-ਸ਼ੰਕਰ ਸ਼ਰਨ


ਫਰਾਂਸ ਦੀ ਸੰਸਦ ਨੇ ਹਾਲ ਹੀ ’ਚ ‘ਗਣਤੰਤਰੀ ਮੁੱਲਾਂ ਨੂੰ ਮਜ਼ਬੂਤ ਕਰਨ ਵਾਲਾ ਬਿੱਲ’ ਪਾਸ ਕੀਤਾ ਹੈ। ਇਸ ਦਾ ਮਕਸਦ ਆਮ ਮੁਸਲਮਾਨਾਂ ਨੂੰ ਰੈਡੀਕਲ ਯਾਨੀ ਕੱਟੜਪੰਥੀ ਇਸਲਾਮ ਤੋਂ ਦੂਰ ਰੱਖਣਾ ਹੈ। ਇਸ ’ਚ ਮਸਜਿਦਾਂ ਨੂੰ ਬਾਹਰੀ ਧਨ ਲੈਣ ਤੋਂ ਰੋਕਣਾ, ਮੁਸਲਿਮ ਬੱਚਿਆਂ ਨੂੰ ਭੂਮੀਗਤ ਇਸਲਾਮੀ ਵਿੱਦਿਅਕ ਅਦਾਰਿਆਂ ’ਚ ਭੇਜਣ ਤੋਂ ਰੋਕਣ, ਡਾਕਟਰਾਂ ਵੱਲੋਂ ਮੁਸਲਿਮ ਕੁੜੀਆਂ ਨੂੰ ‘ਕੁਆਰੀ ਹੋਣ ਦਾ ਸਬੂਤ’ ਦੇਣ ’ਤੇ ਰੋਕ ਲਾਉਣ ਜਿਹੀਆਂ ਤਜਵੀਜ਼ਾਂ ਹਨ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ ਨੂੰ ‘ਇਸਲਾਮ’ ’ਤੇ ਹਮਲਾ’ ਕਰਾਰ ਦਿੱਤਾ ਹੈ।

