-ਸੰਜੇ ਗੁਪਤ

ਕੋਰੋਨਾ ਵਾਇਰਸ ਨਾਲ ਭਾਰਤ ਦੀ ਜੰਗ ਦਾ ਮੋਰਚਾ ਉਦੋਂ ਕਮਜ਼ੋਰ ਪੈ ਗਿਆ ਜਦ ਬੀਤੇ ਦਿਨੀਂ ਦਿੱਲੀ ਦੇ ਨਿਜ਼ਾਮੂਦੀਨ ਇਲਾਕੇ ਵਿਚ ਤਬਲੀਗੀ ਜਮਾਤ ਦੇ ਇਕ ਆਯੋਜਨ ਵਿਚ ਲਗਪਗ ਦੋ ਹਜ਼ਾਰ ਲੋਕ ਇਕੱਠੇ ਮਿਲੇ। ਇਨ੍ਹਾਂ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਲੋਕ ਤਾਂ ਸਨ ਹੀ, ਵਿਦੇਸ਼ ਤੋਂ ਆਏ ਮਜ਼ਹਬੀ ਪ੍ਰਚਾਰਕ ਵੀ ਸਨ।

ਇਨ੍ਹਾਂ ਵਿਚ ਤਮਾਮ ਕੋਰੋਨਾ ਵਾਇਰਸ ਤੋਂ ਪੀੜਤ ਮਿਲੇ। ਇਸ ਜਮਾਤ ਨੇ ਆਪਣੇ ਜਮਾਵੜੇ ਦੌਰਾਨ ਜ਼ਰੂਰੀ ਸਾਵਧਾਨੀ ਵਰਤਣ ਤੋਂ ਇਨਕਾਰ ਕਰਨ ਦੇ ਨਾਲ-ਨਾਲ ਦਿੱਲੀ ਸਰਕਾਰ, ਦਿੱਲੀ ਪੁਲਿਸ ਅਤੇ ਭਾਰਤ ਸਰਕਾਰ ਦੇ ਨਿਰਦੇਸ਼ਾਂ ਦੀ ਅਣਦੇਖੀ ਵੀ ਕੀਤੀ। ਇਸ ਦੀ ਪੁਸ਼ਟੀ ਇਸ ਮਰਕਜ਼ ਦੇ ਮੌਲਾਨਾ ਸਾਦ ਦੇ ਇਸ ਬਿਆਨ ਤੋਂ ਹੁੰਦੀ ਹੈ ਕਿ ਮੁਸਲਮਾਨਾਂ ਨੂੰ ਕੋਰੋਨਾ ਦਾ ਕੋਈ ਡਰ ਨਹੀਂ ਅਤੇ ਫਿਰ ਮਰਨ ਲਈ ਮਸਜਿਦ ਤੋਂ ਚੰਗੀ ਥਾਂ ਹੋਰ ਕੀ ਹੋ ਸਕਦੀ ਹੈ।

ਅਜਿਹੇ ਬਿਆਨ ਦੇ ਕੇ ਇਸ ਮੌਲਾਨਾ ਨੇ ਇਕ ਤਰ੍ਹਾਂ ਨਾਲ ਜਾਣ-ਬੁੱਝ ਕੇ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਫੈਲਾਉਣ ਦਾ ਕੰਮ ਕੀਤਾ। ਤਬਲੀਗੀ ਜਮਾਤ ਦੀ ਇਸ ਹਰਕਤ ਦੇ ਭਿਆਨਕ ਨਤੀਜੇ ਸਾਹਮਣੇ ਆਏ। ਇਸ ਮਰਕਜ਼ ਤੋਂ ਬਾਹਰ ਕੱਢੇ ਗਏ ਲੋਕਾਂ ਵਿਚੋਂ ਅਜੇ ਤਕ ਲਗਪਗ ਇਕ ਹਜ਼ਾਰ ਲੋਕ ਕੋਰੋਨਾ ਤੋਂ ਪੀੜਤ ਮਿਲੇ ਹਨ। ਸਾਫ਼ ਹੈ ਕਿ ਜਮਾਤੀਆਂ ਨੇ ਕੋਰੋਨਾ ਸੰਕਟ ਨੂੰ ਡੂੰਘਾ ਕਰ ਦਿੱਤਾ ਹੈ। ਤਬਲੀਗੀ ਜਮਾਤ ਮੁਸਲਿਮ ਭਾਈਚਾਰੇ ਦਾ ਲਗਪਗ ਸੌ ਸਾਲ ਪੁਰਾਣਾ ਸੰਗਠਨ ਹੈ। ਇਸ ਦੀਆਂ ਜੜ੍ਹਾਂ ਦੱਖਣੀ ਏਸ਼ੀਆ ਦੇ ਨਾਲ-ਨਾਲ ਦੁਨੀਆ ਦੇ ਹੋਰ ਤਮਾਮ ਦੇਸ਼ਾਂ ਵਿਚ ਹਨ। ਇਹ ਬੇਤੁਕੇ ਤੌਰ-ਤਰੀਕਿਆਂ ਵਾਲੇ ਮਜ਼ਹਬੀ ਵਿਵਹਾਰ 'ਤੇ ਜ਼ੋਰ ਦਿੰਦਾ ਹੈ ਅਤੇ ਉਸ ਦੇ ਪ੍ਰਚਾਰ ਦਾ ਕੰਮ ਕਰਦਾ ਹੈ। ਉਸ ਦੇ ਮੌਲਾਨਾ, ਮੈਂਬਰਾਂ ਅਤੇ ਸਮਰਥਕਾਂ ਵੱਲੋਂ ਅਜੇ ਵੀ ਇਹ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਉਨ੍ਹਾਂ ਲਈ ਕੋਈ ਖ਼ਤਰਾ ਨਹੀਂ ਹੈ। ਕਿਉਂਕਿ ਵਿਦੇਸ਼ ਤੋਂ ਆਏ ਕੋਰੋਨਾ ਪੀੜਤ ਭਾਰਤੀਆਂ ਦੇ ਨਾਲ-ਨਾਲ ਤਬਲੀਗੀ ਜਮਾਤ ਦੇ ਮੈਂਬਰਾਂ ਨੇ ਵੀ ਕੋਰੋਨਾ ਤੋਂ ਉਪਜੀ ਮਹਾਮਾਰੀ ਕੋਵਿਡ-19 ਦੇ ਖ਼ਿਲਾਫ਼ ਭਾਰਤ ਦੀ ਜੰਗ ਨੂੰ ਹੋਰ ਕਠਿਨ ਬਣਾ ਦਿੱਤਾ ਹੈ। ਇਸ ਲਈ ਆਉਣ ਵਾਲਾ ਹਫ਼ਤਾ ਬਹੁਤ ਮੁਸ਼ਕਲ ਭਰਿਆ ਹੋ ਸਕਦਾ ਹੈ।

ਇਸ ਦਾ ਅੰਦੇਸ਼ਾ ਹੈ ਕਿ ਜਮਾਤੀਆਂ ਅਤੇ ਦੂਜੇ ਕੋਰੋਨਾ ਪੀੜਤ ਵਿਅਕਤੀਆਂ ਦੇ ਜ਼ਰੀਏ ਇਨਫੈਕਸ਼ਨ ਫੈਲਾਉਣ ਦਾ ਸਿਲਸਿਲਾ ਤੇਜ਼ ਹੋ ਸਕਦਾ ਹੈ। ਜੇ ਅਜਿਹਾ ਹੋਇਆ ਤਾਂ ਇਨਫੈਕਸ਼ਨ ਦਾ ਉਹ ਤੀਜਾ ਦੌਰ ਸ਼ੁਰੂ ਹੋ ਜਾਵੇਗਾ ਜਿਸ ਵਿਚ ਇਹ ਪਤਾ ਨਹੀਂ ਲੱਗੇਗਾ ਕਿ ਕੀਹਨੂੰ ਕਿਸ ਤੋਂ ਇਨਫੈਕਸ਼ਨ ਹੋਈ? ਇਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਵਿਗਿਆਨੀ ਇਸ ਨਤੀਜੇ 'ਤੇ ਪੁੱਜੇ ਹਨ ਕਿ ਕਈ ਵਾਰ ਬਿਹਤਰ ਰੋਗ ਰੋਕੂ ਸਮਰੱਥਾ ਵਾਲੇ ਵਿਅਕਤੀਆਂ ਵਿਚ ਇਨਫੈਕਸ਼ਨ ਦੇ ਲੱਛਣ ਨਹੀਂ ਦਿਖਦੇ ਅਤੇ ਇਸ ਦੇ ਕਾਰਨ ਉਹ ਦੂਜੇ ਲੋਕਾਂ ਵਿਚ ਆਸਾਨੀ ਨਾਲ ਇਨਫੈਕਸ਼ਨ ਫੈਲਾ ਦਿੰਦੇ ਹਨ। ਯੂਰਪ ਅਤੇ ਅਮਰੀਕਾ ਵਿਚ ਅਜਿਹਾ ਹੀ ਹੋਇਆ। ਉੱਥੇ ਲੋਕਾਂ ਨੇ ਕੋਰੋਨਾ ਦੀ ਲਪੇਟ ਵਿਚ ਆਉਣ ਤੋਂ ਬਾਅਦ ਵੀ ਜ਼ਰੂਰੀ ਸਾਵਧਾਨੀ ਨਹੀਂ ਵਰਤੀ ਅਤੇ ਇਨਫੈਕਸ਼ਨ ਫੈਲਾਉਂਦੇ ਰਹੇ। ਇਸੇ ਕਾਰਨ ਦੇਖਦੇ ਹੀ ਦੇਖਦੇ ਦੁਨੀਆ ਭਰ ਵਿਚ ਇਨਫੈਕਸ਼ਨ ਤੋਂ ਪੀੜਤ ਲੋਕਾਂ ਦੀ ਗਿਣਤੀ 10 ਲੱਖ ਤੋਂ ਵੀ ਪਾਰ ਹੋ ਗਈ।

