-ਡਾ. ਮਨੀਸ਼ਾ ਬੱਤਰਾ

ਅੱਜਕੱਲ੍ਹ ਭੀੜ ਵੱਲੋਂ ਕੁੱਟਮਾਰ ਕਰਨ ਦੀਆਂ ਘਟਨਾਵਾਂ 'ਚ ਇੰਨਾ ਵਾਧਾ ਕਿਸ ਕਾਰਨ ਹੋ ਰਿਹਾ ਹੈ? ਇਸ ਲਈ ਕੌਣ ਜ਼ਿੰਮੇਵਾਰ ਹਨ? ਅਜਿਹਾ ਕੀ ਵਾਪਰਦਾ ਹੈ ਕਿ ਇੰਨੇ ਲੋਕਾਂ ਨੂੰ ਇੱਕੋ ਖ਼ਬਰ ਦਾ ਪਤਾ ਇੰਨੀ ਤੇਜ਼ੀ ਨਾਲ ਲੱਗ ਜਾਂਦਾ ਹੈ ਅਤੇ ਭੀੜ ਇਕੱਠੀ ਹੋ ਜਾਂਦੀ ਹੈ? ਅਜਿਹੇ ਬਹੁਤ ਸਾਰੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਜ਼ਰੂਰੀ ਹਨ। ਪਹਿਲਾਂ ਤਾਂ ਗਊ ਮਾਸ ਅਤੇ ਗਊ ਤਸਕਰੀ ਦੇ ਸ਼ੱਕ ਵਿਚ ਜਾਂ ਇਕ-ਅੱਧੇ ਹੋਰ ਮੁੱਦੇ ਨੂੰ ਲੈ ਕੇ ਭੀੜ ਦੁਆਰਾ ਲਿੰਚਿੰਗ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਪਰ ਹੁਣ ਤਾਂ ਹਾਲਾਤ ਇਸ ਕਦਰ ਬਦਲ ਚੁੱਕੇ ਹਨ ਕਿ ਸੰਵੇਦਨਸ਼ੀਲ ਧਾਰਮਿਕ ਮੁੱਦਿਆਂ ਤੋਂ ਇਲਾਵਾ 'ਸਾਈਕਲ ਚੋਰੀ' ਅਤੇ 'ਬੱਚੇ ਚੋਰੀ ਦੇ ਸ਼ੱਕ' ਉੱਤੇ ਵੀ ਮੌਬ ਲਿੰਚਿੰਗ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜੇ ਧਿਆਨ ਦਿੱਤਾ ਜਾਵੇ ਤਾਂ ਪਿਛਲੇ ਹਫ਼ਤੇ ਮੀਡੀਆ ਵਿਚ ਆਈਆਂ ਖ਼ਬਰਾਂ ਅਨੁਸਾਰ ਇਕ ਹਫ਼ਤੇ ਦੇ ਅੰਦਰ-ਅੰਦਰ ਸਿਰਫ਼ ਉੱਤਰ ਪ੍ਰਦੇਸ਼ 'ਚ ਹੀ ਮੌਬ ਲਿੰਚਿੰਗ ਦੀਆਂ 20 ਤੋਂ ਜ਼ਿਆਦਾ ਘਟਨਾਵਾਂ ਵਾਪਰੀਆਂ ਸਨ। ਹੁਣ ਤਾਂ ਰਾਜਧਾਨੀ ਦਿੱਲੀ ਵੀ ਪਿੱਛੇ ਨਹੀਂ ਰਹੀ। ਦਿੱਲੀ ਦੇ ਹਰਸ਼ ਵਿਹਾਰ ਵਿਚ ਪਿਛਲੇ ਦਿਨੀਂ ਭੀੜ ਨੇ ਬੱਚਾ ਚੁੱਕਣ ਦੇ ਸ਼ੱਕ ਵਿਚ ਇਕ ਬੋਲਣ-ਸੁਣਨ ਤੋਂ ਅਸਮਰੱਥ ਗਰਭਵਤੀ ਨੂੰ ਬੁਰੀ ਤਰ੍ਹਾਂ ਕੁੱਟਿਆ।

