ਬਟਾਲਾ ਦੀ ਪਟਾਕਾ ਫੈਕਟਰੀ 'ਚ ਧਮਾਕੇ ਮਗਰੋਂ ਇਕ ਪੀੜਤ ਪਰਿਵਾਰ ਨੂੰ ਲੈ ਕੇ ਡੀਸੀ ਗੁਰਦਾਸਪੁਰ, ਵਿਪੁਲ ਉਜਵਲ ਕੋਲ ਪਹੁੰਚੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਬੈਂਸ 'ਤੇ ਦੋਸ਼ ਹਨ ਕਿ ਉਨ੍ਹਾਂ ਡੀਸੀ ਨੂੰ ਨਾ ਸਿਰਫ਼ ਧਮਕਾਇਆ ਬਲਕਿ ਉਨ੍ਹਾਂ ਪ੍ਰਤੀ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਵੀ ਕੀਤਾ। ਇਸ ਸਾਰੇ ਘਟਨਾਕ੍ਰਮ ਦੀਆਂ ਵੀਡੀਓਜ਼ ਬਣਾਈਆਂ ਗਈਆਂ ਜਿਹੜੀਆਂ ਬਾਅਦ 'ਚ ਐਡਿਟ ਕਰ ਕੇ ਵਾਇਰਲ ਕਰ ਦਿੱਤੀਆਂ ਗਈਆਂ। ਬੈਂਸ ਦੀ ਅਜਿਹੀ ਕਾਰਵਾਈ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਾਸੇ ਨਾਰਾਜ਼ ਹੋਏ। ਉਨ੍ਹਾਂ ਦੇ ਆਦੇਸ਼ਾਂ 'ਤੇ ਵਿਧਾਇਕ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਕਿਸੇ ਵੀ ਅਧਿਕਾਰੀ ਨੂੰ ਇਸ ਤਰ੍ਹਾਂ ਦੀਆਂ ਧਮਕੀਆਂ ਦਿੱਤੇ ਜਾਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੂਜੇ ਪਾਸੇ ਵਿਧਾਇਕ ਬੈਂਸ ਦਾ ਕਹਿਣਾ ਹੈ ਕਿ ਪਰਚਾ ਦਰਜ ਹੋਣਾ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਅਕਾਲੀ ਸਰਕਾਰ ਵੇਲੇ ਵੀ ਉਨ੍ਹਾਂ 'ਤੇ ਪਰਚੇ ਦਰਜ ਹੁੰਦੇ ਰਹਿੰਦੇ ਸਨ। ਉਹ ਗ੍ਰਿਫ਼ਤਾਰੀ ਤੋਂ ਨਹੀਂ ਡਰਦੇ ਅਤੇ ਨਾ ਹੀ ਜੇਲ੍ਹ ਜਾਣੋਂ। ਅਸਲ 'ਚ ਉਨ੍ਹਾਂ ਸਿਟੀ ਸੈਂਟਰ ਘੁਟਾਲੇ ਅਤੇ ਸੀਬੀਆਈ ਦੀ ਕਲੋਜ਼ਰ ਰਿਪੋਰਟ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਪਾਈ ਹੋਈ ਹੈ। ਇਸ ਸਬੰਧੀ ਸਰਕਾਰ ਬੌਖਲਾਹਟ 'ਚ ਹੈ ਅਤੇ ਉਨ੍ਹਾਂ 'ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿਉਂਕਿ ਇਸ ਵਿਚ ਮੁੱਖ ਮੰਤਰੀ ਦਾ ਨਾਂ ਵੀ ਬੋਲਦਾ ਹੈ। ਵਿਧਾਇਕ ਦੇ ਵਿਰੋਧ ਵਿਚ ਜਿੱਥੇ ਗੁਰਦਾਸਪੁਰ ਜ਼ਿਲ੍ਹੇ ਵਿਚ ਸਰਕਾਰੀ ਦਫ਼ਤਰਾਂ ਵਿਚ ਕਲਮਛੋੜ ਹੜਤਾਲ ਕੀਤੀ ਗਈ ਉੱਥੇ ਹੀ ਸੂਬੇ ਦੇ ਅਧਿਕਾਰੀਆਂ ਦੀਆਂ ਜੱਥੇਬੰਦੀਆਂ ਨੇ ਵੀ ਬੈਂਸ ਖ਼ਿਲਾਫ਼ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ। ਦਰਅਸਲ, ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਸਿਮਰਜੀਤ ਸਿੰਘ ਬੈਂਸ ਵਿਵਾਦਾਂ 'ਚ ਘਿਰੇ ਹੋਣ। ਅਕਾਲੀ-ਭਾਜਪਾ ਸਰਕਾਰ ਵੇਲੇ ਉਨ੍ਹਾਂ ਲੁਧਿਆਣਾ ਦੇ ਇਕ ਤਹਿਸੀਲਦਾਰ ਨਾਲ ਕੁੱਟਮਾਰ ਕੀਤੀ ਸੀ। ਉਨ੍ਹਾਂ ਦੇ ਰਵੱਈਏ ਸਬੰਧੀ ਪਾਸਪੋਰਟ ਅਧਿਕਾਰੀ ਨੇ ਵੀ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ। ਅਜਿਹੀਆਂ ਬਹੁਤ ਸਾਰੀਆਂ ਮਿਸਾਲਾਂ ਹਨ ਜਦੋਂ ਬੈਂਸ ਸਰਕਾਰੀ ਅਧਿਕਾਰੀਆਂ ਨਾਲ ਉਲਝੇ। ਇਸ 'ਚ ਕੋਈ ਸ਼ੱਕ ਨਹੀਂ ਕਿ ਸਿਮਰਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਲੋਕਾਂ ਦੇ ਨੁਮਾਇੰਦੇ ਹਨ। ਲੁਧਿਆਣਾ ਜ਼ਿਲ੍ਹੇ ਵਿਚ ਉਨ੍ਹਾਂ ਦਾ ਕਾਫ਼ੀ ਆਧਾਰ ਹੈ। ਉਨ੍ਹਾਂ ਨੇ ਲੋਕ ਇਨਸਾਫ਼ ਪਾਰਟੀ (ਲਿਪ) ਬਣਾਈ ਹੋਈ ਹੈ। ਲੋਕ ਉਨ੍ਹਾਂ ਦਾ ਕਾਫ਼ੀ ਸਤਿਕਾਰ ਵੀ ਕਰਦੇ ਹਨ। ਉਹ ਲੋਕ ਭਲਾਈ ਦੇ ਕੰਮਾਂ ਲਈ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਵਿਚ ਵੀ ਰਹਿੰਦੇ ਹਨ। ਇਸ ਦੇ ਬਾਵਜੂਦ ਇਹ ਕਿਤੇ ਨਹੀਂ ਲਿਖਿਆ ਕਿ ਇਕ ਚੁਣਿਆ ਹੋਇਆ ਜਨ ਪ੍ਰਤੀਨਿਧੀ ਕਿਸੇ ਵੀ ਪ੍ਰਸ਼ਾਸਕੀ ਅਧਿਕਾਰੀ ਨੂੰ ਜ਼ਲੀਲ ਕਰ ਦੇਵੇ ਅਤੇ ਕਿਤੇ ਵੀ ਜਾ ਕੇ ਆਪਣੀ ਗੱਲ ਧੱਕੇ ਨਾਲ ਮਨਵਾਉਣ ਦੀ ਕੋਸ਼ਿਸ਼ ਕਰੇ। ਹਾਂ, ਜੇ ਕਿਸੇ ਵਿਧਾਇਕ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਕੋਈ ਸਰਕਾਰੀ ਅਧਿਕਾਰੀ ਉਸ ਦੀ ਵਾਜਿਬ ਗੱਲ ਨਹੀਂ ਮੰਨਦਾ ਤਾਂ ਉਹ ਅਜਿਹਾ ਮੁੱਦਾ ਵਿਧਾਨ ਸਭਾ ਵੱਲੋਂ ਬਣਾਈ ਗਈ ਮਰਿਆਦਾ ਕਮੇਟੀ ਵਿਚ ਉਠਾ ਸਕਦਾ ਹੈ। ਆਮ ਜਨਤਾ ਆਪਣੇ ਪ੍ਰਤੀਨਿਧਾਂ ਤੋਂ ਅਜਿਹੀ ਉਮੀਦ ਬਿਲਕੁਲ ਨਹੀਂ ਕਰਦੀ ਕਿ ਉਹ ਪਹਿਲਾਂ ਤੋਂ ਹੀ ਹਫੜਾ-ਦਫੜੀ ਵਾਲੇ ਮਾਹੌਲ ਵਿਚ ਆਪਣੇ ਕਰਮਾਂ ਨਾਲ ਹੋਰ ਸਮੱਸਿਆ ਖੜ੍ਹੀ ਕਰਨ। ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਵਿਧਾਇਕ ਸਿਮਰਜੀਤ ਸਿੰਘ ਬੈਂਸ ਸ਼ਾਲੀਨਤਾ ਦਾ ਪੱਲਾ ਫੜਦੇ ਹੋਏ ਮਰਿਆਦਾ ਦਾ ਪਾਲਣ ਕਰਨ।

Posted By: Jagjit Singh