ਪਾਕਿਸਤਾਨ ’ਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਪੁਤਲੇ ਸਾੜੇ ਗਏ। ਇਸ ਦਰਮਿਆਨ ਅਹਿਮ ਸਵਾਲ ਇਹੋ ਹੈ ਕਿ ਕੀ ਰਾਜ ਜਾਂ ਸਰਕਾਰ ਜਿਹਾਦੀਆਂ ਤੇ ਹੋਰ ਧਿਰਾਂ ਦਰਮਿਆਨ ਵਿਚੋਲੇ ਬਣੇ ਰਹਿਣ। ਜੇ ਰਾਜ ਢਿੱਲੇ ਹੋ ਜਾਣ ਤਾਂ ਸੰਵਿਧਾਨ ਨੂੰ ਅੰਗੂਠਾ ਦਿਖਾਉਂਦਿਆਂ ਇਸਲਾਮਵਾਦੀ ਪੂਰੇ ਦੇਸ਼ ਨੂੰ ਸ਼ਰੀਅਤ ’ਤੇ ਚੱਲਣ ਲਈ ਮਜਬੂਰ ਕਰਨਗੇ। ਯੂਰਪ ’ਚ ਕਈ ਥਾਵਾਂ ’ਤੇ ਇਹ ਦਿਸਣ ਵੀ ਲੱਗਿਆ ਹੈ। ਕੇਵਲ ਮੁਸਲਿਮ ਦੇਸ਼ ਹੀ ਨਹੀਂ ਸਗੋਂ ਜਮਹੂਰੀ ਦੇਸ਼ਾਂ ’ਚ ਵੀ ਮੁਸਲਿਮ ਦਬਦਬੇ ਵਾਲੇ ਇਲਾਕਿਆਂ ’ਚ ਹੋਰ ਧਰਮਾਂ ਦੇ ਤਿਉਹਾਰ ਮਨਾਉਣ ਤੋਂ ਰੋਕਿਆ ਜਾਂਦਾ ਹੈ। ਹਰ ਕਿਤੇ ਸ਼ਰੀਅਤ ਥੋਪਣ ਦੀ ਜ਼ਿਦ ਰਾਜਨੀਤੀ ਹੈ ਪਰ ਮੈਕਰੋਨ ਅਨੁਸਾਰ, ‘ਇਸਲਾਮ ’ਤੇ ਬਹਿਸ ’ਚ ਅਸੀਂ ਆਮ ਤੌਰ ’ਤੇ ਕਿੰਤੂ-ਪ੍ਰੰਤੂ ਕਰਨ ਲੱਗਦੇ ਹਾਂ। ਹਰ ਅੱਤਵਾਦੀ ਹਮਲੇ ਤੋਂ ਬਾਅਦ ਇਹੋ ਹੁੰਦਾ ਹੈ।’ ਫਰਾਂਸੀਸੀ ਧਾਰਨਾ ‘ਲੈਅਸਿਟੇ’ ਯਾਨੀ ਧਰਮ ਨਿਰਪੱਖ ਨੀਤੀ ’ਤੇ ਗ਼ਲਤਫਹਿਮੀ ਵੀ ਇਸ ਦੀ ਉਦਾਹਰਨ ਹੈ। ਇਸ ਤਹਿਤ ਉੱਥੇ ਕਿਸੇ ਵੀ ਧਰਮ ਦੀ ਆਲੋਚਨਾ ਤੇ ਖਿੱਲੀ ਉਡਾਉਣ ਤਕ ਦਾ ਅਧਿਕਾਰ ਹੈ। ਫਰਾਂਸ ’ਚ ਚਰਚ ਦੇ ਕਬਜ਼ੇ ਦੇ ਵਿਰੋਧ ’ਚ ਹੀ ਇਹ ਧਾਰਨਾ ਉਤਪੰਨ ਹੋਈ। ਇਸੇ ਤੋਂ ਬਾਅਦ ਇੱਥੇ ਤਰਕ, ਵਿਗਿਆਨ ਅਤੇ ਆਜ਼ਾਦੀ ਦਾ ਵਿਕਾਸ ਹੋਇਆ। ਫਰਾਂਸੀਸੀ ਪੱਤ੍ਰਿਕਾ ‘ਸ਼ਾਰਲੀ ਅਬਦੋ’ ਨੇ ਮੁਹੰਮਦ ਸਾਹਿਬ ਦੇ ਕਾਰਟੂਨ ਛਾਪਣ ਤੋਂ ਕਈ ਦਹਾਕੇ ਪਹਿਲਾਂ ਈਸਾ ਮਸੀਹ ਦੇ ਅਣਗਿਣਤ ਕਾਰਟੂਨ ਵੀ ਛਾਪੇ।

ਅਜਿਹੇ ਮੁਸਲਮਾਨ ਵੀ ਹਨ ਜੋ ਇਸਲਾਮ ਦੀ ਆਲੋਚਨਾ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਵੀ ਡਰ ਕਾਰਨ ਮੌਨ ਰਹਿਣਾ ਪੈਂਦਾ ਹੈ। ਅੱਜ 80 ਫ਼ੀਸਦੀ ਫਰਾਂਸੀਸੀ ਮੰਨਦੇ ਹਨ ਕਿ ਉਨ੍ਹਾਂ ਨੂੰ ਖ਼ਤਰਾ ਹੈ। ਪਿਛਲੇ ਸਾਲ ਇਕ ਅਧਿਆਪਕ ਸੈਮੂਅਲ ਪੈਟੀ ਦੀ ਗਲ ਕੱਟ ਕੇ ਹੱਤਿਆ ਕਰ ਦਿੱਤੀ ਗਈ। ਕਿਸੇ ਵਿਵਾਦ ਲਈ ਅਦਾਲਤ ਜਾਣ ਦੀ ਬਜਾਏ ਸ਼ਰੀਅਤ ਲਈ ਹੱਤਿਆਵਾਂ ਕਰਨਾ ਕੌਮੀ ਸੱਭਿਆਚਾਰ ’ਤੇ ਖੁੱਲ੍ਹੀ ਸੱਟ ਹੈ ਪਰ ਇਸ ਨੂੰ ਰੋਕਣ ਦੇ ਉਪਾਆਂ ਨੂੰ ‘ਮੁਸਲਮਾਨਾਂ ਨੂੰ ਦਬਾਉਣ’ ਦੀ ਕੋਸ਼ਿਸ਼ ਕਿਹਾ ਜਾ ਰਿਹਾ ਹੈ। ਇਸ ਚੁਣੌਤੀ ਦਰਮਿਆਨ ਫਰਾਂਸ ਆਪਣੀ ਧਰਮ ਨਿਰਪੱਖਤਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਫਰਾਂਸ ’ਚ ਇਸਲਾਮੀ ਆਗੂਆਂ ਨੇ ਧਰਮ ਨਿਰਪੱਖਤਾ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ ਜਦਕਿ ਭਾਰਤ ’ਚ ਅਜਿਹੇ ਹੀ ਆਗੂ ਧਰਮ ਨਿਰਪੱਖਤਾ ਦੀ ਦੁਹਾਈ ਦਿੰਦੇ ਹਨ। ਕਾਰਨ ਇਹੋ ਹੈ ਕਿ ਭਾਰਤੀ ਨੀਤੀਆਂ ਇਸਲਾਮਪ੍ਰਸਤ ਹਨ।

