ਪੰਜਾਬ ਦੇ ਜ਼ਿਆਦਾਤਰ ਵਿਅਕਤੀਆਂ ਦੇ ਮੂੰਹੋਂ ਇਕ ਹੀ ਗੱਲ ਸੁਣਨ ਨੂੰ ਮਿਲਦੀ ਹੈ ਕਿ ਅਸੀਂ ਵਿਦੇਸ਼ ਜਾਣਾ ਹੈ। ਜਦੋਂ ਵੀ ਸਕੂਲੀ ਬੱਚਿਆਂ ਨਾਲ ਗੱਲ ਕੀਤੀ ਜਾਂਦੀ ਹੈ ਕਿ ਤੁਸੀਂ ਦਸਵੀਂ ਜਾਂ ਬਾਰ੍ਹਵੀਂ ਤੋਂ ਬਾਅਦ ਕੀ ਕਰਨਾ ਹੈ ਤਾਂ ਬਹੁਤੇ ਬੱਚਿਆਂ ਦਾ ਇੱਕੋ ਜਵਾਬ ਹੁੰਦਾ ਹੈ ਕਿ ਮੈਂ ਆਈਲੈਟਸ ਕਰ ਕੇ ਕੈਨੇਡਾ ਜਾਂ ਅਮਰੀਕਾ ਜਾਣਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਵਿਦੇਸ਼ ਜਾਣਾ ਕੋਈ ਲਾਲਚ ਹੈ ਜਾਂ ਮਜਬੂਰੀ ਜੋ ਲੋਕ ਆਪਣੇ ਘਰ-ਬਾਰ ਵੇਚ ਕੇ ਵਿਦੇਸ਼ ਜਾ ਰਹੇ ਹਨ। ਵਿਦੇਸ਼ਾਂ ਵਿਚ ਪਹਿਲਾਂ ਤਾਂ ਪੰਜਾਬੀ ਇਕ-ਦੂਜੇ ਦੀ ਮਦਦ ਕਰਦੇ ਸਨ ਪਰ ਹੁਣ ਇਕ-ਦੂਜੇ ਦੇ ਦੁਸ਼ਮਣ ਬਣੇ ਹੋਏ ਹਨ। ਕਈ ਨੌਜਵਾਨ ਗ਼ਲਤ ਏਜੰਟਾਂ ਦੇ ਧੱਕੇ ਚੜ੍ਹ ਕੇ ਆਪਣੇ ਮਾਪਿਆਂ ਦੀ ਖ਼ੂਨ-ਪਸੀਨੇ ਦੀ ਕਮਾਈ ਪਲਾਂ ਵਿਚ ਬਰਬਾਦ ਕਰ ਬੈਠਦੇ ਹਨ। ਗ਼ਲਤ ਤਰੀਕੇ ਨਾਲ ਵਿਦੇਸ਼ ਜਾਣ ਵਾਲੇ ਕਈ ਨੌਜਵਾਨ ਤਾਂ ਜੰਗਲਾਂ ਵਿਚ ਹੀ ਸਵਰਗ ਸਿਧਾਰ ਜਾਂਦੇ ਹਨ ਜਾਂ ਵਿਦੇਸ਼ 'ਚ ਫੜੇ ਜਾਣ 'ਤੇ ਸਜ਼ਾ ਭੁਗਤਦੇ ਹਨ। ਲੋਕਾਂ ਨੇ ਇਕ ਨਵਾਂ ਕੰਮ ਸ਼ੁਰੂ ਕੀਤਾ ਹੋਇਆ ਹੈ। ਉਹ ਇਹ ਕਿ ਕੁੜੀਆਂ ਨੂੰ ਆਈਲੈਟਸ ਕਰਵਾ ਕੇ ਅਖ਼ਬਾਰਾਂ ਵਿਚ ਇਸ਼ਤਿਹਾਰ ਦਿੰਦੇ ਹਨ ਕਿ ਕੁੜੀ ਦੇ ਤਾਂ ਆਈਲੈਟਸ 'ਚ 6/7 ਬੈਂਡ ਆਏ ਹੋਏ ਹਨ। ਵਿਦੇਸ਼ ਜਾਣ ਲਈ ਮੁੰਡੇ ਵਾਲੇ ਪੈਸਾ ਲਗਾ ਦੇਣ। ਪਹਿਲਾਂ ਕੁੜੀ ਬਾਹਰ ਚਲੀ ਜਾਵੇਗੀ ਅਤੇ ਫਿਰ ਮੁੰਡੇ ਨੂੰ ਵੀ ਬੁਲਾ ਲਵੇਗੀ। ਫਿਰ ਬੁਲਾਵੇ ਜਾਂ ਨਾ, ਕੋਈ ਗਾਰੰਟੀ ਨਹੀਂ। ਪੰਜਾਬ ਵਿਚੋਂ ਵੱਡੇ ਪੱਧਰ 'ਤੇ ਨੌਜਵਾਨ ਵਰਗ ਦੀ ਵਿਦੇਸ਼ਾਂ ਲਈ ਹੋ ਰਹੀ ਹਿਜਰਤ ਸੂਬੇ ਲਈ ਚਿੰਤਾ ਵਾਲੀ ਗੱਲ ਹੈ। ਸਰਕਾਰ ਤਾਂ ਹੱਥਾਂ 'ਤੇ ਹੱਥ ਧਰ ਕੇ ਨੌਜਵਾਨਾਂ ਨਾਲ ਹੋ ਰਹੇ ਤਮਾਸ਼ੇ ਦੇਖ ਰਹੀ ਹੈ। ਸਰਕਾਰਾਂ ਓਦਾਂ ਤਾਂ ਰੋਜ਼ ਹੀ ਸੋਸ਼ਲ ਮੀਡੀਆ 'ਤੇ ਵੱਡੇ-ਵੱਡੇ ਦਾਅਵੇ ਕਰਦੀਆਂ ਹਨ ਕਿ ਅਸੀਂ ਇਹ ਕਰ ਰਹੇ ਹਾਂ, ਪਰ ਹੁਣ ਤਕ ਧਰਾਤਲ 'ਤੇ ਕੋਈ ਬਦਲਾਅ ਨਹੀਂ ਦਿਸ ਰਿਹਾ। ਕਿੰਨੇ ਹੀ ਨੌਜਵਾਨ ਅਜਿਹੇ ਹਨ ਜੋ ਡਿਗਰੀਆਂ ਲੈਣ ਤੋਂ ਬਾਅਦ ਵੀ ਬੇਰੁਜ਼ਗਾਰ ਹਨ। ਇਸੇ ਕਾਰਨ ਉਹ ਨਿਰਾਸ਼ਾ ਦੇ ਆਲਮ ਵਿਚ ਹਨ ਤੇ ਕੁਰਾਹੇ ਪੈ ਰਹੇ ਹਨ। ਜੇ ਸਰਕਾਰਾਂ ਨੇ ਕੁਝ ਕਰਨਾ ਹੀ ਹੈ ਤਾਂ ਉਹ ਨੌਜਵਾਨਾਂ ਲਈ ਸਹੀ-ਤਰੀਕੇ ਨਾਲ ਕੰਮਕਾਜ ਦਾ ਇੰਤਜ਼ਾਮ ਕਰਨ। ਪੰਜਾਬ ਦੇ ਉਜਾੜੇ ਲਈ ਸਰਕਾਰਾਂ ਦੀਆਂ ਸ਼ੋਸ਼ੇਬਾਜ਼ੀਆਂ ਜ਼ਿੰਮੇਵਾਰ ਹਨ। ਸਰਕਾਰਾਂ ਤਾਂ ਆਪ ਇਕ ਤਰੀਕੇ ਨਾਲ ਪੈਸੇ ਕਮਾ ਰਹੀਆਂ ਹਨ। ਅਕਸਰ ਨੌਕਰੀਆਂ ਲਈ ਫਾਰਮ ਆਨਲਾਈਨ ਭਰਵਾਏ ਜਾਂਦੇ ਹਨ। ਕਿੰਨੇ ਹੀ ਲੋਕ ਫੀਸਾਂ ਜਮ੍ਹਾ ਕਰਵਾ ਕੇ ਉਹ ਫਾਰਮ ਭਰਦੇ ਹਨ ਅਤੇ ਹਜ਼ਾਰਾਂ ਦੀ ਗਿਣਤੀ 'ਚੋਂ ਥੋੜ੍ਹੇ ਜਿਹੇ ਅਜਿਹੇ ਹੁੰਦੇ ਹੋਣਗੇ ਜਿਨ੍ਹਾਂ ਨੂੰ ਉਹ ਨੌਕਰੀਆਂ ਮਿਲਦੀਆਂ ਹਨ। ਨੌਕਰੀਆਂ ਨਹੀਂ ਮਿਲਣਗੀਆਂ ਤਾਂ ਨੌਜਵਾਨ ਵਰਗ ਵਿਦੇਸ਼ਾਂ ਵਿਚ ਜਾਣ ਦੇ ਯਤਨ ਕਰਦਾ ਰਹੇਗਾ ਅਤੇ ਗ਼ਲਤ ਏਜੰਟਾਂ ਦੇ ਢਹੇ ਚੜ੍ਹ ਕੇ ਮਾਪਿਆਂ ਦੀ ਮਿਹਨਤ ਦੀ ਕਮਾਈ ਬਰਬਾਦ ਕਰਦੇ ਰਹਿਣਗੇ ਅਤੇ ਗ਼ਲਤ ਤਰੀਕੇ ਨਾਲ ਵਿਦੇਸ਼ ਜਾ ਕੇ ਮੁਸੀਬਤਾਂ ਦੇ ਮੂੰਹ ਵਿਚ ਪੈਂਦੇ ਰਹਿਣਗੇ।

-ਮਨਪ੍ਰੀਤ ਕੌਰ, ਸਰਹਿੰਦ। ਮੋਬਾਈਲ ਨੰ. : 99141-93910

Posted By: Rajnish Kaur