v>ਪੰਜਾਬ ਸਮੇਤ ਪੂਰੇ ਦੇਸ਼ ’ਚ ਕੋਰੋਨਾ ਮਹਾਮਾਰੀ ਦਾ ਕਹਿਰ ਵੱਧਦਾ ਜਾ ਰਿਹਾ ਹੈ। ਇਸ ਬਿਮਾਰੀ ਦੀ ਤਬਾਹੀ ਕਾਰਨ ਸਾਰੇ ਅਦਾਰੇ ਹਿੱਲ ਗਏ ਹਨ। ਇਸ ਸਮੇਂ ਭਾਰਤ ਕੋਰੋਨਾ ਕੇਸਾਂ ਦੇ ਮਾਮਲੇ ’ਚ ਪਹਿਲੇ ਸਥਾਨ ’ਤੇ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਲਗਪਗ ਦਸ ਦਿਨਾਂ ਤੋਂ ਲਾਕਡਾਊਨ ਲਾਗੂ ਹੈ। ਸਰਕਾਰ ਦੀਆਂ ਕੋਸ਼ਿਸ਼ਾਂ ਬਹੁਤ ਘੱਟ ਪੈ ਰਹੀਆਂ ਹਨ। ਲੋਕਾਂ ਦੇ ਮੋਢਿਆਂ ’ਤੇ ਬਹੁਤ ਵੱਡੀ ਜ਼ਿੰਮੇਵਾਰੀ ਆ ਪਈ ਹੈ। ਸਾਰੀ ਦੁਨੀਆ ਨੂੰ ਦਵਾਈਆਂ ਤੇ ਟੀਕੇ ਮੁਹੱਈਆ ਕਰਵਾਉਣ ਤੋਂ ਬਾਅਦ ਭਾਰਤ ਨੂੰ ਹੁਣ 40 ਦੇਸ਼ਾਂ ਨੂੰ ਆਕਸੀਜਨ ਭੇਜਣ ਲਈ ਕਹਿਣਾ ਪਿਆ ਹੈ। ਹਾਲਾਤ ਇਹ ਹਨ ਕਿ ਦੇਸ਼ ਦੇ ਕਈ ਸੂਬਿਆਂ ’ਚ ਨਾਈਟ ਕਰਫਿਊ ਤੇ ਵੀਕਐਂਡ ਲਾਕਡਾਊਨ ਤੋਂ ਬਾਅਦ ਗੱਲ ਹੁਣ ਲਾਕਡਾਊਨ ਤਕ ਆ ਪੁੱਜੀ ਹੈ। ਹਰਿਆਣਾ ਤੇ ਪੰਜਾਬ ਨੇ ਵੀ ਬੀਤੇ ਦਿਨ ਲਾਕਡਾਊਨ ਦਾ ਐਲਾਨ ਕੀਤਾ ਸੀ। ਪੰਜਾਬ ’ਚ ਇਸ ਵਾਰ ਕਈ ਰਿਆਇਤਾਂ ਵੀ ਦਿੱਤੀਆਂ ਗਈਆਂ ਹਨ। ਪਹਿਲੇ ਦਿਨ ਸੜਕਾਂ ’ਤੇ ਜੋ ਕੁਝ ਦੇਖਣ ਨੂੰ ਮਿਲਿਆ, ਉਸ ਤੋਂ ਸਾਫ਼ ਪ੍ਰਤੀਤ ਹੋਇਆ ਕਿ ਲਾਕਡਾਊਨ ਲਾਉਣ ਦਾ ਕੋਈ ਬਹੁਤਾ ਫ਼ਾਇਦਾ ਨਹੀਂ ਹੋਵੇਗਾ। ਸਰਕਾਰ ਨੇ ਹਦਾਇਤਾਂ ਤਾਂ ਜਾਰੀ ਕਰ ਦਿੱਤੀਆਂ ਪਰ ਉਨ੍ਹਾਂ ਦੀ ਪਾਲਣਾ ਕਰਵਾਉਣ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਕਈ ਥਾਈਂ ਸਿਰਫ਼ ਦੁਕਾਨਾਂ ਦੇ ਸ਼ਟਰ ਹੀ ਹੇਠਾਂ ਸਨ, ਬਾਕੀ ਸਭ ਕੁਝ ਪਹਿਲਾਂ ਵਾਂਗ ਹੀ ਸੀ। ਅਜਿਹੇ ਹਾਲਾਤ ’ਚ ਕੋਰੋਨਾ ਦੀ ਚੇਨ ਕਿਸ ਤਰ੍ਹਾਂ ਟੁੱਟ ਸਕਦੀ ਹੈ? ਇਹ ਸੋਚਣ ਵਾਲੀ ਗੱਲ ਹੈ। ਜੇ ਲੋਕ ਢੰਗ ਨਾਲ ਸਰਕਾਰ ਦੀਆਂ ਹਦਾਇਤਾਂ ਮੰਨ ਲੈਣ ਤਾਂ ਕੋਰੋਨਾ ਤੋਂ ਹੋ ਰਹੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ। ਜੇ ਨਹੀਂ ਤਾਂ ਫਿਰ ਬਹੁਤ ਛੇਤੀ ਸੰਪੂਰਨ ਲਾਕਡਾਊਨ ਵੀ ਲਾਉਣਾ ਪੈ ਸਕਦਾ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਵੀ ਕਹਿਣਾ ਹੈ ਕਿ ਪੰਜਾਬ ’ਚ 10 ਦਿਨ ਲਈ ਲਾਕਡਾਊਨ ਲਾ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ’ਚ ਕੋਰੋਨਾ ‘ਸਿਖ਼ਰ’ ਉੱਤੇ ਪੁੱਜ ਚੁੱਕਾ ਹੈ। ਲਾਕਡਾਊਨ ਦੇ ਪਹਿਲੇ ਦਿਨ ਲੋਕਾਂ ਦੀ ਲਾਪਰਵਾਹੀ ਦੇਖਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤੀ ਦੇ ਹੁਕਮ ਦਿੱਤੇ ਪਰ ਫ਼ਿਲਹਾਲ ਇਕ ਹਫ਼ਤਾ ਲਾਕਡਾਊਨ ਲਾਉਣ ਤੋਂ ਇਨਕਾਰ ਕੀਤਾ ਹੈ। ਮਾਹਿਰਾਂ ਮੁਤਾਬਕ ਪੰਜਾਬ ’ਚ ਕੋਰੋਨਾ ਦੀ ਦੂਜੀ ਲਹਿਰ ਜੋਬਨ ’ਤੇ ਹੈ ਅਤੇ ਆਉਣ ਵਾਲੇ 15 ਦਿਨ ਬਹੁਤ ਅਹਿਮ ਹਨ। ਦਰਅਸਲ, ਇਸ ਵੇਲੇ ਸਰਕਾਰ ਤੇ ਲੋਕਾਂ ਨੂੰ ਮਿਲ ਕੇ ਤੁਰਨ ਦੀ ਲੋੜ ਹੈ। ਲਾਕਡਾਊਨ ਦੌਰਾਨ ਬਿਨਾਂ ਕਾਰਨ ਘਰੋਂ ਨਿਕਲਣ ਵਾਲੇ ਲੋਕਾਂ ਨੂੰ ਇਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅੱਜ ਅਸੀਂ ਜਿਸ ਪੜਾਅ ’ਤੇ ਖੜ੍ਹੇ ਹਾਂ, ਉਸ ਲਈ ਉਨ੍ਹਾਂ ਵਰਗੇ ਹੀ ਕੁਝ ਲੋਕ ਜ਼ਿੰਮੇਵਾਰ ਹਨ ਜਿਨ੍ਹਾਂ ਨੇ ਪਹਿਲੀ ਲਹਿਰ ਦੇ ਘਟਣ ’ਤੇ ਲਾਪਰਵਾਹੀ ਵਰਤੀ ਸੀ। ਕੋਰੋਨਾ ਵਾਇਰਸ ਉਦੋਂ ਤਕ ਤੁਹਾਡੇ ਘਰ ਨਹੀਂ ਆਉਂਦਾ ਜਦੋਂ ਤਕ ਤੁਸੀਂ ਉਸ ਨੂੰ ਬਾਹਰੋਂ ਲੈ ਕੇ ਨਹੀਂ ਆਉਂਦੇ। ਚਿੰਤਾ ਇਸ ਗੱਲ ਦੀ ਹੈ ਕਿ ਪੰਜਾਬ ’ਚ ਕੋਰੋਨਾ ਦੇ ਮਾਮਲੇ ਤੇ ਮੌਤਾਂ ਲਗਾਤਾਰ ਵੱਧ ਰਹੀਆਂ ਹਨ। ਬੀਤੇ ਦਿਨ ਵੀ ਸੂਬੇ ’ਚ 150 ਤੋਂ ਵੱਧ ਮੌਤਾਂ ਅਤੇ 7 ਹਜ਼ਾਰ ਤੋਂ ਵੱਧ ਕੇਸ ਆਏ ਸਨ। ਫ਼ਿਲਹਾਲ ਤਾਂ ਹਾਲਾਤ ਬੇਕਾਬੂ ਨਹੀਂ ਹਨ ਪਰ ਜੇ ਮਰੀਜ਼ਾਂ ਦੀ ਗਿਣਤੀ ਵਧਦੀ ਹੈ ਤਾਂ ਪੰਜਾਬ ’ਚ ਵੀ ਦਿੱਲੀ ਵਰਗੇ ਹਾਲਾਤ ਪੈਦਾ ਹੋਣ ਦਾ ਡਰ ਹੈ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਲਾਕਡਾਊਨ ਦੌਰਾਨ ਆਪਣੇ ਘਰਾਂ ’ਚ ਰਹਿਣ ਅਤੇ ਸਰਕਾਰ ਵੀ ਲਾਪਰਵਾਹੀ ਵਰਤਣ ਵਾਲਿਆਂ ’ਤੇ ਸਖ਼ਤੀ ਕਰੇ। ਨਹੀਂ ਤਾਂ ਇਹ ਲਾਪਰਵਾਹੀ ਬਹੁਤ ਜ਼ਿਆਦਾ ਜਾਨਲੇਵਾ ਸਾਬਿਤ ਹੋਵੇਗੀ।

Posted By: Susheel Khanna