ਕਿਸਾਨ ਆਗੂਆਂ ਅਤੇ ਕੇਂਦਰ ਦਰਮਿਆਨ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਸੰਵਾਦ ਦਾ ਸਿਲਸਿਲਾ ਜਾਰੀ ਰਹਿਣਾ ਭਾਵੇਂ ਸੁਖਦ ਅਹਿਸਾਸ ਹੈ ਪਰ ਠੋਸ ਹੱਲ ਲਈ ਆਈ ਖੜੋਤ ਮੰਦਭਾਗੀ ਹੈ। ਨੌਵੇਂ ਗੇੜ ਦੀ ਗੱਲਬਾਤ ਵੀ ਬੇਸਿੱਟਾ ਰਹਿਣ ਤੋਂ ਬਾਅਦ ਅਗਲੀ ਮੀਟਿੰਗ 19 ਜਨਵਰੀ ਨੂੰ ਰੱਖੀ ਗਈ ਹੈ। ਤਾਰੀਖ਼ ’ਤੇ ਤਾਰੀਖ਼ ਪੈਣ ਨਾਲ ਹਾਲਾਤ ਨਾਜ਼ੁਕ ਹੁੰਦੇ ਨਜ਼ਰ ਆ ਰਹੇ ਹਨ ਜੋ ਬੇਹੱਦ ਚਿੰਤਾ ਅਤੇ ਚਿੰਤਨ ਵਾਲੀ ਗੱਲ ਹੈ। ਲੋਕ-ਸਿਆਣਪਾਂ ’ਚ ਗੱਲ ‘ਲੈ-ਦੇ ਕੇ’ ਖ਼ਤਮ ਕਰਨ ਵਾਲਿਆਂ ਨੂੰ ਦਾਨਿਸ਼ਮੰਦ ਕਿਹਾ ਜਾਂਦਾ ਹੈ। ਜੋਸ਼ ਅਤੇ ਹੋਸ਼ ਦੇ ਸਮਤੋਲ ਨਾਲ ਵੱਡੀ ਤੋਂ ਵੱਡੀ ਸਮੱਸਿਆ ਸੱਥ ’ਚ ਸੁਲਝਾਈ ਜਾ ਸਕਦੀ ਹੈ।

ਅੱਸੀਵਿਆਂ ਦੌਰਾਨ ਪੰਜਾਬ ਮਸਲੇ ਦਾ ਹੱਲ ਕੱਢਣ ਲਈ ਪੰਜਾਬ ਦੀ ਤਤਕਾਲੀ ਅਕਾਲੀ ਲੀਡਰਸ਼ਿਪ ਦਾ ਕੇਂਦਰ ਨਾਲ ਗੱਲਬਾਤ ਦਾ ਦੌਰ ਚੱਲਿਆ ਸੀ ਪਰ ਦੋਨਾਂ ਧਿਰਾਂ ਦੀ ਨੀਅਤ ’ਚ ਖੋਟ ਨੇ ਤਾਣੀ ਸੁਲਝਾਉਣ ਦੀ ਬਜਾਏ ਹੋਰ ਉਲਝਾ ਦਿੱਤੀ ਸੀ। ਅਜਿਹੀ ਗ਼ੈਰ-ਜ਼ਿੰਮੇਵਾਰਾਨਾ ਪਹੁੰਚ ਕਾਰਨ ਪੰਜਾਬ ਅਤੇ ਪੰਜਾਬੀਆਂ ਨੂੰ ਵੱਡਾ ਸੰਤਾਪ ਭੋਗਣਾ ਪਿਆ ਸੀ। ਉਸ ਵੇਲੇ ਕਈ ਗੁਪਤ ਮੀਟਿੰਗਾਂ ਵੀ ਹੋਈਆਂ ਸਨ ਜਿਨ੍ਹਾਂ ਦਾ ਜ਼ਿਕਰ ਆਪਰੇਸ਼ਨ ਬਲਿਊ ਸਟਾਰ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਛਾਪੇ ਗਏ ਵ੍ਹਾਈਟ ਪੇਪਰ ’ਚ ਕੀਤਾ ਗਿਆ ਸੀ। ਗੁਪਤ ਮੀਟਿੰਗਾਂ ਦਾ ਉਪਰੋਕਤ ਸਿਲਸਿਲਾ ਲੋਕਾਂ ਨੂੰ ਭਰੋਸੇ ’ਚ ਲਏ ਬਗ਼ੈਰ ਕੀਤਾ ਗਿਆ ਸੀ। ਪਾਰਦਰਸ਼ਤਾ ਦੀ ਘਾਟ ਕਾਰਨ ਆਮ ਲੋਕਾਂ ਨੂੰ ਪਤਾ ਹੀ ਨਾ ਲੱਗਾ ਕਿ ਦੋਨਾਂ ਧਿਰਾਂ ਦਰਮਿਆਨ ਕਿਹੜੀ ਖਿੱਚੜੀ ਰਿੱਝ ਰਹੀ ਸੀ।

