ਭਾਈ ਕਾਨ੍ਹ ਸਿੰਘ ਦਾ ਜਨਮ 27 ਅਗਸਤ 1861 ਈ: ਨੂੰ ਨਾਭਾ ਨੇੜੇ ਪਿੰਡ ਸਬਜ ਬਨੇਰਾ, ਰਿਆਸਤ ਪਟਿਆਲਾ ਵਿਖੇ ਪਿਤਾ ਭਾਈ ਨਰਾਇਣ ਸਿੰਘ ਦੇ ਘਰ ਮਾਤਾ ਹਰਿ ਕੌਰ ਦੀ ਕੁੱਖੋਂ ਹੋਇਆ ਸੀ। ਉਨ੍ਹਾਂ ਦੇ ਪੜਦਾਦਾ ਬਾਬਾ ਨੌਧ ਸਿੰਘ ਪਿੰਡ ਪਿੱਥੋ ਰਿਆਸਤ ਨਾਭਾ ਦੇ ਚੌਧਰੀ ਸਨ ਅਤੇ ਦਾਦਾ ਬਾਬਾ ਸਰੂਪ ਸਿੰਘ ਬੜੇ ਭਜਨ-ਬੰਦਗੀ ਕਰਨ ਵਾਲੇ ਪੁਰਸ਼ ਸਨ। ਭਾਈ ਕਾਨ੍ਹ ਸਿੰਘ ਦੇ ਦੋ ਛੋਟੇ ਭਰਾ ਭਾਈ ਮੀਹਾਂ ਸਿੰਘ ਤੇ ਭਾਈ ਬਿਸ਼ਨ ਸਿੰਘ ਅਤੇ ਇਕ ਭੈਣ ਬੀਬੀ ਕਾਨ੍ਹ ਕੌਰ ਸੀ ਜੋ ਛੋਟੀ ਉਮਰ ਵਿਚ ਹੀ ਗੁਜ਼ਰ ਗਈ ਸੀ। ਭਾਈ ਕਾਨ੍ਹ ਸਿੰਘ ਨੇ ਛੋਟੀ ਉਮਰ ਵਿਚ ਡੇਰੇ ’ਚ ਪਿਤਾ ਪਾਸੋਂ ਪੰਜਾਬੀ, ਹਿੰਦੀ ਅਤੇ ਸਿੱਖ ਸਾਹਿਤ ਦਾ ਅਧਿਐਨ ਕੀਤਾ। ਜਦੋਂ ਉਹ ਪੰਜ ਸਾਲ ਦੇ ਸਨ ਤਾਂ ਪਿਤਾ ਜੀ ਨੇ ਉਨ੍ਹਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾਉਣਾ ਸ਼ੁਰੂ ਕੀਤਾ। ਭਾਈ ਕਾਨ੍ਹ ਸਿੰਘ ਦੇ ਪਹਿਲੇ ਉਸਤਾਦ ਭਾਈ ਭੂਪ ਸਿੰਘ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਅੰਮ੍ਰਿਤ ਛਕਾਇਆ ਤੇ ਗੁਰਮੁਖੀ ਪੜ੍ਹਾਈ। ਜਦੋਂ ਉਹ 20 ਸਾਲ ਦੇ ਹੋਏ ਤਾਂ ਉਨ੍ਹਾਂ ਦੇ ਮਨ ਵਿਚ ਫ਼ਾਰਸੀ ਤੇ ਅੰਗਰੇਜ਼ੀ ਪੜ੍ਹਨ ਦਾ ਸ਼ੌਕ ਜਾਗਿਆ। ਉਨ੍ਹਾਂ ਦੇ ਹੋਰ ਵੀ ਉਸਤਾਦ ਸਨ। ਇਨ੍ਹਾਂ ਵਿਚ ਬਾਵਾ ਕਲਿਆਣ ਦਾਸ, ਪੰਡਿਤ ਸ੍ਰੀਧਰ, ਭਾਈ ਰਾਮ ਸਿੰਘ, ਭਾਈ ਭਗਵਾਨ ਸਿੰਘ ਦੁੱਗ, ਭਾਈ ਸੰਤ ਸਿੰਘ ਸ਼ਾਮਲ ਸਨ ਜਿਨ੍ਹਾਂ ਤੋਂ ਉਨ੍ਹਾਂ ਨੇ ਸੰਗੀਤ, ਫ਼ਾਰਸੀ, ਸੰਸਕਿ੍ਰਤ, ਅੰਗਰੇਜ਼ੀ ਆਦਿ ਦਾ ਗਿਆਨ ਹਾਸਲ ਕੀਤਾ। ਸੰਨ 1883 ਵਿਚ ਜਦੋਂ ਉਨ੍ਹਾਂ ਦੀ ਉਮਰ 22 ਸਾਲ ਦੀ ਹੋਈ ਤਾਂ ਆਪ ਲਾਹੌਰ ਪਹੁੰਚੇ। ਲਾਹੌਰ ਵਿਚ ਉਨ੍ਹਾਂ ਨੇ ਗੁਰਮਤਿ ਸਬੰਧੀ ਪੰਜ ਗ੍ਰੰਥਾਂ ਦਾ ਸੰਪਾਦਨ ਸ਼ੁਰੂ ਕੀਤਾ ਤੇ ਅਨੇਕਾਂ ਹੀ ਪੁਸਤਕਾਂ ਪੜ੍ਹੀਆਂ। ਉਨ੍ਹਾਂ ਦਾ ਪਹਿਲਾ ਵਿਆਹ ਪਿੰਡ ਧੂਰੇ ਰਿਆਸਤ ਪਟਿਆਲਾ ਅਤੇ ਦੂਜਾ ਸ੍ਰੀ ਮੁਕਤਸਰ ਵਿਖੇ ਹੋਇਆ। ਦੋਵਾਂ ਪਤਨੀਆਂ ਦੇ ਗੁਜ਼ਰਨ ਪਿੱਛੋਂ ਉਨ੍ਹਾਂ ਦਾ ਤੀਜਾ ਵਿਆਹ ਪਿੰਡ ਰਾਮਗੜ੍ਹ ਜ਼ਿਲ੍ਹਾ ਪਟਿਆਲਾ ਵਿਖੇ ਬਸੰਤ ਕੌਰ ਨਾਲ ਹੋਇਆ। ਸੰਨ 1888 ਵਿਚ ਟਿੱਕਾ ਰਿਪੁਦਮਨ ਸਿੰਘ ਨੂੰ ਪੜ੍ਹਾਉਣ ਦਾ ਕੰਮ ਉਨ੍ਹਾਂ ਦੇ ਜ਼ਿੰਮੇ ਲਾਇਆ। ਵਿਆਹ ਪਿੱਛੋਂ ਉਹ ਮਹਾਰਾਜਾ ਹੀਰਾ ਸਿੰਘ ਨਾਭਾ ਕੋਲ ਆ ਕੇ ਮੁਨਸ਼ੀ ਲੱਗ ਗਏ। ਮਹਾਰਾਜਾ ਨੇ 1892 ’ਚ ਭਾਈ ਕਾਨ੍ਹ ਸਿੰਘ ਨੂੰ ਪ੍ਰਾਈਵੇਟ ਸਕੱਤਰ ਮੁਕੱਰਰ ਕੀਤਾ। ਇਸ ਤੋਂ ਥੋੜ੍ਹੇ ਚਿਰ ਪਿੱਛੋਂ ਹੀ ਸਿਟੀ ਮੈਜਿਸਟ੍ਰੇਟ, ਡਿਪਟੀ ਕਮਿਸ਼ਨਰ ਅਤੇ ਬਾਵਲ (ਮੰਤਰੀ) ਦੇ ਅਹੁਦੇ ’ਤੇ ਵੀ ਰਹੇ। ਉਹ ਜਿਸ ਵੀ ਕੰਮ ’ਤੇ ਲੱਗੇ, ਉਸ ਨੂੰ ਬੜੀ ਤਨਦੇਹੀ ਨਾਲ ਨਿਭਾਇਆ। ਉਨ੍ਹਾਂ ਨੇ 1903 ਵਿਚ ਖ਼ਾਲਸਾ ਕਾਲਜ ਦਾ ਪੱਕਾ ਪ੍ਰਬੰਧ ਕਰਨ ਲਈ 21 ਲੱਖ ਰੁਪਏ ਫੰਡ ਇਕੱਤਰ ਕੀਤਾ। ਮਿਸਟਰ ਮੈਕਾਲਿਫ਼ ਵਰਗੇ ਅੰਗਰੇਜ਼ ਨੂੰ ਉਨ੍ਹਾਂ ਨੇ ਬੜੀ ਮਿਹਨਤ ਨਾਲ ਸਿੱਖ ਧਰਮ ਤੇ ਸਿੱਖ ਇਤਿਹਾਸ ਪੜ੍ਹਾਇਆ ਤੇ ਉਨ੍ਹਾਂ ਤੋਂ ‘ਸਿੱਖ ਰਿਲੀਜਨ’ (ਸਿੱਖ ਧਰਮ) ਪੁਸਤਕ ਲਿਖਵਾਈ। ਪੱਖੋਵਾਲ ਦੇ ਮੁਕੱਦਮੇ ਦੀ ਪੈਰਵੀ ਲਈ 1907, 1908 ਤੇ 1910 ਵਿਚ ਉਹ ਲੰਡਨ ਗਏ। ਵਲਾਇਤ ਦੀਆਂ ਇਨ੍ਹਾਂ ਫੇਰੀਆਂ ਦੌਰਾਨ ਉਨ੍ਹਾਂ ਦੋ ਕੰਮਾਂ ’ਤੇ ਜਿੱਤ ਪ੍ਰਾਪਤ ਕੀਤੀ। ਪਹਿਲਾ ਰਿਆਸਤ ਨਾਭਾ ਦੀ ਅਪੀਲ ਦਾ ਫ਼ੈਸਲਾ ਸੀ ਤੇ ਦੂਜਾ ਮੈਕਾਲਿਫ਼ ਦੀ ‘ਸਿੱਖ ਧਰਮ’ ਨਾਮੀ ਪੁਸਤਕ ਆਕਸਫੋਰਡ ਯੂਨੀਵਰਸਿਟੀ ਪੈ੍ਸ ਵੱਲੋਂ ਛਪ ਕੇ ਛੇ ਜਿਲਦਾਂ ਵਿਚ ਪ੍ਰਕਾਸ਼ਿਤ ਹੋਣਾ ਸੀ। ਪੱਚੀ ਦਸੰਬਰ 1911 ਨੂੰ ਮਹਾਰਾਜਾ ਹੀਰਾ ਸਿੰਘ ਦਾ ਦੇਹਾਂਤ ਹੋ ਗਿਆ। ਰਿਆਸਤ ਨਾਭਾ ਦੀ ਨੌਕਰੀ ਖ਼ਤਮ ਹੋਣ ਉਪਰੰਤ 1912 ਵਿਚ ਭਾਈ ਸਾਹਿਬ ਨੇ ਕਸ਼ਮੀਰ ਜਾ ਕੇ ਸਿੱਖ ਸਾਹਿਤ ਦੇ ਆਧਾਰ ’ਤੇ ‘ਗੁਰ ਸ਼ਬਦ ਰਤਨਾਕਰ ਮਹਾਨ ਕੋਸ਼’ ਲਿਖਣਾ ਸ਼ੁਰੂ ਕੀਤਾ ਜੋ 14 ਸਾਲ ਦੀ ਸਖ਼ਤ ਘਾਲਣਾ ਤੋਂ ਬਾਅਦ 1926 ਵਿਚ ਪੂਰਾ ਹੋਇਆ ਅਤੇ 1930 ਵਿਚ ਦਰਬਾਰ ਪਟਿਆਲਾ ਵੱਲੋਂ ਛਪ ਕੇ ਪ੍ਰਕਾਸ਼ਿਤ ਹੋਇਆ। ਇਸ ਦੀ ਛਪਾਈ ਉੱਤੇ ਉਸ ਸਮੇਂ ਸਰਕਾਰ ਦੇ 51,000 ਰੁਪਏ ਖ਼ਰਚ ਆਏ ਸਨ। ਇਹ ਗ੍ਰੰਥ 3338 ਪੰਨਿਆਂ ਦੀਆਂ ਵੱਡੀਆਂ-ਵੱਡੀਆਂ ਚਾਰ ਜਿਲਦਾਂ ਵਿਚ ਛਪਿਆ। ਇਸ ਦਾ ਮੁੱਲ ਉਸ ਸਮੇਂ 110 ਰੁਪਏ ਸੀ ਜਿਸ ਕਰਕੇ ਆਮ ਗਾਹਕਾਂ ਲਈ ਇਸ ਨੂੰ ਖ਼ਰੀਦਣਾ ਮੁਸ਼ਕਲ ਸੀ। ਇਹ ਮੁਸ਼ਕਲ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਨੇ ਨਵੇਂ ਢੰਗ ਨਾਲ ਇਸ ਦੀ ਛਪਾਈ ਕਰਕੇ ਹੱਲ ਕਰ ਦਿੱਤੀ। ਭਾਈ ਸਾਹਿਬ ਨੇ ਅਨੇਕਾਂ ਪੁਸਤਕਾਂ ਲਿਖ ਕੇ ਆਉਣ ਵਾਲੀਆਂ ਨਸਲਾਂ ਨੂੰ ਭੇਟ ਕੀਤੀਆਂ। ਉਨ੍ਹਾਂ ਦਾ ਸਭ ਤੋਂ ਮਹੱਤਵਪੂਰਨ ਗ੍ਰੰਥ ‘ਮਹਾਨ ਕੋਸ਼’ ਹੈ। ਇਸ ਦਾ ਅਸਲ ਨਾਂ ‘ਗੁਰ ਸ਼ਬਦ ਰਤਨਾਕਰ’ ਜਾਂ ਇਨਸਾਈਕਲੋਪੀਡੀਆ ਆਫ ਸਿੱਖਇਜ਼ਮ’ ਹੈ। ਭਾਈ ਕਾਨ੍ਹ ਸਿੰਘ ਨਾਭਾ ਨੂੰ 3 ਅਪੈ੍ਲ 1931 ਨੂੰ ਅੰਮ੍ਰਿਤਸਰ ਵਿਖੇ ਹੋਈ ਸਿੱਖ ਐਜੂਕੇਸ਼ਨਲ ਕਾਨਫਰੰਸ ਦਾ ਚੀਫ ਖ਼ਾਲਸਾ ਦੀਵਾਨ ਵੱਲੋਂ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਸਤਾਈ ਨਵੰਬਰ 1936 ਨੂੰ ਉਨ੍ਹਾਂ ਦੇ ਛੋਟੇ ਭਰਾ ਬਿਸ਼ਨ ਸਿੰਘ ਦਾ ਦੇਹਾਂਤ ਹੋ ਗਿਆ। ਇਸ ਤੋਂ 7 ਕੁ ਮਹੀਨੇ ਬਾਅਦ ਦੂਜਾ ਭਰਾ ਭਾਈ ਮੀਹਾਂ ਸਿੰਘ 17 ਜੂਨ 1937 ਨੂੰ ਵਿਛੋੜਾ ਦੇ ਗਿਆ। ਭਾਈ ਕਾਨ੍ਹ ਸਿੰਘ ਨਾਭਾ 77 ਸਾਲ ਦੀ ਉਮਰ ਭੋਗ ਕੇ 23 ਨਵੰਬਰ 1938 ਨੂੰ ਨਾਭਾ ਵਿਖੇ ਸਦੀਵੀ ਵਿਛੋੜਾ ਦੇ ਗਏ।

-ਕਰਨੈਲ ਸਿੰਘ ਐੱਮਏ, ਲੁਧਿਆਣਾ।

Posted By: Jagjit Singh