'ਬਾਬਾ ਜੀ, ਮੰਡੀ 'ਚੋਂ ਹੋ ਗਏ ਵਿਹਲੇ, ਵਿਕ ਗਿਆ ਝੋਨਾ!' ਦੋ ਦਿਨਾਂ ਬਾਅਦ ਸੱਥ 'ਚ ਆਏ ਬਾਬੇ ਮੇਹਰੂ ਨੂੰ ਗੇਲੇ ਨੇ ਪੁੱਛਿਆ। ਬਾਬੇ ਨੇ ਕਿਹਾ 'ਹਾਂ ਭਾਈ! ਰਾਤ ਹੀ ਆਏ ਘਰੇ।' ਇੰਨੇ ਨੂੰ ਸ਼ਾਮ ਸਿੰਹੁ ਨੇ ਕਿਹਾ 'ਕਿਵੇਂ ਰਿਹਾ ਥੋਡਾ ਝਾੜ? ਵੈਸੇ ਤਾਂ ਸਾਰੇ ਪਾਸੇ ਕਹਿੰਦੇ ਘੱਟ ਹੀ ਨਿਕਲ ਰਿਹਾ ਹੈ।' ਬਾਬੇ ਮੇਹਰੂ ਨੇ ਜਵਾਬ ਦਿੱਤਾ 'ਬਿਲਕੁਲ ਜੀ! ਝਾੜ ਘੱਟ ਹੀ ਨਿਕਲਿਆ। ਕਈ ਜਗ੍ਹਾ ਤਾਂ ਬਹੁਤ ਘੱਟ ਝਾੜ ਰਹਿ ਗਿਆ ਇਸ ਵਾਰ।' ਇੰਨੇ ਨੂੰ ਗੇਲਾ ਬੋਲਿਆ 'ਹਾਂ ਜੀ! ਬਿਲਕੁਲ ਘਟੇ ਝਾੜ ਨੇ ਤਾਂ ਕਿਸਾਨ ਫ਼ਿਕਰਾਂ 'ਚ ਪਾਏ ਹੋਏ ਨੇ ਕਿਉਂਕਿ ਇਸ ਵਾਰ ਤਾਂ ਖ਼ਰਚਾ ਵੀ ਮੁਸ਼ਕਲ ਨਾਲ ਹੀ ਨਿਕਲਦਾ ਲੱਗਦਾ ਹੈ। ਉਹ ਕਿਸਾਨ ਤਾਂ ਬਹੁਤ ਬੁਰੀ ਤਰ੍ਹਾਂ ਫ਼ਸ ਗਏ ਹਨ ਜਿਨ੍ਹਾਂ ਨੇ ਝੋਨੇ ਦੀ ਫ਼ਸਲ ਵੱਢਣ ਤੋਂ ਪਹਿਲਾਂ ਜ਼ਮੀਨ ਦੇ ਠੇਕੇ ਵੱਧ ਮੁੱਲ ਵਿਚ ਕਰ ਲਏ ਨੇ।' ਸਾਰੀ ਗੱਲਬਾਤ ਸੁਣਨ ਮਗਰੋਂ ਫ਼ੌਜੀ ਮਿੰਦਾ ਬੋਲਿਆ 'ਇਹੀ ਤਾਂ ਆਪਣੇ ਲੋਕਾਂ ਵਿਚ ਘਾਟ ਹੈ। ਤਾਂ ਹੀ ਉਹ ਆਪਣੇ ਧੰਦੇ ਚੌਪਟ ਕਰ ਲੈਂਦੇ ਹਨ। ਇਹ ਨਹੀਂ ਦੇਖਦੇ ਕਿ ਜਿਹੜਾ ਕੰਮ ਕਰ ਰਹੇ ਹਾਂ ਉਸ 'ਚੋਂ ਸਾਰਾ ਖ਼ਰਚਾ ਕੱਢ ਕੇ ਕਿੰਨਾ ਮੁਨਾਫ਼ਾ ਕਮਾ ਲਿਆ ਹੈ। ਬਸ, ਦੇਖਾ-ਦੇਖੀ ਫੱਟੇ ਚੁੱਕੀ ਜਾਂਦੇ ਹਨ। ਜਦ ਕੰਮ ਵਿਚ ਘਾਟਾ ਪੈਂਦਾ ਹੈ ਤਾਂ ਮੂੰਹ ਲਟਕ ਜਾਂਦੇ ਹਨ। ਆਹ ਦੇਖ ਲਵੋ ਹੁਣ ਉਨ੍ਹਾਂ ਲੋਕਾਂ ਦੇ ਮੂੰਹ ਲਟਕੇ ਪਏ ਨੇ ਜਿਨ੍ਹਾਂ ਨੇ ਖੜ੍ਹੇ ਝੋਨੇ ਨੂੰ ਵੇਖ ਕੇ ਹੀ ਮਹਿੰਗਾ ਠੇਕਾ (ਮਾਮਲਾ) ਕਰ ਲਿਆ। ਹੁਣ ਘਾਟਾ ਪੈਂਦਾ ਦਿਸੀ ਜਾਂਦਾ ਹੈ।' ਬਾਬਾ ਮੇਹਰੂ ਕਹਿੰਦਾ 'ਹਾਂ ਭਾਈ! ਪਹਿਲਾਂ ਤਾਂ ਅਸੀਂ ਚੌਲ ਵੱਢ ਕੇ ਅਤੇ ਕਣਕਾਂ ਵੀ ਹਰੀਆਂ ਹੋ ਜਾਂਦੀਆਂ ਸਨ, ਤਾਂ ਕਿਤੇ ਸਿਆਲ 'ਚ ਜਾ ਕੇ ਅਗਲਾ ਠੇਕਾ ਕਰਦੇ ਹੁੰਦੇ ਸਾਂ।' ਇੰਨੇ ਨੂੰ ਗੇਲਾ ਬੋਲਿਆ 'ਇਕ ਤਾਂ ਸਰਕਾਰ ਨੀ ਕਿਸਾਨਾਂ ਦੀ ਕੋਈ ਮਦਦ ਕਰਦੀ, ਦੂਜਾ ਲੋਕ ਆਪ ਵੀ ਸਬਰ ਨਾਲ ਨਹੀਂ ਚੱਲਦੇ। ਇਸ ਕਾਰਨ ਹੀ ਕਿਸਾਨ ਆਰਥਿਕ ਪੱਖੋਂ ਤੰਗੀ ਝੱਲੀ ਜਾਂਦੇ ਹਨ।' ਇੰਨੇ ਨੂੰ ਸ਼ਾਮ ਸਿੰਹੁ ਨੇ ਸਾਰਿਆਂ ਅੱਗੇ ਸਵਾਲ ਕੀਤਾ, 'ਐਤਕੀਂ ਝਾੜ ਕਿਉਂ ਘੱਟ ਗਿਆ ਇੰਨਾ?' ਤਾਂ ਗੇਲੇ ਨੇ ਕਿਹਾ ਕਿ ਇਸ ਵਾਰ ਔੜ ਜ਼ਿਆਦਾ ਸੀ ਜੀਹਦੇ ਕਾਰਨ ਜ਼ੀਰੀ 'ਚ ਫ਼ੌਕ ਪੈ ਗਈ।' ਮਿੰਦੇ ਨੇ ਕਿਹਾ 'ਗੱਲ ਇਹ ਵੀ ਆ ਕਿ ਇੱਥੇ ਕਿਹੜਾ ਕੋਈ ਸਰਕਾਰ ਦੇ ਇਹੋ ਜਿਹੇ ਬੰਦੇ ਆਉਂਦੇ ਨੇ ਜਿਹੜੇ ਸਮੇਂ-ਸਮੇਂ ਖੇਤਾਂ 'ਚ ਜਾ ਕੇ ਕਿਸਾਨਾਂ ਨੂੰ ਦੱਸਣ ਕਿ ਫ਼ਸਲ ਨੂੰ ਹੁਣ ਇਸ ਚੀਜ਼ ਦੀ ਘਾਟ ਐ। ਇੱਥੇ ਤਾਂ ਕਿਸਾਨ ਇਕ-ਦੂਜੇ ਨੂੰ ਪੁੱਛ ਕੇ ਰੇਹਾਂ-ਸਪਰੇਆਂ ਦੀ ਵਰਤੋਂ ਕਰਦੇ ਰਹਿੰਦੇ ਹਨ। ਕਿਹੜੀ ਚੀਜ਼ ਕਿਸ ਸਮੇਂ ਫ਼ਸਲ 'ਚ ਪਾਉਣੀ ਹੈ, ਇਸ ਬਾਰੇ ਕੋਈ ਪੁਖ਼ਤਾ ਜਾਣਕਾਰੀ ਨਾ ਮਿਲਣ ਕਾਰਨ ਝਾੜ ਘਟਣ, ਫ਼ਸਲਾਂ ਖ਼ਰਾਬ ਹੋਣ ਵਰਗੇ ਮਸਲੇ ਸਾਹਮਣੇ ਆਉਂਦੇ ਰਹਿੰਦੇ ਹਨ। ਇਸ ਸਭ ਦਾ ਕੁੱਲ ਮਿਲਾ ਕੇ ਨੁਕਸਾਨ ਕਿਸਾਨ ਨੂੰ ਹੀ ਸਹਿਣਾ ਪੈਂਦਾ ਹੈ। ਕਿੰਨਾ ਚੰਗਾ ਹੋਵੇ ਜੇ ਕਿਸਾਨ ਸੋਚ-ਵਿਚਾਰ ਕੇ ਫ਼ਸਲਾਂ ਦੀ ਕਾਸ਼ਤ ਕਰਨ।' ਮਿੰਦੇ ਦੀਆਂ ਇਨ੍ਹਾਂ ਗੱਲਾਂ 'ਤੇ ਸਾਰਿਆਂ ਨੇ ਸਹਿਮਤੀ ਪ੍ਰਗਟਾਈ ਅਤੇ ਆਪੋ-ਆਪਣੇ ਘਰਾਂ ਨੂੰ ਤੁਰ ਪਏ।

-ਸੁਖਰਾਜ ਚਹਿਲ (ਧਨੌਲਾ)। ਮੋਬਾਈਲ ਨੰ. : 97810-48055

Posted By: Jagjit Singh