v> ਦਿੱਲੀ 'ਚ ਨਾਜਾਇਜ਼ ਤੌਰ 'ਤੇ ਚੱਲ ਰਹੇ ਕਾਰਖਾਨੇ 'ਚ ਲੱਗੀ ਅੱਗ ਨਾਲ 43 ਲੋਕਾਂ ਦੀ ਮੌਤ ਅਸਲ 'ਚ ਕਾਇਦੇ-ਕਾਨੂੰਨਾਂ ਦੀ ਘੋਰ ਅਣਦੇਖੀ ਦਾ ਨਤੀਜਾ ਹੈ। ਇਸ ਕਾਰਖਾਨੇ 'ਚ ਅੱਗ ਭਾਵੇਂ ਹੀ ਸ਼ਾਰਟ ਸਰਕਟ ਨਾਲ ਲੱਗੀ ਹੋਵੇ ਪਰ ਇੱਥੇ ਹੋਈਆਂ ਮੌਤਾਂ ਦਾ ਜ਼ਿੰਮੇਵਾਰ ਦਿੱਲੀ ਦਾ ਪ੍ਰਸ਼ਾਸਨ ਵੀ ਹੈ। ਦੇਸ਼ ਦੀ ਰਾਜਧਾਨੀ 'ਚ ਵੀ ਨਾਜਾਇਜ਼ ਤੌਰ 'ਤੇ ਕਾਰਖਾਨੇ ਚੱਲਣਾ ਪ੍ਰਸ਼ਾਸਨ ਦੀ ਬੇਧਿਆਨੀ ਹੀ ਹੈ। ਇਸ ਨਾਲ ਸੰਤੁਸ਼ਟ ਨਹੀਂ ਹੋਇਆ ਜਾ ਸਕਦਾ ਕਿ ਕਾਰਖਾਨੇ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰੀ ਤਾਂ ਉਨ੍ਹਾਂ ਦੀ ਵੀ ਹੋਣੀ ਚਾਹੀਦੀ ਹੈ, ਜਿਨ੍ਹਾਂ 'ਤੇ ਇਹ ਦੇਖਣ ਦੀ ਜ਼ਿੰਮੇਵਾਰੀ ਹੈ ਕਿ ਕੋਈ ਫੈਕਟਰੀ ਕਾਇਦੇ-ਕਾਨੂੰਨਾਂ ਦੀ ਉਲੰਘਣਾ ਕਰ ਕੇ ਨਾ ਚੱਲੇ। ਇਹ ਫੈਕਟਰੀ ਨਾ ਸਿਰਫ਼ ਚੋਰੀ-ਛਿਪੇ ਚਲਾਈ ਜਾ ਰਹੀ ਸੀ ਸਗੋਂ ਇੱਥੇ ਸੁਰੱਖਿਆ ਦੇ ਘੱਟੋ-ਘੱਟ ਉਪਾਅ ਵੀ ਨਹੀਂ ਸਨ ਤੇ ਉਹ ਵੀ ਉਸ ਸਮੇਂ, ਜਦੋਂ ਇੱਥੇ ਜਲਣਸ਼ੀਲ ਉਤਪਾਦ ਤਿਆਰ ਕੀਤੇ ਜਾ ਰਹੇ ਸਨ। ਅਸਲ 'ਚ ਇਸੇ ਕਾਰਨ ਏਨੇ ਜ਼ਿਆਦਾ ਲੋਕ ਮਾਰੇ ਗਏ। ਇਨ੍ਹਾਂ ਮੌਤਾਂ 'ਤੇ ਅਫ਼ਸੋਸ ਜ਼ਾਹਿਰ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕਰਨਾ ਮਹਿਜ਼ ਖਾਨਾਪੂਰਤੀ ਹੀ ਹੈ। ਇਸ ਤੋਂ ਪਹਿਲਾਂ ਵੀ ਕਰਤੱਵ ਨਿਭਾਉਣ ਦਾ ਦਿਖਾਵਾ ਕਈ ਵਾਰ ਕੀਤਾ ਜਾ ਚੁੱਕਿਆ ਹੈ। ਕੁਝ ਮਹੀਨੇ ਪਹਿਲਾਂ ਕਰੋਲਬਾਗ਼ ਇਲਾਕੇ 'ਚ ਇਕ ਹੋਟਲ 'ਚ ਅੱਗ ਲੱਗਣ ਨਾਲ ਇਕ ਦਰਜਨ ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। ਇਸ ਤੋਂ ਪਹਿਲਾਂ ਬਵਾਨਾ ਇਲਾਕੇ 'ਚ ਇਕ ਫੈਕਟਰੀ 'ਚ ਤਕਰੀਬਨ 20 ਜਣਿਆਂ ਦੀ ਅੱਗ 'ਚ ਸੜਨ ਨਾਲ ਮੌਤ ਹੋ ਗਈ ਸੀ। ਹੁਣ ਇਕ ਹੋਰ ਫੈਕਟਰੀ 'ਚ ਅੱਗ ਲੱਗਣ ਨਾਲ ਹੋਇਆ ਵਿਆਪਕ ਨੁਕਸਾਨ ਇਹੋ ਦੱਸ ਰਿਹਾ ਹੈ ਕਿ ਪਿਛਲੀਆਂ ਘਟਨਾਵਾਂ ਤੋਂ ਕੋਈ ਸਬਕ ਨਹੀਂ ਲਿਆ ਗਿਆ। ਪਿਛਲੇ ਕੁਝ ਸਾਲਾਂ 'ਚ ਕਾਇਦੇ-ਕਾਨੂੰਨਾਂ ਨੂੰ ਛਿੱਕੇ ਟੰਗਦਿਆਂ ਤੇ ਸੁਰੱਖਿਆ ਉਪਾਆਂ ਦੀ ਅਣਦੇਖੀ ਕਾਰਨ ਅੱਗ ਲੱਗਣ ਦੀਆਂ ਏਨੀਆਂ ਜ਼ਿਆਦਾ ਘਟਨਾਵਾਂ ਵਾਪਰ ਚੁੱਕੀਆਂ ਹਨ ਕਿ ਅਜਿਹਾ ਲੱਗਦਾ ਹੈ ਕਿ ਰਾਜਧਾਨੀ ਦੇ ਹਾਲਤ ਹਾਲੇ ਵੀ ਉਹੋ ਜਿਹੇ ਹੀ ਹਨ, ਜਿਹੋ ਜਿਹੇ ਉਸ ਸਮੇਂ ਸਨ, ਜਦੋਂ ਉਪਹਾਰ ਸਿਨੇਮਾਘਰ 'ਚ ਲੱਗੀ ਅੱਗ ਨੇ ਦਰਜਨਾਂ ਲੋਕਾਂ ਦੀ ਜਾਨ ਲੈ ਲਈ ਸੀ। ਜਦੋਂ ਨਿਯਮਾਂ ਦੀ ਪਾਲਣਾ ਦੇ ਮਾਮਲੇ 'ਚ ਦੇਸ਼ ਦੀ ਰਾਜਧਾਨੀ ਦਾ ਏਨਾ ਬੁਰਾ ਹਾਲ ਹੈ ਤਾਂ ਇਸ ਦੀ ਕਲਪਨਾ ਕਰਨੀ ਮੁਸ਼ਕਲ ਨਹੀਂ ਕਿ ਦੂਰ-ਦੁਰਾਡੇ ਦੇ ਇਲਾਕਿਆਂ 'ਚ ਹਾਲਤ ਕਿੰਨੀ ਤਰਸਯੋਗ ਹੋਵੇਗੀ। ਇਸ ਤਰਸਯੋਗ ਹਾਲਤ ਦੇ ਸਬੂਤ ਆਏ ਦਿਨ ਮਿਲਦੇ ਵੀ ਰਹਿੰਦੇ ਹਨ। ਅਜਿਹੀਆਂ ਘਟਨਾਵਾਂ ਭ੍ਰਿਸ਼ਟ ਨੌਕਰਸ਼ਾਹੀ ਤੇ ਨਾਲ ਹੀ ਵੋਟ ਬੈਂਕ ਦੀ ਰਾਜਨੀਤੀ ਦੀ ਦੇਣ ਹਨ। ਯੋਜਨਾਬੱਧ ਵਿਕਾਸ ਵਿਰੋਧੀ ਇਸੇ ਗੰਦੀ ਰਾਜਨੀਤੀ ਕਾਰਨ ਨਾਜਾਇਜ਼ ਵਸੋਂ ਤੇ ਕਮਰਸ਼ੀਅਲ ਟਿਕਾਣਿਆਂ ਦਾ ਬੇਤਰਤੀਬਾ ਜਾਲ ਸਾਰੇ ਦੇਸ਼ 'ਚ ਫੈਲਦਾ ਜਾ ਰਿਹਾ ਹੈ। ਇਹੋ ਜਾਲ ਤਰ੍ਹਾਂ-ਤਰ੍ਹਾਂ ਦੇ ਹਾਦਸਿਆਂ ਨੂੰ ਜਨਮ ਦਿੰਦਾ ਹੈ। ਇਹ ਹਾਦਸੇ ਸਿਰਫ਼ ਲੋਕਾਂ ਦੀ ਜਾਨ ਹੀ ਨਹੀਂ ਲੈਂਦੇ ਸਗੋਂ ਦੇਸ਼ ਦੀ ਬਦਨਾਮੀ ਵੀ ਕਰਦੇ ਹਨ। ਵਿਡੰਬਨਾ ਇਹ ਹੈ ਕਿ ਇਸ ਦੇ ਬਾਵਜੂਦ ਅਸੀਂ ਵਿਕਸਤ ਦੇਸ਼ ਬਣਨ ਦਾ ਦਮ ਭਰਦੇ ਹਾਂ।

Posted By: Rajnish Kaur