋਂ ਬੇਹੱਦ ਪ੍ਰਸ਼ੰਸਾ ਹਾਸਲ ਕੀਤੀ। ਸਾਬਕਾ ਕੇਂਦਰੀ ਵਿਦੇਸ਼ ਮੰਤਰੀ ਸਵਰਨ ਸਿੰਘ ਅਤੇ ਉਨ੍ਹਾਂ ਦੇ ਪਿਤਾ ਬਸੰਤ ਸਿੰਘ ਜੋ ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ, ਉਨ੍ਹਾਂ ਨਾਲ ਭਾਈ ਅਤਰ ਸਿੰਘ ਨੇ ਨਿੱਘੀ ਮਿੱਤਰਤਾ ਕਾਇਮ ਕੀਤੀ। ਵੀਹਵੀਂ ਸਦੀ ਦੇ ਪਹੁ ਫੁਟਾਲੇ ਨੇ ਆਜ਼ਾਦੀ ਲਈ ਸੰਘਰਸ਼ ਤੇਜ਼ ਕਰ ਦਿੱਤਾ ਸੀ ਅਤੇ ਭਾਈ ਅਤਰ ਸਿੰਘ ਨੇ 1918 ਤੋਂ ਆਪਣਾ ਯੋਗਦਾਨ ਇਸ ਜੰਗ ਵਿਚ ਪਾਉਣਾ ਸ਼ੁਰੂ ਕੀਤਾ।ਆਜ਼ਾਦੀ ਲਈ ਲੜਾਈ ਕਿਸੇ ਧਰਮਾਂ ਜਾਂ ਜਾਤਾਂ ਵਿਚਕਾਰ ਨਹੀਂ ਸੀ ਸਗੋਂ ਭਾਰਤ ਵਾਸੀਆਂ ਤੇ ਵਿਦੇਸ਼ੀ ਹੁਕਮਰਾਨਾਂ ਦਰਮਿਆਨ ਸੀ। ਭਾਈ ਅਤਰ ਸਿੰਘ ਨੇ ਜਲੰਧਰ ਤੋਂ ਬਾਅਦ ਅੰਮ੍ਰਿਤਸਰ ਵਿਖੇ ਗ੍ਰੰਥੀ ਦੀ ਨੌਕਰੀ ਕੀਤੀ। ਅੰਮ੍ਰਿਤਸਰ ਦਾ ਭਾਰਤ ਦੀ ਆਜ਼ਾਦੀ ਹਾਸਲ ਕਰਨ ਵਿਚ ਮਹਾਨ ਯੋਗਦਾਨ ਹੈ। ਇਸ ਲਈ ਆਪ ਜੀ ਨੂੰ ਇੱਥੋਂ ਬਹੁਤ ਪ੍ਰੇਰਨਾ ਮਿਲੀ। ਇੱਥੇ ਆਪ ਗੁਰਮੁਖ ਸਿੰਘ ਮੁਸਾਫਰ (ਸਾਬਕਾ ਮੁੱਖ ਮੰਤਰੀ-ਪੰਜਾਬ) ਨਾਲ ਰਹੇ ਤੇ ਆਜ਼ਾਦੀ ਸੰਗਰਾਮੀਆਂ ਦੀਆਂ ਸਫ਼ਾਂ ਵਿਚ ਸ਼ਾਮਲ ਹੁੰਦੇ ਰਹੇ। ਅੰਮ੍ਰਿਤਸਰ ਗੁਰੂ ਕੇ ਬਾਗ ਦੇ ਸਾਕੇ ਸਮੇਂ ਜਦ ਅੰਗਰੇਜ਼ਾਂ ਨੇ ਨਿਹੱਥੇ ਸਿੱਖਾਂ 'ਤੇ ਲਾਠੀਚਾਰਜ ਕੀਤਾ ਤਾਂ ਭਾਈ ਅਤਰ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਉਨ੍ਹਾਂ ਦੀ ਸੱਜੀ ਅੱਖ ਤੋਂ ਉੁਪਰਲੀ ਹੱਡੀ ਟੁੱਟ ਗਈ ਅਤੇ ਬਾਂਹ ਗੁੱਟ ਕੋਲੋਂ ਦਰੜ ਦਿੱਤੀ ਗਈ। ਜ਼ਖ਼ਮੀ ਹੋਣ ਉਪਰੰਤ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਲਾਹੌਰ ਦੇ ਨੇੜੇ ਅਟਕਵਾਲ ਜੇਲ੍ਹ ਵਿਚ 6 ਮਹੀਨੇ ਰੱਖਿਆ ਗਿਆ। ਉਸ ਤੋਂ ਬਾਅਦ ਫੇਰੂ ਮੋਰਚੇ ਵੇਲੇ ਵੀ ਆਪ ਨੂੰ 6 ਮਹੀਨੇ ਤਹਿਸੀਲ ਚੂਹਣੀਆਂ (ਲਾਹੌਰ) ਵਿਖੇ ਕੈਦ ਰੱਖਿਆ ਗਿਆ।

ਉਸ ਸਮੇਂ ਜੇਲ੍ਹਾਂ ਖੇਤਾਂ ਜਾਂ ਜੰਗਲਾਂ ਵਿਚ ਕੰਡਿਆਂ ਵਾਲੀਆਂ ਤਾਰਾਂ ਲਗਾ ਕੇ ਬਣਾਈਆਂ ਜਾਂਦੀਆਂ ਸਨ ਅਤੇ ਤਸੀਹਿਆਂ ਦੀ ਹਵਾ ਤਕ ਵੀ ਨਹੀਂ ਸੀ ਨਿਕਲਦੀ। ਜੈਤੋ ਦਾ ਮੋਰਚਾ ਕੇਵਲ ਸਿੱਖ ਇਤਿਹਾਸ ਵਿਚ ਹੀ ਨਹੀਂ ਸਗੋਂ ਭਾਰਤ ਦੇ ਸਮੁੱਚੇ ਇਤਿਹਾਸ ਵਿਚ ਅੰਗਰੇਜ਼ਾਂ ਦੇ ਜ਼ੁਲਮ ਵਿਰੁੱਧ ਭਾਰਤੀਆਂ ਦੀ ਟੱਕਰ ਦਾ ਬੇਮਿਸਾਲ ਸਾਕਾ ਹੈ। ਇਸ ਸਮੇਂ ਭਾਈ ਅਤਰ ਸਿੰਘ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਪਾਠ ਕਰ ਰਹੇ ਸਨ ਤੇ ਚੌਥਾ ਅਖੰਡ ਪਾਠ ਚੱਲ ਰਿਹਾ ਸੀ। ਜ਼ੋਰਾ ਸਿੰਘ ਨਾਜ਼ਮ ਸਿੱਖਾਂ ਨੂੰ ਅਖੰਡ ਪਾਠ ਦੌਰਾਨ ਪਾਣੀ ਵੀ ਨਹੀਂ ਸੀ ਪੀਣ ਦਿੰਦਾ। ਪਾਠ ਕਰਦੇ ਭਾਈ ਅਤਰ ਸਿੰਘ ਨੂੰ ਥਾਣੇਦਾਰ ਮੇਹਰ ਸਿੰਘ ਨੇ ਗ੍ਰਿਫ਼ਤਾਰ ਕੀਤਾ ਅਤੇ ਜੈਤੋ ਦੇ ਕਿਲੇ ਵਿਚ ਨਾਜ਼ਮ ਪਾਸ ਲੈ ਗਏ। ਉੱਥੇ ਉਨ੍ਹਾਂ ਦੇ ਮੂੰਹ 'ਤੇ ਪਾਣੀ ਡੋਲ੍ਹਿਆ ਗਿਆ ਪਰ ਪੀਣ ਲਈ ਨਾ ਦਿੱਤਾ ਗਿਆ। ਇਕ ਸਪੈਸ਼ਲ ਗੱਡੀ ਰਾਹੀਂ ਭਾਈ ਅਤਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਨਾਭੇ ਦੀ ਜੇਲ੍ਹ ਵਿਚ ਲਿਆਂਦਾ ਗਿਆ। ਇਸ ਸਮੇਂ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਉਨ੍ਹਾਂ ਦੇ ਨਾਲ ਸਨ। ਨਾਭੇ ਦੇ ਜੱਜ ਨਰੈਣ ਸਿੰਘ ਨੇ ਭਾਈ ਅਤਰ ਸਿੰਘ ਨੂੰ ਅੰਗਰੇਜ਼ਾਂ ਵਿਰੁੱਧ ਬਗਾਵਤ ਕਰਨ ਦੇ ਦੋਸ਼ ਹੇਠ 8 ਮਹੀਨੇ ਦੀ ਸਖ਼ਤ ਸਜ਼ਾ ਸੁਣਾਈ। ਸੰਨ 1942 ਤੋਂ ਭਾਈ ਅਤਰ ਸਿੰਘ ਜੀ ਨੇ ਮੁਕਤਸਰ ਦਰਬਾਰ ਸਾਹਿਬ ਵਿਖੇ ਨੌਕਰੀ ਕੀਤੀ। ਆਪ ਨੇ ਇੱਥੇ 14 ਅਪ੍ਰੈਲ 1979 ਨੂੰ ਕਲਗੀਧਰ ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਨੀਂਹ ਰੱਖੀ। ਇਸ ਤੋਂ ਬਾਅਦ ਉੁਹ 8 ਸਾਲ ਬਤੌਰ, ਗੁਰਦੁਆਰਾ ਹਨੂੰਮਾਨਗੜ੍ਹ ਸਾਹਿਬ ਵਿਖੇ ਰਾਗੀ ਰਹੇ। ਉਨ੍ਹਾਂ ਹਜ਼ੂਰ ਸਾਹਿਬ ਜਾ ਕੇ ਸਪੈਸ਼ਲ ਪ੍ਰਚਾਰਕ ਵਜੋਂ ਕੰਮ ਕੀਤਾ। ਰਿਟਾਇਰ ਹੋਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਦੁਬਾਰਾ ਨੌਕਰੀ ਦੇ ਦਿੱਤੀ ਅਤੇ ਕਦੇ ਵੀ ਨੌਕਰੀ ਤੋਂ ਜਵਾਬ ਨਾ ਦਿੱਤਾ। ਉਨ੍ਹਾਂ 90 ਸਾਲ ਦੀ ਉਮਰ ਵਿਚ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਦੇ ਕਹਿਣ 'ਤੇ ਨੌਕਰੀ ਛੱਡ ਦਿੱਤੀ ਅਤੇ ਕੇਵਲ ਭਜਨ-ਬੰਦਗੀ ਵਿਚ ਲੱਗ ਗਏ। ਭਾਈ ਅਤਰ ਸਿੰਘ ਨੂੰ 1972 ਵਿਚ ਤਾਮਰ ਪੱਤਰ ਦੇ ਕੇ ਸਨਮਾਨਿਆ ਗਿਆ।

