ਦੇਸ਼ ਅੰਦਰ ਨੌਜਵਾਨਾਂ ਦੀਆਂ ਖ਼ੁਦਕੁਸ਼ੀਆਂ ਦੀ ਤਾਦਾਦ ਸਭ ਤੋਂ ਵੱਧ ਹੈ, ਕਿਸਾਨਾਂ ਤੋਂ ਵੀ ਵੱਧ। ਦੇਸ਼ ਅੰਦਰ ਕੁੱਲ 1.39 ਲੱਖ ਖ਼ੁਦਕੁਸ਼ੀਆਂ ਵਿੱਚੋਂ 67 ਫ਼ੀਸਦੀ ਆਤਮਘਾਤ (93061) ਦਾ ਅੰਕੜਾ 18 ਤੋਂ 45 ਸਾਲ ਦੀ ਉਮਰ ਵਰਗ ਦਾ ਆਉਂਦਾ ਹੈ। ਜੇ ਇਸ ਦਾ ਅੱਗੋਂ ਵਿਸ਼ਲੇਸ਼ਣ ਕਰੀਏ ਤਾਂ ਤਕਰੀਬਨ ਇਕ ਤਿਹਾਈ (35.17%) ਖ਼ੁਦਕੁਸ਼ੀਆਂ 18 ਤੋਂ 30 ਸਾਲ ਦੀ ਉਮਰ ਵਰਗ ਦੇ ਲੋਕ ਕਰਦੇ ਹਨ।

ਕਿਸਾਨਾਂ ਵੱਲੋਂ ਖ਼ੁਦਕੁਸ਼ੀ ਮੁੱਦਾ ਵੀ ਬਣਦਾ ਹੈ ਚੋਣਾਂ ਲਈ, ਮੈਨੀਫੈਸਟੋ ਵਿਚ ਵੀ ਥਾਂ ਮਿਲ ਜਾਂਦੀ ਹੈ। ਕਈ ਵਾਅਦੇ-ਦਾਅਵੇ ਵੀ ਹੁੰਦੇ ਹਨ। ਨੇਤਾਵਾਂ ਦੇ ਭਾਸ਼ਣ, ਰੈਲੀਆਂ ਵਿਚ ਬੋਲ ਕੇ ਕੀਤੇ ਗਏ ਵਾਅਦਿਆਂ/ਗਾਰੰਟੀਆਂ ਵਿਚ ਜ਼ਿਕਰ ਹੁੰਦਾ ਹੈ ’ਤੇ ਤਾੜੀਆਂ ਵੀ ਹਾਸਲ ਕੀਤੀਆਂ ਜਾਂਦੀਆਂ ਹਨ। ਇਸ ਦੀ ਤਾਜ਼ਾ ਉਦਾਹਰਨ ਮੌਜੂਦਾ ਸੱਤਾ ਵਿਚ ਬੈਠੀ/ਆਈ ਸਰਕਾਰ ਦਾ ਚੋਣ ਪ੍ਰਚਾਰ ਦੇਖ ਸਕਦੇ ਹਾਂ ਕਿ ਉਨ੍ਹਾਂ ਦਾ ਦਾਅਵਾ ਸੀ ਕਿ ਜਿਸ ਦਿਨ ਸਾਡੀ ਸਰਕਾਰ ਬਣੇਗੀ, ਅਗਲੇ ਦਿਨ ਤੋਂ ਕੋਈ ਵੀ ਖ਼ੁਦਕੁਸ਼ੀ ਦੀ ਖ਼ਬਰ ਨਹੀਂ ਆਵੇਗੀ।

ਕੋਈ ਦਿਨ ਵੀ ਖ਼ਾਲੀ ਨਹੀਂ ਜਾਂਦਾ ਜਦੋਂ ਕਿਸੇ ਨਾ ਕਿਸੇ ਕਿਸਾਨ ਵੱਲੋਂ ਖ਼ੁਦਕੁਸ਼ੀ ਦੀ ਖ਼ਬਰ ਨਾ ਛਪਦੀ ਹੋਵੇ। ਇਕ ਸਰਵੇਖਣ ਮੁਤਾਬਕ ਕੁੱਲ ਕਿਸਾਨੀ ਖ਼ੁਦਕੁਸ਼ੀਆਂ ’ਚੋਂ ਲਗਪਗ 88 ਫ਼ੀਸਦੀ ਛੋਟੇ ਕਿਸਾਨਾਂ ਵੱਲੋਂ ਕੀਤੀਆਂ ਜਾਂਦੀਆਂ ਹਨ। ਇਸ ਇਕ ਤੱਥ ਨਾਲ ਸਥਿਤੀ ਕਾਫ਼ੀ ਹੱਦ ਤਕ ਸਪਸ਼ਟ ਹੋ ਜਾਂਦੀ ਹੈ ਕਿ ਛੋਟੀ ਕਿਸਾਨੀ ਦਾ ਸੰਕਟ ਕੀ ਹੈ? ਇਸ ਤਰ੍ਹਾਂ ਦੇ ਤੱਥਾਂ ਦੇ ਮੱਦੇਨਜ਼ਰ ਹੀ, ਕਾਰਪੋਰੇਟ ਜਗਤ ਕਿਸਾਨੀ ਕਾਨੂੰਨ ਬਣਵਾ ਕੇ, ਅਸਿੱਧੀ ਦਖ਼ਲਅੰਦਾਜ਼ੀ ਰਾਹੀਂ ਇਨ੍ਹਾਂ ਦੀਆਂ ਜ਼ਮੀਨਾਂ ਹੜੱਪਣਾ ਚਾਹ ਰਿਹਾ ਸੀ। ਭਾਵੇਂ ਕਹਿਣ ਨੂੰ ਕਿਸਾਨਾਂ ਨੂੰ ਬਹੁਤ ਸਹੂਲਤਾਂ ਦਿੱਤੀਆਂ ਗਈਆਂ ਹਨ ਮਸਲਨ ਬੈਂਕਾਂ ਤੋਂ ਸਸਤਾ ਲੋਨ, ਭਾਵ ਕਿਸਾਨ ਨੂੰ ਕਰਜ਼ਾਈ ਕਰਨਾ, ਫ਼ਸਲੀ ਬੀਮਾ ਯੋਜਨਾ ਅਤੇ ਕਿਸਾਨਾਂ ਦੇ ਖਾਤਿਆਂ ਵਿਚ ਛੇ ਹਜ਼ਾਰ ਰੁਪਏ ਦੀ ਸਾਲਾਨਾ ਬੱਝਵੀਂ ਰਾਸ਼ੀ ਆਦਿ। ਪਰ ਇਹ ਇਕ ਲੁਕਵਾਂ ਤਰੀਕਾ ਹੈ ਕਿ ਕਿਸਾਨਾਂ ਉੱਪਰ ਜਾਲ ਵਿਛਾਇਆ ਜਾਵੇ। ਕਰਜ਼ਾ ਲੈ ਕੇ ਉਸ ਨੂੰ ਮਜਬੂਰ ਕੀਤਾ ਜਾਵੇ ਕਿ ਉਹ ਜ਼ਮੀਨ ਵੇਚੇ। ਜਿੱਥੋਂ ਤਕ ਫ਼ਸਲੀ ਬੀਮਾ ਯੋਜਨਾ ਦਾ ਸਵਾਲ ਹੈ, ਕਿਸਾਨਾਂ ਨੂੰ ਹਮੇਸ਼ਾ ਹੀ ਭੈੜੇ ਮੌਸਮ ਅਤੇ ਫ਼ਸਲਾਂ ਦੀ ਤਬਾਹੀ ਦਾ ਸਾਹਮਣਾ ਕਰਨਾ ਪਿਆ ਹੈ। ਪਰ ਫ਼ਸਲ ਬੀਮਾ ਜਾਂ ਸਸਤੇ ਕਰਜ਼ੇ ਦੇ ਨਾਂ ਹੇਠ ਜ਼ਮੀਨਾਂ ਗਹਿਣੇ ਰਖਵਾ ਕੇ ਹੱਥ ਪੱਲੇ ਪੈਂਦੀ ਨਮੋਸ਼ੀ ਵੱਧ ਨੁਕਸਾਨ ਕਰ ਰਹੀ ਹੈ ਤੇ ਇਸ ਕੁਚੱਕਰ ਦਾ ਨਤੀਜਾ ਅੰਤ ਵਿਚ ਖ਼ੁਦਕੁਸ਼ੀ ਵਿਚ ਨਿਕਲਦਾ ਹੈ।

ਖ਼ੁਦਕੁਸ਼ੀ ਨਾਲ ਜੁੜੇ ਸਿਹਤ ਦੇ ਪਹਿਲੂ ਨੂੰ ਸਮਝਣਾ ਹੋਵੇ ਤਾਂ ਇਹ ਮਨ ਦਾ ਇਕ ਡੂੰਘਾ ਵਿਕਾਰ ਹੈ। ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਕੋਈ ਵੀ ਖ਼ੁਦਕੁਸ਼ੀ ਭਾਵੇਂ ਇਕ ਪਲ ਵਿਚ ਲਏ ਗਏ ਫ਼ੈਸਲੇ ਦਾ ਨਤੀਜਾ ਜਾਪਦੀ ਹੈ ਪਰ ਅਜਿਹਾ ਨਹੀਂ ਹੈ। ਉਸ ਪਲ ਦੀ ਤਿਆਰੀ ਇਕ ਮਹੱਤਵਪੂਰਨ ਸਮਾਂ ਹੈ। ਇਹ ਹਾਦਸਾ ਇਕ ਪਲ ਵਿਚ ਸਿਰੇ ਜ਼ਰੂਰ ਚੜ੍ਹਦਾ ਹੈ ਪਰ ਇਸ ਦੀ ਪ੍ਰਕਿਰਿਆ ਵਿਅਕਤੀ ਅੰਦਰ ਇਕ ਲੰਬਾ ਸਮਾਂ ਰਿੱਝਦੀ ਰਹਿੰਦੀ ਹੈ। ਖ਼ੁਦਕੁਸ਼ੀ ਸਮੇਂ ਜਾਂ ਕੁਝ ਸਮਾਂ ਹੀ ਪਹਿਲਾਂ ਜਦੋਂ ਇਹ ਫ਼ੈਸਲਾ ਲਿਆ ਜਾ ਰਿਹਾ ਹੁੰਦਾ ਹੈ, ਵਿਅਕਤੀ ਇਕ ਨੋਟ ਲਿਖਦਾ ਹੈ ਜਿਸ ਪਿੱਛੇ ਸੋਚ ਹੁੰਦੀ ਹੈ ਕਿ ਮੇਰੇ ਮਰਨ ਮਗਰੋਂ ਮੇਰੇ ਘਰਦਿਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕਾਨੂੰਨ ਤਹਿਤ ਖ਼ੁਦਕੁਸ਼ੀ ਇਕ ਅਪਰਾਧ ਹੈ। ਇਸ ਨੂੰ ਕਰਨ ਵਾਲਾ ਤਾਂ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਪਰ ਖ਼ੁਦਕੁਸ਼ੀ ਲਈ ਤਿਆਰ ਕਰਨ, ਉਕਸਾਉਣ, ਮਜਬੂਰ ਕਰਨ ਵਾਲੇ ਦੀ ਤਲਾਸ਼ ਸ਼ੁਰੂ ਹੁੰਦੀ ਹੈ। ਪੁਲਿਸ-ਤੰਤਰ ਇਹ ਕਾਰਜ ਕਰਦਾ ਹੈ। ਪਰ ਡੂੰਘਾਈ ਨਾਲ ਅਧਿਐਨ ਹੋਵੇ ਤਾਂ ਸਾਫ਼-ਸਪਸ਼ਟ ਪਤਾ ਚੱਲੇਗਾ ਕਿ ਵਿਵਸਥਾ, ਰਾਜ ਦੀਆਂ ਨੀਤੀਆਂ ਹੀ ਜ਼ਿੰਮੇਵਾਰ ਹੋਣਗੀਆਂ ਇਸ ਤਰ੍ਹਾਂ ਦਾ ਮਾਹੌਲ ਸਿਰਜਣ ਲਈ ਜਿੱਥੇ ਕੋਈ ਸ਼ਖ਼ਸ ਖ਼ੁਦਕੁਸ਼ੀ ਦਾ ਰਾਹ ਫੜਦਾ ਹੈ। ਖ਼ੁਦਕੁਸ਼ੀ ਦੀ ਸ਼ੁਰੂਆਤ ਜੀਵਨ ਦੇ ਨਿਰਾਸ਼ਾ ਵਾਲੇ ਪਲਾਂ ਤੋਂ ਹੁੰਦੀ ਹੈ। ਨਿਰਾਸ਼ਾ ਫਿਰ ਉਦਾਸੀ ਵੱਲ ਲੈ ਜਾਂਦੀ ਹੈ। ਉਦਾਸੀ ਦਾ ਲਗਾਤਾਰ ਬਣੇ ਰਹਿਣਾ, ਕਿਸੇ ਨਾਲ ਗੱਲ ਨਾ ਕਰਨਾ ਆਦਿ ਇਹ ਸਭ ਫਿਰ ਹੀਣਭਾਵਨਾ ਵੱਲ ਲੈ ਜਾਂਦਾ ਹੈ। ਕਿਸਾਨ ਜੋ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਕਿਹਾ ਜਾਂਦਾ ਹੈ, ਜਦੋਂ ਉਹ ਆਪਣੀ ਮਿਹਨਤ ਤੋਂ ਬਾਅਦ ਘਰਦਿਆਂ ਦਾ ਢਿੱਡ ਵੀ ਨਹੀਂ ਭਰ ਪਾਉਂਦਾ, ਘਰ ਦੇ ਜੀਆਂ ਦੀਆਂ ਆਸਾਂ-ਉਮੀਦਾਂ ’ਤੇ ਖ਼ਰਾ ਨਹੀਂ ਉਤਰਦਾ, ਬੱਚੇ ਪੜ੍ਹਾ ਨਹੀਂ ਸਕਦਾ, ਕੁੜੀ ਦੇ ਵਿਆਹ ਲਈ ਅਸਮਰੱਥ ਹੁੰਦਾ ਹੈ ਤਾਂ ਉਸ ਅੰਦਰ ਨਕਾਰਾ ਹੋਣ ਦੀ ਭਾਵਨਾ ਪੈਦਾ ਹੁੰਦੀ ਹੈ।

ਫ਼ਸਲ ਬਰਬਾਦ ਹੁੰਦੀ ਹੈ ਤਾਂ ਮਾੜੀ ਕਿਸਮਤ ਵੱਲ ਸੋਚ ਜਾਂਦੀ ਹੈ ਤੇ ’ਤੋਂ ਬੈਂਕ ਦੇ ਕਰਜ਼ੇ ਦੀਆਂ ਕਿਸ਼ਤਾਂ ਨਹੀਂ ਮੁੜਦੀਆਂ ਤੇ ਬੈਂਕ ਦੇ ਕਰਮਚਾਰੀ ਜ਼ਲੀਲ ਕਰਦੇ ਹਨ ਤਾਂ ਇਹ ਸਾਰਾ ਮਾਹੌਲ, ਹੀਣ-ਭਾਵਨਾ ਨੂੰ ਡੂੰਘਾ ਕਰਦਾ ਹੈ। ‘ਮੈਂ ਕਿਸੇ ਕੰਮ ਜੋਗਾ ਨਹੀਂ। ਮੇਰੀ ਕਿਸਮਤ ਮਾੜੀ ਹੈ, ਮੈਂ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰਨ ਦਾ ਜ਼ਿੰਮੇਵਾਰ ਹਾਂ। ਮੈਨੂੰ ਜੀਣ ਦਾ ਕੋਈ ਹੱਕ ਨਹੀਂ। ਮੈਂ ਬੋਝ ਹਾਂ ਤੇ ਇਸ ਤਰ੍ਹਾਂ ਇਹ ਸੋਚ ਫਿਰ ਖ਼ੁਦਕੁਸ਼ੀ ਵਿਚ ਜਾ ਨਿੱਬੜਦੀ ਹੈ। ਖ਼ੁਦਕੁਸ਼ੀ ਦੇ ਸਰਵੇਖਣਾਂ ਤੋਂ ਇਹ ਵੀ ਦੇਖਣ ਵਿਚ ਆਇਆ ਹੈ ਕਿ ਇਸ ਤੋਂ ਪਹਿਲਾਂ, ਤਕਰੀਬਨ ਇਕ ਮਹੀਨਾ ਆਪਣੇ ਚੁੱਪ-ਚਾਪ ਰਹਿਣ ਦੇ ਵਤੀਰੇ ਕਾਰਨ ਸਬੰਧਤ ਵਿਅਕਤੀ ਨੂੰ ਜਦੋਂ ਡਾਕਟਰ ਕੋਲ ਲੈ ਕੇ ਜਾਇਆ ਜਾਂਦਾ ਹੈ ਤਾਂ ਆਪਣੀ ਪਰੇਸ਼ਾਨੀ ਦੱਸਣਾ ਚਾਹੁਣ ਦੇ ਬਾਵਜੂਦ ਉਹ ਨਹੀਂ ਦੱਸ ਪਾਉਂਦਾ। ਇਹ ਉਨ੍ਹਾਂ ਦਾ ਸੰਵਾਦ-ਸੰਕਟ ਵੀ ਕਿਸੇ ਹੱਲ ਦੇ ਲਈ ਰਾਹ ਨਹੀਂ ਖੋਲ੍ਹਦਾ। ਜੇਕਰ ਇਹ ਸੰਕਟ ਟਲ ਸਕੇ ਜਾਂ ਇਸ ਦਿਸ਼ਾ ਵਿਚ ਕੁਝ ਰਾਹ ਲੱਭੇ ਤਾਂ ਅੱਧੀਆਂ ਖ਼ੁਦਕੁਸ਼ੀਆਂ ਰੋਕੀਆਂ ਜਾ ਸਕਦੀਆਂ ਹਨ। ਤਕਰੀਬਨ ਪੰਜ ਸਾਲ ਪਹਿਲਾਂ ਵਿਸ਼ਵ ਸਿਹਤ ਸੰਗਠਨ ਨੇ ਉਦਾਸੀ ਨੂੰ ਲੈ ਕੇ ਇਕ ਕੇਂਦਰੀ ਨੁਕਤਾ ਉਭਾਰਿਆ ਤੇ ਉਸ ਸਾਲ ਜੋ ਉਭਾਰਿਆ ਉਹ ਸੀ : ਉਦਾਸੀ-ਆਓ ਗੱਲਾਂ ਕਰੀਏ। ਗੱਲਾਂ ਕਰਨ ਨਾਲ, ਦੁੱਖ ਵੰਡਣ ਨਾਲ, ਸਮੱਸਿਆ ਨੂੰ ਦੂਸਰਿਆਂ ਨਾਲ ਵੰਡਣ ਨਾਲ ਉਦਾਸੀ-ਨਿਰਾਸ਼ਾ ਅਤੇ ਖ਼ੁਦਕੁਸ਼ੀ ਵਰਗੇ ਹਾਦਸੇ ਟਾਲੇ ਜਾ ਸਕਦੇ ਹਨ।

ਜੇ ਇਸ ਮੌਜੂਦਾ ਵਿਵਸਥਾ ਨੂੰ, ਅਜੋਕੇ ਸਮੇਂ ਨੂੰ ਕੁਝ-ਕੁ ਦਹਾਕੇ ਪਹਿਲਾਂ ਨਾਲ ਤੁਲਨਾ ਕਰ ਕੇ ਦੇਖੀਏ ਤਾਂ ਕਿਸਾਨਾਂ ਦੀ ਫ਼ਸਲ ਬਰਬਾਦੀ ਦੀ ਦਾਸਤਾਨ ਪਹਿਲਾਂ ਵੀ ਸੀ ਪਰ ਮੁਕਾਬਲਤਨ ਖ਼ੁਦਕੁਸ਼ੀਆਂ ਘੱਟ ਸਨ। ਸ਼ਾਹੂਕਾਰਾਂ ਤੋਂ ਕਰਜ਼ਾ ਲੈਣ ਦੀ ਪਰੰਪਰਾ ਪਹਿਲਾਂ ਵੀ ਸੀ ਜੋ ਕਈ-ਕਈ ਪੀੜ੍ਹੀਆਂ ਤੋਂ ਚੱਲਦੀ ਸੀ ਅਤੇ ਬੈਂਕ ਦੇ ਕਰਜ਼ੇ ਤੋਂ ਵੱਧ ਮਾੜਾ ਕਿਹਾ ਜਾਂਦਾ ਸੀ। ਇਸ ਸਥਿਤੀ ਦੇ ਮੱਦੇਨਜ਼ਰ ਹੀ ਬੈਂਕਾਂ ਤੋਂ ਕਰਜ਼ਾ ਲੈਣ ਲਈ ਪ੍ਰੇਰਿਆ ਗਿਆ ਪਰ ਇਹ ਵੀ ਸੱਚ ਹੈ ਕਿ ਉਦੋਂ ਕੋਈ ਖ਼ੁਦਕੁਸ਼ੀ ਨਹੀਂ ਸੀ ਕਰਦਾ। ਇਸ ਸਥਿਤੀ ਨੂੰ ਸਮਝਈਏ ਤਾਂ ਕਈ ਹੋਰ ਨੁਕਤੇ ਵੀ ਸਾਹਮਣੇ ਆਉਣਗੇ। ਪਹਿਲੀ ਗੱਲ ਤਾਂ ਪਰਿਵਾਰ ਸਾਂਝੇ ਸਨ ਜੋ ਹੁਣ ਟੁੱਟਣ ਲੱਗ ਪਏ ਹਨ ਤੇ ਪਿੰਡਾਂ ਤੋਂ ਸ਼ਹਿਰਾਂ ਵੱਲ ਚਾਲੇ ਪਏ ਹਨ। ਆਪਸ ਵਿਚ ਸੁੱਖ-ਦੁੱਖ ਵੰਡਾਉਣ ਦੀ ਪਰੰਪਰਾ ਘੱਟ ਹੋਈ ਹੈ। ਸ਼ਹਿਰ ਵਿਚ ਵਸਦਾ ਭਰਾ, ਪਿੰਡ ਦੇ ਗੁਆਂਢੀ ਤੋਂ ਵੀ ਵੱਧ ਬੇਗਾਨਾ ਹੈ। ਦੂਸਰੇ, ਇਸ ਸੰਦਰਭ ਵਿਚ ਹੀ ਜਦੋਂ ਪਹਿਲਾਂ ਕੋਈ ਸਮੱਸਿਆ ਆਉਂਦੀ, ਫ਼ਸਲ ਬਰਬਾਦੀ ਦੀ ਗੱਲ ਹੁੰਦੀ, ਸੋਕਾ ਪੈਂਦਾ ਜਾਂ ਹੜ੍ਹ ਆੳਂੁਦਾ ਤਾਂ ਪਿੰਡ ਵਿਚ ਕੋਈ ਨਾ ਕੋਈ ਹੌਸਲਾ ਦੇਣ ਵਾਲਾ ਹੁੰਦਾ। ਹਮਦਰਦੀ ਦੇ ਦੋ ਬੋਲ ‘ਘਬਰਾ ਨਾ, ਰੱਬ ਦੇ ਘਰ ਦੇਰ ਹੈ, ਹਨੇਰ ਨਹੀਂ, ਉਹ ਸਭ ਦੇਖਦਾ ਹੈ, ਉਸ ਦੀ ਸਵੱਲੀ ਨਜ਼ਰ ਜ਼ਰੂਰ ਪਵੇਗੀ’ ਕਿਸੇ ਨੂੰ ਵੀ ਫਿਰ ਤੋਂ ਉੱਠ ਖੜ੍ਹਨ ਲਈ ਕਾਫ਼ੀ ਹੁੰਦੇ ਸਨ। ਹੁਣ ਸਰਮਾਏਦਾਰੀ ਸਿਸਟਮ ਤਹਿਤ ਪਿੰਡਾਂ ’ਚੋਂ ਵੀ ਉਹ ਮਿਲਾਪੜਾਪਣ, ਇਕ ਸਾਂਝ, ਮਿਲ ਬੈਠਣ ਦੀ ਸੱਥ ਖੁੰਝ ਗਈ ਹੈ।

ਸਰਮਾਏਦਾਰੀ ਤਹਿਤ ਬੈਂਕਾਂ ਦੇ ਕਰਜ਼ੇ ਤੇ ਸ਼ਾਹੂਕਾਰ ਤੋਂ ਲਏ ਪੈਸੇ ਵਿਚ ਫ਼ਰਕ ਹੈ ਕਿ ਸ਼ਾਹੂਕਾਰ ਪਿੰਡ ਦਾ ਹੁੰਦਾ ਸੀ ਜਾਂ ਆੜ੍ਹਤੀਏ ਤੋਂ ਪੈਸੇ ਫੜਨ ਦੀ ਰਵਾਇਤ ਪਰਿਵਾਰਕ ਹੁੰਦੀ ਸੀ। ਉਸ ਨਾਲ ਇਕ ਸਾਂਝ ਹੁੰਦੀ ਸੀ ਤੇ ਉਹ ਸਭ ਕੁਝ ਮਨੁੱਖੀ ਪੱਧਰ ’ਤੇ ਸਮਝਦਾ-ਬੁੱਝਦਾ ਸੀ। ਉਹ ਸਖ਼ਤ ਬੋਲਦਾ ਸੀ ਕਿਉਂ ਜੋ ਪੈਸੇ ਲੈਣੇ ਹੁੰਦੇ ਸਨ ਪਰ ਉਹ ਜ਼ਲੀਲ ਨਹੀਂ ਕਰਦਾ ਸੀ। ਉਹ ਕੁੜੀ ਦੇ ਵਿਆਹ ਲਈ ਕਰਜ਼ਾ ਵੀ ਦਿੰਦਾ ਸੀ ਤੇ ਉਸ ਵਿਆਹ ਵਿਚ ਸ਼ਾਮਲ ਵੀ ਹੁੰਦਾ ਸੀ। ਇਹ ਸਾਂਝ ਹੁਣ ਨਹੀਂ ਹੈ। ਬੈਂਕ ਦੇ ਪੱਧਰ ’ਤੇ ਇਹ ਸੰਭਵ ਵੀ ਨਹੀਂ ਹੈ ਜਿੱਥੇ ਰਿਸ਼ਤਾ ਵਪਾਰਕ ਹੁੰਦਾ ਹੈ, ਪਰਿਵਾਰਕ ਨਹੀਂ।

ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਖ਼ੁਦਕੁਸ਼ੀ ਦਾ ਕਾਰਨ, ਕਿਸਾਨੀ ਦੇ ਨਾਲ ਜੁੜੇ ਲੋਕਾਂ ਦੇ ਐਬਾਂ ਨੂੰ ਉਭਾਰ ਕੇ ਉਨ੍ਹਾਂ ਦੇ ਬੱਚਿਆਂ ਵੱਲੋਂ ਮੋਟਰਸਾਈਕਲ ਖ਼ਰੀਦਣ ਅਤੇ ਕੁੜੀਆਂ-ਮੁੰਡਿਆਂ ਦੇ ਵਿਆਹ ’ਤੇ ਵਾਧੂ ਖ਼ਰਚ ਅਤੇ ਦਿਖਾਵੇ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਜਦਕਿ ਸੱਚਾਈ ਸਰਮਾਏਦਾਰੀ ਸੰਕਟ ਹੈ, ਜੋ ਅਣਮਨੁੱਖੀ ਹੈ ਤੇ ਉਸ ਦਾ ਵਰਤਾਰਾ ਤੇ ਵਤੀਰਾ ਲੋਕਾਂ ਨੂੰ ਬਰਬਾਦੀ ਦੇ ਰਾਹ ਧੱਕ ਕੇ ਆਪ ਦੌਲਤ ਦੇ ਢੇਰ ਲਗਾਉਣ ਦਾ ਹੈ। ਸੋ, ਖ਼ੁਦਕੁਸ਼ੀ ਸਮੱਸਿਆ ਦਾ ਹੱਲ ਨਹੀਂ ਹੈ, ਸਗੋਂ ਇਹ ਤਾਂ ਪਰਿਵਾਰ ਲਈ ਨਵੀਆਂ ਚੁਣੌਤੀਆਂ ਛੱਡ ਕੇ ਚਲੇ ਜਾਣਾ ਹੈ। ਚਾਹੀਦਾ ਹੈ ਕਿ ਚੇਤੰਨ ਹੋਇਆ ਜਾਵੇ, ਇਸ ਦਿਸ਼ਾ ਵਿਚ ਕੰਮ ਕਰਦੇ, ਲੋਕਾਂ ਨੂੰ ਚੇਤਨਾ ਨਾਲ ਜੋੜਿਆ ਜਾਵੇ। ਇਹੀ ਪੱਕਾ ਰਾਹ ਹੈ, ਨਹੀਂ ਤਾਂ ਖ਼ੁਦਕੁਸ਼ੀਆਂ ਦਾ ਵਰਤਾਰਾ ਕਦੇ ਵੀ ਨਾ ਮੁੱਕਣ ਵਾਲਾ ਹੀ ਹੈ।

-ਡਾ. ਸ਼ਿਆਮ ਸੁੰਦਰ ਦੀਪਤੀ

-ਮੋਬਾਈਲ : 98158-08506

-response@jagran.com

Posted By: Jagjit Singh