ਪੰਜਾਬ, ਦੁੱਲੇ ਅਤੇ ਬੁੱਲ੍ਹੇ ਵਰਗੇ ਆਕੀਆਂ-ਬਾਗ਼ੀਆਂ ਦੀ ਧਰਤੀ ਹੈ। ਦੁੱਲੇ ਨੇ ਲੋਕ-ਪੀੜਾ ਨਾਲ ਸਾਂਝ ਪਾ ਕੇ ਰਾਵੀ ਅਤੇ ਝਨਾਅ ਦਰਮਿਆਨ ਵੱਸਦੇ ਸਾਂਦਲ ਬਾਰ ਵਿਚ ਸਾਂਝਾ ਚੁੱਲ੍ਹਾ ਬਾਲਿਆ ਸੀ। ਲੋਹੜੀ ਦੀਆਂ ਧੂਣੀਆਂ ’ਚੋਂ ਉੱਠਦੀਆਂ ਲਾਟਾਂ ਦੀ ਮਾਰਫ਼ਤ ਆਪਣੇ ਸਮੇਂ ਦੇ ਮਹਾਨਾਇਕ ਅਬਦੁੱਲਾ ਭੱਟੀ ਖ਼ਾਨ (ਦੁੱਲਾ ਭੱਟੀ) ਦੇ ਹਰ ਸਾਲ ਦੀਦਾਰ ਹੁੰਦੇ ਹਨ। ਸਡੌਲ ਤੇ ਮੋਕਲੇ ਹੱਡਾਂ ਵਾਲੇ ਇਸ ਛੈਲ-ਛਬੀਲੇ ਗੱਭਰੂ ਨੇ ਪੋਹ ਦੇ ਮਹੀਨੇ ਲਾਚਾਰ ਗ਼ਰੀਬ ਬ੍ਰਾਹਮਣ ਦੀਆਂ ਦੋ ਜਵਾਨ ਕੁੜੀਆਂ, ਸੁੰਦਰੀ ਤੇ ਮੁੰਦਰੀ ਨੂੰ ਅਗਵਾਕਾਰਾਂ ਕੋਲੋਂ ਛੁਡਵਾ ਕੇ ਸਾਂਦਲ ਬਾਰ ਦੇ ਜੰਗਲ ਵਿਚ ਬਾਲੀ ਧੂਣੀ ਦੁਆਲੇ ਫੇਰੇ ਕਰਵਾਉਣ ਤੋਂ ਬਾਅਦ ਉਨ੍ਹਾਂ ਦੀ ਝੋਲੀ ਲੱਪ ਸ਼ੱਕਰ ਪਾ ਕੇ ਕੰਨਿਆਦਾਨ ਕੀਤਾ ਸੀ। ਇਸ ਤੋਂ ਬਾਅਦ ‘ਰਚਨਾ ਦੁਆਬ’ (ਰਾਵੀ ਅਤੇ ਚਿਨਾਬ ਵਿਚਕਾਰਲਾ ਇਲਾਕਾ) ਸੱਤਾ ਖ਼ਿਲਾਫ਼ ਵਗਣ ਵਾਲੀ ਸੁਰਖ਼ ਹਵਾ ਦਾ ਰੌਸ਼ਨਦਾਨ ਬਣ ਗਿਆ। ਹਾਕਮਾਂ ਦੀ ਛਹਿ ’ਤੇ ਆਮ ਲੋਕਾਂ ਨੂੰ ਲੁੱਟਣ-ਪੁੱਟਣ ਵਾਲਿਆਂ ਨਾਲ ਲੋਹਾ ਲੈਣ ਲਈ ਦੁੱਲਾ ਧਾੜੇ ਮਾਰਨ ਲੱਗਾ।

ਉਹ ਬਾਹੂ-ਬਲੀਆਂ ਅਤੇ ਧਨ-ਕੁਬੇਰਾਂ ਦੀਆਂ ਮੋਹਰਾਂ ਲੱਦੀਆਂ ਖੱਚਰਾਂ ਨੂੰ ਲੁੱਟਦਾ ਤੇ ਲੁੱਟ ਦਾ ਮਾਲ ਲੋੜਵੰਦਾਂ ਵਿਚ ਵੰਡ ਦਿੰਦਾ। ਦੁੱਲੇ ਦਾ ਜਨਮ ਪਿੰਡ ਭੱਟੀਆਂ (ਗੁੱਜਰਾਂਵਾਲਾ) ਵਿਚ ਆਪਣੇ ਪਿਤਾ ਫ਼ਰੀਦ ਖ਼ਾਨ ਭੱਟੀ ਦੀ ਲਾਹੌਰ ਵਿਚ ਹੋਈ ਜਨਤਕ ਫਾਂਸੀ ਤੋਂ ਕੁਝ ਦਿਨਾਂ ਬਾਅਦ 1547 ਵਿਚ ਹੋਇਆ ਸੀ। ਦੁੱਲੇ ਦੇ ਦਾਦਾ ਸਾਂਦਲ ਭੱਟੀ ਨੂੰ ਵੀ ਅਕਬਰ ਦੀ ਹਕੂਮਤ ਖ਼ਿਲਾਫ਼ ਝੰਡਾ ਚੁੱਕਣ ਦੇ ਦੋਸ਼ ਹੇਠ ਇਸੇ ਤਰ੍ਹਾਂ ਫਾਹੇ ਲਾਇਆ ਗਿਆ ਸੀ।

ਸਾਂਦਲ ਬਾਰ ਵਿਚ ਦਰਅਸਲ ਭੱਟੀ ਸਰਦਾਰਾਂ ਦੀ ਹਕੂਮਤ ਸੀ। ਅਕਬਰ ਵੱਲੋਂ ਲਗਾਨ/ਮਾਲੀਆ ਲਗਾਉਣ ਤੋਂ ਬਾਅਦ ਸਾਂਦਲ ਨੇ ਬਗ਼ਾਵਤ ਕਰ ਦਿੱਤੀ। ਸਮੇਂ ਦੇ ਸ਼ਹਿਨਸ਼ਾਹ ਨੇ ਈਨ ਨਾ ਮੰਨਣ ਵਾਲੇ ਸਾਂਦਲ ਨੂੰ ਮਰਵਾ ਕੇ ਉਸ ਦੀ ਦੇਹ ਵਿਚ ਤੂੜੀ ਭਰਵਾ ਦਿੱਤੀ ਤੇ ਉਸ ਨੂੰ ਲਾਹੌਰ ਦੇ ਦਰਵਾਜ਼ੇ ’ਤੇ ਪੁੱਠੀ ਲਟਕਵਾ ਦਿੱਤਾ ਤਾਂ ਜੋ ਕੋਈ ਹੋਰ ਬਗ਼ਾਵਤ ਦਾ ਹੀਆ ਨਾ ਕਰ ਸਕੇ। ਸਾਂਦਲ ਦੇ ਫ਼ਰਜ਼ੰਦ, ਫ਼ਰੀਦ ਖ਼ਾਨ ਵਿਚ ਆਪਣੇ ਪਿਓ ਦਾ ਖ਼ੂਨ ਖ਼ੌਲ ਪਿਆ। ਮੁਗ਼ਲ ਹਕੂਮਤ ਦਾ ਉਹ ਦੂਜਾ ਬਾਗ਼ੀ ਸੀ ਜਿਸ ਦਾ ਹਸ਼ਰ ਵੀ ਆਪਣੇ ਬਾਪ ਵਰਗਾ ਹੀ ਹੋਇਆ। ਦੁੱਲੇ ਦਾ ਜਨਮ ਪਿਓ ਨੂੰ ਫਾਹੇ ਲਾਉਣ ਤੋਂ ਬਾਅਦ ਹੋਇਆ ਤਾਂ ਉਸ ਦੀ ਦਲੇਰ ਮਾਂ ਲੱਧੀ ਨੇ ਉਸ ਨੂੰ ਲਿਸ਼ਕਦੀ ਤਲਵਾਰ ਨੂੰ ਧੋ ਕੇ ਗੁੜ੍ਹਤੀ ਦਿੱਤੀ।

ਲੱਧੀ ਨੇ ਉਸ ਨੂੰ ਆਪਣੇ-ਪਿਓ ਦਾਦੇ ਦੀ ਸ਼ਹਾਦਤ ਲੈਣ ਵਾਲੇ ਸੂਹੇ ਬੋਲਾਂ ਵਾਲੀਆਂ ਲੋਰੀਆਂ ਸੁਣਾਈਆਂ। ਪਿਓ-ਦਾਦੇ ਦੀ ਮਸ਼ਾਲ ਚੁੱਕ ਕੇ ਦੁੱਲਾ ਹਰਾਵਲ ਦਸਤੇ ਦੀ ਅਗਵਾਈ ਕਰਦਾ ਹੋਇਆ ਹਾਕਮਾਂ ਦੀ ਨੀਂਦ ਉਡਾ ਰਿਹਾ ਸੀ। ਇਸ ਤਰ੍ਹਾਂ ਉਹ ਪੰਜਾਬ ਦਾ ਪਹਿਲਾ ਛਾਪਾਮਾਰ ਯੋਧਾ ਮੰਨਿਆ ਜਾਂਦਾ ਹੈ ਜਿਸ ਨੇ ਅਸਾਵÄ ਜੰਗ ਦਾ ਮੁੱਢ ਬੰਨਿ੍ਹਆ ਸੀ। ਅਕਬਰ ਨੇ ਆਪਣੀ ਫ਼ੌਜ ਦੇ ਕਮਾਂਡਰ ਨਿਜ਼ਾਮੂਦੀਨ ਨੂੰ ਦੁੱਲੇ ਦੀ ਅਲਖ ਮੁਕਾਉਣ ਦਾ ਹੁਕਮ ਚਾੜਿ੍ਹਆ। ਸੱਤਾ ਦੇ ਨਸ਼ੇ ਵਿਚ ਧੁੱਤ ਖ਼ੂੰਖਾਰ ਨਿਜ਼ਾਮੂਦੀਨ ਨੇ ਲਾਮ-ਲਸ਼ਕਰ ਨਾਲ ਪਿੰਡੀ ਭੱਟੀਆਂ ਨੂੰ ਚਾਰ-ਚੁਫੇਰਿਓਂ ਘੇਰ ਲਿਆ। ਦੁੱਲਾ ਉਸ ਵੇਲੇ ਆਪਣੇ ਨਾਨਕੇ ਗਿਆ ਹੋਇਆ ਸੀ। ਪਿੰਡੀ ਵਾਸੀਆਂ ’ਤੇ ਅੰਨ੍ਹਾ ਤਸ਼ੱਦਦ ਢਾਹਿਆ ਗਿਆ। ਦੁੱਲੇ ਦੀ ਮਾਂ ਲੱਧੀ ਸਣੇ ਪਿੰਡੀ ਦੇ ਬਾਗ਼ੀਆਂ ਨੂੰ ਸੰਗਲਾਂ ਨਾਲ ਨੂੜ ਕੇ ਅਕਬਰ ਦੇ ਦਰਬਾਰ ਵਿਚ ਪੇਸ਼ ਕੀਤਾ ਗਿਆ। ਇਸ ਦੁਖਾਂਤ ਦੀ ਝਲਕ ਇਸ ਲੋਕ ਗੀਤ ’ਚੋਂ ਵੇਖੀ ਜਾ ਸਕਦੀ ਹੈ : ਢੱਠੀ ਪਿੰਡੀ ਦੇਖ ਕੇ ਲੱਧੀ ਮਾਰੀ ਧਾਹ

ਕੀਤੀਆਂ ਦੁੱਲਿਆ ਤੇਰੀਆਂ

ਗਈਆਂ ਪੇਸ਼ ਲੱਧੀ ਦੇ ਆ।

ਦੁੱਲੇ ਵਰਗਾ ਸੂਰਮਾ ਕਿੱਥੇ ਕਿਸੇ ਦੇ ਹੱਥ ਆਉਣ ਵਾਲਾ ਸੀ! ਹਾਕਮਾਂ ਦੇ ਮੁਖ਼ਬਰ ਨੇ ਉਸ ਨੂੰ ਭੋਜਨ ਵਿਚ ਜ਼ਹਿਰ ਮਿਲਾ ਕੇ ਬੇਹੋਸ਼ ਕਰ ਦਿੱਤਾ ਤੇ ਫਿਰ ਨੂੜ ਕੇ ਅਕਬਰ ਦੇ ਦਰਬਾਰ ਲੈ ਗਏ। ਸਦੀ ਬਦਲਣ ਵਾਲੀ ਸੀ ਤੇ 1599 ਵਿਚ ਪਿਓ-ਦਾਦੇ ਵਾਂਗ ਦੁੱਲੇ ਨੂੰ ਵੀ ਜਨਤਕ ਤੌਰ ’ਤੇ ਫਾਂਸੀ ਲਗਾ ਕੇ ਉਸ ਦੀ ਲਾਸ਼ ਨੂੰ ਲਾਹੌਰ ਸ਼ਹਿਰ ਵਿਚ ਪੁੱਠਾ ਲਟਕਾ ਦਿੱਤਾ। ਤਿੰਨ ਪੀੜ੍ਹੀਆਂ ਦੇ ਬਾਂਕੇ ਬਾਗੀਆਂ ਨੇ ਪੰਜਾਬ ਨੂੰ ਬਾਂਕੀ ਨੁਹਾਰ ਬਖਸ਼ੀ। ਉਨ੍ਹਾਂ ਦੀ ਸ਼ਹਾਦਤ ਅਧੀਰ ਘੜੀਆਂ ਨੂੰ ਧੀਰ ਬਖਸ਼ਦੀ ਆਈ ਹੈ। ਉਨ੍ਹਾਂ ਦੀ ਸ਼ਹਾਦਤ ਨੇ ਪੰਜਾਬੀਆਂ ਨੂੰ ਲੱਧੀ ਵਾਂਗ ਹਾਕਮਾਂ ਦੀ ਟੈਂ ਨਾ ਮੰਨਣ ਵਾਲੀ ਗੁੜ੍ਹਤੀ ਦਿੱਤੀ ਤੇ ਸੂਰਬੀਰਤਾ ਦਾ ਮੰਗਲਾਚਰਣ ਲਿਖਿਆ ਹੈ। ਅਕਬਰ ਭਾਵੇਂ ਗੰਗਾ-ਜਮੁਨਾ ਤਹਿਜ਼ੀਬ ਦਾ ਨਾਇਕ ਸਮਝਿਆ ਜਾਂਦਾ ਹੈ ਪਰ ਭੱਟੀਆਂ ਨੂੰ ਸਰੇਬਾਜ਼ਾਰ ਫਾਂਸੀ ਲਗਾ ਕੇ ਉਸ ਦੀ ਛਬਿ ਨੂੰ ਸਦਾ ਗ੍ਰਹਿਣ ਲੱਗਿਆ ਰਹੇਗਾ। ਲੋਕ ਮਨਾਂ ਵਿਚ ਦੁੱਲਾ ਭੱਟੀ ਗ਼ਰੀਬ ਕੁੜੀਆਂ ਦਾ ਅੱਜ ਵੀ ਬਾਬਲ ਹੈ। ਇਸੇ ਲਈ ਲੋਕ ਗੀਤਾਂ ਵਿਚ ਲੋਹੜੀ ਦਾ ਸਮੂਹਿਕ ਗਾਣ-‘ਸੁੰਦਰ ਮੁੰਦਰੀਏ/ਤੇਰਾ ਕੌਣ ਵਿਚਾਰਾ/ਦੁੱਲਾ ਭੱਟੀ ਵਾਲਾ, ਹੋ’ ਸਦਾ ਸਲਾਮਤ ਰਹੇਗਾ। ਕਈ ਇਤਿਹਾਸਕਾਰ ਮੰਨਦੇ ਹਨ ਕਿ ਦੁੱਲੇ ਦੇ ਪੁਰਖੇ ਅੰਤਰ-ਜਾਤੀ ਵਿਆਹ ਕਰਵਾਉਣ ਕਰਕੇ ਕੁਨਬੇ ’ਚੋਂ ਛੇਕੇ ਗਏ ਸਨ ਤੇ ਉਹ ਬਰਾਸਤਾ ਰਾਜਸਥਾਨ ਬਠਿੰਡੇ ਪਹੁੰਚ ਗਏ। ਭੱਟੀਆਂ ਦੇ ਰੈਣ-ਬਸੇਰੇ ਕਾਰਨ ਹੀ ਇਸ ਨੂੰ ‘ਭੱਟੀ-ਵਿੰਡਾ’ ਕਿਹਾ ਜਾਣ ਲੱਗਾ ਜੋ ਬਾਅਦ ਵਿਚ ਬਠਿੰਡਾ ਬਣ ਗਿਆ। ਬਠਿੰਡੇ ਦੇ ਨਾਮਕਰਨ ਬਾਰੇ ਵੈਸੇ ਹੋਰ ਵੀ ਚੰਦ ਦੰਦ-ਕਥਾਵਾਂ ਮਸ਼ਹੂਰ ਹਨ। ਇਸ ਤੋਂ ਬਾਅਦ ਇਸ ਭੱਟੀ ਕਬੀਲੇ ਦੇ ਕਾਫ਼ਲੇ ਨੇ ਰਚਨਾ ਦੁਆਬ ਵਿਚ ਪੱਕੀਆਂ ਜੜ੍ਹਾਂ ਲਗਾ ਲਈਆਂ। ਉਨ੍ਹਾਂ ਨੇ ਆਪਣੀ ਮਿਹਨਤ-ਮੁਸ਼ੱਕਤ ਨਾਲ ਜੰਗਲ ਵਿਚ ਮੰਗਲ ਕਰ ਲਿਆ। ਬਾਬਰਨਾਮਾ ਵਿਚ ਵੀ ਭੱਟੀਆਂ ਦੇ ਪੁਰਖਿਆਂ ਵੱਲੋਂ ਮੁਗਲਈਆ ਹਕੂਮਤ ਖ਼ਿਲਾਫ਼ ਕੀਤੀਆਂ ਬਗ਼ਾਵਤਾਂ ਦਾ ਜ਼ਿਕਰ ਹੈ। ਅਕਬਰ ਦੀਆਂ ਜਰੀਬਾਂ ਨੇ ਪਿੰਡੀ ਭੱਟੀਆਂ (ਦੁੱਲੇ ਕੇ) ਬਗ਼ਾਵਤ ਦਾ ਬੀਜ ਬੋਇਆ ਸੀ। ਪੰਜ ਪਾਣੀਆਂ ਦੇ ਇਨ੍ਹਾਂ ਜਾਇਆਂ ਨੂੰ ਮਜਬੂਰੀ ਵਿਚ ਧਾੜੇ ਮਾਰਨੇ ਪਏ। ਸਮੇਂ ਦੇ ਹਾਕਮਾਂ ਨੇ ਉਨ੍ਹਾਂ ਨੂੰ ਖਲਨਾਇਕ ਕਿਹਾ ਪਰ ਆਮ ਲੋਕਾਂ ਦੀ ਚੇਤਨਾ ਵਿਚ ਉਹ ਮਹਾਨਾਇਕ ਬਣ ਕੇ ਉੱਭਰੇ। ਲੋਕ ਧਾਰਾਈ ਪ੍ਰਵਾਹ ਦਾ ਉਹ ਅੱਜ ਵੀ ਹਿੱਸਾ ਹਨ। ਕਈਆਂ ਦਾ ਕਹਿਣਾ ਹੈ ਕਿ ਸੂਫ਼ੀਆਂ ਅਤੇ ਬਾਗ਼ੀਆਂ ਦਾ ਪੰਧ ਇੱਕੋ ਜਿਹਾ ਹੈ। ਆਮ ਤੌਰ ’ਤੇ ਲੁੱਟਣ ਵਾਲੇ ਬਦਨਾਮ ਹੁੰਦੇ ਹਨ ਪਰ ਪੰਜ-ਆਬ ਦੇ ਇਹ ਜਾਏ ਲੋਕਾਂ ਖ਼ਾਤਰ ਧਾੜੇ ਮਾਰ ਕੇ ਅਮਰ ਹੋ ਗਏ। ਇਸੇ ਲਈ ਜੱਗਾ ਡਾਕੂ, ਜਿਊਣਾ ਮੋੜ ਅਤੇ ਦੁੱਲਾ ਭੱਟੀ ਦੀਨ-ਦੁਖੀਆਂ ਦੇ ਅੱਜ ਵੀ ਮਸੀਹਾ ਮੰਨੇ ਜਾਂਦੇ ਹਨ। ਸੂਫ਼ੀ-ਸੰਤ ਸ਼ਾਹ ਹੁਸੈਨ ਦੀ ਰੂਹ ਦੁੱਲੇ ਭੱਟੀ ਦੀ ਸ਼ਹਾਦਤ ਤੋਂ ਬਾਅਦ ਕੁਰਲਾਅ ਉੱਠੀ ਸੀ ਤੇ ਉਸ ਨੇ ਭਰੀਆਂ ਅੱਖਾਂ ਨਾਲ ਉਸ ਦੀਆਂ ਅੰਤਿਮ ਰਸਮਾਂ ਨਿਭਾਈਆਂ ਸਨ। ਨਜਮ ਹੁਸੈਨ ਸਈਅਦ ਆਪਣੇ ਨਾਟਕ ‘ਤਖ਼ਤ ਲਾਹੌਰ’ ਵਿਚ ਦੁੱਲੇ ਨੂੰ ‘ਬਲ਼ਦੀ ਸੋਚ’ ਅਤੇ ‘ਮਘਦਾ ਵਿਚਾਰ’ ਕਹਿੰਦਾ ਹੈ। ਉਹ ਉਸ ਨੂੰ ਸਾਂਦਲ ਬਾਰ ਦੇ ਜੰਗਲ-ਬੇਲਿਆਂ ਦਾ ਬੱਬਰ ਸ਼ੇਰ ਮੰਨਦਾ ਹੈ। ਉਹ ਨਗਾਰੇ ’ਤੇ ਡਗਾ ਮਾਰਦਾ ਤਾਂ ਉਸ ਦੀ ਧਮਕ ਲਾਹੌਰ ਦਰਬਾਰ ਵਿਚ ਪੁੱਜਦੀ।

Posted By: Sunil Thapa