ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਸਦੀ ਹਲਕੇ ਵਾਰਾਨਸੀ ਅਤੇ ਨਾਲ ਹੀ ਪੂਰੇ ਦੇਸ਼ ਦੀ ਜਨਤਾ ਨੂੰ ਸੰਬੋਧਨ ਕਰਦੇ ਹੋਏ ਇਹ ਉਮੀਦ ਪ੍ਰਗਟਾਈ ਹੈ ਕਿ ਜਿਸ ਤਰ੍ਹਾਂ ਮਹਾਭਾਰਤ ਦੀ ਜੰਗ 18 ਦਿਨਾਂ ਵਿਚ ਜਿੱਤ ਲਈ ਗਈ ਸੀ, ਉਸੇ ਤਰ੍ਹਾਂ ਕੋਰੋਨਾ ਵਿਰੁੱਧ ਲੜੀ ਜਾ ਰਹੀ ਮਹੱਤਵਪੂਰਨ ਲੜਾਈ ਵੀ 21 ਦਿਨਾਂ ਵਿਚ ਜਿੱਤ ਲਈ ਜਾਵੇਗੀ। ਉਨ੍ਹਾਂ ਦਾ ਇਹ ਬਿਆਨ ਖ਼ਦਸ਼ਿਆਂ ਨਾਲ ਘਿਰੇ ਦੇਸ਼ ਨੂੰ ਹੌਸਲਾ ਦੇਣ ਵਾਲਾ ਹੈ ਪਰ ਦੇਸ਼ ਵਾਸੀ ਇਕ ਪਲ ਲਈ ਵੀ ਇਸ ਦੀ ਅਣਦੇਖੀ ਨਹੀਂ ਕਰ ਸਕਦੇ ਕਿ ਇਹ ਉਹ ਔਖੀ ਜੰਗ ਹੈ ਜਿਸ ਵਿਚ ਹਰ ਕਿਸੇ ਨੇ ਆਪੋ-ਆਪਣੇ ਤਰੀਕੇ ਨਾਲ ਯੋਗਦਾਨ ਦੇਣਾ ਹੈ। ਸਭ ਤੋਂ ਵੱਡਾ ਯੋਗਦਾਨ ਇਹੀ ਹੋਵੇਗਾ ਕਿ ਲੋਕ ਸਮਾਜਿਕ ਤੌਰ 'ਤੇ ਅਲੱਗ-ਥਲੱਗ ਰਹਿਣ, ਸਿਹਤ-ਸਫ਼ਾਈ ਨੂੰ ਲੈ ਕੇ ਚੌਕਸੀ ਵਰਤਣ ਅਤੇ ਉਨ੍ਹਾਂ ਸਭ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਜੋ ਵੱਖ-ਵੱਖ ਸਰਕਾਰੀ ਏਜੰਸੀਆਂ ਵੱਲੋਂ ਦਿੱਤੇ ਜਾ ਰਹੇ ਹਨ। ਅਜਿਹਾ ਕਰਦੇ ਹੋਏ ਸਿਰਫ਼ ਸੰਜਮ ਤੇ ਅਨੁਸ਼ਾਸਨ ਦਾ ਹੀ ਸਬੂਤ ਨਹੀਂ ਦੇਣਾ ਹੋਵੇਗਾ ਸਗੋਂ ਉਨ੍ਹਾਂ ਸਾਰਿਆਂ ਦੀ ਚਿੰਤਾ ਵੀ ਕਰਨੀ ਹੋਵੇਗੀ ਜੋ ਗ਼ਰੀਬ ਅਤੇ ਬੇਸਹਾਰਾ ਹਨ। ਸ਼ਾਸਨ-ਪ੍ਰਸ਼ਾਸਨ ਦੇ ਨਾਲ-ਨਾਲ ਸਮਾਜ ਦੇ ਸਮਰੱਥ ਵਰਗ ਨੂੰ ਲਾਕਡਾਊਨ ਦੇ ਇਨ੍ਹਾਂ ਕਠਿਨ ਦਿਨਾਂ ਵਿਚ ਸੋਸ਼ਲ ਡਿਸਟੈਂਸਿੰਗ ਅਰਥਾਤ ਸਮਾਜਿਕ ਤੌਰ 'ਤੇ ਅਲੱਗ-ਥਲੱਗ ਹੋਣ 'ਤੇ ਸਖ਼ਤੀ ਨਾਲ ਅਮਲ ਕਰਦੇ ਹੋਏ ਉਹ ਸਭ ਕੁਝ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਜਿਸ ਸਦਕਾ ਗ਼ਰੀਬ-ਗੁਰਬਿਆਂ ਦੀ ਮਦਦ ਹੋ ਸਕੇ। ਅਜਿਹਾ ਕਰ ਕੇ ਹੀ ਅਸੀਂ ਕੋਰੋਨਾ ਵਾਇਰਸ ਵਿਰੁੱਧ ਵਿੱਢੀ ਗਈ ਜੰਗ ਆਸਾਨੀ ਨਾਲ ਲੜ ਅਤੇ ਜਿੱਤ ਸਕਾਂਗੇ। ਸੰਕਟ ਦੀ ਘੜੀ 'ਚ ਅਸੀਂ ਸਭ ਕੁਝ ਸ਼ਾਸਨ-ਪ੍ਰਸ਼ਾਸਨ 'ਤੇ ਨਹੀਂ ਛੱਡ ਸਕਦੇ। ਆਖ਼ਰ ਦਿਨ-ਰਾਤ ਇਕ ਕਰੀ ਬੈਠੇ ਸ਼ਾਸਨ-ਪ੍ਰਸ਼ਾਸਨ ਦੇ ਲੋਕ ਵੀ ਸਾਡੇ ਵਰਗੇ ਹੀ ਹਨ। ਉਨ੍ਹਾਂ ਨੂੰ ਹਰੇਕ ਨਾਗਰਿਕ ਦੇ ਸਹਿਯੋਗ ਦੀ ਲੋੜ ਹੈ ਪਰ ਉਸੇ ਰੂਪ ਵਿਚ ਜਿਹੋ ਜਿਹਾ ਲੋੜੀਂਦਾ ਹੈ। ਕਿਉਂਕਿ ਲਾਕਡਾਊਨ ਦਾ ਮਤਲਬ ਕਰਫਿਊ ਵਰਗੇ ਹਾਲਾਤ ਦਾ ਸਾਹਮਣਾ ਕਰਨਾ ਹੈ, ਇਸ ਲਈ ਚੁਣੌਤੀ ਵੱਧ ਗਈ ਹੈ ਕਿ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤਕ ਜ਼ਰੂਰੀ ਵਸਤਾਂ ਦੀ ਸਪਲਾਈ ਕਿੱਦਾਂ ਕੀਤੀ ਜਾਵੇ? ਇਸ ਦੀ ਜੋ ਵੀ ਰੂਪ-ਰੇਖਾ ਬਣੀ ਹੈ ਉਸ 'ਤੇ ਸਹੀ ਤਰੀਕੇ ਨਾਲ ਅਮਲ ਕਰਨ ਲਈ ਦ੍ਰਿੜ੍ਹ ਇੱਛਾ-ਸ਼ਕਤੀ ਦਾ ਮੁਜ਼ਾਹਰਾ ਕਰਨਾ ਚਾਹੀਦਾ ਹੈ। ਨਾ ਤਾਂ ਜ਼ਰੂਰੀ ਵਸਤਾਂ ਦੀ ਸਪਲਾਈ ਰੁਕੇ ਅਤੇ ਨਾ ਹੀ ਉਨ੍ਹਾਂ ਦੀਆਂ ਕੀਮਤਾਂ ਬੇਲਗਾਮ ਹੋ ਸਕਣ। ਸ਼ਾਸਨ-ਪ੍ਰਸ਼ਾਸਨ ਤੇ ਨਾਲ ਹੀ ਜ਼ਰੂਰੀ ਵਸਤਾਂ ਦੀ ਸਪਲਾਈ ਕਰਨ ਵਾਲਿਆਂ ਵਿਚ ਕਿਸੇ ਤਰ੍ਹਾਂ ਦੇ ਭਰਮ-ਭੁਲੇਖੇ ਦੀ ਗੁੰਜਾਇਸ਼ ਨਹੀਂ ਰਹਿਣੀ ਚਾਹੀਦੀ। ਜਿੱਥੇ ਵੀ ਕੁਝ ਕਮਜ਼ੋਰੀ ਜਾਂ ਖਾਮੀ ਦਿਖਾਈ ਦੇਵੇ ਉਸ ਨੂੰ ਫੌਰੀ ਤੌਰ 'ਤੇ ਦੂਰ ਕਰਨ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ। ਬੇਸ਼ੱਕ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਪਰ ਉਨ੍ਹਾਂ ਦਾ ਸਾਹਮਣਾ ਸਬਰ-ਸੰਤੋਖ ਨਾਲ ਕਰਨ ਦੇ ਤਹੱਈਏ ਨੂੰ ਕਮਜ਼ੋਰ ਨਹੀਂ ਪੈਣ ਦੇਣਾ ਚਾਹੀਦਾ। ਔਖੀ ਜੰਗ ਸੰਜਮ ਤੇ ਹੌਸਲੇ ਨਾਲ ਜਿੱਤੀ ਜਾਂਦੀ ਹੈ। ਇਸ ਜੰਗ ਦਾ ਇਕ ਹੋਰ ਮੋਰਚਾ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰਨਾ ਅਤੇ ਨਾਲ ਹੀ ਸ਼ੱਕੀ ਮਰੀਜ਼ਾਂ ਦਾ ਪਤਾ ਲਗਾ ਕੇ ਉਨ੍ਹਾਂ ਦਾ ਡਾਕਟਰੀ ਮੁਆਇਨਾ ਕਰਨਾ ਹੈ। ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਦੀ ਜਾਂਚ ਦਾ ਸਿਲਸਿਲਾ ਹੋਰ ਤੇਜ਼ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਹੀ ਉਹ ਦੂਜਾ ਉਪਰਾਲਾ ਹੈ ਜਿਸ ਸਦਕਾ ਹਾਲਾਤ ਕਾਬੂ ਹੇਠ ਕੀਤੇ ਜਾ ਸਕਦੇ ਹਨ। ਇਹ ਗੱਲ ਚੇਤੇ ਰੱਖੋ ਕਿ ਜੇਕਰ ਸਰਕਾਰ, ਪ੍ਰਸ਼ਾਸਨ ਤੇ ਖ਼ਾਸ ਤੌਰ 'ਤੇ ਜਨਤਾ ਕਿਸੇ ਵੀ ਪੱਧਰ 'ਤੇ ਅਣਗਹਿਲੀ ਵਰਤਦੀ ਹੈ ਤਾਂ ਸਾਰੇ ਕੀਤੇ-ਕਰਾਏ 'ਤੇ ਪਾਣੀ ਫਿਰ ਜਾਵੇਗਾ।

Posted By: Jagjit Singh