ਖ਼ੈਰ ਸਮਾਂ ਆਉਣ ’ਤੇ ਸਾਰਿਆਂ ਦਾ ਹੀਜ਼-ਪਿਆਜ਼ ਨੰਗਾ ਹੋ ਗਿਆ। ਇਸ ਦੇ ਉਲਟ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਦੇ ਮੰਤਰੀਆਂ ਦਰਮਿਆਨ ਹੋ ਰਹੀਆਂ ਮੀਟਿੰਗਾਂ ’ਚ ਕੁਝ ਵੀ ਛੁਪਿਆ ਹੋਇਆ ਨਹੀਂ ਹੈ। ਮੀਟਿੰਗਾਂ ਦੇ ਅੰਦਰ ਕੀ ਹੋ ਰਿਹਾ ਹੈ , ਸੱਭ ਦੇ ਸਾਹਮਣੇ ਨਾਲ ਦੀ ਨਾਲ ਆ ਜਾਂਦਾ ਹੈ। ਦਿੱਲੀ ਦੀਆਂ ਬਰੂਹਾਂ ਮੱਲੀ ਬੈਠੇ ਆਮ ਕਿਸਾਨ ਵੀ ਆਪਣੇ ਆਗੂਆਂ ਦੀ ਪਾਰਦਰਸ਼ਤਾ ’ਤੇ ਕੋਈ ਉਂਗਲ ਨਹੀਂ ਚੁੱਕ ਰਹੇ। ਇਸ ਦੇ ਬਾਵਜੂਦ ਮੀਟਿੰਗਾਂ ਖੁੱਲ੍ਹੇ ਦਿਲ ਨਾਲ ਨਹੀਂ ਹੋ ਰਹੀਆਂ। ਗੱਲ ‘ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ’ ਵਾਲੀ ਹੋ ਰਹੀ ਹੈ।

‘ਤੀਜੀ ਧਿਰ’ ਸੁਪਰੀਮ ਕੋਰਟ ਦੀਆਂ ਕੋਸ਼ਿਸ਼ਾਂ ਵੀ ਫ਼ਿਲਹਾਲ ਰੰਗ ਨਹੀਂ ਲਿਆ ਸਕੀਆਂ। ਇਕ ਮੈਂਬਰ ਭੁਪਿੰਦਰ ਸਿੰਘ ਮਾਨ ਵੱਲੋਂ ਸੁਪਰੀਮ ਕੋਰਟ ਵੱਲੋਂ ਗਠਿਤ ਕੀਤੀ ਗਈ ਚਾਰ ਮੈਂਬਰੀ ਕਮੇਟੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਮਸਲਾ ਹੋਰ ਵੀ ਪੇਚੀਦਾ ਹੋ ਗਿਆ ਹੈ। ਕਿਸਾਨਾਂ ਨੇ ਆਪਣੇ ਘਰ-ਬਾਰ ਛੱਡ ਕੇ ਦਿੱਲੀ ਦੀਆਂ ਸੜਕਾਂ ’ਤੇ ਨਿੱਕੇ-ਨਿੱਕੇ ‘ਪਿੰਡ’ ਵਸਾ ਲਏ ਹਨ।

