ਆਧੁਨਿਕ ਯੁੱਗ ਨੂੰ ਲੋਕਤੰਤਰ ਦਾ ਯੁੱਗ ਕਿਹਾ ਜਾਂਦਾ ਹੈ। ਲੋਕਤੰਤਰ 'ਚ ਨੇਤਾਵਾਂ ਤੇ ਲੋਕਾਂ ਦਾ ਬਹੁਤ ਨਜ਼ਦੀਕੀ ਸਬੰਧ ਹੁੰਦਾ ਹੈ। ਕੋਈ ਵੀ ਨੇਤਾ ਆਪਣੇ ਵੋਟਰਾਂ ਦੇ ਵਿਰੁੱਧ ਕੰਮ ਨਹੀਂ ਕਰ ਸਕਦਾ। ਉਸ ਨੂੰ ਪਤਾ ਹੁੰਦਾ ਹੈ ਕਿ ਜੇ ਉਹ ਜਨਤਾ ਦੀਆਂ ਭਾਵਨਾਵਾਂ ਦਾ ਧਿਆਨ ਨਹੀਂ ਰੱਖੇਗਾ ਤਾਂ ਅਗਲੀ ਵਾਰ ਲੋਕ ਉਸ ਨੂੰ ਵੋਟ ਨਹੀਂ ਪਾਉਣਗੇ। ਜਮਹੂਰੀਅਤ 'ਚ ਲੋਕਾਂ ਦੀ ਰਾਏ ਜਾਣਨ ਦਾ ਵਧੀਆ ਮੌਕਾ ਮਿਲਦਾ ਹੈ। ਲੋਕਾਂ ਦੀ ਰਾਏ ਜਾਣ ਕੇ ਨੀਤੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਲੋਕਤੰਤਰ 'ਚ ਸਾਰੇ ਲੋਕਾਂ ਨੂੰ ਬਹੁਤ ਸਾਰੇ ਅਧਿਕਾਰ ਪ੍ਰਾਪਤ ਹਨ। ਲੋਕ ਆਪਣੀ ਮਰਜ਼ੀ ਅਨੁਸਾਰ ਜੀਵਨ ਬਤੀਤ ਕਰ ਸਕਦੇ ਹਨ ਤੇ ਉਹ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਨਿੰਦਾ ਵੀ ਕਰ ਸਕਦੇ ਹਨ। ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਨਤਾ ਦੀਆਂ ਇੱਛਾਵਾਂ ਨੁੰ ਪੂਰਾ ਕਰੇ। ਲੋਕਤੰਤਰ ਦੇ ਗੁਣਾਂ ਤੋਂ ਇਲਾਵਾ ਜੇ ਔਗੁਣਾਂ ਵੱਲ ਦੇਖੀਏ ਤਾਂ ਇਸ ਦੀ ਗਿਣਤੀ ਵੀ ਘੱਟ ਨਜ਼ਰ ਨਹੀਂ ਆਉਂਦੀ। ਸਭ ਤੋਂ ਵੱਡਾ ਔਗੁਣ ਇਹ ਹੈ ਇਸ ਵਿਚ ਗੁਣਾਂ ਨੂੰ ਛੱਡ ਕੇ ਗਿਣਤੀ ਵੱਲ ਧਿਆਨ ਦਿੱਤਾ ਜਾਂਦਾ ਹੈ। ਵੋਟ ਪਾਉਣ ਤੇ ਵੋਟਾਂ 'ਚ ਭਾਗ ਲੈਣ ਲਈ ਕੋਈ ਨਾ ਕੋਈ ਯੋਗਤਾ ਨਿਸ਼ਚਿਤ ਹੋਣੀ ਚਾਹੀਦੀ ਹੈ। ਅਨਪੜ੍ਹ ਵਿਅਕਤੀ ਆਪਣੀ ਵੋਟ ਦਾ ਵਧੀਆ ਇਸਤੇਮਾਲ ਨਹੀਂ ਕਰ ਸਕਦਾ। ਸਾਡੇ ਦੇਸ਼ ਦੀਆਂ ਚੋਣਾਂ ਬਹੁਤ ਖ਼ਰਚੀਲੀਆਂ ਹੁੰਦੀਆਂ ਹਨ। ਸਾਰੀਆਂ ਹੀ ਪਾਰਟੀਆਂ ਅਮੀਰ ਲੋਕਾਂ ਤੋਂ ਭਾਰੀ ਫੰਡ ਇੱਕਠਾ ਕਰਦੀਆਂ ਹਨ। ਜਦੋਂ ਸਰਕਾਰ ਬਣ ਜਾਂਦੀ ਹੈ ਤਾਂ ਇਹ ਲੋਕ ਦਿੱਤੇ ਗਏ ਫੰਡ ਤੋਂ ਦਸ ਗੁਣਾ ਰਾਸ਼ੀ ਵਸੂਲ ਕਰ ਜਾਂਦੇ ਹਨ। ਲੀਡਰ ਵੀ ਇਸ ਲਪੇਟੇ 'ਚ ਆ ਜਾਂਦੇ ਹਨ। ਬੈਂਕਾਂ ਨਾਲ ਕਰੋੜਾਂ ਰੁਪਏ ਦਾ ਘਪਲਾ ਕਰ ਕੇ ਬਹੁਤ ਸਾਰੇ ਵਪਾਰੀ ਵਿਦੇਸ਼ਾਂ 'ਚ ਬੈਠ ਗਏ ਹਨ। ਲੋਕਤੰਤਰ 'ਚ ਸਰਕਾਰ ਨੂੰ ਸਥਿਰ ਸਰਕਾਰ ਨਹੀਂ ਮੰਨਿਆ ਜਾਂਦਾ। ਸਰਕਾਰ ਰਾਸ਼ਟਰੀ ਹਿੱਤ ਨੂੰ ਛੱਡ ਕੇ ਆਪਣੇ ਹਿੱਤ ਵੱਲ ਜ਼ਿਆਦਾ ਧਿਆਨ ਦਿੰਦੀ ਹੈ। ਸੰਕਟਕਾਲ ਦੀ ਸਥਿਤੀ ਵਿੱਚ ਕੋਈ ਵੀ ਫ਼ੈਸਲਾ ਜਲਦੀ 'ਚ ਲੈਣਾ ਹੁੰਦਾ ਹੈ ਪਰ ਲੋਕਤੰਤਰ 'ਚ ਇਹ ਨਹੀਂ ਲਿਆ ਜਾ ਸਕਦਾ। ਹਰੇਕ ਵਿਅਕਤੀ ਨੂੰ ਆਪਣੀ ਮਰਜ਼ੀ ਨਾਲ ਜੀਵਣ ਜਿਊਣ ਦਾ ਅਧਿਕਾਰ ਹੈ। ਕਈ ਚਲਾਕ ਵਿਅਕਤੀ ਰੰਗ,ਨਸਲ,ਕੌਮ ਤੇ ਧਰਮ ਦੇ ਨਾਂ 'ਤੇ ਲੋਕਾਂ ਨੂੰ ਗੁਮਰਾਹ ਕਰ ਜਾਂਦੇ ਹਨ। ਸਾਡੇ ਲੀਡਰ ਵੀ ਇਨ੍ਹਾਂ ਦੀਆਂ ਚਾਲਾਂ 'ਚ ਫਸ ਜਾਂਦੇ ਹਨ। ਅਮੀਰ ਵਿਅਕਤੀਆਂ ਤੋਂ ਫੰਡ ਲੈਣ ਵਾਲੇ ਲੀਡਰ ਵੀ ਉਨ੍ਹਾਂ ਅਨੁਸਾਰ ਕੰਮ ਕਰਦੇ ਹਨ। ਗਿਣਤੀ ਨਾਲੋਂ ਗੁਣਾਂ ਵੱਲ ਧਿਆਨ ਦੀ ਲੋੜ ਹੈ। ਬਰਾਬਰੀ ਦੇ ਅਧਿਕਾਰ 'ਤੇ ਵੀ ਨਜ਼ਰਸਾਨੀ ਕਰਨੀ ਚਾਹੀਦੀ ਹੈ। ਉਮੀਦਵਾਰ ਵੱਲੋਂ ਖ਼ਰਚ ਕੀਤੇ ਪੈਸੇ ਦੀ ਹੱਦ ਹੋਣੀ ਚਾਹੀਦੀ ਹੈ। ਚੋਣ ਕਮਿਸ਼ਨ ਨੂੰ ਸਖ਼ਤੀ ਨਾਲ ਇਸ ਪਾਸੇ ਨਕੇਲ ਕਸਣੀ ਚਾਹੀਦੀ ਹੈ ਤਾਂ ਜੋ ਅਮੀਰ ਵਿਅਕਤੀ ਫੰਡ ਦੇ ਕੇ ਆਪਣੇ ਪੱਖ ਦੀਆਂ ਨੀਤੀਆਂ ਨਾ ਤਿਆਰ ਕਰਵਾ ਸਕਣ ਤੇ ਸਾਡਾ ਲੋਕਤੰਤਰ ਭ੍ਰਿਸ਼ਟਾਚਾਰ ਤੋਂ ਦੂਰ ਰਹੇ। ਭ੍ਰਿਸ਼ਟ ਲੀਡਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਫੇਰ ਹੀ ਅਸੀਂ ਅਸਲ ਅਰਥਾਂ 'ਚ ਜਮਹੂਰੀਅਤ ਦੀ ਕਾਮਨਾ ਕਰ ਸਕਦੇ ਹਾਂ ।

- ਸੰਜੇ ਕੁਮਾਰ,ਨਾਭਾ। ਸੰਪਰਕ ਨੰ: 95010-21184

Posted By: Susheel Khanna