ਵਿਰੋਧੀ ਧਿਰ ਵੱਲੋਂ ਵਾਕਆਊਟ ਦਰਮਿਆਨ ਕਿਸਾਨਾਂ ਦੀ 'ਤਕਦੀਰ' ਬਦਲਣ ਦਾ ਦਾਅਵਾ ਕਰਨ ਵਾਲੇ ਬਿੱਲ ਲੋਕ ਸਭਾ ਨੇ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤੇ ਹਨ। ਵਿਡੰਬਣਾ ਇਹ ਹੈ ਕਿ ਜਿਨ੍ਹਾਂ ਦੇ 'ਕਲਿਆਣ' ਖ਼ਾਤਰ ਤਿੰਨ ਖੇਤੀ ਆਰਡੀਨੈਂਸ ਲਿਆਂਦੇ ਗਏ ਸਨ, ਉਹ ਸੜਕਾਂ 'ਤੇ ਉਤਰ ਆਏ ਹਨ। ਅੰਨਦਾਤਾ ਅੱਜਕੱਲ੍ਹ ਆਪਣੇ ਖੇਤਾਂ 'ਚ ਰਾਹਲਾਂ ਤੇ ਸਿਆੜ ਕੱਢਣ ਦੀ ਬਜਾਏ ਚੌਂਕ-ਚੌਰਾਹਿਆਂ ਅਤੇ ਰਾਜਮਾਰਗਾਂ 'ਤੇ ਪੱਕੇ ਮੋਰਚੇ ਲਾਈ ਬੈਠਾ ਹੈ। ਪੰਜਾਬ ਦੀ ਲੋਕਧਾਰਾ 'ਚ ਹਰ ਕਿੱਤੇ-ਕਾਰੋਬਾਰ ਦੀ ਦਰਜਾਬੰਦੀ ਕੀਤੀ ਹੋਈ ਹੈ। ਖੇਤੀ ਨੂੰ ਸਭ ਤੋਂ ਉੱਚਾ ਦਰਜਾ ਹਾਸਲ ਹੈ 'ਉੱਤਮ ਖੇਤੀ, ਮੱਧਮ ਵਪਾਰ, ਨਖਿੱਧ ਚਾਕਰੀ ਤੇ ਭੀਖ ਗਵਾਰ।' ਅੱਜ ਖੇਤੀ ਨਾ ਤਾਂ ਉੱਤਮ ਸਮਝੀ ਜਾਂਦੀ ਹੈ ਤੇ ਨਾ ਹੀ ਲਾਹੇਵੰਦ ਧੰਦਾ। ਕਿਸਾਨ ਦੀ ਮੂਲ ਨਿਰੁਕਤੀ ਸੰਸਕ੍ਰਿਤ ਦੇ 'ਕ੍ਰਿਸ਼' ਸ਼ਬਦ ਤੋਂ ਹੋਈ ਹੈ ਜਿਸ ਦਾ ਅਰਥ ਖਿੱਚਣਾ, ਧੱਕਣਾ, ਉਖਾੜਨਾ ਤੇ ਹਲ ਵਾਹੁਣਾ ਹੈ। ਹੱਥੀਂ ਕਾਰ ਕਰਦਿਆਂ ਉਕਤ ਕਿਰਿਆਵਾਂ ਦੀ ਲੋੜ ਹੁੰਦੀ ਹੈ ਜਿਨ੍ਹਾਂ ਨੂੰ ਕਰਨ ਲੱਗਿਆਂ ਹੱਡ-ਭੰਨਵੀਂ ਮਿਹਨਤ ਲੱਗਦੀ ਹੈ। ਫ਼ਾਰਸੀ 'ਚ ਕਿਸਾਨ ਨੂੰ ਕਾਸ਼ਤਕਾਰ ਕਿਹਾ ਜਾਂਦਾ ਹੈ ਜੋ ਜੇਠ-ਹਾੜ ਦੀ ਤੱਪਦੀ ਲੂਅ ਨੂੰ ਪਿੰਡੇ 'ਤੇ ਹੰਢਾਉਂਦਾ ਹੈ। ਪੋਹ-ਮਾਘ ਦੀਆਂ ਕੱਕਰੀਲੀਆਂ ਰਾਤਾਂ ਨੂੰ ਵੀ ਉਹ ਨੱਕੇ ਮੋੜਦਾ ਇਹ ਨਹੀਂ ਸੋਚਦਾ ਕਿ ਕਿਤੇ ਉਸ ਦੇ ਪੈਰਾਂ ਹੇਠ ਸੱਪ-ਸਪੋਲੀਆ ਤਾਂ ਨਹੀਂ! ਕਿਸਾਨ ਦੀ ਮਿਹਨਤ-ਮੁਸ਼ੱਕਤ ਕਾਰਨ ਹੀ ਦੇਸ਼ ਦੇ ਅੰਨ ਭੰਡਾਰ ਭਰਦੇ ਹਨ। ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੀ ਮੌਤ ਤੋਂ ਕੁਝ ਅਰਸਾ ਬਾਅਦ ਜਦੋਂ ਗੁਆਂਢੀ ਮੁਲਕ ਪਾਕਿਸਤਾਨ ਨੇ 1965 ਦੀ ਜੰਗ ਛੇੜ ਲਈ ਤਾਂ ਲਾਲ ਬਹਾਦਰ ਸ਼ਾਸਤਰੀ ਨੇ ਦੇਸ਼ ਦੀ ਵਾਗਡੋਰ ਸੰਭਾਲਦਿਆਂ ਸਾਰ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਭਰਵੀਂ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ''ਜੈ ਜਵਾਨ, ਜੈ ਕਿਸਾਨ'' ਦਾ ਨਾਅਰਾ ਦਿੱਤਾ ਸੀ। ਇਸ ਹੌਸਲਾ ਅਫ਼ਜ਼ਾਈ ਤੋਂ ਬਾਅਦ ਜਵਾਨਾਂ ਨੇ ਸਰਹੱਦਾਂ 'ਤੇ ਮੋਰਚੇ ਸੰਭਾਲ ਕੇ ਦੁਸ਼ਮਣ ਦੇ ਦੰਦ ਖੱਟੇ ਕੀਤੇ ਤੇ ਕਿਸਾਨ ਨੇ ਖੇਤਾਂ ਵਿਚ ਖ਼ੂਨ-ਪਸੀਨਾ ਵਹਾ ਕੇ ਅਨਾਜ ਦੇ ਮਾਮਲੇ ਵਿਚ ਭਾਰਤ ਨੂੰ ਆਤਮ-ਨਿਰਭਰ ਕੀਤਾ ਸੀ। ਕਿਸਾਨਾਂ ਦਾ ਉਤਸ਼ਾਹ ਵਧਾਉਣ ਲਈ ਸ਼ਾਸਤਰੀ ਜੀ ਨੇ ਪ੍ਰਧਾਨ ਮੰਤਰੀ ਨਿਵਾਸ ਵਿਚ ਖ਼ੁਦ ਖੇਤੀ ਕਰਵਾ ਕੇ ਨਵੀਂ ਮਿਸਾਲ ਕਾਇਮ ਕੀਤੀ ਸੀ। ਇਸ ਤੋਂ ਪਹਿਲਾਂ ਅਮਰੀਕਾ ਤੋਂ ਲਾਲ ਕਣਕ ਦੇ ਭਰੇ ਸਮੁੰਦਰੀ ਜਹਾਜ਼ ਭਾਰਤ ਪਹੁੰਚਦੇ ਤਾਂ ਦੇਸ਼ ਵਾਸੀਆਂ ਨੂੰ ਦੋ ਡੰਗ ਦੀ ਰੋਟੀ ਨਸੀਬ ਹੁੰਦੀ ਸੀ। ਅਨਾਜ ਦੇ ਭੰਡਾਰਨ ਲਈ ਸਭ ਤੋਂ ਵੱਡਾ ਯੋਗਦਾਨ 'ਪੰਜਾਬ ਦੇ ਕਿਸਾਨਾਂ ਨੇ 'ਹਰੀ ਕ੍ਰਾਂਤੀ' ਲਿਆ ਕੇ ਪਾਇਆ। 'ਹਰੀ ਕ੍ਰਾਂਤੀ' ਦੇਸ਼ ਤੇ ਖ਼ਾਸ ਤੌਰ 'ਤੇ ਕਿਸਾਨਾਂ ਲਈ ਖ਼ੁਸ਼ਹਾਲੀ ਦਾ ਸਬੱਬ ਅਵੱਸ਼ ਬਣੀ ਪਰ ਲੰਬੇ ਸਮੇਂ ਦੌਰਾਨ ਇਸ ਨੇ ਉਨ੍ਹਾਂ ਨੂੰ ਕਣਕ-ਝੋਨੇ ਦੇ ਫ਼ਸਲੀ-ਚੱਕਰ ਵਿਚ ਫਸਾ ਲਿਆ। ਝੋਨੇ ਦੀ ਖਪਤ ਪੰਜਾਬ ਵਿਚ ਬਹੁਤ ਘੱਟ ਸੀ ਫਿਰ ਵੀ ਦੇਸ਼ ਦੇ ਅੰਨ-ਭੰਡਾਰ ਭਰਨ ਲਈ ਉਨ੍ਹਾਂ ਨੇ ਇਸ ਫ਼ਸਲ ਲਈ ਧਰਤੀ ਹੇਠਲਾ ਪਾਣੀ ਕੁਰਬਾਨ ਕਰਨਾ ਸ਼ੁਰੂ ਕਰ ਦਿੱਤਾ। ਨਦੀਨ-ਨਾਸ਼ਕ ਅਤੇ ਕੀਟਨਾਸ਼ਕ ਬਣਾਉਣ ਵਾਲੀਆਂ ਕੰਪਨੀਆਂ ਨੇ ਕਿਸਾਨਾਂ ਨੂੰ ਗੁਮਰਾਹ ਕਰ ਕੇ ਪੰਜਾਬ ਦੀ ਧਰਤੀ ਨੂੰ ਜ਼ਹਿਰੀਲਾ ਬਣਾ ਦਿੱਤਾ। ਪੰਜਾਬ 'ਚੋਂ ਕੈਂਸਰ ਟਰੇਨਾਂ ਦੇ ਚੱਲਣ ਦੀ ਵਜ੍ਹਾ ਵੀ ਖੇਤਾਂ ਵਿਚ ਛਿੜਕੀਆਂ ਜਾਂਦੀਆਂ ਬੇਤਹਾਸ਼ਾ ਜ਼ਹਿਰਾਂ ਹਨ। 'ਹਰੀ ਕ੍ਰਾਂਤੀ' ਵਰਦਾਨ ਦੀ ਬਜਾਏ ਸਰਾਪ ਬਣਨ ਲੱਗ ਪਈ। ਫ਼ਸਲੀ ਵਿਭਿੰਨਤਾ ਬਾਰੇ ਜਾਗਰੂਕ ਕਰ ਕੇ ਮੰਡੀਕਰਨ ਦਾ ਪ੍ਰਬੰਧ ਕਰਨਾ ਸਰਕਾਰਾਂ ਦਾ ਫ਼ਰਜ਼ ਸੀ। ਮਿੱਟੀ ਨਾਲ ਜੁੜੇ ਕਿਸਾਨ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਆਪਣੀ ਪੈਦਾ ਕੀਤੀ ਫ਼ਸਲ ਦਾ ਮੁੱਲ ਉਹ ਖ਼ੁਦ ਤੈਅ ਨਹੀਂ ਕਰ ਸਕਦਾ। ਪਹਿਲਾਂ ਉਹ ਸ਼ਾਹਾਂ ਤੇ ਆੜ੍ਹਤੀਆਂ ਦੇ ਰਹਿਮੋ-ਕਰਮ 'ਤੇ ਰਿਹਾ ਤੇ ਹੁਣ ਉਸ ਦੀ ਗਾੜ੍ਹੇ ਪਸੀਨੇ ਦੀ ਕਮਾਈ 'ਤੇ ਵੱਡੇ ਵਪਾਰਕ ਘਰਾਣਿਆਂ ਨੇ ਨਜ਼ਰ ਟਿਕਾ ਲਈ ਹੈ। ਇਨ੍ਹਾਂ ਨੂੰ ਕੀ ਪਤਾ ਕਿ ਪੁੱਤਾਂ ਵਾਂਗ ਪਾਲੀਆਂ ਫ਼ਸਲਾਂ ਜਦੋਂ ਮੰਡੀਆਂ ਵਿਚ ਰੁਲਦੀਆਂ ਹਨ ਤਾਂ ਕਿਸਾਨ ਦੇ ਦਿਲ 'ਤੇ ਕੀ ਬੀਤਦੀ ਹੈ! ਦਰਅਸਲ, ਕਿਸਾਨ ਦੀ ਜੂਨ ਹੀ ਵੱਖਰੀ ਗਿਣੀ ਜਾਂਦੀ ਹੈ। ਉਸ ਦਾ ਲੱਖਾਂ-ਕਰੋੜਾਂ ਦਾ ਸਰਮਾਇਆ ਨੀਲੀ ਛੱਤ ਹੇਠਾਂ ਖੁੱਲ੍ਹਾ ਪਿਆ ਰਹਿੰਦਾ ਹੈ। ਵਪਾਰੀ ਆਪਣੀ ਦੌਲਤ ਤਿਜੌਰੀਆਂ ਵਿਚ ਸਾਂਭ-ਸਾਂਭ ਰੱਖਦਾ ਹੈ। 