ਟਰੈਕਟਰ-ਟਰਾਲੀਆਂ ਨੂੰ ਉਨ੍ਹਾਂ ਨੇ ਆਪਣਾ ਆਰਜ਼ੀ ਰੈਣ-ਬਸੇਰਾ ਬਣਾਇਆ ਹੋਇਆ ਹੈ। ਉਰਦੂ ਦੇ ਜ਼ਹੀਨ ਸ਼ਾਇਰ ਸਤਨਾਮ ਸਿੰਘ ਖ਼ੁਮਾਰ ਦਾ ਸ਼ਿਅਰ ਯਾਦ ਆ ਰਿਹਾ ਹੈ, ‘‘ਜੋ ਫੁੱਟਪਾਥੋਂ ਪੇ ਸੋਤੇ ਹੈਂ, ਵੋਹ ਅਕਸਰ ਸੋਚਾ ਕਰਤੇ ਹੈਂ/ਕਿ ਜਿਨ ਲੋਗੋਂ ਕੇ ਘਰ ਹੈਂ, ਵੋ ਆਪਣੇ ਘਰ ਕਿਉਂ ਨਹੀਂ ਜਾਤੇ।’’ ਹੱਡ ਕੜਕਾਵੀਂ ਠੰਢ ਵਿਚ ਰਾਤਾਂ ਗੁਜ਼ਾਰਨਾ ਕੋਈ ਸੁਖਾਲਾ ਕੰਮ ਨਹੀਂ ਹੈ। ਅਮੀਰ ਵਿਰਸੇ ਦੇ ਮਹਾਨਾਇਕਾਂ ਦੀ ਉਂਗਲ ਫੜ ਕੇ ਆਮ ਕਿਸਾਨ ਅਤੇ ਉਨ੍ਹਾਂ ਦੇ ਪਰਿਵਾਰ ਅੱਜ ਵੀ ਵਹੀਰਾਂ ਘੱਤੀ ਦਿੱਲੀ ਵੱਲ ਕੂਚ ਕਰ ਰਹੇ ਹਨ। ਉਨ੍ਹਾਂ ਦੇ ਹੌਸਲੇ ਨੂੰ ਵਿਸ਼ਵ ਪੱਧਰੀ ਦਾਦ ਮਿਲ ਰਹੀ ਹੈ।

ਅਜਿਹਾ ਸਿਰੜ ਅਤੇ ਹੱਠ ਕਿਸਾਨ ਦੇ ਹੱਡੀਂ ਰਚਿਆ ਹੋਇਆ ਹੈ। ਪਿੰਡਾਂ ਦੇ ਗੁਰਦੁਆਰਿਆਂ ’ਚ ਜਦੋਂ ਕੋਈ ਪਾਠੀ ਮੂੰਹ-ਨ੍ਹੇਰੇ ਵਾਕ ਲੈਂਦਾ ਹੈ ਤਾਂ ਹਾਲੀ ਤੇ ਨਾਕੀ (ਨੱਕੇ ਮੋੜਨ ਵਾਲੇ) ਆਪਣੇ ਖੇਤਾਂ ਦੀ ਮਿੱਟੀ ਨਾਲ ਮਿੱਟੀ ਹੋ ਰਹੇ ਹੁੰਦੇ ਹਨ। ਉਨ੍ਹਾਂ ਦੀਆਂ ਸੁਆਣੀਆਂ ਉਸ ਘੜੀ ਲਵੇਰਿਆਂ ਨੂੰ ਕੱਖ ਪਾ ਰਹੀਆਂ ਹੁੰਦੀਆਂ ਹਨ ਜਾਂ ਧਾਰਾਂ ਕੱਢਣ ਤੋਂ ਬਾਅਦ ਦੁੱਧ ਰਿੜਕ ਰਹੀਆਂ ਹੁੰਦੀਆਂ ਹਨ।

ਇਸੇ ਲਈ ਲੋਕਧਾਰਾ ਦੇ ਦੋਹਿਆਂ-ਦੋਹੜਿਆਂ ’ਚ ਕਿਸਾਨ ਤੇ ਕਿਰਸਾਨੀ ਸਮਾਏ ਹੋਏ ਹਨ। ਤਾਰਿਆਂ ਦੀ ਛਾਵੇਂ ਰਾਹਲਾਂ ਤੇ ਸਿਆੜ ਕੱਢਦਿਆਂ ਜਦੋਂ ਕੋਈ ਕਿਸਾਨ ‘ਜੱਟਾ ਤੇਰੀ ਜੂਨ ਬੁਰੀ’ ਅਲਾਪਦਾ ਹੈ ਤਾਂ ਉਸ ਦੇ ਬੋਲ ’ਵਾਵਾਂ ’ਚ ਵੈਰਾਗ ਘੋਲਦੇ ਹਨ।

ਟਿਕੀ ਰਾਤ ’ਚ ਉਹ ਕਾਦਰ ਤੇ ਕੁਦਰਤ ਦੇ ਸਨਮੁੱਖ ਹੁੰਦਾ ਹੈ। ਸਮੇਂ ਦੇ ਗੇੜ ਨਾਲ ਬਲਦਾਂ-ਬੋਤਿਆਂ ਦੀਆਂ ਘੁੰਗਰਾਲਾਂ ਦੀ ਛਣਕਾਰ ਤੇ ਟੱਲੀਆਂ ਦੀ ਟੁਣਕਾਰ ਦੀ ਥਾਂ ਟਰੈਕਟਰਾਂ ਨੇ ਲੈ ਲਈ। ਘਰਾਂ ’ਚ ਚੱਕੀਆਂ ਝੋਣੀਆਂ ਬੰਦ ਹੋ ਗਈਆਂ। ਲੋਕ ਚੇਤਨਾ ’ਚ ਸਮਾਏ ਲੋਕ ਮੁਹਾਵਰਿਆਂ ਦਾ ਮੁਹਾਂਦਰਾ ਬਦਲਣਾ ਸ਼ੁਰੂ ਹੋ ਗਿਆ। ਸਰਕਾਰਾਂ ਦੀ ਅਣਦੇਖੀ ਕਾਰਨ ਟਰੈਕਟਰਾਂ ਦੀ ਗਿਣਤੀ ’ਚ ਬੇਤਹਾਸ਼ਾ ਵਾਧਾ ਹੋਇਆ। ‘ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠ ਚੁੱਕ ਲੈ ਦੂਜੀ ਤਿਆਰ’ ਵਾਲੇ ਆਲਮ ਨੇ ਕਿਸਾਨ ਨੂੰ ਬੁਰੀ ਤਰ੍ਹਾਂ ਜਕੜ ਲਿਆ। ਟਰੈਕਟਰ ਮੰਡੀਆਂ ਲੱਗਣੀਆਂ ਸ਼ੁਰੂ ਹੋ ਗਈਆਂ।

ਕਿਸਾਨ ਭਾਵੇਂ ਸ਼ੁਰੂ ਤੋਂ ਹੀ ਲੰਬੜਾਂ ਤੇ ਸ਼ਾਹਾਂ ਦਾ ਕਰਜ਼ਾਈ ਰਿਹਾ ਹੈ ਪਰ ਬੈਲਾਂ ਤੇ ਬੋਤਿਆਂ ਨੂੰ ਅਲਵਿਦਾ ਕਹਿ ਕੇ ਉਸ ਨੇ ਸੌ ਮੁਸੀਬਤਾਂ ਹੋਰ ਸਹੇੜ ਲਈਆਂ ਹਨ। ਖੇਤ ਉਸ ਲਈ ਸੱਭ ਤੋਂ ਵੱਡੀ ਪਾਠਸ਼ਾਲਾ ਸਨ। ਕੁਦਰਤੀ ਖੇਤੀ ਕਰਦਾ ਹੋਇਆ ਉਹ ਕੁਦਰਤ ਦੇ ਅੰਗ-ਸੰਗ ਰਹਿੰਦਾ ਸੀ। ‘ਹਰੀ ਕ੍ਰਾਂਤੀ’ ਦੀ ਭ੍ਰਾਂਤੀ ’ਚ ਫਸ ਕੇ ਉਸ ਨੇ ਕੀਟਨਾਸ਼ਕਾਂ ਤੇ ਨਦੀਨ ਨਾਸ਼ਕਾਂ ਦੀ ਬੇਤਹਾਸ਼ਾ ਵਰਤੋਂ ਕਰ ਕੇ ਆਪਣੀ ਧਰਤੀ ਮਾਂ ਨੂੰ ਜ਼ਹਿਰੀਲਾ ਬਣਾ ਲਿਆ।

ਸਰਕਾਰਾਂ ਆਪਣਾ ਫ਼ਰਜ਼ ਨਿਭਾਉਣ ਤੋਂ ਕੰਨੀ ਕਤਰਾਉਂਦੀਆਂ ਰਹੀਆਂ। ਫ਼ਲਸਰੂਪ ਅਨਾਜ ਦੇ ਭੰਡਾਰ-ਭੜੋਲੇ ਭਰਨ ਵਾਲਾ ਸਾਡਾ ਅੰਨਦਾਤਾ ਖ਼ੁਦਕੁਸ਼ੀਆਂ ਦੇ ਰਾਹ ਪੈ ਗਿਆ। ਕਾਸ਼! ਸਾਡੀਆਂ ਹਾਕਮ ਜਮਾਤਾਂ ਨੇ ਸਮੇਂ-ਸਮੇਂ ‘ਅੰਨਦਾਤੇ’ ਦੀ ਸਾਰ ਲਈ ਹੁੰਦੀ ਤਾਂ ਉਸ ਦਾ ਅਜਿਹਾ ਹਸ਼ਰ ਨਾ ਹੁੰਦਾ। ਅੱਜ ਫਿਰ ਕਿਸਾਨ ਸੜਕਾਂ ’ਤੇ ਸੰਘਰਸ਼ ਦੀ ਅਸਲੋਂ ਨਵੀਂ ਇਬਾਰਤ ਲਿਖ ਰਿਹਾ ਹੈ।