ਮਰਨ ਵਾਲਿਆਂ ਦਾ ਅੰਕੜਾ ਵੀ ਸੱਠ ਹਜ਼ਾਰ ਦੇ ਲਗਪਗ ਪੁੱਜ ਗਿਆ ਹੈ। ਇਹ ਦੁਖਦਾਈ ਅਤੇ ਚਿੰਤਾਜਨਕ ਹੈ ਕਿ ਜਦ ਦੇਸ਼ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਉਦੋਂ ਤਬਲੀਗੀ ਜਮਾਤ ਦੇ ਕੋਰੋਨਾ ਮਰੀਜ਼ ਜਾਂ ਸ਼ੱਕੀ ਡਾਕਟਰਾਂ, ਸਿਹਤ ਕਰਮਚਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਨਾਲ ਵੀ ਬਦਸਲੂਕੀ ਕਰਨ ਵਿਚ ਲੱਗੇ ਹੋਏ ਹਨ। ਇੰਦੌਰ ਵਿਚ ਤਾਂ ਉਨ੍ਹਾਂ ਨੇ ਸਿਹਤ ਕਰਮਚਾਰੀਆਂ ਦੇ ਨਾਲ-ਨਾਲ ਮਹਿਲਾ ਡਾਕਟਰਾਂ 'ਤੇ ਵੀ ਹਮਲਾ ਕਰ ਦਿੱਤਾ। ਅਜਿਹੀਆਂ ਹੀ ਹੋਰ ਘਟਨਾਵਾਂ ਹੈਦਰਾਬਾਦ, ਬੈਂਗਲੁਰੂ ਸਮੇਤ ਹੋਰ ਅਨੇਕਾਂ ਸ਼ਹਿਰਾਂ ਵਿਚ ਵਾਪਰੀਆਂ। ਗਾਜ਼ੀਆਬਾਦ, ਕਾਨਪੁਰ ਆਦਿ ਵਿਚ ਹਸਪਤਾਲ ਵਿਚ ਭਰਤੀ ਜਮਾਤੀਆਂ ਨੇ ਹੁੱਲੜਬਾਜ਼ੀ ਕੀਤੀ। ਕਈ ਥਾਵਾਂ 'ਤੇ ਸਮੂਹਿਕ ਨਮਾਜ਼ ਪੜ੍ਹਨ ਤੋਂ ਰੋਕਣ 'ਤੇ ਪੁਲਿਸ 'ਤੇ ਹਮਲੇ ਕੀਤੇ ਗਏ। ਇਹ ਸਭ ਮਾੜੇ ਕਾਰੇ ਉਸ ਕੂੜ-ਪ੍ਰਚਾਰ ਦਾ ਨਤੀਜਾ ਹਨ ਜਿਸ ਤਹਿਤ ਸੋਸ਼ਲ ਮੀਡੀਆ ਜ਼ਰੀਏ ਇਹ ਝੂਠ ਫੈਲਾਇਆ ਜਾ ਰਿਹਾ ਹੈ ਕਿ ਕੋਰੋਨਾ ਮੁਸਲਮਾਨਾਂ ਵਿਰੁੱਧ ਸਾਜ਼ਿਸ਼ ਹੈ। ਇਹ ਜਾਣਨਾ ਬੇਹੱਦ ਦੁੱਖਦਾਈ ਹੈ ਕਿ ਸਿਹਤ ਕਰਮਚਾਰੀ ਜਾਨ ਤਲੀ 'ਤੇ ਰੱਖ ਕੇ ਜਿਨ੍ਹਾਂ ਦਾ ਇਲਾਜ ਕਰ ਰਹੇ ਹਨ, ਉਹੀ ਉਨ੍ਹਾਂ ਨਾਲ ਬਦਤਮੀਜ਼ੀ ਕਰ ਰਹੇ ਹਨ। ਆਖ਼ਰ ਕੋਈ ਇੰਨਾ ਜਾਹਿਲ ਕਿੱਦਾਂ ਹੋ ਸਕਦਾ ਹੈ ਕਿ ਆਪਣੀ ਜਾਨ ਬਚਾਉਣ ਵਾਲਿਆਂ ਨੂੰ ਹੀ ਆਪਣਾ ਦੁਸ਼ਮਣ ਸਮਝੇ?