'ਖੇਤੀ ਖਸਮਾਂ ਸੇਤੀ' ਜਾਂ 'ਖੇਤੀ ਕਰਮਾਂ ਸੇਤੀ' ਅਖਾਣ ਕਿਸਾਨ ਦੀ ਹਾਲਤ ਬਾਰੇ ਦੱਸਦੇ ਹਨ। ਇਸ ਦੇ ਬਾਵਜੂਦ ਕਿਸਾਨ ਦੀਆਂ ਲੋੜਾਂ ਸੀਮਤ ਹਨ। ਧੰਨਾ ਜੱਟ ਦੀਆਂ ਕਥਾ-ਕਹਾਣੀਆਂ ਅਤੇ ਉਨ੍ਹਾਂ ਵੱਲੋਂ ਰਚੇ ਗਏ ਤਿੰਨ ਸਲੋਕਾਂ ਦਾ ਤੱਤਸਾਰ ਇਹ ਹੈ ਕਿ ਕਿਸਾਨ ਦਾਲ-ਰੋਟੀ ਖਾ ਕੇ ਪ੍ਰਭੂ ਦੇ ਗੁਣਗਾਨ ਵਾਲਾ ਜਿਊੜਾ ਹੈ ਅਤੇ ਉਸ ਨੂੰ ਬਹੁਤੀਆਂ ਗਿਣਤੀਆਂ-ਮਿਣਤੀਆਂ ਨਹੀਂ ਆਉਂਦੀਆਂ। ਧੰਨੇ ਜੱਟ ਦਾ ਸ਼ਲੋਕ 'ਗੋਪਾਲ ਤੇਰਾ ਆਰਤਾ' ਕਿਸਾਨ ਵੱਲੋਂ ਤਿਆਰ ਕੀਤਾ ਗਿਆ ਪਹਿਲਾ ਮੰਗ-ਪੱਤਰ ਹੈ ਜੋ ਉਹ ਸ੍ਰਿਸ਼ਟੀ ਦੇ ਪਾਲਣਹਾਰੇ ਅੱਗੇ ਰੱਖਦਾ ਹੈ, ''ਦਾਲਿ ਸੀਧਾ ਮਾਗਉ ਘੀਉ/ਹਮਰਾ ਖੁਸੀ ਕਰੈ ਨਿਤ ਜੀਉ'' (ਮੈਂ ਤੇਰੇ ਦਰ ਤੋਂ ਦਾਲ, ਆਟਾ ਤੇ ਘਿਉ ਮੰਗਦਾ ਹਾਂ, ਜੋ ਮੇਰੀ ਜਿੰਦ ਨੂੰ ਨਿੱਤ ਸੁਖੀ ਰੱਖੇ)। ਇਸ ਤੋਂ ਇਲਾਵਾ ਧੰਨਾ ਭਗਤ ਰੱਬ ਕੋਲੋਂ ਗਾਂ, ਮੱਝ, ਅਰਬੀ ਘੋੜੀ, ਸਤਨਾਜਾ ਤੇ ਸੁਆਣੀ ਮੰਗਦਾ ਹੈ। ਜੇ ਕਿਸੇ ਵਪਾਰੀ ਨੇ ਇਹ ਅਰਦਾਸ ਕੀਤੀ ਹੁੰਦੀ ਤਾਂ ਉਹ ਰੱਬ ਕੋਲੋਂ ਦੁਨੀਆ ਦਾ ਸਾਰਾ ਰਾਜ-ਭਾਗ ਹੀ ਮੰਗ ਲੈਂਦਾ। ਧੰਨੇ ਜੱਟ ਦੇ ਵਾਰਸ ਕਿਸਾਨ ਭੋਲੇ ਹਨ ਜਿਹੜੇ ਰੱਬ ਕੋਲੋਂ ਵੀ ਕੁਝ ਮੰਗਣ ਲੱਗਿਆਂ ਲੋਭ ਨਹੀਂ ਕਰਦੇ। ਉਹ ਤਾਂ ਬਸ ਇਹੀ ਚਾਹੁੰਦੇ ਹਨ ਕਿ ਪਸੀਨਾ ਸੁੱਕਣ ਤੋਂ ਪਹਿਲਾਂ ਉਨ੍ਹਾਂ ਦੀ ਕਿਰਤ ਦਾ ਪੂਰਾ ਮੁੱਲ ਮਿਲ ਜਾਵੇ। ਕਿਸਾਨ ਨੂੰ ਤਮਾਮ ਸਿਆਸੀ ਪਾਰਟੀਆਂ ਨਾਲ ਗਿਲਾ-ਸ਼ਿਕਵਾ ਹੈ ਕਿ ਮੌਸਮ ਦੇ ਮਿਜ਼ਾਜ ਵਾਂਗ ਉਨ੍ਹਾਂ ਦੇ ਤੇਵਰ ਬਦਲ ਜਾਂਦੇ ਹਨ। ਚੋਣਾਂ ਵੇਲੇ ਉਨ੍ਹਾਂ ਨਾਲ ਲਾਰੇ-ਲੱਪੇ ਲਗਾਏ ਜਾਂਦੇ ਹਨ। ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ ਜੋ ਕਦੇ ਵਫ਼ਾ ਨਹੀਂ ਹੁੰਦੇ। ਕਿਸਾਨ ਹਿਤੈਸ਼ੀ ਹੋਣ ਦੀ ਨੌਟੰਕੀ ਕੀਤੀ ਜਾਂਦੀ ਹੈ। ਮਗਰਮੱਛ ਦੇ ਅੱਥਰੂ ਵਹਾਏ ਜਾਂਦੇ ਹਨ। ਕਿਸਾਨਾਂ ਲਈ ਹੰਨੇ-ਬੰਨੇ ਜਾਂ ਆਰ-ਪਾਰ ਦੀ ਲੜਾਈ ਦਾ ਦਮ ਭਰਿਆ ਜਾਂਦਾ ਹੈ। ਕਈ ਸਿਆਸੀ ਪਾਰਟੀਆਂ 'ਪੱਗੜੀ ਸੰਭਾਲ ਜੱਟਾ' ਅੰਦੋਲਨ ਚਲਾਉਣ ਤੋਂ ਪਹਿਲਾਂ ਇਸ ਇਨਕਲਾਬੀ ਗੀਤ ਦੇ ਪਿਛੋਕੜ ਨੂੰ ਭੁੱਲ ਜਾਂਦੀਆਂ ਹਨ। ਲਾਲਾ ਬਾਂਕੇ ਦਿਆਲ ਨੇ 1907 'ਚ ਲਾਇਲਪੁਰ ਵਿਖੇ ਕਿਸਾਨ ਰੈਲੀ ਵੇਲੇ ਗਰਜਦੇ ਹੋਏ ਇਹ ਗੀਤ ਪੜ੍ਹਿਆ ਸੀ। ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੇ ਗੀਤ ਦੇ ਇਸ ਮੁੱਖੜੇ ਦੇ ਆਧਾਰ 'ਤੇ ਕਿਸਾਨ ਅੰਦੋਲਨ ਵਿੱਢਿਆ ਤਾਂ ਬ੍ਰਿਟਿਸ਼ ਸਰਕਾਰ ਦੀ ਨੀਂਦ ਹਰਾਮ ਹੋ ਗਈ ਸੀ। ਆਮ ਕਿਸਾਨ ਨੂੰ ਜਮ੍ਹਾ-ਤਕਸੀਮਾਂ ਵਾਲੀ ਤਜਾਰਤ ਕਰਨੀ ਨਹੀਂ ਆਉਂਦੀ ਪਰ ਜਦੋਂ ਉਸ ਦੀ ਕਿਰਤ 'ਤੇ ਡਾਕਾ ਮਾਰਨ ਦੀ ਤਿਆਰੀ ਹੋਵੇ ਤਾਂ ਉਹ ਰੱਬ ਨਾਲ ਵੀ ਆਢਾ ਲੈਣ ਨੂੰ ਤਿਆਰ ਹੋ ਜਾਂਦਾ ਹੈ। ਅੰਨਦਾਤੇ ਦਾ ਰੋਹ ਸ਼ਾਂਤ ਕਰਨਾ ਹਾਕਮ ਸ਼੍ਰੇਣੀ ਦਾ ਇਖ਼ਲਾਕੀ ਫ਼ਰਜ਼ ਹੈ।

Posted By: Jagjit Singh