v>ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਰਾਹੀਂ ਪ੍ਰਧਾਨ ਮੰਤਰੀ ਨੇ ਸੂਬਿਆਂ ਨੂੰ ਸੰਕਟ ਤੋਂ ਬਾਹਰ ਕੱਢਣ ਤੇ ਟੀਕਾਕਰਨ ਦੀ ਸਸਤੀ ਰਾਜਨੀਤੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਇਹ ਸਪਸ਼ਟ ਕਰ ਦਿੱਤਾ ਹੈ ਕਿ ਦੋ ਹਫ਼ਤਿਆਂ ਬਾਅਦ ਯਾਨੀ 21 ਜੂਨ ਤੋਂ ਸੂਬਾ ਸਰਕਾਰਾਂ ਨੂੰ ਟੀਕਾ ਖ਼ਰੀਦਣ ਦੀ ਕੋਈ ਲੋੜ ਨਹੀਂ ਹੋਵੇਗੀ। ਹੁਣ ਸਾਰੀ ਖ਼ਰੀਦ ਕੇਂਦਰ ਸਰਕਾਰ ਹੀ ਕਰੇਗੀ ਤੇ 18 ਸਾਲ ਤੋਂ ਉੱਪਰ ਸਾਰਿਆਂ ਨੂੰ ਟੀਕਾ ਮੁਫ਼ਤ ਲੱਗੇਗਾ। ਹਾਲੇ ਤਕ ਟੀਕਾ ਨਿਰਮਾਤਾਵਾਂ ਦੇ ਕੁੱਲ ਉਤਪਾਦਨ ਦਾ 50 ਫ਼ੀਸਦੀ ਕੇਂਦਰ ਸਰਕਾਰ, 25 ਫ਼ੀਸਦੀ ਰਾਜ ਸਰਕਾਰਾਂ ਤੇ ਬਾਕੀ 25 ਫ਼ੀਸਦੀ ਨਿੱਜੀ ਹਸਪਤਾਲਾਂ ਵੱਲੋਂ ਖ਼ਰੀਦਿਆ ਜਾ ਰਿਹਾ ਹੈ। ਹੁਣ ਸੂਬਿਆਂ ਦੇ ਹਿੱਸੇ ਦਾ 25 ਫ਼ੀਸਦੀ ਵੀ ਕੇਂਦਰ ਖ਼ਰੀਦੇਗਾ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਸੂਬਿਆਂ ਦੀ 25 ਫ਼ੀਸਦੀ ਵੈਕਸੀਨ ਕਿਸ ਕੀਮਤ ’ਤੇ ਲਈ ਜਾਵੇਗੀ। ਇਸ ਲਈ ਹੁਣ ਸੂਬਿਆਂ ਨੂੰ ਇਸ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਹੁਣ ਉਹ ਕੇਂਦਰ ਤੋਂ ਇਹ ਵਾਧੂ 25 ਫ਼ੀਸਦੀ ਟੀਕੇ ਵੀ ਮੁਫ਼ਤ ਲੈ ਸਕਣਗੇ। ਹੁਣ ਕੇਂਦਰ ਅਤੇ ਸੂਬਿਆਂ ਲਈ ਵੈਕਸੀਨ ਦੀਆਂ ਵੱਖ-ਵੱਖ ਕੀਮਤਾਂ ਦਾ ਕੋਈ ਸਵਾਲ ਨਹੀਂ ਰਹਿ ਗਿਆ ਹੈ। ਇਸ ਲਈ ਇਹ ਵੀ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਸੁਪਰੀਮ ਕੋਰਟ ਵੱਲੋਂ ਜਤਾਏ ਇਤਰਾਜ਼ ਵੀ ਖ਼ਤਮ ਹੋ ਜਾਣਗੇ। ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਟੀਕਾਕਰਨ ਨੀਤੀ ਨੂੰ ਲੈ ਕੇ ਸਖ਼ਤ ਟਿੱਪਣੀਆਂ ਕੀਤੀਆਂ ਸਨ ਤੇ ਕੇਂਦਰ ਤੋਂ ਸਾਰਾ ਵੇਰਵਾ ਮੰਗਿਆ ਸੀ। ਟੀਕੇ ਦੀ ਖ਼ਰੀਦ ਨੂੰ ਲੈ ਕੇ ਪੈਦਾ ਹੋਇਆ ਸ਼ਸ਼ੋਪੰਜ ਵਾਲਾ ਮਾਹੌਲ ਹੁਣ ਪ੍ਰਧਾਨ ਮੰਤਰੀ ਦੇ ਸੰਬੋਧਨ ਤੋਂ ਬਾਅਦ ਖ਼ਤਮ ਹੋ ਜਾਣਾ ਚਾਹੀਦਾ ਹੈ ਅਤੇ ਸੂਬਿਆਂ ਦੀਆਂ ਸ਼ਿਕਾਇਤਾਂ ਵੀ ਹੱਲ ਹੋ ਜਾਣੀਆਂ ਚਾਹੀਦੀਆਂ ਹਨ। ਇਹ ਸ਼ਿਕਾਇਤਾਂ ਹਾਲਾਂਕਿ ਵਧੇਰੇ ਤੌਰ ’ਤੇ ਰਾਜਨੀਤੀ ਤੋਂ ਹੀ ਪ੍ਰੇਰਿਤ ਸਨ। ਪ੍ਰਧਾਨ ਮੰਤਰੀ ਨੇ ਇਹ ਦੱਸ ਕੇ ਸਹੀ ਕੰਮ ਕੀਤਾ ਹੈ ਕਿ ਸੂਬਿਆਂ ਨੂੰ ਹੁਣ ਟੀਕਾਕਰਨ ’ਤੇ ਧਿਆਨ ਦੇਣਾ ਚਾਹੀਦਾ ਹੈ। ਸੂਬੇ ਵੱਧ ਤੋਂ ਵੱਧ ਟੀਕੇ ਲਗਾਉਣ ਤੇ ਉਨ੍ਹਾਂ ਦੀ ਬਰਬਾਦੀ ਨੂੰ ਰੋਕਣ ਦੀ ਬਜਾਏ ਇਸ ਵੱਲ ਜ਼ਿਆਦਾ ਧਿਆਨ ਦੇ ਰਹੇ ਸਨ ਕੀ ਟੀਕਾਕਰਨ ਨੂੰ ਲੈ ਕੇ ਕੇਂਦਰ ਨੂੰ ਕਟਹਿਰੇ ਵਿਚ ਕਿਵੇਂ ਖੜ੍ਹਾ ਕਰਨਾ ਹੈ? ਇਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਬਹੁਤ ਸਾਰੇ ਸੂਬਿਆਂ ਨੇ ਪਹਿਲਾਂ ਖ਼ੁਦ ਟੀਕਾ ਖ਼ਰੀਦਣ ਦੀ ਪਹਿਲ ਕੀਤੀ ਤੇ ਫਿਰ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਆਪ ਟੀਕੇ ਖ਼ਰੀਦੇ। ਦੇਰ ਨਾਲ ਹੀ ਸਹੀ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਮੌਜੂਦਾ ਮਾਹੌਲ ’ਚ ਟੀਕੇ ਖ਼ਰੀਦਣਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਲਈ ਕੇਂਦਰ ਨੂੰ ਚਿੱਠੀ ਲਿਖੀ ਸੀ। ਉਨ੍ਹਾਂ ਕੇਂਦਰ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਜੋ ਕਿਹਾ ਹੈ ਉਸ ਤੋਂ ਬਾਅਦ ਟੀਕਾਕਰਨ ਨੂੰ ਲੈ ਕੇ ਸਿਆਸਤ ਖੇਡਣ ਦੀ ਕੋਈ ਸੰਭਾਵਨਾ ਨਹੀਂ ਬਚੀ ਹੈ ਪਰ ਕੁਝ ਵਿਰੋਧੀ ਪਾਰਟੀਆਂ ਖ਼ਾਸ ਤੌਰ ’ਤੇ ਕਾਂਗਰਸ ਹਾਲੇ ਵੀ ਕੁਝ ਮਾੜਾ ਕਹੇ ਤਾਂ ਹੈਰਾਨੀ ਨਹੀਂ ਹੋਵੇਗੀ। ਹੁਣ ਜਦੋਂ ਪ੍ਰਧਾਨ ਮੰਤਰੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਹੋਰ ਕੰਪਨੀਆਂ ਦੇ ਟੀਕੇ ਵੀ ਜਲਦ ਉਪਲਬਧ ਹੋਣਗੇ ਤਾਂ ਟੀਕਾਕਰਨ ਨੀਤੀ ਨੂੰ ਲੈ ਕੇ ਹੰਗਾਮਾ ਖ਼ਤਮ ਹੋ ਜਾਣਾ ਚਾਹੀਦਾ ਹੈ। ਇਹ ਚੰਗਾ ਹੈ ਕਿ ਪ੍ਰਧਾਨ ਮੰਤਰੀ ਦਾ ਸੰਬੋਧਨ ਨਾ ਸਿਰਫ਼ ਟੀਕਾਕਰਨ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਲਾ ਸੀ ਬਲਕਿ ਇਹ ਉਨ੍ਹਾਂ ਗਰੀਬਾਂ ਨੂੰ ਵੀ ਰਾਹਤ ਦੇਣ ਵਾਲਾ ਸੀ ਜੋ ਸੋਚ ਰਹੇ ਸਨ ਕਿ ਉਨ੍ਹਾਂ ਨੂੰ ਮੁਫ਼ਤ ਅਨਾਜ ਕਦੋਂ ਤਕ ਮਿਲੇਗਾ। ਪ੍ਰਧਾਨ ਮੰਤਰੀ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਇਹ ਦੀਵਾਲੀ ਤਕ ਜਾਰੀ ਰਹੇਗਾ।

Posted By: Susheel Khanna