ਇਸ ਤੋਂ ਇਲਾਵਾ ਅਗਸਤ ਮਹੀਨੇ ਦੀ ਘਟਨਾ ਅਨੁਸਾਰ ਡੀਟੀਸੀ ਦੀ ਬੱਸ ਵਿਚ ਚੋਰੀ ਦੇ ਸ਼ੱਕ ਵਿਚ ਇਕ ਨਾਬਾਲਗ ਮੁੰਡੇ ਨੂੰ ਨੰਗਾ ਕਰ ਕੇ ਭੀੜ ਨੇ ਚੱਲਦੀ ਬੱਸ 'ਚੋਂ ਸੜਕ 'ਤੇ ਸੁੱਟ ਦਿੱਤਾ। ਗਾਜ਼ੀਆਬਾਦ ਤੋਂ ਲੋਨੀ ਨੂੰ ਜਾ ਰਹੀ ਬੱਚੇ ਦੀ ਦਾਦੀ ਲੋਕਾਂ ਨੇ ਬੱਚਾ ਚੋਰੀ ਦੇ ਸ਼ੱਕ ਵਿਚ ਕੁੱਟ-ਕੁੱਟ ਕੇ ਅੱਧਮੋਈ ਕਰ ਦਿੱਤੀ। ਹਰਿਆਣਾ ਦੇ ਰਿਵਾੜੀ ਜ਼ਿਲ੍ਹੇ ਵਿਚ ਬੱਚੀ ਨੂੰ ਲਿਜਾ ਰਹੇ ਮਾਮੇ ਨੂੰ ਭੀੜ ਨੇ ਬਹੁਤ ਬੁਰੀ ਤਰ੍ਹਾਂ ਝੰਬ ਸੁੱਟਿਆ।

ਸਤੰਬਰ ਮਹੀਨੇ ਬਿਹਾਰ ਵਿਚ ਬੱਚਾ ਚੋਰੀ ਦੇ ਸ਼ੱਕ ਵਿਚ ਕੁੱਟ ਖਾ ਰਹੇ ਨੌਜਵਾਨ ਨੂੰ ਪੁਲਿਸ ਨੇ ਬਹੁਤ ਮੁਸ਼ਕਲ ਨਾਲ ਭੀੜ ਤੋਂ ਛੁਡਵਾਇਆ ਜਿਸ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ। ਇਹ ਤਾਂ ਉਹ ਘਟਨਾਵਾਂ ਹਨ ਜਿਨ੍ਹਾਂ ਨੂੰ ਅਖ਼ਬਾਰਾਂ ਜਾਂ ਮੀਡੀਆ ਵਿਚ ਸਥਾਨ ਮਿਲ ਗਿਆ ਜਦੋਂਕਿ ਕਈ ਅਜਿਹੀਆਂ ਘਟਨਾਵਾਂ ਵੀ ਵਾਪਰਦੀਆਂ ਹਨ ਜਿਨ੍ਹਾਂ ਦਾ ਕਿਸੇ ਨੂੰ ਕੋਈ ਪਤਾ ਹੀ ਨਹੀਂ ਲੱਗਦਾ। ਜੇ ਯਾਦ ਹੋਵੇ ਤਾਂ ਦਾਦਰੀ ਕਾਂਡ ਸਭ ਤੋਂ ਵੱਧ ਦਿਲ ਦਹਿਲਾਉਣ ਵਾਲੀ ਸਨਸਨੀਖੇਜ਼ ਘਟਨਾ ਸੀ ਜਦੋਂ ਅਚਾਨਕ ਇਖਲਾਕ ਨਾਂ ਦੇ ਵਿਅਕਤੀ ਦੇ ਘਰ ਹਜ਼ਾਰਾਂ ਦੀ ਗਿਣਤੀ ਵਿਚ ਭੀੜ ਇਕੱਠੀ ਹੋ ਗਈ ਅਤੇ ਸ਼ੱਕ ਦੇ ਆਧਾਰ 'ਤੇ ਪੂਰੇ ਪਰਿਵਾਰ ਦਾ ਖ਼ਾਤਮਾ ਕਰ ਦਿੱਤਾ ਗਿਆ।

