ਪਿਛਲੇ ਕੁਝ ਦਿਨਾਂ ਤੋਂ ਉੱਤਰੀ ਭਾਰਤ ਦੇ ਬਹੁਤੇ ਇਲਾਕਿਆਂ ’ਚ ਦਰਮਿਆਨੀ ਤੋਂ ਭਾਰੀ ਵਰਖਾ ਹੋਣ ਕਾਰਨ ਮੈਦਾਨੀ ਇਲਾਕਿਆਂ ’ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਹਿਮਾਚਲ ਦੇ ਮਨਾਲੀ ਸ਼ਹਿਰ ’ਚ ਭਾਰੀ ਮੀਂਹ ਪਿੱਛੋਂ ਬਿਆਸ ਦਰਿਆ ਨੇ ਤਬਾਹੀ ਮਚਾ ਦਿੱਤੀ ਹੈ। ਗੋਸ਼ਲ ਪਿੰਡ ਲਈ ਬਣਾਇਆ ਆਰਜ਼ੀ ਪੁਲ਼ ਦੋਬਾਰਾ ਰੁੜ੍ਹ ਗਿਆ ਹੈ। ਇਕ ਰੈਸਟੋਰੈਂਟ ਬਰਬਾਦ ਹੋ ਗਿਆ ਹੈ। ਇਸੇ ਦਰਿਆ ਨੇ ਗੁਰਦਾਸਪੁਰ ਤੇ ਤਰਨ ਤਾਰਨ ਜ਼ਿਲ੍ਹਿਆਂ ’ਚ ਵੀ ਤਬਾਹੀ ਮਚਾਈ ਹੋਈ ਹੈ। ਹਾਈ-ਅਲਰਟ ਜਾਰੀ ਕੀਤਾ ਜਾ ਚੁੱਕਾ ਹੈ। ਪੰਜਾਬ ਰੋਡਵੇਜ਼ ਨੇ ਹੜ੍ਹ ਮਾਰੇ ਇਲਾਕਿਆਂ ’ਚੋਂ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਲਈ ਵਿਸ਼ੇਸ਼ ਬੱਸਾਂ ਦਾ ਇੰਤਜ਼ਾਮ ਕੀਤਾ ਹੈ। ਹਿਮਾਚਲ ਦੇ ਏਡੀ ਹਾਈਡ੍ਰੋ, ਪਾਰਵਤੀ ਪ੍ਰਾਜੈਕਟ ਨੱਕੋ-ਨੱਕ ਭਰ ਗਏ ਹਨ ਜਿਸ ਕਾਰਨ ਉਨ੍ਹਾਂ ਤੋਂ ਵੱਡੀ ਮਾਤਰਾ ’ਚ ਪਾਣੀ ਛੱਡਿਆ ਜਾ ਰਿਹਾ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਪੰਡੋਹ ਡੈਮ ’ਚ 31,000 ਕਿਊਸਿਕ ਪਾਣੀ ਦੀ ਆਮਦ ਵਧ ਗਈ ਹੈ ਅਤੇ ਉੱਥੋਂ ਵੀ ਪਾਣੀ ਛੇਤੀ ਹੀ ਛੱਡੇ ਜਾਣ ਦੀ ਆਸ ਹੈ। ਹਰ ਪਾਸਿਓਂ ਪਾਣੀ ਦੇ ਇੰਨੇ ਜ਼ਿਆਦਾ ਵਹਾਅ ਕਾਰਨ ਨੀਵੇਂ ਮੈਦਾਨੀ ਇਲਾਕਿਆਂ ’ਚ ਪਾਣੀ ਦਾ ਇਕੱਤਰ ਹੋਣਾ ਸੁਭਾਵਿਕ ਹੈ। ਓਧਰ ਸ੍ਰੀ ਮੁਕਤਸਰ ਸਾਹਿਬ ਦੇ ਦਰਜਨਾਂ ਪਿੰਡਾਂ ’ਚ ਪਾਣੀ ਦੀ ਮਾਰ ਕਾਰਨ ਨਰਮੇ ਤੇ ਝੋਨੇ ਦੀ ਫ਼ਸਲ ਬਰਬਾਦ ਹੋ ਗਈ ਹੈ। ਨਾਲ਼ਿਆਂ ਦੀ ਸਹੀ ਸਮੇਂ ’ਤੇ ਸਫ਼ਾਈ ਨਾ ਹੋਣ ਕਾਰਨ ਅਜਿਹੀ ਹਾਲਤ ਪੈਦਾ ਹੋਈ ਦੱਸੀ ਗਈ ਹੈ। ਮੋਹਾਲੀ, ਪਟਿਆਲਾ, ਸੰਗਰੂਰ ਤੇ ਮਾਨਸਾ ਜ਼ਿਲ੍ਹਿਆਂ ’ਚੋਂ ਲੰਘਦੀ ਘੱਗਰ ਨਦੀ ਵੀ ਹਰ ਸਾਲ ਇਨ੍ਹਾਂ ਦਿਨਾਂ ਦੌਰਾਨ ਚੜ੍ਹ ਜਾਂਦੀ ਹੈ ਪਰ ਇਸ ਵਾਰ ਅਜੇ ਤਕ ਹਾਲਾਤ ਕਾਬੂ ਹੇਠ ਹਨ, ਭਾਵੇਂ ਨਦੀ ਦਾ ਪੱਧਰ ਆਮ ਨਾਲੋਂ ਥੋੜ੍ਹਾ ਜ਼ਿਆਦਾ ਹੈ। ਕੰਢਿਆਂ ਲਾਗਲੇ ਇਲਾਕਿਆਂ ’ਚ ਰਹਿੰਦੇ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਕੁਝ ਘੰਟੇ ਲਗਾਤਾਰ ਮੀਂਹ ਪੈ ਜਾਵੇ ਤਾਂ ਇਲਾਕੇ ਦੇ ਹਾਲਾਤ ਪੂਰੀ ਤਰ੍ਹਾਂ ਬਦਲ ਜਾਂਦੇ ਹਨ। ਹਰ ਸਾਲ ਲੱਖਾਂ ਦੇ ਨੁਕਸਾਨ ਹੋ ਜਾਂਦੇ ਹਨ। ਸਾਲ 2019 ’ਚ ਘੱਗਰ ’ਚ ਹੜ੍ਹ ਆ ਜਾਣ ਕਰਕੇ 10 ਹਜ਼ਾਰ ਏਕੜ ਫ਼ਸਲ ਬਰਬਾਦ ਹੋ ਗਈ ਸੀ। ਪੰਜਾਬ ਦੇ ਬਹੁਤ ਸਾਰੇ ਇਲਾਕੇ ਇਸ ਵੇਲੇ ਜਲ-ਥਲ ਹੋਏ ਪਏ ਹਨ। ਥੋੜ੍ਹੇ ਜਿੰਨੇ ਮੀਂਹ ਨਾਲ ਹੀ ਬਠਿੰਡਾ ਸ਼ਹਿਰ ’ਚ ਕਿਸ਼ਤੀਆਂ ਚੱਲਣ ਲੱਗ ਪੈਂਦੀਆਂ ਹਨ। ਪ੍ਰਭਾਵਿਤ ਇਲਾਕਿਆਂ ਦੇ ਪਿੰਡਾਂ ’ਚ ਫ਼ਸਲਾਂ ਦੀ ਫ਼ਿਕਰ ਕਾਰਨ ਕਿਸਾਨਾਂ ਦੀ ਨੀਂਦ ਉੱਡ ਗਈ ਹੈ। ਸਕੂਲਾਂ ਦੇ ਮੈਦਾਨਾਂ ’ਚ ਤੇ ਉੱਧਰ ਨੂੰ ਜਾਣ ਵਾਲੇ ਰਸਤਿਆਂ ’ਤੇ ਗੋਡੇ-ਗੋਡੇ ਤੇ ਕਿਤੇ ਹੋਰ ਵੀ ਜ਼ਿਆਦਾ ਪਾਣੀ ਖੜ੍ਹਾ ਹੈ ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਵੀ ਹਰਜ ਹੋ ਰਿਹਾ ਹੈ। ਲਗਪਗ ਹਰ ਸ਼ਹਿਰ ਤੇ ਕਸਬੇ ਦੇ ਬਾਜ਼ਾਰਾਂ ’ਚ ਵੀ ਇਸ ਵੇਲੇ ਥਾਂ-ਥਾਂ ਕਿਤੇ ਵੱਧ ਅਤੇ ਕਿਤੇ ਘੱਟ ਪਾਣੀ ਖੜ੍ਹਾ ਹੈ। ਆਮ ਕਾਰੋਬਾਰ ਠੱਪ ਹੋ ਕੇ ਰਹਿ ਗਏ ਹਨ। ਇੰਜ ਆਮ ਜਨ-ਜੀਵਨ ਉੱਤੇ ਇਸ ਵਾਰ ਬਰਸਾਤ ਦੇ ਮੌਸਮ ਦਾ ਕੁਝ ਜ਼ਿਆਦਾ ਹੀ ਅਸਰ ਵੇਖਣ ਨੂੰ ਮਿਲ ਰਿਹਾ ਹੈ। ਜਦੋਂ ਹਰ ਵਰ੍ਹੇ ਬਰਸਾਤ ਦੌਰਾਨ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ, ਤਦ ਪ੍ਰਸ਼ਾਸਨ ਨੂੰ ਇਹਤਿਆਤ ਵਜੋਂ ਅਗਾਊਂ ਹੀ ਲੋੜੀਂਦੇ ਪ੍ਰਬੰਧ ਕਰ ਕੇ ਰੱਖਣੇ ਚਾਹੀਦੇ ਹਨ। ਡਰੇਨੇਜ ਵਿਭਾਗ ਨੂੰ ਨੀਵੇਂ ਖੇਤਰਾਂ ’ਚ ਖੜ੍ਹਾ ਪਾਣੀ ਕੱਢਣ ਲਈ ਵੱਡੇ ਪੰਪ ਤਿਆਰ ਰੱਖਣੇ ਚਾਹੀਦੇ ਹਨ। ਉਂਜ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਸੰਭਾਵੀ ਹੜ੍ਹਾਂ ਦੇ ਖ਼ਤਰੇ ਨੂੰ ਧਿਆਨ ’ਚ ਰੱਖਦਿਆਂ ਪਸ਼ੂ-ਧਨ ਦੀ ਰਾਖੀ ਤੇ ਸਾਂਭ-ਸੰਭਾਲ ਲਈ ਰਾਜ ਤੇ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਆਸ ਹੈ ਕਿ ਪੰਜਾਬ ’ਚ ਜਾਨ ਤੇ ਮਾਲ ਦੀ ਮੁਕੰਮਲ ਰਾਖੀ ਨੂੰ ਯਕੀਨੀ ਬਣਾਇਆ ਜਾਵੇਗਾ।

Posted By: Jagjit Singh