ਡਾ. ਅੰਬੇਡਕਰ ਨੇ ਖ਼ੁਦ ਕਿਹਾ ਸੀ ਕਿ ਭਾਰਤੀ ਸੰਵਿਧਾਨ ਧਾਰਮਿਕ ਆਧਾਰ ’ਤੇ ਨਾਗਰਿਕਾਂ ’ਚ ਭੇਦਭਾਵ ਕਰਦਾ ਹੈ। ਇਸ ਲਈ ਇੱਥੇ ਇਸਲਾਮੀ ਆਗੂ ਧਰਮ ਨਿਰਪੱਖਤਾ ਦੀ ਰਟ ਲਾਉਂਦੇ ਹਨ ਜਦਕਿ ਫਰਾਂਸ ’ਚ ਧਰਮ ਨਿਰਪੱਖਤਾ ਨੂੰ ਚੁਣੌਤੀ ਦਿੰਦੇ ਹਨ। ਉਹ ਜਿਹਾਦੀ ਹਮਲਿਆਂ ਦਾ ਦੋਸ਼ ਵੀ ਧਰਮ ਨਿਰਪੱਖਤਾ ਨੂੰ ਦਿੰਦੇ ਹਨ। ਜਿਹਾਦੀਆਂ ਵੱਲੋਂ ‘ਸ਼ਾਰਲੀ ਅਬਦੋ’ ਦੇ ਜ਼ਿਆਦਾਤਰ ਪੱਤਰਕਾਰਾਂ ਨੂੰ ਮਾਰ ਦੇਣ ਦਾ ਦੋਸ਼ ਇਸ ਪੱਤ੍ਰਿਕਾ ’ਤੇ ਹੀ ਮੜਿਆ ਗਿਆ। ਇੱਥੇ ਵੀ ਮੁੰਬਈ ਅੱਤਵਾਦੀ ਹਮਲੇ ਤੋਂ ਬਾਅਦ ਸੰਸਦ ’ਚ ਕਿਹਾ ਗਿਆ ਸੀ ਕਿ ਜੇ ਭਾਰਤ ਇਜ਼ਰਾਇਲ ਤੇ ਅਮਰੀਕਾ ਪ੍ਰਤੀ ਝੁਕਾਅ ਰੱਖੇਗਾ ਤਾਂ ਅਜਿਹੇ ਹਮਲੇ ਹੋਣਗੇ ਹੀ। ਅਮਰੀਕਾ ’ਚ ਵੀ 11 ਸਤੰਬਰ ਦੇ ਹਮਲੇ ਤੋਂ ਬਾਅਦ ਕਈਆਂ ਨੇ ਕਿਹਾ ਕਿ ਇਹ ਤਾਂ ਹੋਣਾ ਹੀ ਸੀ।

ਲੰਬੇ ਸਮੇਂ ਤੋਂ ਯੂਰਪ ’ਚ ਬਹੁਲਤਾਵਾਦ ਨੂੰ ਮਨਜ਼ੂਰੀ ਕਾਰਨ ਤਮਾਮ ਇਸਲਾਮੀ ਰੀਤਾਂ ਨੂੰ ਛੋਟ ਮਿਲਦੀ ਰਹੀ ਪਰ ਹੌਲੀ-ਹੌਲੀ ਹਰ ਕਿਤੇ ਮਹਿਸੂਸ ਕੀਤਾ ਗਿਆ ਕਿ ਇਸ ਨਾਲ ਸਮਾਜ ’ਚ ਬਹੁਲਤਾ ਦੀ ਬਜਾਏ ਸ਼ਰੀਅਤ ਦਾ ਦਬਦਬਾ ਵਧਿਆ। ਇਸਲਾਮੀ ਸਮੂਹਾਂ ਨੇ ਸਥਾਨਿਕ ਸੱਭਿਆਚਾਰ ਸਵੀਕਾਰ ਕਰਨ ਬਦਲੇ ਹਰ ਗੱਲ ’ਚ ਇਸਲਾਮੀ ਮਾਨਤਾਵਾਂ ਲੱਦਣ ਦੀ ਨੀਤੀ ਰੱਖੀ। ਇਸ ਲਈ ਬਹੁਤ ਜ਼ਿਆਦਾ ਮੰਗਾਂ, ਸ਼ਿਕਾਇਤਾਂ ਤੇ ਹਿੰਸਾ ਉਨ੍ਹਾਂ ਦਾ ਆਮ ਵਿਵਹਾਰ ਹੈ। ਕੱਟੜਤਾ ਨੇ ਸੰਤੁਸ਼ਟ ਕਰਨ ਦੀ ਬਜਾਏ ਉਨ੍ਹਾਂ ਦੀ ਕਰੂਰਤਾ ਹੀ ਵਧਾਈ ਹੈ। ਇਸ ਚਲਨ ਦਾ ਇਕ ਕਾਰਨ ਇਸਲਾਮੀ ਇਤਿਹਾਸ ਅਤੇ ਸਿਧਾਂਤ ਪ੍ਰਤੀ ਹਰ ਪੱਖੋਂ ਅਗਿਆਨਤਾ ਵੀ ਹੈ।

ਜਿਨ੍ਹਾਂ ਦਾ ਮੁਕਾਬਲਾ ਕਰਨਾ ਹੈ, ਉਨ੍ਹਾਂ ਤੋਂ ਪੁੱਛ-ਪੁੱਛ ਕੇ ਚੱਲਣ ਦੀ ਨੀਤੀ ਜ਼ਿਆਦਾਤਰ ਸਰਕਾਰਾਂ ਨੇ ਅਪਣਾ ਰੱਖੀ ਹੈ। ਉਹ ‘ਉਦਾਰ’ ਮੁਸਲਮਾਨ ਆਗੂਆਂ ਨੂੰ ਲੱਭਦੇ ਹਨ ਪਰ ਛਲ ਦੇ ਸ਼ਿਕਾਰ ਹੋ ਕੇ ਹੋਰ ਜ਼ਮੀਨ ਦੇ ਬੈਠਦੇ ਹਨ। ਫਿਰ ਆਪਣੀ ਭੁੱਲ ਲੁਕਾਉਣ ਦੇ ਚੱਕਰ ’ਚ ਨਵੀਆਂ-ਨਵੀਆਂ ਭੁੱਲਾਂ ਕਰਦੇ ਹਨ। ਇਸ ਤਰ੍ਹਾਂ ਜਿਹਾਦ ਇੰਚ-ਇੰਚ ਵਧਦਾ, ਜਿੱਤਦਾ ਹੈ ਤੇ ਕਾਫ਼ਿਰ ਤਿਲ-ਤਿਲ ਮਰਦੇ ਅਤੇ ਹਾਰਦੇ ਹਨ। ਭਾਰਤ ਇਸ ਦੀ ਕਲਾਸਿਕ ਉਦਾਹਰਨ ਹੈ। ਕਈ ਦਹਾਕੇ ਪਹਿਲਾਂ ਹੀ ਇਕ- ਤਿਹਾਈ ਦੇਸ਼ ਇਸਲਾਮ ਨੂੰ ਦੇ ਕੇ ਵੀ ਉਸ ਨੂੰ ਸੰਤੁਸ਼ਟ ਕਰਨ ਦੀ ਬਜਾਏ ਬਾਕੀ ਪੂਰਾ ਦੇਸ਼ ਦਾਅ ’ਤੇ ਲੱਗ ਗਿਆ ਹੈ।