ਉਂਜ ਤਾਂ ਇਸ ਤਰ੍ਹਾਂ ਦੇ ਮਾਮਲੇ ਕਈ ਸਾਲਾਂ ਤੋਂ ਜਾਰੀ ਹਨ ਪਰ ਪਿਛਲੇ ਕੁਝ ਸਮੇਂ ਤੋਂ ਇਨ੍ਹਾਂ ਘਟਨਾਵਾਂ ਨੇ ਬਹੁਤ ਜ਼ਿਆਦਾ ਤੇਜ਼ੀ ਫੜੀ ਹੋਈ ਹੈ। ਇਕ ਅਨੁਮਾਨ ਮੁਤਾਬਕ ਪਿਛਲੇ ਤਿੰਨ ਸਾਲਾਂ ਵਿਚ ਭੀੜ ਦੁਆਰਾ ਕਿਸੇ ਵੀ ਤਰ੍ਹਾਂ ਦੇ ਸ਼ੱਕ ਦੇ ਆਧਾਰ 'ਤੇ ਜਾਂ ਸਹੀ ਘਟਨਾਵਾਂ ਕਾਰਨ ਕਈ ਲੋਕਾਂ ਨੂੰ ਮਾਰਿਆ-ਕੁੱਟਿਆ ਗਿਆ। ਲੋਕਾਂ ਦੁਆਰਾ ਕਿਸੇ ਵੀ ਵਿਅਕਤੀ ਨੂੰ ਮਾਰਨ-ਕੁੱਟਣ ਪਿੱਛੇ ਕਿਹੜੀ ਮਾਨਸਿਕਤਾ ਕਾਰਜਸ਼ੀਲ ਹੁੰਦੀ ਹੈ, ਉਸ ਨੂੰ ਸਮਝਣ ਦੀ ਬਹੁਤ ਲੋੜ ਹੈ। ਇਸ ਦੇ ਨਾਲ ਹੀ ਉਨ੍ਹਾਂ ਕਾਰਨਾਂ ਨੂੰ ਭਾਲਣਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਜਿਸ ਕਰ ਕੇ ਇਕ ਜੀਵਿਤ ਵਿਅਕਤੀ ਨੂੰ ਬਹੁਤੇ ਲੋਕ ਉਸ ਸਮੇਂ ਤਕ ਮਾਰਦੇ ਰਹਿੰਦੇ ਹਨ ਜਦੋਂ ਤਕ ਉਹ ਖ਼ਤਮ ਨਾ ਹੋ ਜਾਵੇ।

ਕੀ ਲੋਕਾਂ ਵਿਚ ਕਾਨੂੰਨ ਦਾ ਡਰ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ ਜਾਂ ਸਮੂਹਿਕ ਗਤੀਵਿਧੀ ਹੋਣ ਕਾਰਨ ਲੋਕਾਂ ਵਿਚ ਸਜ਼ਾ ਦਾ ਖ਼ੌਫ਼ ਹੀ ਨਹੀਂ ਰਿਹਾ। ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਗਤੀਵਿਧੀ ਨੂੰ ਅੰਜਾਮ ਦਿੰਦੇ ਸਮੇਂ ਲੋਕਾਂ ਵਿਚ ਨਿੱਜੀ ਭਾਵਨਾ ਦੀ ਥਾਂ ਸਮੂਹਿਕ ਭਾਵਨਾ ਭਾਰੂ ਹੋ ਜਾਂਦੀ ਹੈ ਜੋ ਮਨੁੱਖ ਦੀ ਮਾਨਸਿਕ ਊਰਜਾ ਨੂੰ ਅਪਰਾਧ ਵਿਚ ਬਦਲ ਦਿੰਦੀ ਹੈ। ਕਈ ਵਾਰ ਅਜਿਹਾ ਵੀ ਮੰਨਿਆ ਗਿਆ ਹੈ ਕਿ ਮੌਬ ਲਿੰਚਿੰਗ ਅਰਥਾਤ ਭੀੜ ਦੁਆਰਾ ਹਿੰਸਾ ਕਰਨ ਪਿੱਛੇ ਪੈਥਾਲੋਜੀਕਲ ਕਾਰਨ ਹੁੰਦਾ ਹੈ। ਇਕ ਖੋਜ ਮੁਤਾਬਕ ਮੌਬ ਲਿੰਚਿੰਗ ਇਕ ਤਰ੍ਹਾਂ ਦੀ ਸਮਾਜਿਕ ਮਨੋਵਿਗਿਆਨਕ ਘਟਨਾ ਹੁੰਦੀ ਹੈ ਜਿਸ ਲਈ ਕੁਝ ਲੋਕਾਂ ਨੂੰ ਕਿਸੇ ਖ਼ਾਸ ਵਿਸ਼ੇ 'ਤੇ ਜਬਰਦਸਤੀ ਭੜਕਾਇਆ ਜਾਂਦਾ ਹੈ ਅਤੇ ਇਨ੍ਹਾਂ ਦੇ ਗੁੱਸੇ ਦਾ ਗ਼ਲਤ ਇਸਤੇਮਾਲ ਕੀਤਾ ਜਾਂਦਾ ਹੈ। ਇਨ੍ਹਾਂ ਸਾਰੀਆਂ ਗਤੀਵਿਧੀਆਂ ਨੂੰ ਜਿਸ ਮਾਧਿਅਮ ਦੁਆਰਾ ਸਭ ਤੋਂ ਜ਼ਿਆਦਾ ਚਿਣਗ ਮਿਲਦੀ ਹੈ, ਉਹ ਹੈ ਸੋਸ਼ਲ ਮੀਡੀਆ। ਅੱਜ ਸੋਸ਼ਲ ਮੀਡੀਆ ਇਕ ਅਜਿਹਾ ਮਾਧਿਅਮ ਹੈ ਜਿਸ ਦੀ ਪਹੁੰਚ ਬਹੁਤ ਜ਼ਿਆਦਾ ਤੇ ਤੇਜ਼ ਹੈ। ਲੋਕਾਂ ਨੂੰ ਧਰਮ-ਕਰਮ, ਮਾਣ-ਸਨਮਾਨ ਅਤੇ ਦੇਸ਼ ਭਗਤੀ ਦੇ ਨਾਂ 'ਤੇ ਇਸ ਕਦਰ ਭੜਕਾਇਆ ਜਾਂਦਾ ਹੈ ਕਿ ਅਜਿਹੇ ਲੋਕ ਕਿਸੇ ਕਾਰਨ ਜਾਂ ਨਤੀਜੇ ਤੋਂ ਬੇਖ਼ਬਰ ਮੌਬ ਲਿੰਚਿੰਗ ਦਾ ਹਿੱਸਾ ਬਣ ਜਾਂਦੇ ਹਨ। ਕਈ ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਮੌਬ ਲਿੰਚਿੰਗ ਦੇ ਮਾਮਲੇ ਵਧਣ ਦਾ ਇਕ ਹੋਰ ਕਾਰਨ ਲੋਕਾਂ ਵਿਚ ਨਾਇਕ ਜਾਂ ਖਲਨਾਇਕ ਬਣਨ ਦੀ ਭਾਵਨਾ ਵੀ ਹੈ। ਇਹ ਮਨੁੱਖੀ ਵਿਹਾਰ ਦੇ ਮੁੱਢਲੇ ਪਹਿਲੂਆਂ ਵਿਚ ਸ਼ਾਮਲ ਹੈ ਕਿ ਮਨੁੱਖ ਨੂੰ ਸਮਾਜਿਕ ਮਾਨਤਾ, ਸਮਾਜ ਵਿਚ ਪ੍ਰਸ਼ੰਸਾ ਦੀ ਉਮੀਦ ਰਹਿੰਦੀ ਹੈ। ਸੋਸ਼ਲ ਮੀਡੀਆ ਦੇ ਇਸ ਯੁੱਗ ਵਿਚ ਹਰ ਵਿਅਕਤੀ ਦੇ ਮਨ ਅੰਦਰ ਪ੍ਰਸਿੱਧੀ ਹਾਸਲ ਕਰਨ ਦੀ ਦੌੜ ਲੱਗੀ ਹੋਈ ਹੈ ਜਿਸ ਕਰ ਕੇ ਇਸ ਤਰ੍ਹਾਂ ਦੀ ਮਨੋ-ਸਥਿਤੀ ਵਾਲੇ ਲੋਕ ਭੀੜ ਦਾ ਹਿੱਸਾ ਬਣਨਾ ਪਸੰਦ ਕਰਦੇ ਹਨ। ਮੂਲ ਗੱਲ ਇਹ ਹੈ ਕਿ ਸਾਧਾਰਨ ਬੁੱਧੀ ਵਾਲਾ ਵਿਅਕਤੀ ਹਜੂਮੀ ਹਿੰਸਾ ਵਿਚ ਸ਼ਾਮਲ ਨਹੀਂ ਹੁੰਦਾ। ਅਜੋਕੇ ਸਮੇਂ ਲੋਕਾਂ ਦੇ ਮਨ ਵਿਚ ਇਕ-ਦੂਜੇ ਪ੍ਰਤੀ ਸੰਵੇਦਨਾ 'ਚ ਬਹੁਤ ਕਮੀ ਆਈ ਹੈ। ਇਕ ਵਿਅਕਤੀ ਨੂੰ ਦੂਜੇ ਨੂੰ ਮਾਰਨ-ਕੁੱਟਣ ਸਮੇਂ ਨਾ ਤਾਂ ਉਸ ਦੀਆਂ ਚੀਕਾਂ ਸੁਣਾਈ ਦਿੰਦੀਆਂ ਹਨ ਅਤੇ ਨਾ ਹੀ ਉਸ ਦਾ ਵਹਿੰਦਾ ਹੋਇਆ ਉਹ ਲਹੂ ਨਜ਼ਰ ਆਉਂਦਾ ਹੈ ਜੋ ਮਾਰਨ ਵਾਲੇ ਵਿਅਕਤੀ ਦੀਆਂ ਰਗਾਂ ਵਿਚ ਵੀ ਵਹਿ ਰਿਹਾ ਹੁੰਦਾ ਹੈ। ਭੀੜ ਨੂੰ ਅਜਿਹੇ ਵੇਲੇ ਕੁਝ ਸਮਝ ਆਉਂਦਾ ਹੈ ਤਾਂ ਉਹ ਹੈ ਗੁੱਸਾ, ਧਾਰਮਿਕ ਕੱਟੜਤਾ ਅਤੇ ਨੈਤਿਕ ਮਨੋਭਾਵ ਦੀ ਕਮੀ। ਸਰਕਾਰਾਂ ਤੇ ਸਮਾਜ ਨੂੰ ਇਸ ਸਮੱਸਿਆ ਦਾ ਹੱਲ ਲੱਭਣਾ ਚਾਹੀਦਾ ਹੈ। ਅਜੋਕੇ ਸਮੇਂ ਜਿਹੜੀ ਗੱਲ ਸਭ ਤੋਂ ਵੱਧ ਜ਼ਰੂਰੀ ਹੈ, ਉਹ ਹੈ ਲੋਕਾਂ ਵਿਚ ਅਪਣੱਤ ਦਾ ਅਹਿਸਾਸ, ਨੈਤਿਕਤਾ ਦਾ ਵਾਧਾ, ਲੋਕਾਂ ਨੂੰ ਇੱਕਜੁੱਟ ਕਰਨ ਪ੍ਰਤੀ ਹਾਂ-ਪੱਖੀ ਰਵੱਈਆ ਅਤੇ ਸੋਸ਼ਲ ਮੀਡੀਆ ਦਾ ਸਦਉਪਯੋਗ। ਇਸ ਦੇ ਨਾਲ-ਨਾਲ ਲੋਕਾਂ ਵਿਚ ਇਕ-ਦੂਜੇ ਪ੍ਰਤੀ ਆਦਰ-ਭਾਵ ਹੋਣਾ ਜ਼ਰੂਰੀ ਹੈ। ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਲੋਕਾਂ ਨੂੰ ਮੈਡੀਟੇਸ਼ਨ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਵਿਅਕਤੀ ਦਾ ਮਨ ਸਾਫ਼ ਅਤੇ ਪਵਿੱਤਰ ਬਣਿਆ ਰਹੇ ਕਿਉਂਕਿ ਜੇਕਰ ਮਨ ਗ਼ਲਤ ਪਾਸੇ ਲਾ ਦਿੱਤਾ ਜਾਂਦਾ ਹੈ ਤਾਂ ਨਤੀਜਾ ਸੰਘਰਸ਼, ਯੁੱਧ ਅਤੇ ਅਹਿੰਸਾ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ।

-ਮੋਬਾਈਲ ਨੰ. : 98912-71517

Posted By: Sukhdev Singh