‘ਜੇ ਮੈਂ ਆਪਣੇ ਮਾਪਿਆਂ ਦੀ ਗੱਲ ਮੰਨੀ ਹੁੰਦੀ ਤਾਂ ਸ਼ਾਇਦ ਅੱਜ ਇਹ ਦਿਨ ਨਾ ਵੇਖਣੇ ਪੈਂਦੇ।’ ਇਹ ਸ਼ਬਦ ਇਕ ਕੁੜੀ ਦੇ ਹਨ, ਜੋ ਆਪਣੇ ਪਾਪਾ ਵਾਸਤੇ ਕਹੇ ਗਏ ਹਨ ਕਿ ਪਾਪਾ ਜੀ ਇਕ ਵਾਰ ਆ ਜਾਓ, ਮੇਰੀਆਂ ਗ਼ਲਤੀਆਂ ਮਾਫ਼ ਕਰ ਜਾਓ। ਪਾਪਾ ਦੀ ਕੁੱਲੀ ਤੋਂ ਸੁਰੱਖਿਅਤ ਸੰਸਾਰ ’ਚ ਕੁਝ ਵੀ ਨਹੀਂ ਹੁੰਦਾ ਜੇ ਅਸੀਂ ਸਮਝੀਏ। ਮੈਂ ਆਪਣੀ ਜ਼ਿੰਦਗੀ ’ਤੇ ਪਛਤਾਵਾ ਕਰ ਰਹੀ ਕੁੜੀ ਬਾਰੇ ਦੱਸਣ ਜਾ ਰਹੀ ਹਾਂ ਤਾਂ ਜੋ ਸਾਡੇ ਸਮਾਜ ਦੇ ਮਨਚਲੇ ਤੇ ਨਾਸਮਝ ਮੁੰਡੇ-ਕੁੜੀਆਂ ਨੂੰ ਕੋਈ ਅਕਲ ਆ ਜਾਵੇ । ਇਕ ਵਾਰ ਮੈਨੂੰ ਪਟਿਆਲਾ ਦੇ ਇਕ ਸੋਸ਼ਲ ਵਰਕਰ ਨਾਲ ਜੇਲ ’ਚ ਜਾਣ ਦਾ ਮੌਕਾ ਮਿਲਿਆ। ਉਸ ਦੇ ਲੈਕਚਰ ਸਨ ਤੇ ਮੈਂ ਜੇਲ੍ਹ ਤੇ ਕੈਦੀਆਂ ਨੂੰ ਦੇਖਣ ਲਈ ਗਈ ਸੀ। ਜੇਲ੍ਹ ਅੰਦਰ ਆਦਮੀਆਂ, ਬਜ਼ੁਰਗਾਂ ਤੋਂ ਇਲਾਵਾ ਔਰਤਾਂ ਤੇ ਕੁੜੀਆਂ ਵੀ ਸਨ। ਲੈਕਚਰ ਮਗਰੋਂ ਜਦੋ ਅਸੀਂ ਕੈਦੀ ਔਰਤਾਂ ਤੇ ਕੁੜੀਆਂ ਨੂੰ ਨਮਸਕਾਰ ਕਹਿ ਕੇ ਵਾਪਸ ਜਾਣ ਲਈ ਕੁਰਸੀਆਂ ਤੋਂ ਉੱਠੇ ਤਾਂ ਇਕ 35-36 ਸਾਲਾਂ ਦੀ ਔਰਤ ਸਾਡੇ ਵੱਲ ਆਈ ਤਾਂ ਜੇਲ੍ਹ ਅਫ਼ਸਰ ਨੇ ਉਸ ਨੂੰ ਰੋਕ ਦਿੱਤਾ। ਸਾਡੇ ਕਹਿਣ ’ਤੇ ਅਫ਼ਸਰ ਨੇ ਉਸ ਨੂੰ ਸਾਡੇ ਕੋਲ ਭੇਜ ਦਿੱਤਾ। ਉਸ ਨੇ ਆ ਕੇ ਮੇਰੇ ਪੈਰ ਛੂਹੇ। ਮੈਂ ਉਸ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਪਰ ਯਾਦ ਨਾ ਆਇਆ ਤਾਂ ਉਸ ਨੇ ਹੱਥ ਜੋੜ ਕੇ ਕਿਹਾ, ‘ਮੈਂ ਤੁਹਾਡੇ ਸਕੂਲ ’ਚ ਪੜ੍ਹਦੀ ਸੀ, ਮੈਂ ਕਲਾਸ ’ਚ ਬਹੁਤ ਸ਼ਰਾਰਤੀ ਸੀ। ਕਹਿਣਾ ਨਹੀਂ ਸੀ ਮੰਨਦੀ। ਸਕੂਲੋਂ ਭੱਜ ਕੇ ਸਿਨੇਮੇ ਦੇਖਣ ਜਾਂਦੀ ਤੇ ਤੁਸੀਂ ਮੈਨੂੰ ਸਕੂਲ ਤੋਂ ਕੱਢ ਦਿੱਤਾ ਸੀ । ਮੇਰੇ ਮੰਮੀ-ਪਾਪਾ ਜੀ ਦੇ ਬੇਨਤੀਆਂ ਕਰਨ ’ਤੇ ਫੇਰ ਦਾਖ਼ਲ ਕਰ ਲਿਆ ਸੀ।’ ਮੈਂ ਉਸ ਨੂੰ ਪਛਾਣ ਗਈ ਤੇ ਜੇਲ੍ਹ ਅਫ਼ਸਰ ਨੂੰ ਬੇਨਤੀ ਕਰਨ ’ਤੇ ਉਨ੍ਹਾਂ ਨੇ ਉਸ ਨੂੰ ਸਾਡੇ ਕੋਲ ਬਿਠਾ ਦਿੱਤਾ। ਉਸ ਨੇ ਦੱਸਿਆ ਕਿ ਉਹ ਆਪਣੇ ਮੰਮੀ - ਪਾਪਾ ਤੇ ਭੈਣ-ਭਰਾ ਨੂੰ ਆਪਣਾ ਦੁਸ਼ਮਣ ਸਮਝਦੀ ਸੀ ਕਿਉਂਕਿ ਮੇਰੀ ਮੰਮੀ ਮੈਨੂੰ ਪਾਪਾ ਦੇ ਕੰਮ ’ਤੇ ਜਾਣ ਮਗਰੋਂ ਬਹੁਤ ਸਮਝਾਇਆ ਕਰਦੀ ਸੀ ਤੇ ਮਾਰਦੀ- ਕੁੱਟਦੀ ਸੀ। ਉਹ ਮੈਨੂੰ ਮੌਜ ਮਸਤੀ ਕਰਨ ਤੋਂ ਰੋਕਦੇ ਸਨ। ਫੇਰ ਇਕ ਦਿਨ ਉਹ ਸਖ਼ਤ ਬਿਮਾਰ ਹੋ ਗਈ ਤਾਂ ਮੈਨੂੰ ਮਰਨ ਤੋਂ ਬਚਾਉਣ ਲਈ ਮੇਰੇ ਪਾਪਾ ਨੇ ਆਪਣਾ ਇਕ ਗੁਰਦਾ ਵੇਚਿਆ ਸੀ। ਮੈਂ ਠੀਕ ਹੋ ਕੇ ਵੀ ਮੰਮੀ-ਪਾਪਾ ਦੇ ਪਿਆਰ ਨੂੰ ਸਮਝ ਨਹੀਂ ਸਕੀ ਤੇ ਇਕ ਦਿਨ ਘਰੋਂ ਭੱਜ ਗਈ। ਦੋ ਮਹੀਨਿਆਂ ਮਗਰੋਂ ਪੁਲਿਸ ਮੈਨੂੰ ਬੰਬਈ ਤੋਂ ਫੜ ਕੇ ਲੈ ਕੇ ਆਈ। ਮੈਨੂੰ ਜੇਲ੍ਹ ਹੋਈ ਤਾਂ ਮੇਰੀ ਜ਼ਮਾਨਤ ਤੇ ਕੇਸ ਲੜਨ ਲਈ ਪਾਪਾ ਨੇ ਘਰ ਗਹਿਣੇ ਰੱਖ ਦਿੱਤਾ। ਮੈ ਉਸ ਸਮੇਂ ਤਕ ਨਸ਼ਿਆਂ ਦੀ ਆਦੀ ਹੋ ਚੁੱਕੀ ਸੀ ਤੇ ਨਸ਼ੇ ਖ਼ਰੀਦਣ ਲਈ ਮੈਂ ਆਪਣੇ ਘਰ ਮੁਹੱਲੇ ਅੰਦਰ ਚੋਰੀਆਂ ਵੀ ਕਰਦੀ ਸੀ। ਇਕ ਦਿਨ ਮੈਂ ਨਸ਼ੇ ਖ਼ਰੀਦਣ ਲਈ ਮੰਮੀ ਦੇ ਸੋਨੇ ਦੇ ਗਹਿਣੇ ਚੋਰੀ ਕੀਤੇ। ਪਾਪਾ ਨੇ ਬਹੁਤ ਸਮਝਾਇਆ ਤੇ ਮਾਰਿਆ- ਕੁੱਟਿਆ ਵੀ ਪਰ ਗੰਦੀਆਂ ਆਦਤਾਂ ਤੇ ਗੰਦੇ ਸਾਥੀ ਛੱਡਣੇ ਅਸੰਭਵ ਲਗਦੇ ਹਨ। ਮੈਂ ਇਕ ਦਿਨ ਆਪਣੇ ਮੰਮੀ ਜੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਤਾਂ ਜੋ ਮੈ ਐਸ਼ ਕਰਦੀ ਰਹਾਂ ਤੇ ਮੈਨੂੰ ਰੋਕਣ- ਟੋਕਣ ਵਾਲਾ ਕੋਈ ਨਾ ਹੋਵੇ ਪਰ ਇਸ ਅਪਰਾਧ ਕਾਰਨ ਮੈਨੂੰ ਉਮਰ ਕੈਦ ਹੋ ਗਈ ਤੇ ਮੈਂ ਕਈ ਸਾਲਾਂ ਤੋਂ ਜੇਲ੍ਹ ਅੰਦਰ ਰੋ - ਰੋ ਕੇ ਜੀਅ ਰਹੀ ਹਾਂ ਪਰ ਮੈਡਮ ਜੀ ਜੇ ਮੈਂ ਉਸ ਸਮੇਂ ਤੁਹਾਡੀ ਗੱਲ ਸਮਝ ਜਾਂਦੀ ,ਆਪਣੇ ਮੰਮੀ - ਪਾਪਾ ਜੀ ਦੀ ਗੱਲ ਮੰਨ ਲੈਂਦੀ, ਸਰ ਦੀਆਂ ਗੱਲਾਂ ਅਤੇ ਉਦਾਹਰਨਾਂ ’ਤੇ ਗੌਰ ਕਰਦੀ , ਜੋ ਉਹ ਆਪਣੇ ਸਕੂਲ ਵਿਖੇ ਸਮੇਂ-ਸਮੇਂ ਆ ਕੇ ਦੱਸਿਆ ਕਰਦੇ ਸਨ ਤਾਂ ਮੈਂ ਅੱਜ ਪੜ੍ਹ -ਲਿਖ ਕੇ ਕੋਈ ਨੌਕਰੀ ਕਰ ਰਹੀ ਹੁੰਦੀ ਤੇ ਮੇਰੇ ਮੰਮੀ- ਪਾਪਾ ਵੀ ਮੇਰੇ ਕੋਲ ਹੁੰਦੇ।’ ਫਿਰ ਉਸ ਨੇ ਹੱਥ ਜੋੜ ਕੇ ਮੇਰੇ ਪੈਰਾਂ ’ਚ ਸਿਰ ਰੱਖ ਕੇ ਰੋਂਦਿਆਂ ਕਿਹਾ ਕਿ ਮੈਡਮ ਜੇ ਤੁਸੀਂ ਮੇਰੇ ਮੇਰੇ ਕਾਰਨ ਬਦਨਾਮ ਤੇ ਉੱਜੜੇ ਪਾਪਾ ਨੂੰ ਲੱਭ ਕੇ ਇਕ ਵਾਰ ਮੇਰੇ ਕੋਲ ਜੇਲ੍ਹ ’ਚ ਲੈ ਆਓ ਤਾਂ ਮੈਂ ਉਨ੍ਹਾਂ ਤੋਂ ਆਪਣੇ ਭਿਆਨਕ ਪਾਪਾਂ ਦੀ ਮਾਫ਼ੀ ਮੰਗ ਲਵਾਂ। ਬਸ ਇਕ ਵਾਰ ਉਹ ਮੇਰੇ ਕੋਲ ਆ ਕੇ ਮੇਰੇ ਸਿਰ ’ਤੇ ਹੱਥ ਰੱਖ ਕੇ ਮੈਨੂੰ ਮਾਫ਼ੀ ਦੇ ਦੇਣ ਨਹੀਂ ਤਾਂ ਮੈਂ ਇਸ ਜਨਮ ਤਾਂ ਕੀ, ਕਈ ਜਨਮ ਵੀ ਤੜਫ਼ਦੀ ਰਹਾਂਗੀ।’ ਫਿਰ ਉਸ ਨੇ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਕੀਤੀ ਕਿ ਮੇਰੀਆਂ ਗ਼ਲਤੀਆਂ, ਅਪਰਾਧ, ਬਚਪਨ ’ਚ ਮਾੜੇ ਪਾਸੇ ਜਾਣ, ਮਾੜੇ ਦੋਸਤਾਂ ਨਾਲ ਜੀਵਨ ਬਰਬਾਦ ਕਰਨ ਦੀਆਂ ਗੱਲਾਂ ਵਿਦਿਆਰਥੀਆਂ ਨੂੰ ਜ਼ਰੂਰ ਦੱਸਣਾ ਤਾਂ ਜੋ ਕੋਈ ਹੋਰ ਮੁੰਡਾ ਜਾਂ ਕੁੜੀ ਐਸ਼ਪ੍ਰਸਤੀ, ਨਸ਼ਿਆਂ ਤੇ ਮਾੜੇ ਦੋਸਤਾਂ ਨਾਲ ਰਲ ਕੇ ਆਪਣੀ ਜ਼ਿੰਦਗੀ ਤੇ ਮਾਪਿਆਂ ਦਾ ਪਿਆਰ ਬਰਬਾਦ ਨਾ ਕਰਨ। ਮੈਂ ਸਮਝਦੀ ਹਾਂ ਅਧਿਆਪਕ ਵੀ ਕੇਵਲ ਅਧਿਆਪਕ ਨਾ ਬਣਨ ਸਗੋਂ ਬੱਚਿਆਂ ਦੇ ਮਾਤਾ- ਪਿਤਾ, ਦੋਸਤ, ਹਮਦਰਦ ਤੇ ਗੁਰੂ ਬਣ ਕੇ ਬੱਚਿਆਂ ਦੇ ਚਿਹਰੇ ਦੇ ਨਾਲ- ਨਾਲ ਉਨ੍ਹਾਂ ਦੇ ਦਿਲੋ-ਦਿਮਾਗ਼, ਵਿਚਾਰਾਂ, ਭਾਵਨਾਵਾਂ ਤੇ ਚਾਲ- ਚਲਣ ਨੂੰ ਵੀ ਸਮਝਣ ਤੇ ਉਨ੍ਹਾਂ ਦਾ ਸਾਥ ਕਦੇ ਵੀ ਨਾ ਛੱਡਣ। ਇਸ ਤਰ੍ਹਾਂ ਅਸੀਂ ਸਮਾਜ ’ਚ ਅਪਰਾਧ ਤੇ ਅਪਰਾਧੀ ਘਟਾ ਸਕਦੇ ਹਾਂ ਤੇ ਸਮਾਜ ਦੇ ਹਰ ਘਰ- ਪਰਿਵਾਰ ਨੂੰ ਬਰਬਾਦੀ, ਦੁੱਖ ਦਰਦ , ਸ਼ਰਮਿੰਦਗੀ ਤੇ ਆਉਣ ਵਾਲੀ ਤਬਾਹੀ ਤੋਂ ਬਚਾ ਸਕਦੇ ਹਾਂ।

-ਸੰਤੋਸ਼ ਗੋਇਲ

ਸੰਪਰਕ ਨੰ: 93177-14141

Posted By: Jatinder Singh