ਕਾਲਜ ਵਿਚ ਪੜ੍ਹਦਿਆਂ ਸੱਭਿਆਚਾਰ ਬਾਰੇ ਪੜ੍ਹਾਉਣ ਵਾਲੇ ਪ੍ਰੋਫੈਸਰ ਸਾਹਿਬ ਕਿਹਾ ਕਰਦੇ ਸਨ ਕਿ ਪੰਜਾਬੀ ਲੋਕ ਗੀਤਾਂ ਵਿਚ ਜਨਮ ਲੈਂਦਾ, ਲੋਕ ਗੀਤਾਂ ਵਿਚ ਪਰਵਾਨ ਚੜ੍ਹਦਾ ਅਤੇ ਲੋਕ-ਗੀਤਾਂ ਵਿਚ ਹੀ ਇਸ ਦੁਨੀਆ ਤੋਂ ਰੁਖ਼ਸਤ ਹੋ ਜਾਂਦਾ ਹੈ। ਹੁਣ ਜਦੋਂ ਆਲੇ-ਦੁਆਲੇ ਵੇਖੀਦਾ ਹੈ ਤਾਂ ਇਉਂ ਲੱਗਦਾ ਹੈ ਕਿ ਪੰਜਾਬੀ ਕਿਸਾਨ ਕਰਜ਼ੇ ਵਿਚ ਹੀ ਜਨਮ ਲੈਂਦਾ ਹੈ, ਸਾਰੀ ਉਮਰ ਕਰਜ਼ਾਈ ਰਹਿੰਦਾ ਹੈ ਅਤੇ ਕਰਜ਼ੇ ਦੀ ਵਿਰਾਸਤ ਆਪਣੇ ਬੱਚਿਆਂ ਨੂੰ ਛੱਡ ਕੇ ਤੁਰ ਜਾਂਦਾ ਹੈ। ਧਿਆਨ ਨਾਲ ਵੇਖੀਏ ਤਾਂ ਅੱਜ ਦੀ ਨਿਮਨ ਕਿਸਾਨੀ ਕਰਜ਼ੇ ਨਾਲ ਵਿੰਨ੍ਹੀ ਪਈ ਹੈ। ਜਿੰਨਾ ਚਿਰ ਕਿਸਾਨੀ ਦੇ ਸਿਰੋਂ ਕਰਜ਼ੇ ਦਾ ਬੋਝ ਨਹੀਂ ਉਤਰਦਾ ਓਨਾ ਚਿਰ ਖ਼ੁਸ਼ਹਾਲ ਦੇਸ਼ ਦਾ ਸੁਪਨਾ ਵੀ ਨਹੀਂ ਲਿਆ ਜਾ ਸਕਦਾ। ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਲਈ ਸਰਕਾਰਾਂ ਯਤਨ ਤਾਂ ਕਰਦੀਆਂ ਹਨ ਪਰ ਕਰਜ਼ਾ ਰੂਪੀ ਜਿੰਨ ਉਨ੍ਹਾਂ ਤੋਂ ਦੁਬਾਰਾ ਬੋਤਲ ਵਿਚ ਬੰਦ ਨਹੀਂ ਹੋ ਰਿਹਾ। ਕਾਰਨ ਸਪਸ਼ਟ ਹੈ। ਲਾਗਤ ਮੁੱਲ ਦਿਨੋ-ਦਿਨ ਵੱਧ ਰਿਹਾ ਹੈ ਤੇ ਵੇਚ ਮੁੱਲ ਵਿਚ ਓਨਾ ਵਾਧਾ ਨਹੀਂ ਹੁੰਦਾ। ਘਰੇਲੂ ਤੇ ਕਬੀਲਦਾਰੀਆਂ ਦੇ ਖ਼ਰਚੇ, ਬੱਚਿਆਂ ਦੀ ਪੜ੍ਹਾਈ ਦੇ ਖ਼ਰਚੇ, ਮਸ਼ੀਨਰੀ ਅਤੇ ਸਬੰਧਤ ਸੰਦਾਂ ਦੇ ਖ਼ਰਚੇ ਕਿਸਾਨਾਂ ਨੂੰ ਦਿਨੋ-ਦਿਨ ਹੋਰ ਕਰਜ਼ਾਈ ਕਰੀ ਜਾਂਦੇ ਹਨ। ਇਕ ਔਸਤ ਕਿਸਾਨ ਜੋ ਟਰੈਕਟਰ ਦਾ ਮਾਲਕ ਹੈ ਉਹ ਕੋਆਪ੍ਰੇਟਿਵ ਸੁਸਾਇਟੀਆਂ, ਬੈਂਕਾਂ ਅਤੇ ਆੜ੍ਹਤੀਆਂ ਦਾ ਘੱਟੋ-ਘੱਟ ਦਸ ਲੱਖ ਦਾ ਕਰਜ਼ਾਈ ਹੈ। ਉਹਦੀ ਬੱਚਤ ਇੰਨੇ ਵੱਡੇ ਕਰਜ਼ੇ ਦਾ ਵਿਆਜ ਹੀ ਮਸਾਂ ਮੋੜਦੀ ਹੈ। ਉੱਪਰੋਂ ਸਰਕਾਰਾਂ ਦੀ ਬੇਰੁਖ਼ੀ ਅਤੇ ਕੁਦਰਤੀ ਆਫ਼ਤਾਂ ਦੀ ਕਰੋਪੀ ਕਿਸਾਨ ਨੂੰ ਹੋਰ ਕਰਜ਼ਾ ਚੁੱਕਣ ਲਈ ਮਜਬੂਰ ਕਰਦੀਆਂ ਹਨ। ਜੇ ਭਲਾ ਸਰਕਾਰਾਂ ਦੀ ਕਰਜ਼ਾ ਮਾਫ਼ੀ ਸਕੀਮ ਅਧੀਨ ਹਰੇਕ ਕਿਸਾਨ ਦਾ ਇਕ ਲੱਖ ਦਾ ਕਰਜ਼ਾ ਮਾਫ਼ ਵੀ ਕਰ ਦਿੱਤਾ ਜਾਵੇ ਤਾਂ ਇਹ ਊਠ ਦੇ ਮੂੰਹ ਵਿਚ ਜ਼ੀਰੇ ਵਾਂਗ ਹੋਵੇਗਾ। ਸਰਕਾਰਾਂ ਨੇ ਕਿਸਾਨਾਂ ਨੂੰ ਹਦਾਇਤਾਂ ਦੇ ਕੇ ਸ਼ਾਨਾਂਮੱਤੇ ਕਿਸਾਨ ਨੂੰ ਮੰਗਤਾ ਬਣਾ ਕੇ ਰੱਖ ਦਿੱਤਾ ਹੈ। ਜੇਕਰ ਸਰਕਾਰ ਸੱਚੇ ਦਿਲੋਂ ਕਿਰਸਾਨੀ ਦੀ ਹਮਦਰਦ ਹੈ ਤਾਂ ਇੰਨ-ਬਿੰਨ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰ ਦਿੱਤਾ ਜਾਵੇ। ਇਉਂ ਹਾਥੀ ਦੀ ਪੈੜ 'ਤੇ ਸਾਰੀਆਂ ਪੈੜਾਂ ਆ ਜਾਣਗੀਆਂ ਅਤੇ ਕਿਸਾਨਾਂ ਦੇ ਖੇਤਾਂ ਵਿਚ ਮੁੜ ਤੋਂ ਰੱਬ ਵਸਣ ਲੱਗ ਪਵੇਗਾ ਅਤੇ ਕਰਜ਼ੇ ਦੇ ਡਰਨੇ ਆਪਣੇ-ਆਪ ਉੱਡ ਜਾਣਗੇ। ਤ੍ਰਾਸਦੀ ਇਹ ਹੈ ਕਿ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਨ ਕਿਰਸਾਨੀ ਤਬਾਹੀ ਦੇ ਕੰਢੇ ਖੜ੍ਹੀ ਹੈ। ਖੇਤੀ ਪ੍ਰਤੀ ਸਰਕਾਰੀ ਨੀਤੀਆਂ ਅਕਸਰ ਇਸ ਲਈ ਅਸਫਲ ਸਿੱਧ ਹੁੰਦੀਆਂ ਹਨ ਕਿਉਂਕਿ ਇਨ੍ਹਾਂ ਨੂੰ ਹਕੀਕਤ ਤੋਂ ਮੂੰਹ ਮੋੜ ਕੇ ਬਣਾਇਆ ਜਾਂਦਾ ਹੈ। ਇਨ੍ਹਾਂ ਨੂੰ ਸੰਜੀਦਗੀ ਨਾਲ ਲਾਗੂ ਨਹੀਂ ਕੀਤਾ ਜਾਂਦਾ। ਕਿਸਾਨਾਂ ਨੂੰ ਇਨ੍ਹਾਂ ਦਾ ਪੂਰਾ ਲਾਹਾ ਮਿਲਣਾ ਯਕੀਨੀ ਨਹੀਂ ਬਣਾਇਆ ਜਾਂਦਾ। ਵੱਢੀਖੋਰੀ ਕਾਰਨ ਕਿਸਾਨੀ 'ਤੇ ਭਾਰੀ ਮਾਰ ਪੈ ਰਹੀ ਹੈ। ਕਿਸਾਨਾਂ 'ਚ ਵੀ ਕਮੀਆਂ ਹਨ। ਇਸੇ ਲਈ ਉਨ੍ਹਾਂ ਦੀ ਕਰਜ਼ੇ ਦੀ ਪੰਡ ਭਾਰੀ ਹੁੰਦੀ ਜਾਂਦੀ ਹੈ।

-ਡਾ. ਕੰਵਰਜੀਤ ਸਿੰਘ ਸੇਖੋਂ, ਡਾਇਟ ਫ਼ਰੀਦਕੋਟ।

Posted By: Susheel Khanna