v> ਸ਼ਰਾਬ ਕਾਰੋਬਾਰੀ ਅਤੇ ਸਾਬਕਾ ਅਕਾਲੀ ਆਗੂ ਸ਼ਿਵ ਲਾਲ ਡੋਡਾ ਸਣੇ 24 ਮੁਲਜ਼ਮਾਂ ਨੂੰ ਦਲਿਤ ਨੌਜਵਾਨ ਭੀਮ ਟਾਂਕ ਦੀ ਜਾਨ ਲੈਣ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਬੂਤਾਂ ਨਾਲ ਛੇੜਛਾੜ ਕਰਨ 'ਤੇ ਇਕ ਮੁਲਜ਼ਮ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਦਕਿ ਇਕ ਨੂੰ ਬਰੀ ਕਰ ਦਿੱਤਾ ਗਿਆ ਹੈ। ਇਸ ਬਹੁ-ਚਰਚਿਤ ਕੇਸ ਦੀ ਸੁਣਵਾਈ ਫ਼ਾਜ਼ਿਲਕਾ ਦੀ ਜ਼ਿਲ੍ਹਾ ਅਦਾਲਤ ਵਿਚ ਚੱਲ ਰਹੀ ਸੀ। ਬਿਨਾਂ ਸ਼ੱਕ ਕਾਨੂੰਨ ਨੇ ਆਪਣਾ ਕੰਮ ਕੀਤਾ ਅਤੇ ਕੇਸ ਨੂੰ ਅੰਜਾਮ ਤਕ ਪਹੁੰਚਾਇਆ ਪਰ ਪੀੜਤ ਪਰਿਵਾਰ ਲਈ ਲੜਾਈ ਹਾਲੇ ਲੰਬੀ ਹੈ। ਗ਼ਰੀਬ ਦਲਿਤ ਪਰਿਵਾਰ ਦਾ ਵਾਹ ਤਕੜਿਆਂ ਨਾਲ ਪਿਆ ਹੈ। ਤਕੜਿਆਂ ਨਾਲ ਲੜਨ ਦਾ ਜਿਗਰਾ ਬਹੁਤ ਘੱਟ ਲੋਕਾਂ ਵਿਚ ਹੁੰਦਾ ਹੈ। ਭੀਮ ਟਾਂਕ ਦਾ ਪਰਿਵਾਰ ਇਹ ਹੌਸਲਾ ਪਿਛਲੇ ਚਾਰ ਸਾਲਾਂ ਤੋਂ ਦਿਖਾ ਰਿਹਾ ਹੈ। ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲਦੀਆਂ ਰਹੀਆਂ ਪਰ ਉਹ ਪਿੱਛੇ ਨਹੀਂ ਹਟਿਆ। ਜਦੋਂ ਸਭ ਕੁਝ ਵਿਕਾਊ ਹੋਵੇ ਉਦੋਂ ਇਨਸਾਫ਼ ਲੈਣ ਦੀ ਲੜਾਈ ਜਾਰੀ ਰੱਖਣੀ ਵੀ ਮਾਅਨੇ ਰੱਖਦੀ ਹੈ। ਦਰਅਸਲ, ਜਦੋਂ ਸੱਤਾ ਦਾ ਸਾਥ ਹੋਵੇ ਅਤੇ ਪੈਸੇ ਦੀ ਕੋਈ ਤੋਟ ਨਾ ਹੋਵੇ ਉਦੋਂ ਕਿਸੇ ਚੀਜ਼ ਦਾ ਖ਼ੌਫ਼ ਨਹੀਂ ਰਹਿੰਦਾ। ਇਸੇ ਲਈ 11 ਦਸੰਬਰ 2015 ਨੂੰ ਸ਼ਿਵ ਲਾਲ ਡੋਡਾ ਦੇ ਰਾਮਸਰਾ ਦੇ ਨੇੜੇ ਸਥਿਤ ਫਾਰਮ ਹਾਊਸ 'ਚ ਦਲਿਤ ਨੌਜਵਾਨ ਭੀਮ ਟਾਂਕ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਦੇ ਸਾਥੀ ਗੁਰਜੰਟ ਸਿੰਘ ਜੰਟਾ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਸੀ। ਮੁਲਜ਼ਮਾਂ ਨੇ ਭੀਮ ਟਾਂਕ ਦੇ ਹੱਥ-ਪੈਰ ਵੱਢ ਦਿੱਤੇ ਸਨ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਸਮੁੱਚੇ ਸੂਬੇ ਵਿਚ ਰੌਲ਼ਾ ਪੈਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ 'ਚ ਸ਼ਿਵ ਲਾਲ ਡੋਡਾ ਅਤੇ ਉਸ ਦੇ ਭਤੀਜੇ ਨੂੰ ਮੁੱਖ ਸਾਜ਼ਿਸ਼ਕਾਰ ਬਣਾਇਆ ਸੀ। ਮੁਲਜ਼ਮ ਸ਼ਿਵ ਲਾਲ ਡੋਡਾ ਅਤੇ ਅਮਿਤ ਡੋਡਾ ਨੇ ਜ਼ਮਾਨਤ ਲਈ ਕਈ ਵਾਰ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਪਰ ਉਨ੍ਹਾਂ ਨੂੰ ਅਦਾਲਤ ਤੋਂ ਕੋਈ ਰਾਹਤ ਨਹੀਂ ਮਿਲੀ। ਕਈ ਉਤਰਾਅ-ਚੜ੍ਹਾਅ ਅਤੇ ਨਾਟਕੀ ਘਟਨਾਚੱਕਰਾਂ 'ਚੋਂ ਲੰਘਦਾ ਹੋਇਆ ਇਹ ਕੇਸ ਆਖ਼ਰਕਾਰ ਮੁਕਾਮ 'ਤੇ ਪੁੱਜਾ। ਭਾਰਤ ਵਿਚ ਅਜਿਹੇ ਕਤਲਾਂ ਦੀ ਸੂਚੀ ਲੰਬੀ ਹੈ। ਅਜਿਹੇ ਬਹੁਤ ਸਾਰੇ ਕੇਸ ਕਈ-ਕਈ ਵਰ੍ਹੇ ਅਦਾਲਤਾਂ ਵਿਚ ਲੜੇ ਗਏ। ਬਹੁਤ ਸਾਰੇ ਕੇਸਾਂ ਵਿਚ ਮੁਲਜ਼ਮ ਬਰੀ ਵੀ ਹੋਏ ਪਰ ਕਈ ਮਿਸਾਲੀ ਕੇਸ ਵੀ ਹਨ ਜਿੱਥੇ ਗ਼ਰੀਬਾਂ ਨੇ ਤਕੜਿਆਂ ਦੀਆਂ ਗੋਡਣੀਆਂ ਲੁਵਾ ਦਿੱਤੀਆਂ। ਜੈਸਿਕਾ ਲਾਲ ਕਤਲ ਕੇਸ ਵਿਚ ਤਾਕਤਵਰ ਦੋਸ਼ੀ ਮਨੂੰ ਸ਼ਰਮਾ ਅੱਜ ਤਕ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੈ। ਇਹ ਤਾਂ ਹੀ ਸੰਭਵ ਹੋਇਆ ਕਿਉਂਕਿ ਪੀੜਤਾਂ ਵਿਚ ਲੜਨ-ਖੜ੍ਹਨ ਦਾ ਜਜ਼ਬਾ ਸੀ। ਜਦੋਂ ਕੋਈ ਵੀ ਕੰਮ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਕੀਤਾ ਜਾਂਦਾ ਹੈ ਤਾਂ ਲੋਕ ਸਾਥ ਦਿੰਦੇ ਹਨ। ਅਜਿਹੇ ਕੇਸਾਂ ਵਿਚ ਵੀ ਸਮਾਜ ਨੇ ਪੀੜਤਾਂ ਦਾ ਵੱਡੇ ਪੱਧਰ 'ਤੇ ਸਾਥ ਦਿੱਤਾ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਈ। ਇਹ ਤਾਂ ਹੀ ਸੰਭਵ ਹੋਇਆ ਕਿਉਂਕਿ ਸਮੂਹਿਕ ਚੇਤਨਾ ਪੀੜਤ ਧਿਰ ਦੇ ਨਾਲ ਸੀ ਅਤੇ ਉਹ ਝੁਕੀ ਨਹੀਂ। ਭੀਮ ਟਾਂਕ ਕਤਲ ਕੇਸ ਵਿਚ ਵੀ ਇੱਦਾਂ ਹੀ ਹੋਇਆ। ਚਾਹੀਦਾ ਤਾਂ ਇਹ ਹੈ ਕਿ ਅਮੀਰ ਲੋਕ ਕਾਨੂੰਨ ਨੂੰ ਹੱਥਾਂ ਵਿਚ ਨਾ ਲੈ ਸਕਣ। ਇਨਸਾਫ਼ ਲਈ ਕਿਸੇ ਨੂੰ ਵੀ ਜੱਦੋਜਹਿਦ ਨਾ ਕਰਨੀ ਪਵੇ। ਸਮਾਂਬੱਧ ਤਰੀਕੇ ਨਾਲ ਇਨਸਾਫ਼ ਮਿਲੇ। ਪੁਲਿਸ, ਪ੍ਰਸ਼ਾਸਨ, ਅਦਾਲਤਾਂ ਦੀ ਕਾਰਜਪ੍ਰਣਾਲੀ ਦਰੁਸਤ ਹੋਵੇ। ਮੁਲਕ ਵਿਚ ਹਾਲੇ ਬਹੁਤ ਸਾਰੀਆਂ ਕੁਰੀਤੀਆਂ ਹਨ ਜਿਨ੍ਹਾਂ ਦਾ ਹੱਲ ਹੋਣਾ ਜ਼ਰੂਰੀ ਹੈ। ਇਸ ਕੇਸ ਵਿਚ ਭਾਵੇਂ ਦੋਸ਼ੀਆਂ ਨੂੰ ਸਜ਼ਾ ਮਿਲ ਚੁੱਕੀ ਹੈ ਪਰ ਭੀਮ ਟਾਂਕ ਦੇ ਕਤਲ ਵਰਗੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ, ਇਸ ਵਾਸਤੇ ਸਭ ਢੁੱਕਵੇਂ ਕਦਮ ਚੁੱਕਣੇ ਪੈਣਗੇ।

Posted By: Sukhdev Singh