ਇਨ੍ਹਾਂ ਜਾਹਿਲ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਣ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਲਾਕਡਾਊਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਜੇ ਇਸ ਵਿਚ ਢਿੱਲ ਵਰਤੀ ਗਈ ਤਾਂ ਲਾਕਡਾਊਨ ਵਧਾਉਣ ਦੀ ਨੌਬਤ ਆ ਸਕਦੀ ਹੈ। ਜੇ ਉਨ੍ਹਾਂ ਇਲਾਕਿਆਂ ਵਿਚ ਲਾਕਡਾਊਨ ਦਾ ਅਰਸਾ ਵਧਾਉਣਾ ਪਵੇ ਜਿੱਥੇ ਕੋਰੋਨਾ ਦੇ ਵੱਧ ਮਰੀਜ਼ ਹਨ ਤਾਂ ਸਰਕਾਰ ਨੂੰ ਝਿਜਕਣਾ ਨਹੀਂ ਚਾਹੀਦਾ। ਇਹ ਸਹੀ ਹੈ ਕਿ ਲਾਕਡਾਊਨ ਲੋਕਾਂ ਦੇ ਮਨੋਬਲ 'ਤੇ ਅਸਰ ਪਾ ਰਿਹਾ ਹੈ ਅਤੇ ਉਸ ਤੋਂ ਅਮੀਰ-ਗ਼ਰੀਬ ਸਾਰੇ ਪਰੇਸ਼ਾਨ ਹਨ। ਜਿੱਥੇ ਅਮੀਰ ਆਪਣੇ ਕਾਰੋਬਾਰ ਨੂੰ ਲੈ ਕੇ ਪਰੇਸ਼ਾਨ ਹਨ, ਓਥੇ ਹੀ ਗ਼ਰੀਬ ਰੋਜ਼ੀ-ਰੋਟੀ ਦੇ ਮੁੱਦੇ 'ਤੇ ਤੰਗੀ 'ਚੋਂ ਲੰਘ ਰਹੇ ਹਨ ਪਰ ਇਸ ਸਮੇਂ ਕੋਈ ਜੋਖ਼ਮ ਨਹੀਂ ਲਿਆ ਜਾ ਸਕਦਾ। ਦੇਸ਼ ਵਾਸੀਆਂ ਵਿਚ ਕੋਰੋਨਾ ਨਾਲ ਲੜਨ ਦੀ ਸਮਰੱਥਾ ਬਣੀ ਰਹੇ ਅਤੇ ਉਹ ਇਸ ਸੰਕਟ ਤੋਂ ਬਚਣ ਨੂੰ ਲੈ ਕੇ ਆਸ਼ਾਵਾਦੀ ਰਹਿਣ, ਇਸ ਵਾਸਤੇ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਜ ਰਾਤ 9 ਵਜੇ, 9 ਮਿੰਟ ਲਈ ਆਪਣੇ ਘਰ ਵਿਚ ਰਹਿੰਦੇ ਹੋਏ ਦੀਵੇ, ਮੋਮਬੱਤੀ ਜਾਂ ਮੋਬਾਈਲ ਦੀ ਫਲੈਸ਼ ਲਾਈਟ ਜ਼ਰੀਏ ਰੋਸ਼ਨੀ ਕਰਨ ਤਾਂ ਜੋ ਇਕ ਤਾਂ ਲੋਕ ਅਲੱਗ-ਥਲੱਗ ਰਹਿੰਦੇ ਹੋਏ ਇਕਲਾਪਾ ਨਾ ਮਹਿਸੂਸ ਕਰਨ ਅਤੇ ਦੂਜੇ, ਇਸ ਸੰਕਲਪ ਨਾਲ ਲੈਸ ਹੋਣ ਕਿ ਸਭ ਮਿਲ ਕੇ ਇਸ ਸੰਕਟ ਨੂੰ ਹਰਾ ਦੇਣਗੇ।

ਇਸ ਆਯੋਜਨ ਦਾ ਆਪਣਾ ਮਹੱਤਵ ਹੈ। ਇਸ ਵਿਚ ਦੇਸ਼ ਵਾਸੀ ਕੋਰੋਨਾ ਵਾਇਰਸ ਵਿਰੁੱਧ ਜੰਗ ਨੂੰ ਲੈ ਕੇ ਸੁਚੇਤ ਹੋਣਗੇ ਅਤੇ ਨਾਲ ਹੀ ਖ਼ੁਦ ਨੂੰ ਏਕਤਾ ਦੇ ਸੂਤਰ ਵਿਚ ਬੰਨ੍ਹਿਆ ਹੋਇਆ ਮਹਿਸੂਸ ਕਰ ਸਕਣਗੇ। ਜੇਕਰ ਲੋਕ ਸੁਚੇਤ ਰਹਿਣਗੇ ਤਾਂ ਉਹ ਜਨਤਕ ਮੇਲ-ਮਿਲਾਪ ਤੋਂ ਬਚਣ ਦੇ ਟੀਚੇ ਨੂੰ ਪੂਰਾ ਕਰਨ ਵਿਚ ਵੀ ਸਹਾਇਕ ਸਿੱਧ ਹੋਣਗੇ। ਇਹ ਬੇਹੱਦ ਜ਼ਰੂਰੀ ਹੈ ਕਿਉਂਕਿ ਕੋਰੋਨਾ ਦਾ ਕੋਈ ਇਲਾਜ ਨਹੀਂ ਹੈ ਅਤੇ ਉਸ ਦਾ ਟੀਕਾ ਬਣਨ ਅਤੇ ਦੁਨੀਆ ਭਰ ਵਿਚ ਪੁੱਜਣ ਵਿਚ ਇਕ ਸਾਲ ਤੋਂ ਵੱਧ ਦਾ ਵਕਤ ਲੱਗ ਸਕਦਾ ਹੈ। ਕਿਉਂਕਿ ਕੋਈ ਵੀ ਦੇਸ਼ ਲੰਬੇ ਸਮੇਂ ਤਕ ਲਾਕਡਾਊਨ ਵਿਚ ਨਹੀਂ ਰਿਹਾ ਅਤੇ ਭਾਰਤ ਵਰਗਾ ਜ਼ਿਆਦਾ ਆਬਾਦੀ ਵਾਲਾ ਮੁਲਕ ਤਾਂ ਹੋਰ ਵੀ ਨਹੀਂ, ਇਸ ਲਈ ਇਹ ਸੁਭਾਵਿਕ ਹੈ ਕਿ ਪ੍ਰਧਾਨ ਮੰਤਰੀ ਨੇ ਬੀਤੇ ਦਿਨੀਂ ਮੁੱਖ ਮੰਤਰੀਆਂ ਨਾਲ ਗੱਲਬਾਤ ਵਿਚ ਇਸ ਨੂੰ ਲੈ ਕੇ ਚਰਚਾ ਕੀਤੀ ਕਿ ਲਾਕਡਾਊਨ ਖ਼ਤਮ ਹੋਣ 'ਤੇ ਲੋਕ ਸੰਜਮ ਅਤੇ ਅਨੁਸ਼ਾਸਨ ਦਾ ਸਬੂਤ ਦੇਣਾ ਨਾ ਛੱਡ ਦੇਣ।