ਇਸ ਦਾ ਕਾਰਨ ਇਹੋ ਹੈ ਕਿ ਜਮਹੂਰੀ ਦੇਸ਼ਾਂ ਦੇ ਆਗੂ ਅਤੇ ਬੁੱਧੀਜੀਵੀ ਆਦਿ ਜਿਹਾਦ ਦੇ ਇਤਿਹਾਸ ਬਾਬਤ ਹਨੇਰੇ ’ਚ ਰਹਿੰਦੇ ਹਨ। ਆਪਣੀ ਇਕਹਿਰੀ ਨੈਤਿਕਤਾ ਕਾਰਨ ਉਹ ਪੂਰੀ ਸਮੱਸਿਆ ਨੂੰ ਸਮਝ ਨਹੀਂ ਪਾਉਂਦੇ। ਇਸੇ ਲਈ ਹੌਲੀ-ਹੌਲੀ ਸਾਰੇ ਜਮਹੂਰੀ ਦੇਸ਼ਾਂ ’ਚ ਇਸਲਾਮੀ ਦਬਦਬਾ ਵਧਿਆ। ਫਰਾਂਸ ਨੇ ਹਾਲੇ ਸਮਝਣਾ ਹੀ ਸ਼ੁਰੂ ਕੀਤਾ ਹੈ ਕਿ ਉਨ੍ਹਾਂ ਦੇ ਦੇਸ਼ ’ਚ ਇਕ ‘ਵਿਸ਼ੇਸ਼ ਵਰਗ’ ਹੈ, ਜੋ ਦੇਸ਼ ’ਚ ਮਿਲ-ਜੁਲ ਕੇ ਨਹੀਂ ਰਹਿਣਾ ਚਾਹੁੰਦਾ। ਲਿਬਰਲ ਬੁੱਧੀਜੀਵੀ ਵੀ ਫਰਾਂਸ ’ਚ ‘ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ’ ਦੀ ਸ਼ਿਕਾਇਤ ਕਰਦੇ ਹਨ ਜਦਕਿ ਉਲਟ ਨਿਸ਼ਾਨੇ ਨੂੰ ਨਜ਼ਰਅੰਦਾਜ਼ ਕਰਦੇ ਹਨ।

ਆਖ਼ਰ ਜਿੰਨੇ ਮੁਸਲਮਾਨ ਕਿਸੇ ਯੂਰਪੀ ਦੇਸ਼ ਜਾਂ ਅਮਰੀਕਾ ’ਚ ਹਨ, ਓਨੇ ਹੀ ਫ਼ੀਸਦੀ ਹਿੰਦੂ ਜਾਂ ਬੋਧੀ ਵੀ ਹਨ ਪਰ ਇਹ ਕਿਸੇ ਦੇਸ਼ ’ਚ ਕਦੇ ਸਮੱਸਿਆ ਨਹੀਂ ਬਣਦੇ। ਹਰ ਕਿਤੇ ਰਾਜਨੀਤਕ ਇਸਲਾਮ ਦੂਜਿਆਂ ਨੂੰ ਨਿਸ਼ਾਨਾ ਬਣਾਉਂਦਾ ਹੈ, ਜਿਸ ਨੂੰ ਰੋਕਣ ਦੇ ਉਪਾਅ ਕਰਨ ਦੀ ਕੋਸ਼ਿਸ਼ ਨੂੰ ਮੁਸਲਮਾਨਾਂ ਨੂੰ ਪਰੇਸ਼ਾਨ ਕਰਨਾ ਕਿਹਾ ਜਾਂਦਾ ਹੈ। ਸਥਿਤੀ ਇਹ ਹੈ ਕਿ ਹਰੇਕ ਗ਼ੈਰ-ਮੁਸਲਿਮ ਦੇਸ਼ ’ਚ ਜ਼ਿਆਦਾਤਰ ਮੁਸਲਿਮ ਆਗੂ ਵੱਖਵਾਦੀ ਭਾਵਨਾ ਨਾਲ ਚੱਲਦੇ ਹਨ। ਉਹ ਪੂਰੇ ਦੇਸ਼ ’ਤੇ ਕੰਟਰੋਲ ਜਾਂ ਉਸ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਨ। ਕੌਮੀ ਕਾਨੂੰਨਾਂ ਦੀ ਅਣਦੇਖੀ ਕਰ ਕੇ ਸ਼ਰੀਅਤ ਦੀ ਮੰਗ ਉੁਸੇ ਦਾ ਹਿੱਸਾ ਹੈ। ਇਹ ਧਰਮ ਨਹੀਂ ਸਗੋਂ ਰਾਜਨੀਤੀ ਹੈ।

