ਲਾਕਡਾਊਨ ਨੂੰ ਹਟਾਉਣ ਦੇ ਨਵੇਂ ਨਿਰਦੇਸ਼ ਜੇਕਰ ਕੁਝ ਦੱਸ ਰਹੇ ਹਨ ਤਾਂ ਇਹੀ ਕਿ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਅਤੇ ਉਸ ਤੋਂ ਉਪਜੀ ਮਹਾਮਾਰੀ ਕੋਵਿਡ-19 ਦਾ ਖ਼ਤਰਾ ਅਜੇ ਟਲਿਆ ਨਹੀਂ ਹੈ। ਖ਼ਤਰਾ ਬਰਕਰਾਰ ਰਹਿਣ ਦੇ ਸੰਕੇਤ ਕੋਰੋਨਾ ਦੇ ਨਵੇਂ ਮਰੀਜ਼ਾਂ ਦੀ ਗਿਣਤੀ ਤੋਂ ਵੀ ਮਿਲ ਰਹੇ ਹਨ। ਬੀਤੇ ਕੁਝ ਦਿਨਾਂ ਤੋਂ ਰੋਜ਼ਾਨਾ ਲਗਪਗ 50 ਹਜ਼ਾਰ ਨਵੇਂ ਕੋਰੋਨਾ ਮਰੀਜ਼ ਸਾਹਮਣੇ ਆ ਰਹੇ ਹਨ। ਇਹ ਹਰ ਲਿਹਾਜ਼ ਨਾਲ ਇਕ ਵੱਡੀ ਗਿਣਤੀ ਹੈ। ਇਸ ਨੂੰ ਨੱਥ ਪਾਉਣੀ ਹੀ ਹੋਵੇਗੀ। ਇਹ ਰਾਹਤ ਵਾਲੀ ਗੱਲ ਜ਼ਰੂਰ ਹੈ ਕਿ ਲਗਪਗ ਦਸ ਲੱਖ ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ ਅਤੇ ਇਨਫੈਕਸ਼ਨ ਦੀ ਲਪੇਟ ਵਿਚ ਆਏ ਲੋਕਾਂ ਦੀ ਮੌਤ ਦਰ ਵੀ ਬਹੁਤ ਘੱਟ ਹੈ ਪਰ ਇੰਨਾ ਤਾਂ ਹੈ ਹੀ ਕਿ ਜਦ ਤਕ ਇਸ ਮਹਾਮਾਰੀ 'ਤੇ ਲਗਾਮ ਨਹੀਂ ਲੱਗਦੀ ਉਦੋਂ ਤਕ ਹਾਲਾਤ ਆਮ ਵਰਗੇ ਨਹੀਂ ਹੋ ਸਕਦੇ। ਇਸ ਦੀ ਅਣਦੇਖੀ ਨਹੀਂ ਕੀਤੀ ਜਾਣੀ ਚਾਹੀਦੀ ਕਿ ਭਾਰਤ ਵਿਚ ਅਜੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਦੇ ਗ੍ਰਾਫ ਵਿਚ ਗਿਰਾਵਟ ਆਉਂਦੀ ਦਿਖਾਈ ਨਹੀਂ ਦੇ ਰਹੀ ਹੈ ਜਦਕਿ ਕਈ ਹੋਰ ਦੇਸ਼ਾਂ ਵਿਚ ਅਜਿਹਾ ਦੇਖਣ ਨੂੰ ਮਿਲ ਰਿਹਾ ਹੈ। ਇਹ ਚੰਗਾ ਹੈ ਕਿ ਕੇਂਦਰ ਸਰਕਾਰ ਦੇ ਨਾਲ-ਨਾਲ ਸੂਬਾ ਸਰਕਾਰਾਂ ਵੀ ਟੈਸਟਿੰਗ ਵਧਾਉਣ 'ਤੇ ਜ਼ੋਰ ਦੇ ਰਹੀਆਂ ਹਨ। ਅਸਲ ਵਿਚ ਇਹੀ ਉਹ ਉਪਾਅ ਹੈ ਜਿਸ 'ਤੇ ਸਭ ਤੋਂ ਵੱਧ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਪਰ ਇਸ ਦੇ ਨਾਲ ਹੀ ਇਹ ਵੀ ਤਾਂ ਜ਼ਰੂਰੀ ਹੈ ਕਿ ਲੋਕ ਇਕ-ਦੂਜੇ ਤੋਂ ਸਰੀਰਕ ਦੂਰੀ ਬਣਾਈ ਰੱਖਣ ਨੂੰ ਲੈ ਕੇ ਖ਼ਬਰਦਾਰ ਰਹਿਣ ਅਤੇ ਮਾਸਕ ਦਾ ਇਸਤੇਮਾਲ ਸਹੀ ਤਰੀਕੇ ਨਾਲ ਕਰਨ। ਹਾਲਾਂਕਿ ਸਰੀਰਕ ਦੂਰੀ ਦੇ ਨਿਯਮ ਦੀ ਪਾਲਣਾ ਅਤੇ ਮਾਸਕ ਦੀ ਵਰਤੋਂ ਦੀ ਮਹੱਤਤਾ ਤੋਂ ਸਾਰੇ ਜਾਣੂ ਹਨ ਪਰ ਇਹ ਵੀ ਇਕ ਸੱਚਾਈ ਹੈ ਕਿ ਬਹੁਤ ਸਾਰੇ ਲੋਕ ਲਾਪਰਵਾਹੀ ਦਾ ਮੁਜ਼ਾਹਰਾ ਕਰ ਰਹੇ ਹਨ। ਇਹ ਲਾਪਰਵਾਹੀ ਇਕ ਤਰ੍ਹਾਂ ਨਾਲ ਬੇਹੱਦ ਖ਼ਤਰਨਾਕ ਹੈ ਕਿਉਂਕਿ ਲੋਕ ਇਕ ਤਰ੍ਹਾਂ ਨਾਲ ਜਾਣਬੁੱਝ ਕੇ ਖ਼ੁਦ ਦੇ ਨਾਲ-ਨਾਲ ਹੋਰਾਂ ਲਈ ਵੀ ਸਮੱਸਿਆ ਖੜ੍ਹੀ ਕਰ ਰਹੇ ਹਨ। ਘਾਤਕ ਲਾਪਰਵਾਹੀ ਦਾ ਸਿਲਸਿਲਾ ਕਾਇਮ ਰਹਿਣ ਦਾ ਸਿੱਧਾ ਮਤਲਬ ਹੈ ਮਹਾਮਾਰੀ 'ਤੇ ਲਗਾਮ ਕੱਸਣ ਦੀਆਂ ਕੋਸ਼ਿਸ਼ਾਂ 'ਤੇ ਪਾਣੀ ਫੇਰਨਾ। ਬੇਸ਼ੱਕ ਹਾਲਾਤ ਤੇਜ਼ੀ ਨਾਲ ਬਦਲ ਸਕਦੇ ਹਨ ਜੇਕਰ ਹਰ ਕੋਈ ਮਾਸਕ ਦਾ ਇਸਤੇਮਾਲ ਕਰੇ ਅਤੇ ਸਰੀਰਕ ਦੂਰੀ ਨੂੰ ਲੈ ਕੇ ਚੌਕਸ ਹੋ ਜਾਵੇ। ਇਸ ਦੀ ਜ਼ਰੂਰਤ ਇਸ ਲਈ ਹੋਰ ਵੱਧ ਗਈ ਹੈ ਕਿਉਂਕਿ ਇੰਨੇ ਵੱਡੇ ਮੁਲਕ ਵਿਚ ਸਮੂਹਿਕ ਪੱਧਰ 'ਤੇ ਰੋਗ ਰੋਕੂ ਸਮਰੱਥਾ ਉਤਪੰਨ ਹੋਣ ਵਿਚ ਲੰਬਾ ਸਮਾਂ ਲੱਗੇਗਾ ਅਤੇ ਉਦੋਂ ਤਕ ਕਿਤੇ ਵੱਧ ਨੁਕਸਾਨ ਹੋ ਚੁੱਕਾ ਹੋਵੇਗਾ। ਸ਼ਾਇਦ ਇਸੇ ਲਈ ਇਹ ਕਿਹਾ ਜਾਣ ਲੱਗਾ ਹੈ ਕਿ ਸਮੂਹਿਕ ਰੋਗ ਰੋਕੂ ਸਮਰੱਥਾ ਕੋਈ ਬਹੁਤ ਕਾਰਗਰ ਬਦਲ ਨਹੀਂ ਹੈ। ਇਕ ਅਜਿਹੇ ਸਮੇਂ ਜਦ ਸਮੂਹਿਕ ਰੋਗ ਰੋਕੂ ਸਮਰੱਥਾ ਦੇ ਕਾਰਗਰ ਸਿੱਧ ਹੋਣ ਨੂੰ ਲੈ ਕੇ ਯਕੀਨ ਨਹੀਂ ਕੀਤਾ ਜਾ ਸਕਦਾ ਅਤੇ ਵੈਕਸੀਨ ਬਣਨ ਵਿਚ ਵੀ ਦੇਰੀ ਹੋ ਰਹੀ ਹੈ। ਅਜਿਹੇ ਵਿਚ ਫਿਰ ਸਾਵਧਾਨੀ ਵਰਤਣ ਅਤੇ ਟੈਸਟਿੰਗ ਵਧਾਉਣ ਦੇ ਇਲਾਵਾ ਹੋਰ ਕੋਈ ਉਪਾਅ ਨਹੀਂ ਹੈ। ਬਿਹਤਰ ਹੋਵੇ ਕਿ ਲੋਕ ਇਹ ਸਮਝਣ ਕਿ ਲਾਕਡਾਊਨ ਵਿਚ ਢਿੱਲ ਦੇਣ ਦਾ ਮਤਲਬ ਇਹ ਨਹੀਂ ਕਿ ਚੌਕਸੀ ਦਾ ਤਿਆਗ ਕਰ ਦਿੱਤਾ ਜਾਵੇ। ਕੋਰੋਨਾ ਦੇ ਮਾਮਲੇ ਵਿਚ ਅਸੀਂ ਜਿੰਨਾ ਵੱਧ ਸਾਵਧਾਨ ਰਹਾਂਗੇ, ਓਨਾ ਹੀ ਖ਼ੁਦ, ਆਪਣੇ ਪਰਿਵਾਰ, ਸਮਾਜ ਤੇ ਮੁਲਕ ਨੂੰ ਇਸ ਨਾਮੁਰਾਦ ਬਿਮਾਰੀ ਤੋਂ ਸੁਰੱਖਿਅਤ ਰੱਖ ਸਕਾਂਗੇ। ਇਸ ਲਈ ਸਾਡਾ ਸਭਨਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਆਪਣੀ ਮਰਜ਼ੀ ਨਾਲ ਹੀ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੀਏ, ਨਾ ਕਿ ਇਨ੍ਹਾਂ ਦੀ ਪਾਲਣਾ ਲਈ ਸਰਕਾਰ ਨੂੰ ਸਖ਼ਤੀ ਕਰਨੀ ਪਵੇ।

Posted By: Jagjit Singh