ਇਸ ਅੰਦੋਲਨ ਨਾਲ ਹਰ ਰੋਜ਼ ਕੋਈ ਨਾ ਕੋਈ ਮੌਤ ਹੋ ਰਹੀ ਹੈ। ਅੰਦੋਲਨ ਦੌਰਾਨ ਖ਼ੁਦਕੁਸ਼ੀਆਂ ਦਾ ਸਿਲਸਿਲਾ ਵੀ ਜਾਰੀ ਹੈ ਜਿਸ ਨੂੰ ਕਿਸੇ ਵੀ ਤਰ੍ਹਾਂ ਵਾਜਿਬ ਨਹੀਂ ਕਿਹਾ ਜਾ ਸਕਦਾ। ਪੰਜਾਬ ਦੇ ਜਾਏ ‘ਮੌਤ ਨੂੰ ਮਖੌਲਾਂ’ ਕਰਦੇ ਤਾਂ ਆਏ ਹਨ ਪਰ ਉਨ੍ਹਾਂ ਨੇ ਬੇਵਜ੍ਹਾ ਮੌਤ ਨੂੰ ਗਲੇ ਕਦੇ ਨਹੀਂ ਸੀ ਲਾਇਆ। ਖ਼ੁਦਕੁਸ਼ੀਆਂ ਕਰਨ ਨੂੰ ਪੰਜਾਬੀ ਕਮਜ਼ੋਰੀ ਮੰਨਦੇ ਆਏ ਹਨ। ਅਜਿਹਾ ਕਰਨਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦਾ ਸਗੋੋਂ ਉਨ੍ਹਾਂ ਦਾ ਪਰਿਵਾਰ ਰੁਲ ਜਾਂਦਾ ਹੈ। ‘ਯਾਰੜੇ ਦਾ ਸਾਨੂੰ ਸੱਥਰੁ ਚੰਗਾ’ ਦੇ ਸੁਨਹਿਰੀ ਇਤਿਹਾਸ ਵਾਲੇ ਖ਼ੁਦਕੁਸ਼ੀਆਂ ਕਰ ਕੇ ਆਪਣੇ ਹੀ ਘਰਾਂ ’ਚ ਸੱਥਰ ਵਿਛਾਉਣ ਦਾ ਸਬੱਬ ਨਹੀਂ ਬਣਦੇ। ਆਸ ’ਤੇ ਹੀ ਆਸਮਾਨ ਟਿਕਿਆ ਹੋਇਆ ਹੈ। ਦੋਨਾਂ ਧਿਰਾਂ ਨੇ ਖੁੱਲ੍ਹਦਿਲੀ ਦਿਖਾਈ ਤਾਂ ਮਸਲੇ ਦਾ ਕੋਈ ਨਾ ਕੋਈ ਸੁਖਦ ਹੱਲ ਜ਼ਰੂਰ ਨਿਕਲ ਆਵੇਗਾ। ਅੰਦੋਲਨ ਬਹੁਤ ਲੰਬਾ ਚੱਲੇ ਤਾਂ ਸ਼ਰਾਰਤੀ ਅਨਸਰ ਵੀ ਦਾਅ ਖੇਡ ਸਕਦੇ ਹਨ।

ਗੁਫ਼ਤਗੂ ਦੌਰਾਨ ਦਿਲ ਪਿਘਲਣੇ ਚਾਹੀਦੇ ਹਨ। ਬਰਫ਼ ਨਾ ਪਿਘਲੀ ਤਾਂ ਸਥਿਤੀ ਅੰਟਾਰਕਟਿਕਾ ਦੇ ਗਲੇਸ਼ੀਅਰਾਂ ਵਰਗੀ ਹੋ ਜਾਵੇਗੀ। ਅਜਿਹੀ ਵਿਵਸਥਾ ’ਚ ਦੁਸ਼ਯੰਤ ਕੁਮਾਰ ਦਾ ਸ਼ਿਅਰ ਯਾਦ ਆ ਰਿਹਾ ਹੈ, ‘ਹੋ ਗਈ ਹੈ ਪੀਰ-ਪਰਬਤ ਸੀ, ਪਿਘਲਨੀ ਚਾਹੀਏ/ਇਸ ਹਿਮਾਲਯ ਸੇ ਕੋਈ ਗੰਗਾ ਨਿਕਲਨੀ ਚਾਹੀਏ।’’

-ਵਰਿੰਦਰ ਵਾਲੀਆ

Posted By: Jagjit Singh