-ਨਵਦੀਪ ਸਿੰਘ ਗਿੱਲ

ਕੋਰੋਨਾ ਮਹਾਮਾਰੀ ਦੇ ਸਹਿਮ ਦੌਰਾਨ ਚੰਡੀਗੜ੍ਹ ਦੇ ਸੈਕਟਰ 38 ਵੈਸਟ ਸਥਿਤ ਮੇਰੀ ਰਿਹਾਇਸ਼ ਨਜ਼ਦੀਕ ਇਕ ਲੜਕੀ ਭਾਵਨਾ ਕੋਰੋਨਾ ਪਾਜ਼ੇਟਿਵ ਪਾਈ ਗਈ। ਉਹ ਕੋਵਿਡ-19 ਵਿਰੁੱਧ ਜੰਗ ਵਿਚ ਅਗਲੀ ਕਤਾਰ ਵਿਚ ਲੜ ਰਹੀ ਸੀ। ਉਹ ਪੀਜੀਆਈ ਵਿਖੇ ਸਟਾਫ ਨਰਸ ਵਜੋਂ ਤਾਇਨਾਤ ਹੈ। ਇਸ ਤੋਂ ਵੀ ਅਹਿਮ ਗੱਲ ਕਿ ਉਹ ਕੋਵਿਡ-19 ਦੇ ਮਰੀਜ਼ਾਂ ਦੀ ਦੇਖਭਾਲ ਕਰਦੀ ਸੀ।

ਸੰਘਣੀ ਵਸੋਂ ਅਤੇ ਨੌਕਰੀ ਦੇ ਰੁਝੇਵਿਆਂ ਕਾਰਨ ਮੈਨੂੰ ਸੈਕਟਰ ਵਿਚ ਵਸਦੇ ਬਾਕੀ ਵਸਨੀਕਾਂ ਬਾਰੇ ਜ਼ਿਆਦਾ ਜਾਣਕਾਰੀ ਵੀ ਨਹੀਂ ਸੀ। ਮੇਰੇ ਵਾਂਗ ਹੋਰ ਵੀ ਆਂਢੀ-ਗੁਆਂਢੀ ਜ਼ਿਆਦਾ ਨਹੀਂ ਜਾਣਦੇ ਸਨ। ਛੱਬੀ ਵਰ੍ਹਿਆਂ ਦੀ ਇਸ ਲੜਕੀ ਬਾਰੇ ਇਹੋ ਪਤਾ ਲੱਗਾ ਕਿ ਉਹ ਪੀਜੀਆਈ ਵਿਖੇ ਨੌਕਰੀ ਕਰਦੀ ਹੈ ਅਤੇ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਕੋਰੋਨਾ ਪਾਜ਼ੇਟਿਵ ਦੀ ਖ਼ਬਰ ਮੀਡੀਆ ਦੀਆਂ ਸੁਰਖੀਆਂ ਤਾਂ ਬਣਨੀ ਹੀ ਸੀ, ਸੈਕਟਰ ਵਿਚ ਵੀ ਪੂਰੀ ਤਰ੍ਹਾਂ ਫੈਲ ਗਈ। ਵ੍ਹਟਸਐਪ ਗਰੁੱਪਾਂ 'ਤੇ ਖ਼ਬਰ ਘੁੰਮਣ ਲੱਗੀ। ਸੈਕਟਰ 'ਚ ਮਾਹੌਲ ਵੀ ਬਦਲ ਗਿਆ।

ਗਲੀਆਂ-ਮੁਹੱਲਿਆਂ ਵਿਚ ਵੀ ਰੇਹੜੀ-ਫੜ੍ਹੀ ਵਾਲਿਆਂ ਦੀ ਭੀੜ ਘੱਟ ਗਈ। ਪਾਰਕ ਵਿਚ ਸੈਰ ਕਰਨ ਵਾਲਿਆਂ ਦੀ ਗਿਣਤੀ ਵੀ ਘੱਟ ਗਈ। ਗਲੀਆਂ 'ਚ ਅਜੀਬ ਜਿਹੀ ਚੁੱਪ ਤੇ ਬੇਚੈਨੀ ਦਾ ਮਾਹੌਲ ਸੀ। ਮਿਲਕ ਬੂਥ ਵਾਲੇ ਨੇ ਵੀ ਬੈਰੀਕੇਡ ਲਗਾ ਕੇ ਸਮਾਜਿਕ ਵਿੱਥ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਸ਼ੁਰੂ ਕਰ ਦਿੱਤੀ। ਘਰਾਂ ਦਾ ਕੂੜਾ-ਕਰਕਟ ਵੀ ਫਲੈਟਾਂ 'ਚੋਂ ਸਿੱਧਾ ਚੁੱਕਣ ਦੀ ਬਜਾਏ ਵਸਨੀਕਾਂ ਨੂੰ ਹੇਠਾਂ ਬਾਹਰ ਰੱਖਣ ਦੇ ਹੁਕਮ ਹੋ ਗਏ ਤਾਂ ਜੋ ਕੂੜਾ-ਕਰਕਟ ਇਕੱਠਾ ਕਰਨ ਵਾਲੇ ਬਾਹਰੋ-ਬਾਹਰ ਲਿਜਾ ਸਕਣ। ਸਬੰਧਤ ਘਰ ਦੇ ਬਾਹਰ ਵੀ ਸਟਿੱਕਰ ਲਗਾ ਕੇ ਗਲੀ ਦੇ ਦੋਵੇਂ ਪਾਸਿਆਂ ਨੂੰ ਸੀਲ ਕਰ ਦਿੱਤਾ ਗਿਆ।

ਆਂਢ-ਗੁਆਂਢ ਢਹਿੰਦੀ ਕਲਾ ਵਾਲੀਆਂ ਗੱਲਾਂ ਹੋਣ ਲੱਗੀਆਂ। ਹਾਲਾਂਕਿ ਇਸ ਤੋਂ ਪਹਿਲਾਂ ਕਰਫਿਊ/ਲਾਕਡਾਊਨ ਦੇ ਸਮੇਂ ਦੌਰਾਨ ਸਾਰੇ ਵਸਨੀਕ ਪੂਰੇ ਇਹਤਿਹਾਤ ਵਰਤਦੇ ਆ ਰਹੇ ਸਨ ਅਤੇ ਆਪਸੀ ਸਮਾਜਿਕ ਵਿੱਥ ਦਾ ਖ਼ਿਆਲ ਰੱਖਦੇ ਹੋਏ ਇਕੱਠਾਂ ਤੋਂ ਵੀ ਗੁਰੇਜ਼ ਕਰ ਰਹੇ ਸਨ ਪਰ ਇਕ ਕੇਸ ਆਉਣ ਤੋਂ ਬਾਅਦ ਸਿਹਤ ਵਿਭਾਗ ਦੀਆਂ ਸਲਾਹਾਂ ਦੀ ਪਾਲਣਾ ਹੋਰ ਸ਼ਿੱਦਤ ਨਾਲ ਹੋਣ ਲੱਗੀ। ਇੰਨੇ ਨੂੰ ਸੁੱਖ ਦੀ ਖ਼ਬਰ ਆਈ ਕਿ ਭਾਵਨਾ ਸਿਹਤਯਾਬ ਹੋ ਕੇ ਘਰ ਪਰਤ ਰਹੀ ਹੈ। ਉਸ ਨੇ ਚੰਡੀਗੜ੍ਹ ਵਿਚ ਸਭ ਤੋਂ ਘੱਟ ਸਮੇਂ (10 ਦਿਨ) ਵਿਚ ਤੰਦੁਰਸਤ ਹੋ ਕੇ ਘਰ ਪਰਤਣ ਦਾ ਰਿਕਾਰਡ ਬਣਾਇਆ। ਭਾਵਨਾ ਦੀ ਜ਼ਿੰਦਾਦਿਲੀ ਅਤੇ ਮਜ਼ਬੂਤ ਇੱਛਾ ਸ਼ਕਤੀ ਨਾਲ ਸਿਹਤਯਾਬ ਹੋਣ ਦੀ ਖ਼ਬਰ ਫੈਲਣ ਦੀ ਦੇਰ ਸੀ ਕਿ ਪੂਰੇ ਸੈਕਟਰ ਵਾਸੀ ਚੜ੍ਹਦੀ ਕਲਾ ਵਿਚ ਹੋ ਗਏ। ਉਸ ਨੇ ਲੋਕਾਂ ਵਿਚ ਨਵੀਂ ਰੂਹ ਫੂਕ ਦਿੱਤੀ। ਭਾਵਨਾ ਜਦੋਂ ਪੀਜੀਆਈ ਦੇ ਵਾਹਨ ਤੋਂ ਘਰ ਪਰਤੀ ਤਾਂ ਸਾਹਮਣੇ ਉਸ ਦੇ ਸਵਾਗਤ ਲਈ ਸੈਕਟਰ ਵਾਸੀ ਪੱਬਾਂ ਭਾਰ ਸਨ। ਸੈਕਟਰ ਦੀਆਂ ਸਮਾਜਿਕ ਗਤੀਵਿਧੀਆਂ ਵਿਚ ਅੱਗੇ ਰਹਿਣ ਵਾਲੇ ਚਿਤਰੰਜਨ ਸਿੰਘ, ਸਥਾਨਕ ਰਿਹਾਇਸ਼ ਐਸੋਸੀਏਸ਼ਨ ਦੇ ਪ੍ਰਧਾਨ ਪੰਕਜ ਗੁਪਤਾ, ਬਲਬੀਰ ਸਿੰਘ, ਰੇਖਾ ਸੂਦ ਸਣੇ ਕਈਆਂ ਨੇ ਭਾਵਨਾ ਦਾ ਸਵਾਗਤ ਕਰਦਿਆਂ ਉਸ ਉਤੇ ਫੁੱਲਾਂ ਦੀ ਵਰਖਾ ਕੀਤੀ। ਉਸ ਦੇ ਆਉਣ ਨਾਲ ਮਾਹੌਲ ਹੀ ਬਦਲ ਗਿਆ। ਪਾਰਕ ਵਿਚ ਵੀ ਰੌਣਕਾਂ ਲੱਗ ਗਈਆਂ।

ਅਗਲੇ ਦਿਨ ਅਖ਼ਬਾਰਾਂ ਵਿਚ ਭਾਵਨਾ ਦੇ ਜੰਗ ਜੇਤੂਆਂ ਵਰਗੇ ਹੋਏ ਸਵਾਗਤ ਦੀਆਂ ਖ਼ਬਰਾਂ ਸੁਰਖੀਆਂ ਬਣੀਆਂ। ਇਸ ਲੜਕੀ ਵੱਲੋਂ ਵੀ ਸੈਕਟਰ ਦੇ ਵ੍ਹਟਸਐਪ ਗਰੁੱਪ ਵਿਚ ਸਾਰੇ ਹਸਪਤਾਲ ਸਟਾਫ, ਖ਼ਾਸ ਕਰ ਕੇ ਖਾਣੇ ਦਾ ਖਿਆਲ ਰੱਖਣ ਵਾਲੇ ਕਿਚਨ ਸਟਾਫ, ਪਰਿਵਾਰਕ ਮੈਂਬਰਾਂ ਦੇ ਸਬਰ, ਦੋਸਤਾਂ ਦੀ ਹੱਲਾਸ਼ੇਰੀ ਅਤੇ ਵਾਪਸੀ 'ਤੇ ਸੈਕਟਰ ਵਾਸੀਆਂ ਵੱਲੋਂ ਕੀਤੇ ਸਵਾਗਤ ਲਈ ਸਭਨਾਂ ਦਾ ਧੰਨਵਾਦ ਕੀਤਾ ਗਿਆ। ਨਾਲ ਹੀ ਉਸ ਨੇ ਇਹ ਸੰਦੇਸ਼ ਵੀ ਦਿੱਤਾ ਕਿ ਕੋਰੋਨਾ ਖ਼ਿਲਾਫ਼ ਜੰਗ ਖ਼ਤਮ ਨਹੀਂ ਹੋਈ, ਇਸ ਲਈ ਇਹਤਿਆਤ ਦੀ ਪਾਲਣਾ ਹਰ ਹੀਲੇ ਕਰੋ।