ਸ਼ਾਇਦ ਇਸੇ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਾਨਣ ਫੈਲਾਉਣ ਦਾ ਸੁਨੇਹਾ ਦਿੰਦੇ ਵਕਤ ਵੀ ਦੇਸ਼ ਵਾਸੀਆਂ ਨੂੰ ਅਨੁਸ਼ਾਸਨ ਵਿਚ ਰਹਿਣ ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ। ਲੋਕਾਂ ਨੂੰ ਇਸ ਬੇਨਤੀ ਦੇ ਮੁਤਾਬਕ ਹੀ ਆਚਰਨ ਕਰਦੇ ਹੋਏ ਸਾਰੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਕਿਉਂਕਿ ਆਉਣ ਵਾਲਾ ਸਮਾਂ ਕਠਿਨਾਈਆਂ ਵਾਲਾ ਰਹਿਣ ਵਾਲਾ ਹੈ, ਇਸ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਨਾ ਸਿਰਫ਼ ਇਸ 'ਤੇ ਧਿਆਨ ਦੇਣਾ ਹੋਵੇਗਾ ਕਿ ਜ਼ਰੂਰੀ ਵਸਤਾਂ ਦੀ ਕਿਤੇ ਕੋਈ ਕਮੀ ਨਾ ਹੋ ਸਕੇ, ਬਲਕਿ ਇਸ ਗੱਲ 'ਤੇ ਵੀ ਬਹੁਤ ਧਿਆਨ ਦੇਣਾ ਚਾਹੀਦਾ ਹੈ ਕਿ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤਕ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਪ੍ਰੀਖਣ ਦਾ ਕੰਮ ਤੇਜ਼ ਹੋਵੇ।

ਇਹ ਗੱਲ ਬੜੇ ਦੁੱਖ ਨਾਲ ਕਹਿਣੀ ਪੈ ਰਹੀ ਹੈ ਕਿ ਮੁਲਕ ਵਿਚ ਸਿਹਤ ਸੇਵਾਵਾਂ ਦਾ ਢਾਂਚਾ ਓਨਾ ਮਜ਼ਬੂਤ ਨਹੀਂ ਹੈ ਜਿੰਨਾ ਚਾਹੀਦਾ ਸੀ। ਸ਼ਾਇਦ ਇਸੇ ਕਾਰਨ ਕੋਰੋਨਾ ਖ਼ਿਲਾਫ਼ ਜੰਗ ਵਿਚ ਰੁਕਾਵਟਾਂ ਆ ਰਹੀਆਂ ਹਨ। ਇਸ ਮਸਲੇ ਨਾਲ ਸਿੱਝਣ ਲਈ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਵੱਧ ਤਾਲਮੇਲ ਨਾਲ ਕੰਮ ਕਰਨਾ ਪਵੇਗਾ। ਇਹ ਚੰਗਾ ਹੈ ਕਿ ਕੋਰੋਨਾ ਦੇ ਮਰੀਜ਼ਾਂ ਦੀ ਪਛਾਣ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ ਪਰ ਲੋਕਾਂ ਨੂੰ ਇਹ ਤਾਂ ਧਿਆਨ ਰੱਖਣਾ ਹੀ ਹੋਵੇਗਾ ਕਿ ਇਹ ਉਹ ਲੜਾਈ ਹੈ ਜਿਸ ਨੂੰ ਉਨ੍ਹਾਂ ਦੇ ਸਹਿਯੋਗ ਦੇ ਬਿਨਾਂ ਜਿੱਤ ਸਕਣਾ ਸੰਭਵ ਨਹੀਂ ਹੈ। ਇਸ ਲਈ ਹਰ ਭਾਰਤ ਵਾਸੀ ਦਾ ਇਹ ਨੈਤਿਕ ਫ਼ਰਜ਼ ਬਣਦਾ ਹੈ ਕਿ ਉਹ ਕੋਰੋਨਾ ਖ਼ਿਲਾਫ਼ ਜੰਗ ਵਿਚ ਸਰਕਾਰ ਨੂੰ ਪੂਰੀ ਹਮਾਇਤ ਦੇਵੇ।

-(ਲੇਖਕ 'ਦੈਨਿਕ ਜਾਗਰਣ' ਅਖ਼ਬਾਰ ਦੇ ਮੁੱਖ ਸੰਪਾਦਕ ਹਨ)।

Posted By: Jagjit Singh