ਕਿਸਾਨਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਖੇਤੀ ਬਿੱਲਾਂ 'ਤੇ ਰਾਸ਼ਟਰਪਤੀ ਦੇ ਦਸਤਖ਼ਤਾਂ ਨਾਲ ਇਹ ਕਾਨੂੰਨ ਬਣ ਗਏ ਹਨ। ਭਾਜਪਾ ਨੂੰ ਛੱਡ ਕੇ ਤਕਰੀਬਨ ਸਾਰੀਆਂ ਹੀ ਸਿਆਸੀ ਪਾਰਟੀਆਂ ਰਾਸ਼ਟਰਪਤੀ ਨੂੰ ਇਹ ਅਪੀਲ ਕਰ ਰਹੀਆਂ ਸਨ ਕਿ ਉਹ ਇਨ੍ਹਾਂ 'ਤੇ ਦਸਤਖ਼ਤ ਨਾ ਕਰਨ। ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ 'ਚ ਇਨ੍ਹਾਂ ਬਿੱਲਾਂ ਦਾ ਸਭ ਤੋਂ ਜ਼ਿਆਦਾ ਵਿਰੋਧ ਹੋਇਆ ਸੀ, ਜਿੱਥੇ ਕਿਸਾਨਾਂ ਨੇ ਜ਼ੋਰਾਂ ਦੀ ਗਰਮੀ ਦੀ ਪਰਵਾਹ ਨਾ ਕਰਦਿਆਂ ਹਾਈਵੇ ਜਾਮ ਕੀਤੇ। ਸਿਆਸੀ ਆਗੂਆਂ ਤੋਂ ਇਲਾਵਾ ਕਲਾਕਾਰਾਂ, ਸਾਹਿਤਕਾਰਾਂ ਤੇ ਬੁੱਧੀਜੀਵੀਆਂ ਨੇ ਵੀ ਕਿਸਾਨਾਂ ਦੇ ਸੰਘਰਸ਼ ਨੂੰ ਭਰਵੀਂ ਹਮਾਇਤ ਦਿੱਤੀ। ਕਿਸਾਨਾਂ ਵੱਲੋਂ ਲਾਏ ਗਏ ਧਰਨਿਆਂ 'ਚ ਨੌਜਵਾਨਾਂ ਦੀ ਵੀ ਭਰਵੀਂ ਸ਼ਮੂਲੀਅਤ ਦੇਖਣ ਨੂੰ ਮਿਲੀ।