ਭਾਵਨਾ ਖ਼ੁਦ ਵੀ ਕੋਵਿਡ ਮਰੀਜ਼ਾਂ ਦੀ ਸਿਰੜ ਤੇ ਸਿਦਕ ਨਾਲ ਡਿਊਟੀ ਦੌਰਾਨ ਦੇਖਭਾਲ ਤੋਂ ਬਾਅਦ ਘਰ ਪਰਤ ਕੇ ਪੂਰੇ ਇਹਤਿਆਤ ਦੀ ਪਾਲਣਾ ਕਰਦੀ ਰਹੀ ਸੀ ਜਿਸ ਕਾਰਨ ਉਸ ਦੇ ਪਾਜ਼ੇਟਿਵ ਪਾਏ ਜਾਣ ਦੇ ਬਾਵਜੂਦ ਉਸ ਦੇ ਪਰਿਵਾਰ ਵਿਚ ਸੁੱਖ-ਸਾਂਦ ਰਹੀ। ਉਸ ਦੇ ਪਿਤਾ ਕਮਲਜੀਤ ਸਿੰਘ ਨੂੰ ਜਿੱਥੇ ਆਪਣੀ ਬੇਟੀ 'ਤੇ ਮਾਣ ਹੈ, ਉੱਥੇ ਹੀ ਸਾਰੇ ਸੈਕਟਰ ਨੂੰ ਉਸ 'ਤੇ ਫ਼ਖਰ ਹੈ ਜਿਸ ਨੇ ਪਹਿਲਾਂ ਕੋਰੋਨਾ ਮਰੀਜ਼ਾਂ ਦੀ ਸੰਭਾਲ ਵਾਲੀ ਡਿਊਟੀ ਤਨਦੇਹੀ, ਲਗਨ ਤੇ ਪ੍ਰਤੀਬੱਧਤਾ ਨਾਲ ਕੀਤੀ, ਫਿਰ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਮਜ਼ਬੂਤ ਇੱਛਾ ਸ਼ਕਤੀ ਨਾਲ ਇਲਾਜ ਕਰਵਾ ਕੇ ਥੋੜ੍ਹੇ ਸਮੇਂ ਅੰਦਰ ਸਿਹਤਯਾਬ ਹੋ ਕੇ ਘਰ ਪਰਤੀ। ਕੋਰੋਨਾ ਵਿਰੁੱਧ ਜੰਗ ਲੜਨ ਦਾ ਕਾਰਗਾਰ ਤਰੀਕਾ ਹੈ ਕਿ ਅੱਗੇ ਹੋ ਕੇ ਲੜਨਾ ਅਤੇ ਪਿੱਛੇ ਬਚਾਅ ਤੇ ਇਹਤਿਹਾਤ ਵੀ ਪੂਰਾ ਕਰਨਾ। ਬੁਲੰਦ ਹੌਸਲੇ ਤੇ ਜ਼ਿੰਦਾਦਿਲੀ ਨਾਲ ਭਾਵਨਾ ਸਾਰਿਆਂ ਵਾਸਤੇ ਮਿਸਾਲ ਬਣ ਗਈ ਹੈ। ਅਸਲ ਵਿਚ ਇਸ ਮਹਾਮਾਰੀ ਵਿਰੁੱਧ ਇੰਜ ਹੀ ਲੜਾਈ ਜਿੱਤੀ ਜਾ ਸਕਦੀ ਹੈ। ਸਾਨੂੰ ਢੇਰੀ ਨਹੀਂ ਢਾਹੁਣੀ ਚਾਹੀਦੀ ਪਰ ਨਾਲ ਹੀ ਜਿੰਨਾ ਸੰਭਵ ਹੋਵੇ ਪਰਹੇਜ਼ ਤੇ ਇਹਤਿਹਾਤ ਰੱਖੋ। ਸਾਰੀਆਂ ਸਿਹਤ ਸਬੰਧੀ ਸਲਾਹਾਂ ਅਤੇ ਪ੍ਰੋਟੋਕੋਲ ਦਾ ਪਾਲਣ ਕਰਨਾ ਵੀ ਯਕੀਨੀ ਬਣਾਉਣਾ ਚਾਹੀਦਾ ਹੈ। ਭੀੜ ਕਰਨ ਤੋਂ ਬਚੋ ਅਤੇ ਸਮਾਜਿਕ ਵਿੱਥ ਦੇ ਨਾਲ-ਨਾਲ ਮਾਸਕ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ। ਇਸ ਲੜਾਈ ਵਿਚ ਸਭ ਤੋਂ ਵੱਧ ਵਧਾਈ ਦੇ ਪਾਤਰ ਸਿਹਤ ਕਾਮੇ ਹਨ ਜੋ ਅੱਗੇ ਹੋ ਕੇ ਲੜ ਵੀ ਰਹੇ ਹਨ ਅਤੇ ਆਪਣੇ ਅਤੇ ਆਪਣੇ ਪਰਿਵਾਰਾਂ ਦਾ ਖ਼ਿਆਲ ਵੀ ਰੱਖ ਰਹੇ ਹਨ। ਮੇਰੇ ਦਫ਼ਤਰ ਦੇ ਤਿੰਨ ਸਹਿ-ਕਰਮੀਆਂ ਇਕਬਾਲ ਸਿੰਘ ਬਰਾੜ, ਅਮਨਦੀਪ ਸਿੰਘ ਸੰਧੂ ਤੇ ਕਰਨ ਮਹਿਤਾ ਦੀਆਂ ਪਤਨੀਆਂ ਵੀ ਸਿਹਤ ਵਿਭਾਗ ਵਿਚ ਕੰਮ ਕਰਦੀਆਂ ਹਨ ਜਿਨ੍ਹਾਂ ਕੋਲੋਂ ਮੈਂ ਰੋਜ਼ਾਨਾ ਉਨ੍ਹਾਂ ਦੀ ਸਖ਼ਤ ਡਿਊਟੀ ਅਤੇ ਇਹਤਿਆਤ ਦੀ ਪਾਲਣਾ ਦੀਆਂ ਗੱਲਾਂ ਸੁਣਦਾ ਹਾਂ। ਮੇਰੀ ਵੱਡੀ ਭੈਣ ਰਿੰਪੀ ਜੋ ਅਮਰੀਕਾ ਦੇ ਸ਼ਹਿਰ ਡੈਲਸ ਵਿਖੇ ਰਹਿੰਦੀ ਹੈ, ਮੈਡੀਕਲ ਖੇਤਰ ਵਿਚ ਨੌਕਰੀ ਕਰਦੀ ਹੈ।

ਕਰਫਿਊ ਦੌਰਾਨ ਵੀ ਦਫ਼ਤਰ ਜਾਣ ਕਰ ਕੇ ਕਈ ਵਾਰ ਮੇਰੇ ਜਾਣਕਾਰਾਂ ਨੇ ਕਹਿਣਾ, ''ਤੈਨੂੰ ਡਰ ਨਹੀਂ ਲੱਗਦਾ?'' ਮੇਰਾ ਇੱਕੋ ਜਵਾਬ ਹੋਣਾ, ''ਧੰਨ ਨੇ ਡਾਕਟਰ ਤੇ ਪੈਰਾ ਮੈਡੀਕਲ ਕਾਮੇ ਜੋ ਸਭ ਤੋਂ ਅੱਗੇ ਹੋ ਕੇ ਲੜਾਈ ਲੜ ਰਹੇ ਹਨ।'' ਕੋਰੋਨਾ ਕਾਰਨ ਸਾਨੂੰ ਆਪਣੇ ਕੰਮਕਾਰ ਅਤੇ ਬਣਦੀਆਂ ਡਿਊਟੀਆਂ ਨਿਭਾਉਣ ਦੇ ਨਾਲ-ਨਾਲ ਇਹਤਿਹਾਤ ਵੀ ਵਰਤਣੀ ਜ਼ਰੂਰੀ ਹੈ। ਕਈ ਵਾਰ ਲਗਾਤਾਰ ਮਾਸਕ ਪਹਿਨਣ ਅਤੇ ਵਾਰ-ਵਾਰ ਸੈਨੀਟਾਈਜ਼ਰ ਨਾਲ ਹੱਥ ਧੋਣ ਕਰ ਕੇ ਅੱਕੇ ਹੋਏ ਮਹਿਸੂਸ ਕਰੀਦਾ ਹੈ ਪਰ ਸਾਨੂੰ ਸਾਰਿਆਂ ਨੂੰ ਇਹ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਹੀ ਪੈਣਾ ਹੈ। ਇਹੋ ਇਸ ਲੜਾਈ ਖ਼ਿਲਾਫ਼ ਕਾਰਗਰ ਹਥਿਆਰ ਹੈ। ਕੋਰੋਨਾ 'ਤੇ ਜਿੱਤ ਲਈ ਇਹੋ 'ਮਿਸ਼ਨ ਫ਼ਤਿਹ' ਦਾ ਨਾਅਰਾ ਹੈ।

ਜਦੋਂ ਤਕ ਕੋਰੋਨਾ ਦੇ ਕਿਸੇ ਇਲਾਜ ਜਾਂ ਵੈਕਸੀਨ ਦੀ ਖੋਜ ਨਹੀਂ ਹੋ ਜਾਂਦੀ ਉਦੋਂ ਤਕ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਨਾਲ ਹੀ ਇਸ ਆਫ਼ਤ ਦਾ ਸਾਹਮਣਾ ਕਰਨਾ ਪੈਣਾ ਹੈ। ਲਾਪਰਵਾਹੀ ਅਤੇ ਘਬਰਾਉਣਾ ਇਸ ਦਾ ਹੱਲ ਨਹੀਂ। ਘਰਾਂ 'ਚ ਰਹਿਣ ਲਈ ਮਜਬੂਰ ਹੋਣ 'ਤੇ ਲੋਕਾਂ ਦੇ ਸੁਭਾਅ ਵੀ ਚਿੜਚਿੜੇ ਹੋ ਗਏ ਹੋਣੇ ਨੇ ਪਰ ਇਹੋ ਸਮੇਂ ਦੀ ਮੰਗ ਹੈ ਕਿ ਜਿੰਨਾ ਹੋ ਸਕੇ, ਘਰ 'ਚ ਹੀ ਰਹੀਏ। ਮੁਸੀਬਤ ਵਿਚ ਹੀ ਇਨਸਾਨ ਦੀ ਅਸਲ ਪਰਖ਼ ਹੁੰਦੀ ਹੈ ਅਤੇ ਇਸ ਵਿਚ ਸਫਲ ਹੋਣ ਵਾਲੇ ਭਾਵਨਾ ਵਰਗੇ ਕਈ ਚਿਹਰੇ ਸਾਡੇ ਸਾਰਿਆਂ ਲਈ ਪ੍ਰੇਰਨਾ ਦਾ ਸੋਮਾ ਬਣਦੇ ਹਨ।

-ਮੋਬਾਈਲ ਨੰ. : 97800-36216

Posted By: Jagjit Singh