ਕੋਈ ਵੀ ਅਜਿਹਾ ਦਿਨ ਨਹੀਂ ਹੁੰਦਾ ਜਦੋਂ ਅਖ਼ਬਾਰਾਂ ਵਿਚ ਕਿਸੇ ਕਿਸਾਨ ਵੱਲੋਂ ਖ਼ੁਦਕੁਸ਼ੀ ਕਰਨ ਦੀ ਖ਼ਬਰ ਨਾ ਛਪੀ ਹੁੰਦੀ ਹੋਵੇ। ਕਿਸਾਨਾਂ ਵੱਲੋਂ ਖ਼ੁਦਕੁਸ਼ੀਆਂ ਦਾ ਕਾਰਨ ਜਿੱਥੇ ਸਾਡੀਆਂ ਮੌਜੂਦਾ ਸਰਕਾਰਾਂ ਹਨ, ਉੱਥੇ ਹੀ ਕਿਸਾਨ ਭਰਾ ਵੀ ਜ਼ਿੰਮੇਵਾਰ ਹਨ ਕਿਉਂਕਿ ਉਹ ਆਪਣੇ ਸ਼ਰੀਕੇ ਤੋਂ ਵਾਹ-ਵਾਹ ਖੱਟਣ ਲਈ ਵਿਆਹਾਂ ’ਤੇ ਬੇਲੋੜੇ ਖ਼ਰਚੇ ਕਰ ਰਹੇ ਹਨ। ਬਹੁਤੇ ਕਿਸਾਨ ਤਾਂ ਵਿਆਜੂ ਪੈਸੇ ਚੁੱਕ ਕੇ ਆਪਣੇ ਧੀਆਂ-ਪੁੱਤਾਂ ਦਾ ਵਿਆਹ ਕਰਦੇ ਹਨ। ਬਾਅਦ ਵਿਚ ਉਸ ਪੈਸੇ ਦਾ ਵਿਆਜ ਇੰਨਾ ਵਧ ਜਾਂਦਾ ਹੈ ਕਿ ਕਿਸਾਨ ਉਹ ਪੈਸੇ ਵਾਪਸ ਨਹੀਂ ਕਰ ਸਕਦਾ ਤੇ ਆਖ਼ਰ ਉਸ ਨੂੰ ਆਪਣੀ ਜ਼ਮੀਨ ਵੇਚ ਕੇ ਕਰਜ਼ਾ ਲਾਹੁਣਾ ਪੈਂਦਾ ਹੈ। ਕਰਜ਼ੇ ਤੋਂ ਬਚਣ ਲਈ ਸਾਡੇ ਲੋਕਾਂ ਨੂੰ ਫ਼ਜ਼ੂਲ ਦੇ ਖ਼ਰਚਿਆਂ ਤੋਂ ਬਚਣਾ ਚਾਹੀਦਾ ਹੈ। ਕਿਸੇ ਗੁਆਂਢੀ ਦੀ ਰੀਸ ਕਰਨ ਦੇ ਚੱਕਰ ਵਿਚ ਕਰਜ਼ਾਈ ਨਹੀਂ ਹੋਣਾ ਚਾਹੀਦਾ। ਜੇ ਕਿਸਾਨ ਸਿਰ ਵਿਆਜੂ ਪੈਸਾ ਇਕ ਵਾਰ ਚੜ੍ਹ ਜਾਵੇ ਤਾਂ ਫਿਰ ਉਹ ਪੈਸਾ ਉਤਾਰ ਨਹੀਂ ਸਕਦਾ ਤੇ ਅੰਤ ਵਿਚ ਉਸ ਨੂੰ ਆਪਣੀ ਜ਼ਮੀਨ-ਜਾਇਦਾਦ ਵੇਚ ਕੇ ਹੀ ਆਪਣੇ ਸਿਰ ਚੜੇ੍ਹ ਕਰਜ਼ੇ ਨੂੰ ਲਾਹੁਣਾ ਪੈਂਦਾ ਹੈ। ਅਕਲਮੰਦੀ ਇਸੇ ਗੱਲ ਵਿਚ ਹੈ ਕਿ ਪਹਿਲਾਂ ਤਾਂ ਕਰਜ਼ਾ ਚੁੱਕੋ ਹੀ ਨਾ, ਜੇ ਲੈਣਾ ਬੇਹੱਦ ਜ਼ਰੂਰੀ ਹੋਵੇ ਤਾਂ ਓਨਾ ਹੀ ਕਰਜ਼ਾ ਲਓ ਜਿੰਨਾ ਕੁ ਸੌਖੇ ਤਰੀਕੇ ਨਾਲ ਲਾਹਿਆ ਜਾ ਸਕੇ। ਕਿਸਾਨ ਆਪਣੀ ਆਮਦਨ ਤੋਂ ਵੱਧ ਕਰਜ਼ਾ ਕਦੇ ਵੀ ਨਾ ਚੁੱਕਣ। ਉਨ੍ਹਾਂ ਨੂੰ ਵਿਆਹਾਂ ਵਿਚ ਬੇਲੋੜੇ ਖ਼ਰਚੇ ਨਹੀਂ ਕਰਨੇ ਚਾਹੀਦੇ। ਗੁਜ਼ਰੇ ਜ਼ਮਾਨੇ ਵਿਚ ਲੋਕ ਆਪਣੇ ਧੀਆਂ-ਪੁੱਤਾਂ ਦੇ ਵਿਆਹ ਬੜੇ ਸਾਦੇ ਢੰਗ ਨਾਲ ਕਰਦੇ ਸਨ ਅਤੇ ਉਦੋਂ ਲੋਕ ਬਹੁਤ ਸੌਖੇ ਵੀ ਰਹਿੰਦੇ ਸਨ। ਕਿਸਾਨ ਹੁਣ ਵਾਂਗ ਕਰਜ਼ਾਈ ਨਹੀਂ ਸਨ। ਹੁਣ ਤਾਂ ਬਹੁਤ ਘੱਟ ਕਿਸਾਨ ਹਨ ਜੋ ਆਪਣੇ ਧੀਆਂ-ਪੁੱਤਾਂ ਦੇ ਵਿਆਹ ਸਾਦੇ ਢੰਗ ਨਾਲ ਕਰਦੇ ਹਨ। ਜ਼ਿਆਦਾਤਰ ਕਿਸਾਨ ਆਪਣੇ ਧੀਆਂ-ਪੁੱਤਾਂ ਦੇ ਵਿਆਹ ਆਪਣੀ ਟੌਹਰ ਵਿਖਾਉਣ ਲਈ ਮੈਰਿਜ ਪੈਲੇਸਾਂ ਵਿਚ ਕਰਦੇ ਹਨ ਜਿੱਥੋਂ ਦਾ ਕਿਰਾਇਆ ਇਕ ਦਿਨ ਲਈ ਹਜ਼ਾਰਾਂ ਤੋਂ ਲੈ ਕੇ ਲੱਖਾਂ ਰੁਪਏ ਤਕ ਹੁੰਦਾ ਹੈ। ਕਿਸਾਨਾਂ ਵੱਲੋਂ ਖ਼ੁਦਕੁਸ਼ੀਆਂ ਦਾ ਦੂਜਾ ਕਾਰਨ ਇਹ ਹੈ ਕਿ ਉਹ ਹੁਣ ਹੱਥੀਂ ਕੰਮ ਕਰ ਕੇ ਬਿਲਕੁਲ ਖ਼ੁਸ਼ ਨਹੀਂ। ਉਹ ਹਰੇਕ ਕੰਮ ਮਸ਼ੀਨਰੀ ਤੇ ਮਜ਼ਦੂਰਾਂ ਤੋਂ ਹੀ ਚਾਹੁੰਦੇ ਹਨ। ਹੁਣ ਕਿਸਾਨ ਖੇਤ ਦਾ ਗੇੜਾ ਮਾਰਨ ਲਈ ਤੁਰ ਕੇ ਜਾਣ ਦੀ ਥਾਂ ਮੋਟਰਸਾਈਕਲ ’ਤੇ ਜਾਂਦੇ ਹਨ। ਅੱਜ-ਕੱਲ੍ਹ ਮਹਿੰਗਾਈ ਬਹੁਤ ਜ਼ਿਆਦਾ ਵਧ ਗਈ ਹੈ। ਲੋਕਾਂ ਨੂੰ ਬੇਲੋੜੇ ਖ਼ਰਚਿਆਂ ਨੂੰ ਨੱਥ ਪਾਉਣੀ ਚਾਹੀਦੀ ਹੈ ਅਤੇ ਵਿਆਹਾਂ ’ਤੇ ਪੈਸਾ ਪਾਣੀ ਵਾਂਗ ਵਹਾਉਣਾ ਬੰਦ ਕਰਨਾ ਚਾਹੀਦਾ ਹੈ। ਮੈਂ ਵਿਦੇਸ਼ ’ਚ ਰਹਿੰਦਾ ਹਾਂ। ਇੱਥੋਂ ਦੇ ਲੋਕ ਸਾਡੇ ਲੋਕਾਂ ਵਾਂਗ ਵਿਆਹਾਂ ’ਤੇ ਬਿਲਕੁਲ ਵੀ ਜ਼ਿਆਦਾ ਖ਼ਰਚਾ ਨਹੀਂ ਕਰਦੇ। ਦੂਜੇ ਪਾਸੇ ਸਾਡੇ ਲੋਕਾਂ ਦੀ ਸਖ਼ਤ ਮਿਹਨਤ ਨਾਲ ਕੀਤੀ ਗਈ ਕਮਾਈ ਦਾ ਵੱਡਾ ਹਿੱਸਾ ਵਿਆਹਾਂ ਦੇ ਲੇਖੇ ਲੱਗ ਜਾਂਦਾ ਹੈ। ਜਿਨ੍ਹਾਂ ਕੋਲ ਵਿਆਹਾਂ ’ਤੇ ਖ਼ਰਚਣ ਲਈ ਪੈਸੇ ਨਹੀਂ ਹੁੰਦੇ, ਉਹ ਕਰਜ਼ਾ ਚੁੱਕ ਕੇ ਆਪਣੀ ਫੋਕੀ ਵਾਹ-ਵਾਹ ਕਰਵਾਉਂਦੇ ਹਨ।

-ਸੁਖਦੇਵ ਸਿੱਧੂ ਕੁਸਲਾ। ਵ੍ਹਟਸਐਪ : 00447709875751

Posted By: Shubham Kumar