ਇਹ ਤਾਮਰ ਪੱਤਰ ਉਨ੍ਹਾਂ ਨੂੰ ਇਕ ਵਿਸ਼ੇਸ਼ ਸਮਾਰੋਹ ਸਮੇਂ ਗਿਆਨੀ ਜ਼ੈਲ ਸਿੰਘ (ਤਤਕਾਲੀ ਮੁੱਖ ਮੰਤਰੀ ਪੰਜਾਬ) ਦੁਆਰਾ ਭੇਟ ਕੀਤਾ ਗਿਆ। ਉਨ੍ਹਾਂ ਨੂੰ ਪੰਜਾਬ ਅਤੇ ਭਾਰਤ ਸਰਕਾਰ ਦੁਆਰਾ ਸੁਤੰਤਰਤਾ ਸੰਗਰਾਮੀ ਹੋਣ ਦੇ ਨਾਤੇ ਪੈਨਸ਼ਨ ਮਿਲਦੀ ਰਹੀ ਹੈ। ਉਨ੍ਹਾਂ ਦਾ ਨਾਮ ਸੁਤੰਤਰਤਾ ਸੰਗਰਾਮੀਆਂ ਦੀ ਸੂਚੀ ਵਿਚ 46 ਨੰਬਰ 'ਤੇ ਦਰਜ ਹੈ ਅਤੇ ਉਪ ਸਕੱਤਰ, ਪੰਜਾਬ ਸਰਕਾਰ, ਚੰਡੀਗੜ੍ਹ ਦੇ ਮੀਮੋ ਮਿਤੀ 1.4.1982 ਰਾਹੀਂ ਉਨ੍ਹਾਂ ਦੀਆਂ ਸੇਵਾਵਾਂ ਤੇ ਕੁਰਬਾਨੀਆਂ ਨੂੰ ਮੁੱਖ ਰੱਖਦੇ ਹੋਏ ਪੈਨਸ਼ਨ ਦਿੱਤੀ ਗਈ। ਉਹ ਆਪਣਾ ਬਹੁਤਾ ਸਮਾਂ ਜਾਪ ਕਰਦੇ। ਉਹ ਕੇਵਲ ਗੁਰਬਾਣੀ ਦੇ ਅਰਥ ਹੀ ਨਹੀਂ ਸਨ ਕਰਦੇ ਸਗੋਂ ਅਮਲੀ ਰੂਪ ਵਿਚ ਬੱਚਿਆਂ ਨਾਲ ਪਿਆਰ ਕਰਦੇ। ਉਨ੍ਹਾਂ ਨੂੰ ਲੜਕੀਆਂ ਦੀ ਪੜ੍ਹਾਈ ਵਿਚ ਖ਼ਾਸ ਦਿਲਚਸਪੀ ਸੀ ਜਿਸ ਨੂੰ ਉਨ੍ਹਾਂ ਆਪਣੇ ਪਰਿਵਾਰ ਤੇ ਨਜ਼ਦੀਕੀਆਂ ਨੂੰ ਵਿੱਦਿਆ ਦੇ ਕੇ ਸਾਰਥਕ ਰੂਪ ਦਿੱਤਾ। ਭਾਈ ਅਤਰ ਸਿੰਘ ਜੀ ਨੂੰ ਉਚਿਤ ਸ਼ਰਧਾਂਜਲੀ ਭੇਟ ਕਰਨ ਲਈ ਉਨ੍ਹਾਂ ਦੇ ਅਸੂਲਾਂ ਤੇ ਆਦਰਸ਼ਾਂ 'ਤੇ ਚੱਲਣ ਦੀ ਰੀਤ ਪਾਉਣੀ ਹੋਵੇਗੀ। ਉਨ੍ਹਾਂ ਦੇ ਅਸ਼ੀਰਵਾਦ ਸਦਕਾ ਉਨ੍ਹਾਂ ਦਾ ਪਿਛਲਾ ਪਰਿਵਾਰ ਮੁਕਤਸਰ ਵਿਖੇ ਸੁਖੀ ਜੀਵਨ ਬਤੀਤ ਕਰ ਰਿਹਾ ਹੈ। ਰੱਬ ਕਰੇ ਕਿ ਅਜਿਹੇ ਪਰਮ ਮਨੁੱਖ ਇਸ ਜਹਾਨ 'ਚ ਪੈਦਾ ਹੁੰਦੇ ਰਹਿਣ।

ਬੀ.ਐੱਸ. ਰਤਨ

94179-00021

Posted By: Sarabjeet Kaur