ਐਤਵਾਰ ਨੂੰ ਬੀਬੀਆਂ ਨੇ ਵੀ ਘਰਾਂ 'ਚੋਂ ਬਾਹਰ ਨਿਕਲ ਕੇ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਸੰਘਰਸ਼ ਦਾ ਬਿਗੁਲ ਵਜਾਇਆ। ਪਹਿਲਾਂ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਮੰਡਲ 'ਚੋਂ ਬਾਹਰ ਆਉਣ ਦਾ ਫ਼ੈਸਲਾ ਕੀਤਾ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐੱਨਡੀਏ ਨਾਲੋਂ ਆਪਣਾ ਗਠਜੋੜ ਤੋੜਨ ਦਾ ਵੀ ਐਲਾਨ ਕਰ ਦਿੱਤਾ। ਨਹੁੰ-ਮਾਸ ਦੇ ਰਿਸ਼ਤੇ 'ਚ ਤਰੇੜਾਂ ਆ ਗਈਆਂ ਹਨ। ਅਕਾਲੀ ਦਲ ਕਹਿ ਰਿਹਾ ਹੈ ਕਿ ਗਠਜੋੜ ਦਾ ਹਿੱਸਾ ਹੋਣ ਦੇ ਬਾਵਜੂਦ ਉਸ ਦੀ ਰਾਇ ਨਹੀਂ ਲਈ ਗਈ। ਕਿਸਾਨਾਂ ਦੀ ਪਾਰਟੀ ਹੋਣ ਦਾ ਦਾਅਵਾ ਕਰਦਿਆਂ ਅਕਾਲੀ ਦਲ ਨੇ ਗਠਜੋੜ ਤੋੜਨ ਜਿਹਾ ਵੱਡਾ ਫ਼ੈਸਲਾ ਲਿਆ, ਜਿਸ ਦੇ ਭਵਿੱਖ 'ਚ ਦੂਰਦਰਸ਼ੀ ਨਤੀਜੇ ਦਿਸਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਇਹ ਕਿਸਾਨਾਂ ਦੇ ਸੰਘਰਸ਼ ਦਾ ਹੀ ਨਤੀਜਾ ਹੈ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਬਿੱਲਾਂ ਦੀ ਹਮਾਇਤ ਕਰ ਰਹੇ ਅਕਾਲੀ ਦਲ ਨੂੰ ਯੂ-ਟਰਨ ਲੈਣ ਲਈ ਮਜਬੂਰ ਹੋਣਾ ਪਿਆ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਕਹਿ ਰਹੇ ਹਨ ਕਿ ਉਨ੍ਹਾਂ ਦੀ ਪਾਰਟੀ ਕਿਸਾਨਾਂ ਦੀ ਪਾਰਟੀ ਹੈ ਤੇ ਕਿਸਾਨ ਵਿਰੋਧੀ ਫ਼ੈਸਲੇ ਲੈਣ ਵਾਲੀ ਪਾਰਟੀ ਨਾਲ ਉਹ ਗਠਜੋੜ 'ਚ ਹਿੱਸਾ ਨਹੀਂ ਰਹਿ ਸਕਦੇ। ਨਾਲ ਹੀ ਉਨ੍ਹਾਂ ਕਿਹਾ ਕਿ ਜੇ ਇਹ ਬਿੱਲ ਕਿਸਾਨ ਪੱਖੀ ਹੁੰਦੇ ਤਾਂ ਅਕਾਲੀ ਧਰਨਿਆਂ 'ਚ ਸ਼ਾਮਲ ਨਾ ਹੁੰਦੇ। ਉਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਨਾਲ 20 ਲੱਖ ਕਿਸਾਨਾਂ, 30 ਹਜ਼ਾਰ ਆੜ੍ਹਤੀਆਂ ਤੇ 30 ਲੱਖ ਦੇ ਕਰੀਬ ਖੇਤ ਮਜ਼ਦੂਰਾਂ 'ਤੇ ਅਸਰ ਪਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ ਦੌਰਾਨ ਨਵੇਂ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੇ ਆਤਮਨਿਰਭਰ ਬਣਨ 'ਚ ਮਦਦਗਾਰ ਦੱਸਿਆ।

ਉਹ ਕਹਿ ਰਹੇ ਹਨ ਕਿ ਕੁਝ ਸੂਬਿਆਂ ਦੀਆਂ ਸਰਕਾਰਾਂ ਅਤੇ ਸਿਆਸੀ ਵਿਰੋਧੀ ਕਿਸਾਨਾਂ ਨੂੰ ਵਰਗਲਾ ਰਹੇ ਹਨ ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਨਵੇਂ ਖੇਤੀ ਕਾਨੂੰਨ ਕਿਸਾਨਾਂ ਨੂੰ ਆਪਣੀ ਉਪਜ ਮੰਡੀਆਂ ਦੇ ਬਾਹਰ ਵੀ ਵੇਚਣ ਦੀ ਆਜ਼ਾਦੀ ਪ੍ਰਦਾਨ ਕਰਦੇ ਹਨ ਪਰ ਇਸ ਦੀ ਕੋਈ ਗਾਰੰਟੀ ਨਹੀਂ ਕਿ ਉਨ੍ਹਾਂ ਦੀ ਆਮਦਨ ਵਧੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਖੇਤੀ ਬਿੱਲਾਂ ਦੇ ਕਾਨੂੰਨ ਬਣ ਜਾਣ ਦੀ ਸੂਰਤ 'ਚ ਉਹ ਅਦਾਲਤ ਜਾਣਗੇ। ਹੁਣ ਕਾਨੂੰਨ ਬਣ ਚੁੱਕਿਆ ਹੈ, ਜਿਸ ਨਾਲ ਪੰਜਾਬ ਦੇ ਕਿਸਾਨਾਂ 'ਚ ਭੜਕੀ ਰੋਹ ਦੀ ਚੰਗਿਆੜੀ ਹੋਰ ਭਿਆਨਕ ਰੂਪ ਲੈ ਲਵੇਗੀ।

Posted By: Sunil Thapa