ਬਿਨਾਂ ਸ਼ੱਕ ਮੁਸਲਮਾਨਾਂ ਵਿਰੁੱਧ ਆਮ ਸ਼ੱਕ ਅਣਉੱਚਿਤ ਹੈ ਪਰ ਇਸ ਨੂੰ ਖ਼ਤਮ ਕਰਨ ’ਚ ਮੁਸਲਮਾਨਾਂ ਦੀ ਵੀ ਜ਼ਿੰਮੇਵਾਰੀ ਹੈ। ਪਹਿਲਾਂ ਉਨ੍ਹਾਂ ਨੂੰ ਇਸਲਾਮ ’ਚ ਕਾਫ਼ਿਰਾਂ ਨੂੰ ਨਫ਼ਰਤ ਕਰਨੀ ਸੱਚਮੁੱਚ ਬੰਦ ਕਰਨੀ ਪਵੇਗੀ। ‘ਇਸਲਾਮੋਫੋਬੀਆ’ ਦੀ ਸ਼ਿਕਾਇਤ ਝੂਠੀ ਹੈ ਕਿਉਂਕਿ ਖ਼ੁਦ ਮੁਸਲਮਾਨ ਵੀ ਆਜ਼ਾਦੀ ਨਾਲ ਇਸ ਬਾਰੇ ਬੋਲਣ ਤੋਂ ਡਰਦੇ ਹਨ। ਤਮਾਮ ਇਸਲਾਮੀ ਆਗੂ ਧਮਕੀ ਦੀ ਭਾਸ਼ਾ ਬੋਲਦੇ ਹਨ। ਸੈਕੂਲਰਿਜ਼ਮ ਇਕਤਰਫ਼ਾ ਨਹੀਂ ਚੱਲ ਸਕਦਾ। ਫਰਾਂਸ ’ਚ ਲੈਅਸਿਟੇ ਅਤੇ ਇਸਲਾਮ ਦੀ ਕਸ਼ਮਕਸ਼ ਇਸੇ ਗੱਲ ’ਤੇ ਹੈ। ਅੱਜ ਨਹੀਂ ਤਾਂ ਕੱਲ੍ਹ ਇਸਲਾਮ ਦੀ ਇਸ ਮੂਲ ਟੇਕ ਨੂੰ ਖੰਡਿਤ ਕਰਨਾ ਹੀ ਪਵੇਗਾ ਕਿ ਉਸ ਨੂੰ ਪੂਰੀ ਦੁਨੀਆ ’ਤੇ ਸ਼ਾਸਨ ਦਾ ਅਧਿਕਾਰ ਹੈ। ਇਸ ਤੋਂ ਬਾਅਦ ਹੀ ਧਰਮ ਨਿਰਪੱਖ ਦੇਸ਼ ਦਾ ਰਾਹ ਖੁੱਲ੍ਹੇਗਾ। ਫਰਾਂਸ ਨੇ ਪੂਰੀ ਦੁਨੀਆ ਨੂੰ ਰਾਹ ਦਿਖਾ ਦਿੱਤਾ ਹੈ।

(ਲੇਖਕ ਰਾਜਨੀਤੀ ਸ਼ਾਸਤਰ ਦਾ ਪ੍ਰੋਫੈਸਰ ਤੇ ਸੀਨੀਅਰ ਕਾਲਮਨਵੀਸ ਹੈ।)

Posted By: Sunil Thapa