ਸੰਗਰੂਰ ਜ਼ਿਲ੍ਹੇ ਦੇ ਕਸਬਾ ਸੁਨਾਮ ਦੇ ਪਿੰਡ ਭਗਵਾਨਪੁਰਾ ਦਾ ਦੋ ਸਾਲਾ ਮਾਸੂਮ ਫ਼ਤਹਿਵੀਰ ਜ਼ਿੰਦਗੀ ਦੀ ਜੰਗ ਫ਼ਤਹਿ ਨਹੀਂ ਕਰ ਸਕਿਆ। ਭਾਵੇਂ ਪਿਛਲੇ ਕਈ ਦਿਨਾਂ ਤੋਂ ਉਸ ਦੀ ਸਲਾਮਤੀ ਲਈ ਲੱਖਾਂ ਹੱਥ ਉੱਠ ਰਹੇ ਸਨ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਫ਼ਤਹਿਵੀਰ ਨੂੰ ਬੋਰਵੈੱਲ ਵਿਚੋਂ ਕੱਢ ਕੇ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ।

ਛੇ ਜੂਨ ਨੂੰ ਸ਼ਾਮ ਚਾਰ ਵਜੇ ਖੇਡਦਾ ਹੋਇਆ ਫ਼ਤਹਿਵੀਰ 140 ਫੁੱਟ ਡੂੰਘੇ ਬੋਰਵੈੱਲ 'ਚ ਜਾ ਡਿੱਗਾ ਸੀ ਅਤੇ 125 ਫੁੱਟ ਦੀ ਡੂੰਘਾਈ 'ਤੇ ਜਾ ਕੇ ਫਸ ਗਿਆ ਸੀ। ਉਸ ਨੂੰ ਬੋਰਵੈੱਲ ਵਿਚੋਂ ਕੱਢਣ ਲਈ ਜ਼ਿਲ੍ਹਾ ਪ੍ਰਸ਼ਾਸਨ, ਐੱਨਡੀਆਰਐੱਫ, ਫ਼ੌਜ ਅਤੇ ਪਿੰਡਾਂ ਵਾਲਿਆਂ ਨੇ ਛੇ ਦਿਨ ਤਕ ਕੋਸ਼ਿਸ਼ ਕੀਤੀ ਪਰ ਕਾਮਯਾਬੀ ਹਾਸਲ ਨਹੀਂ ਹੋਈ। ਆਖ਼ਰ ਦੇਸੀ ਜੁਗਾੜ ਨਾਲ ਹੀ ਉਸ ਨੂੰ ਬਾਹਰ ਕੱਢਿਆ ਗਿਆ। ਫ਼ਤਹਿ ਨੂੰ ਬੋਰਵੈੱਲ 'ਚੋਂ ਜ਼ਿੰਦਾ ਨਾ ਕੱਢ ਸਕਣ 'ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਐੱਸਐੱਸਪੀ ਨੇ ਪਰਿਵਾਰ ਵਾਲਿਆਂ ਤੋਂ ਮਾਫ਼ੀ ਮੰਗੀ ਹੈ। ਫ਼ਤਹਿਵੀਰ ਨੂੰ ਬੋਰਵੈੱਲ ਵਿਚੋਂ ਕੱਢਣ ਵਿਚ ਹੋ ਰਹੀ ਦੇਰੀ ਸਮੇਂ ਹੀ ਲੋਕਾਂ ਦਾ ਰੋਹ ਫੁੱਟਣ ਲੱਗ ਪਿਆ ਸੀ ਪਰ ਉਸ ਦੀ ਮੌਤ ਤੋਂ ਬਾਅਦ ਤਾਂ ਲੋਕਾਂ ਦੇ ਸਬਰ ਦਾ ਪਿਆਲਾ ਹੀ ਛਲਕ ਗਿਆ। ਰੋਸ ਵਜੋਂ ਲੋਕਾਂ ਨੇ ਸ਼ਹਿਰਾਂ, ਕਸਬਿਆਂ ਵਿਚ ਦੁਕਾਨਾਂ ਬੰਦ ਕਰ ਕੇ ਥਾਂ-ਥਾਂ ਸੜਕਾਂ 'ਤੇ ਧਰਨੇ ਲਾ ਕੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਦੇ ਨਾਲ ਹੀ ਵੱਖ-ਵੱਖ ਜੱਥੇਬੰਦੀਆਂ ਵੱਲੋਂ 12 ਜੂਨ ਨੂੰ ਸੰਗਰੂਰ ਬੰਦ ਦੀ ਕਾਲ ਵੀ ਦੇ ਦਿੱਤੀ ਗਈ। ਪੁਲਿਸ ਨੇ ਮਾਹੌਲ ਨੂੰ ਭਾਂਪਦਿਆਂ ਫਲੈਗ ਮਾਰਚ ਵੀ ਕੱਢੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਫ਼ਤਹਿਵੀਰ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸੂਬੇ ਵਿਚ ਸਾਰੇ ਖੁੱਲ੍ਹੇ ਬੋਰਵੈੱਲ ਬੰਦ ਕਰ ਕੇ 24 ਘੰਟਿਆਂ ਵਿਚ ਰਿਪੋਰਟ ਦੇਣ ਬਾਰੇ ਕਿਹਾ ਹੈ। ਸੂਬੇ ਦੇ ਸਾਰੇ ਵੱਡੇ ਸਿਆਸੀ ਆਗੂਆਂ ਨੇ ਫ਼ਤਹਿਵੀਰ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੂਜੇ ਪਾਸੇ ਇਸ ਮਸਲੇ 'ਤੇ ਸਿਆਸਤ ਵੀ ਸ਼ੁਰੂ ਹੋ ਚੁੱਕੀ ਹੈ।

ਇਸ 'ਤੇ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਹੋਰ ਸਿਆਸੀ ਪਾਰਟੀਆਂ ਨੇ ਕਾਂਗਰਸ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਫ਼ਤਹਿਵੀਰ ਦੀ ਮੌਤ ਲਈ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਐੱਨਡੀਆਰਐੱਫ ਬੋਰਵੈੱਲ ਵਿਚ ਡਿੱਗੇ ਬੱਚਿਆਂ ਨੂੰ ਕੱਢਣ ਵਿਚ ਮਾਹਰ ਹੈ ਪਰ ਇਸ ਦੇ ਬਾਵਜੂਦ ਉਹ ਮਾਸੂਮ ਨੂੰ ਮੌਤ ਦੇ ਮੂੰਹ ਵਿਚੋਂ ਕਿਉਂ ਨਹੀਂ ਬਚਾਅ ਸਕੀ, ਇਹ ਇਕ ਵੱਡਾ ਸਵਾਲ ਹੈ। ਪੰਜਾਬੀਆਂ ਦਾ ਇਸ ਘਟਨਾ 'ਤੇ ਗੁੱਸਾ ਪੂਰੀ ਤਰ੍ਹਾਂ ਜਾਇਜ਼ ਹੈ ਕਿਉਂਕਿ ਅਜਿਹੀਆਂ ਦੁਰਘਟਨਾਵਾਂ ਵੇਲੇ ਪ੍ਰਸ਼ਾਸਨ ਤੇ ਸਰਕਾਰ ਤੋਂ ਜਿਸ ਤਰ੍ਹਾਂ ਦੀ ਗੰਭੀਰਤਾ ਦੀ ਤਵੱਕੋ ਕੀਤੀ ਜਾਂਦੀ ਹੈ, ਉਹ ਦੇਖਣ ਨੂੰ ਨਹੀਂ ਮਿਲੀ। ਸੁਪਰੀਮ ਕੋਰਟ ਨੇ ਅਜਿਹੀਆਂ ਘਟਨਾਵਾਂ ਰੋਕਣ ਲਈ 10 ਸਾਲ ਪਹਿਲਾਂ ਸੂਬਾ ਸਰਕਾਰਾਂ ਨੂੰ ਹਦਾਇਤਾਂ ਦਿੱਤੀਆਂ ਸਨ ਪਰ ਕਿਸੇ ਦੀ ਜ਼ਿੰਮੇਵਾਰੀ ਜਾਂ ਜਵਾਬਦੇਹੀ ਨਾ ਹੋਣ ਕਾਰਨ ਅਜਿਹੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਲੋਕ ਰੋਹ ਨੂੰ ਦੇਖਦੇ ਹੋਏ ਮੁੱਖ ਮੰਤਰੀ ਪੰਜਾਬ ਖੁੱਲ੍ਹੇ ਬੋਰਵੈੱਲਾਂ ਨੂੰ ਬੰਦ ਕਰਨ ਦੀ ਗੱਲ ਤਾਂ ਕਰ ਰਹੇ ਹਨ ਪਰ ਫਿਰ ਵਕਤ ਦੇ ਬੀਤਣ ਨਾਲ ਸਾਰਾ ਕੁਝ ਉਂਜ ਹੀ ਚੱਲਣ ਲੱਗ ਪਵੇਗਾ। ਗ਼ਲਤੀਆਂ ਤੋਂ ਸਬਕ ਨਹੀਂ ਸਿੱਖਿਆ ਜਾਂਦਾ। ਮਾਫ਼ੀ ਮੰਗ ਕੇ ਫਿਰ ਉਹੀ ਗ਼ਲਤੀਆਂ ਦੁਹਰਾਉਣੀਆਂ ਹਨ ਤਾਂ ਅਜਿਹੀ ਮਾਫ਼ੀ ਦੇ ਫਿਰ ਕੋਈ ਮਾਅਨੇ ਨਹੀਂ ਰਹਿ ਜਾਂਦੇ।

Posted By: Sukhdev Singh