ਅੱਜ ਦੇਸ਼ ਦਾ ਹਰ ਨੇਤਾ ਖ਼ੁਦ ਨੂੰ ਸਹੀ ਤੇ ਲੋਕਾਂ ਦਾ ਸਭ ਤੋਂ ਵੱਧ ਹਿਤੈਸ਼ੀ ਆਗੂ ਸਮਝਦਾ ਹੈ ਪਰ ਕੁਝ ਕੁ ਨੂੰ ਛੱਡ ਕੇ ਬਾਕੀ ਕੋਈ ਵੀ ਸਹੀ ਅਰਥਾਂ ’ਚ ਲੋਕਾਂ ਦਾ ਆਗੂ ਨਹੀਂ ਜਾਪਦਾ। ਜਿੱਥੇ ਰਾਜਨੀਤੀ ਹੁਣ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਰਹੀ, ਉੱਥੇ ਹੀ ਰਾਜਨੀਤੀ ਦਾ ਮਿਆਰ ਵੀ ਦਿਨ-ਬ- ਦਿਨ ਘਟਦਾ ਜਾ ਰਿਹਾ ਹੈ। ਪੜ੍ਹੇ- ਲਿਖੇ ਤੇ ਕਾਬਲ ਨੇਤਾ ਵੀ ਇਕ ਦੂਜੇ ’ਤੇ ਅਜਿਹੀ ਬਿਆਨਬਾਜ਼ੀ ਕਰਦੇ ਹਨ ਜੋ ਸ਼ਬਦਾਂ ’ਚ ਬਿਆਨ ਨਹੀਂ ਕੀਤੀ ਜਾ ਸਕਦੀ। ਵਿਧਾਨ ਸਭਾਵਾਂ ਤੇ ਸੰਸਦ ’ਚ ਵਾਪਰਦੀਆਂ ਅਜਿਹੀਆਂ ਘਟਨਾਵਾਂ ਦੀਆਂ ਖ਼ਬਰਾਂ ਅਸੀਂ ਆਮ ਪੜ੍ਹਦੇ, ਸੁਣਦੇ ਤੇ ਦੇਖਦੇ ਹਾਂ। ਕੁਝ ਸਿਰਕੱਢ ਪਾਰਟੀਆਂ ਤੇ ਉਨ੍ਹਾਂ ਦੇ ਜ਼ਿੰਮੇਵਾਰ ਕਹੇ ਜਾਂਦੇ ਨੇਤਾ ਵੀ ਕਈ ਵਾਰ ਵਿਰੋਧੀਆਂ ਨਾਲ ਇਸ ਤਰੀਕੇ ਨਾਲ ਪੇਸ਼ ਆਉਂਦੇ ਹਨ ਜੋ ਇਖ਼ਲਾਕੀ ਤੌਰ ’ਤੇ ਸ਼ੋਭਾ ਨਹੀਂ ਦਿੰਦਾ। ਗੱਲ ਕਰਦੇ ਹਾਂ ਰਾਜਨੀਤੀ ਦੇ ਖ਼ਾਸ ਕਰਕੇ ਚੋਣਾਂ ਦੇ ਦਿਨਾਂ ’ਚ ਡਿੱਗ ਰਹੇ ਮਿਆਰ ਦੀ । ਚਾਹੀਦਾ ਤਾਂ ਇਹ ਹੈ ਕਿ ਚੋਣ ਲੜ ਰਹੀਆਂ ਪਾਰਟੀਆਂ ਆਪਣੀਆਂ ਪ੍ਰਾਪਤੀਆਂ ਤੇ ਸਹੀ ਮਾਅਨਿਆਂ ’ਚ ਪੂਰੇ ਹੋ ਸਕਣ ਵਾਲੇ ਵਾਅਦਿਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਤੇ ਫਿਰ ਲੋਕ ਫ਼ੈਸਲਾ ਕਰਨ ਕਿ ਕਿਸ ਨੂੰ ਜਿਤਾਉਣਾ ਹੈ। ਇਹੀ ਲੋਕਤੰਤਰ ਹੈ ਪਰ ਅਜਿਹਾ ਨਹੀਂ ਹੁੰਦਾ ਸਗੋਂ ਨਸ਼ਿਆਂ ਦੇ ਸਹਾਰੇ ਤੇ ਵੱਖ- ਵੱਖ ਮੁਫ਼ਤ ਸਹੂਲਤਾਂ ਦੇਣ ਦੀ ਗੱਲ ਕਰ ਕੇ ਚੋਣਾਂ ਜਿੱਤਣ ਦੀ ਜੁਗਤ ਬਣਾਈ ਜਾਂਦੀ ਹੈ ਜਦਕਿ ਕੀਤੇ ਗਏ ਕਈ ਵਾਅਦੇ ਤੇ ਮੁਫ਼ਤ ਸਹੂਲਤਾਂ ਦੇਣੀਆਂ ਵੀ ਅਸੰਭਵ ਹੁੰਦੀਆਂ ਹਨ। ਜਿਸ ਪਾਰਟੀ ਕੋਲ ਸੱਤਾ ਹੁੰਦੀ ਹੈ, ਉਹ ਪੰਜ ਸਾਲ ਧੜਾਧੜ ਨਸ਼ਿਆਂ ਵਿਰੁੱਧ ਕੈਂਪ ਲਾ ਕੇ ਤੇ ਹੋਰ ਸਾਧਨਾਂ ਰਾਹੀਂ ਪ੍ਰਚਾਰ ਕਰਦੀ ਹੈ ਪਰ ਧਾਰਮਿਕ ਹੋਵੇ ਜਾਂ ਸਿਆਸੀ, ਹਰ ਚੋਣ ’ਚ ਇਹੀ ਨਸ਼ੇ ਆਮ ਵੰਡੇ ਜਾਂਦੇ ਹਨ। ਕਿਸ ਤਰ੍ਹਾਂ ਦੀ ਹੋ ਗਈ ਹੈ ਅਜੋਕੀ ਰਾਜਨੀਤੀ ? ਚੋਣਾਂ ਮੌਕੇ ਨਾ ਪੂਰੇ ਹੋ ਸਕਣ ਵਾਲੇ ਕੀਤੇ ਵਾਅਦੇ ਵੀ ਲੋਕਾਂ ਨਾਲ ਖਿਲਵਾੜ ਕਰਨਾ ਹੀ ਹੈ। ਚੋਣਾਂ ਦੇ ਦਿਨਾਂ ’ਚ ਪਾਰਟੀਆਂ ਬਦਲਣਾ ਵੀ ਰਾਜਨੀਤੀ ਦੇ ਡਿੱਗ ਰਹੇ ਮਿਆਰ ਦੀ ਇਕ ਹੋਰ ਨਿਸ਼ਾਨੀ ਹੈ ਤੇ ਕੁਰਸੀ ਨੂੰ ਹਰ ਹੀਲੇ ਪ੍ਰਾਪਤ ਕਰਨ ਦਾ ਜ਼ਰੀਆ ਵੀ। ਬੇਸ਼ੱਕ ਉਕਤ ਗੱਲ ਪਾਰਟੀਆਂ ਬਦਲਣ ਵਾਲੇ ਸਭ ਨੇਤਾਵਾਂ ’ਤੇ ਨਹੀਂ ਢੁੱਕਦੀ ਕਿਉਂਕਿ ਕੁਝ ਸਹੀ ਨੇਤਾ ਵੀ ਹਨ ਜਿਨ੍ਹਾਂ ਦੇ ਵਿਚਾਰਾਂ ਨੂੰ ਪਾਰਟੀ ’ਚ ਅਹਿਮੀਅਤ ਨਹੀਂ ਦਿੱਤੀ ਜਾਂਦੀ ਤੇ ਉਹ ਮਜਬੂਰਨ ਆਪਣੀ ਸੋਚ ਵਾਲੀ ਪਾਰਟੀ ’ਚ ਸ਼ਾਮਲ ਹੋ ਜਾਂਦੇ ਹਨ ਪਰ ਜ਼ਿਆਦਾਤਰ ਪਾਰਟੀ ਬਦਲਣ ਵਾਲੇ ਨੇਤਾਵਾਂ ਦਾ ਮਕਸਦ ਕੁਰਸੀ ਪ੍ਰਾਪਤੀ ਹੀ ਹੈ। ਚੋਣਾਂ ’ਚ ਪਾਣੀ ਦੀ ਤਰ੍ਹਾਂ ਪੈਸਾ ਵਹਾਉਣਾ ਵੀ ਆਮ ਆਦਮੀ ਨੂੰ ਰਾਜਨੀਤੀ ’ਚ ਪ੍ਰਵੇਸ਼ ਕਰਨ ਤੋਂ ਰੋਕਣਾ ਹੀ ਹੈ। ਇਸੇ ਕਾਰਨ ਅਪਰਾਧੀ ਕਿਸਮ ਦੇ ਲੋਕ ਰਾਜਨੀਤੀ ’ਚ ਆ ਰਹੇ ਹਨ। ਅਜਿਹੀ ਰਾਜਨੀਤੀ ਲੋਕਾਂ ਦਾ ਕੀ ਭਲਾ ਕਰੇਗੀ? ਇਸ ਨਾਲ ਤਾਂ ਸਿਰਫ਼ ਅਪਰਾਧ ਹੀ ਵਧੇਗਾ। ਪੰਜ ਸਾਲ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨਾ ਤੇ ਹਰ ਸਾਲ ਸ਼ਰੇਆਮ ਸ਼ਰਾਬ ਦੇ ਠੇਕਿਆਂ ਦੀ ਬੋਲੀ ਕਰਨਾ ਬੇਸ਼ੱਕ ਆਮਦਨ ਦਾ ਜ਼ਰੀਆ ਹੈ ਪਰ ਇਹ ਦੋਵੇਂ ਗੱਲਾਂ ਆਪਸ ’ਚ ਮੇਲ ਨਹੀਂ ਖਾਂਦੀਆਂ। ਹਰ ਚੋਣ ਤੋਂ ਪਿੱਛੋਂ ਜਨਤਾ ਨੂੰ ਮਿਲਦੀ ਹੈ ਸਿਰਫ਼ ਮਹਿੰਗਾਈ ਜਦਕਿ ਨੇਤਾਵਾਂ ਅਤੇ ਅਫ਼ਸਰਾਂ ਨੂੰ ਮਹਿੰਗਾਈ ਭੱਤੇ। ਸੱਤਾਧਾਰੀ ਪਾਰਟੀ ਤੋਂ ਦੁਖੀ ਲੋਕ ਵਿਰੋਧੀ ਪਾਰਟੀ ਨੂੰ ਸੱਤਾ ’ਚ ਲਿਆਉਂਦੇ ਹਨ ਤਾਂ ਕਿ ਉਨ੍ਹਾਂ ਨੂੰ ਕੁਝ ਰਾਹਤ ਮਿਲ ਸਕੇ ਪਰ ਹੁੰਦਾ ਹਮੇਸ਼ਾ ਹੀ ਇਸ ਦੇ ਉਲਟ ਹੈ ਤੇ ਜਨਤਾ ਨੂੰ ਰਾਹਤ ਦੀ ਬਜਾਏ ਪਰੇਸ਼ਾਨੀਆਂ ਹੀ ਮਿਲਦੀਆਂ ਹਨ। ਕਿਸੇ ਵੀ ਤਰੀਕੇ ਨਾਲ ਹਰ ਹਾਲ ’ਚ ਚੋਣ ਜਿੱਤਣੀ ਹੀ ਰਾਜਨੀਤੀ ’ਚ ਆ ਰਹੇ ਨਿਘਾਰ ਦੀ ਨਿਸ਼ਾਨੀ ਹੈ। ਸੋ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਜਨਤਾ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੀ ਕੀਮਤੀ ਵੋਟ ਦੀ ਸਹੀ ਵਰਤੋਂ ਕਰ ਕੇ ਉਸੇ ਪ੍ਰਤੀਨਿਧ ਨੂੰ ਆਪਣੇ ਉਮੀਦਵਾਰ ਵਜੋਂ ਚੁਣਨ ਜੋ ਕਿ ਉਨ੍ਹਾਂ ਦੀ ਪਹੁੰਚ ’ਚ ਹੋਵੇ ਤੇ ਜਿੱਤਣ ਤੋਂ ਬਾਅਦ ਆਪਣੀ ਕਿਸੇ ਵੀ ਦੁੱਖ ਤਕਲੀਫ਼ ਲਈ ਉਸ ਨੂੰ ਆਸਾਨੀ ਨਾਲ ਮਿਲਿਆ ਜਾ ਸਕੇ ਨਾ ਕਿ ਉਸ ਉਮੀਦਵਾਰ ਨੂੰ ਵੋਟ ਪਾਉਣ ਜਿਸ ਦਾ ਕੋਈ ਪਤਾ ਟਿਕਾਣਾ ਹੀ ਨਾ ਹੋਵੇ। ਆਮ ਵੇਖਿਆ ਗਿਆ ਹੈ ਕਿ ਜਨਤਾ ਨਾਲ ਵੱਡੇ- ਵੱਡੇ ਵਾਅਦੇ ਕਰ ਕੇ ਜਿੱਤੇ ਕਈ ਨੇਤਾ ਪੂਰੇ ਪੰਜ ਵਰ੍ਹੇ ਆਪਣੀ ਸ਼ਕਲ ਤਕ ਨਹੀਂ ਦਿਖਾਉਂਦੇ, ਵਿਕਾਸ ਤਾਂ ਦੂਰ ਦੀ ਗੱਲ ਹੈ। ਚੋਣਾਂ ’ਚ ਉੱਤਰੇ ਉਮੀਦਵਾਰ ਨੂੰ ਚਾਹੀਦਾ ਹੈ ਕਿ ਉਹ ਵੱਡੇ - ਵੱਡੇ ਵਾਅਦੇ ਕਰਨ ਦੀ ਥਾਂ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰੇ ਜੋ ਸਾਰੀਆਂ ਤਾਂ ਨਹੀਂ ਪਰ ਬਹੁਤੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ। ਇਸ ਵਿਚ ਹੀ ਸਭ ਦਾ ਭਲਾ ਹੈ।

-ਪਲਵਿੰਦਰ ਸਿੰਘ ਢੁੱਡੀਕੇ।

ਸੰਪਰਕ ਨੰਬਰ : 98724-96720

Posted By: Jagjit Singh